Publicidade

1 João 4

ਆਤਮਾਵਾਂ ਨੂੰ ਪਰਖਣਾ

1 ਹੇ ਪਿਆਰੇ ਮਿੱਤਰੋ, ਹਰ ਆਤਮਾ ਤੇ ਵਿਸ਼ਵਾਸ ਨਾ ਕਰੋ, ਪਰ ਆਤਮਾਵਾਂ ਦੀ ਜਾਂਚ ਕਰੋ ਕਿ ਉਹ ਪਰਮੇਸ਼ਵਰ ਵੱਲੋਂ ਹੈ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਜਗਤ ਵਿੱਚ ਨਿਕਲ ਆਏ ਹਨ। 2 ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਛਾਣ ਸਕਦੇ ਹੋ: ਹਰ ਆਤਮਾ ਜੋ ਸਵੀਕਾਰ ਕਰ ਲੈਂਦਾ ਹੈ ਕਿ ਯਿਸ਼ੂ ਮਸੀਹ ਦੇਹ ਧਾਰ ਕੇ ਆਇਆ ਉਹ ਪਰਮੇਸ਼ਵਰ ਤੋਂ ਹੈ, 3 ਪਰ ਹਰ ਆਤਮਾ ਜੋ ਯਿਸ਼ੂ ਨੂੰ ਨਹੀਂ ਮੰਨਦਾ ਉਹ ਪਰਮੇਸ਼ਵਰ ਵੱਲੋਂ ਨਹੀਂ ਹੈ। ਇਹ ਮਸੀਹ ਵਿਰੋਧੀ ਦਾ ਆਤਮਾ ਹੈ, ਜਿਸ ਬਾਰੇ ਤੁਸੀਂ ਸੁਣਿਆ ਹੈ ਕਿ ਉਹ ਆ ਰਿਹਾ ਹੈ ਅਤੇ ਹੁਣ ਵੀ ਹੈ ਅਤੇ ਦੁਨੀਆਂ ਵਿੱਚ ਪਹਿਲਾਂ ਤੋਂ ਹੀ ਹੈ।

4 ਹੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ਵਰ ਤੋਂ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਹਰਾ ਦਿੱਤਾ ਹੈ, ਕਿਉਂਕਿ ਜੋ ਤੁਹਾਡੇ ਵਿੱਚ ਹੈ ਉਹ ਉਸ ਨਾਲੋਂ ਵੱਡਾ ਹੈ ਜੋ ਦੁਨੀਆਂ ਵਿੱਚ ਹੈ। 5 ਉਹ ਸੰਸਾਰ ਤੋਂ ਹਨ ਅਤੇ ਇਸ ਲਈ ਸੰਸਾਰ ਦੇ ਨਜ਼ਰੀਏ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਨੂੰ ਸੁਣਦਾ ਹੈ। 6 ਅਸੀਂ ਪਰਮੇਸ਼ਵਰ ਤੋਂ ਹਾਂ ਅਤੇ ਜੋ ਵੀ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ; ਪਰ ਜਿਹੜਾ ਵੀ ਪਰਮੇਸ਼ਵਰ ਤੋਂ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸੱਚਾਈ ਦੇ ਆਤਮਾ ਅਤੇ ਝੂਠ ਦੇ ਆਤਮਾ ਨੂੰ ਪਛਾਣ ਲੈਂਦੇ ਹਾਂ।

ਪਰਮੇਸ਼ਵਰ ਦਾ ਸੱਚਾ ਪਿਆਰ

7 ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। 8 ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਵਰ ਪਿਆਰ ਹੈ। 9 ਇਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਿੱਚ ਆਪਣਾ ਪਿਆਰ ਦਿਖਾਇਆ: ਉਸ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਦੇ ਦੁਆਰਾ ਜੀ ਸਕੀਏ। 10 ਇਹ ਪਿਆਰ ਹੈ: ਇਹ ਨਹੀਂ ਕਿ ਅਸੀਂ ਪਰਮੇਸ਼ਵਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸਚਿਤ ਦੀ ਬਲੀ ਵਜੋਂ ਭੇਜਿਆ। 11 ਹੇ ਪਿਆਰੇ ਦੋਸਤੋ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਪਿਆਰ ਕੀਤਾ ਹੈ, ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਵੇਖਿਆ; ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਪਰਮੇਸ਼ਵਰ ਸਾਡੇ ਵਿੱਚ ਰਹਿੰਦੇ ਹਨ ਅਤੇ ਉਸ ਦਾ ਪਿਆਰ ਸਾਡੇ ਵਿੱਚ ਸੰਪੂਰਨ ਹੋਇਆ ਹੈ।

13 ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ, ਉਸ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਤੇ ਅਸੀਂ ਵੇਖਿਆ ਅਤੇ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ। 15 ਜੇ ਕੋਈ ਮੰਨਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਵਰ ਵਿੱਚ। 16 ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।

ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। 17 ਇਸ ਤਰ੍ਹਾਂ ਸਾਡੇ ਵਿੱਚ ਪਿਆਰ ਨੂੰ ਸੰਪੂਰਨ ਬਣਾਇਆ ਜਾਂਦਾ ਹੈ ਤਾਂ ਜੋ ਸਾਨੂੰ ਨਿਆਂ ਦੇ ਦਿਨ ਵਿਸ਼ਵਾਸ ਹੋਵੇ: ਇਸ ਸੰਸਾਰ ਵਿੱਚ ਅਸੀਂ ਯਿਸ਼ੂ ਵਰਗੇ ਹਾਂ। 18 ਪਿਆਰ ਵਿੱਚ ਕੋਈ ਡਰ ਨਹੀਂ ਹੁੰਦਾ। ਪਰ ਸੰਪੂਰਨ ਪਿਆਰ ਡਰ ਨੂੰ ਬਾਹਰ ਕੱਢਦਾ ਹੈ, ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੁੰਦਾ ਹੈ। ਜਿਹੜਾ ਡਰਦਾ ਹੈ ਉਹ ਪਿਆਰ ਵਿੱਚ ਸੰਪੂਰਨ ਨਹੀਂ ਹੁੰਦਾ।

19 ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ। 20 ਜਿਹੜਾ ਵੀ ਪਰਮੇਸ਼ਵਰ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹੈ ਫਿਰ ਵੀ ਆਪਣੇ ਭਰਾ ਜਾਂ ਭੈਣ ਨਾਲ ਨਫ਼ਰਤ ਕਰੇ ਉਹ ਝੂਠਾ ਹੈ। ਕਿਉਂਕਿ ਜੋ ਕੋਈ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ, ਜਿਨ੍ਹਾਂ ਨੂੰ ਉਸ ਨੇ ਵੇਖਿਆ ਹੈ, ਤਾਂ ਉਹ ਪਰਮੇਸ਼ਵਰ ਨੂੰ ਜਿਸ ਨੂੰ ਉਸ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ। 21 ਅਤੇ ਉਸ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ: ਜੋ ਕੋਈ ਵੀ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾ ਅਤੇ ਭੈਣ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।

Veja também

Publicidade
1 João
Ver todos os capítulos de 1 João
Bíblia Online Bíblia Online

Bíblia Online • Versão: 2026-06-15_21-32-39-