Publicidade

1 Timóteo 4

1 ਪਵਿੱਤਰ ਆਤਮਾ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਆਉਣ ਵਾਲਿਆਂ ਸਮਿਆਂ ਵਿੱਚ ਕੁਝ ਲੋਕ ਵਿਸ਼ਵਾਸ ਤੋਂ ਮੁੜ ਜਾਣਗੇ ਅਤੇ ਧੋਖਾ ਦੇਣ ਵਾਲੀਆਂ ਆਤਮਾਵਾਂ ਅਤੇ ਭੂਤਾਂ ਦੁਆਰਾ ਦਿੱਤੀ ਗਈ ਸਿੱਖਿਆ ਵੱਲ ਚਿੱਤ ਲਾਉਂਣਗੇ। 2 ਅਜਿਹੀਆਂ ਸਿੱਖਿਆਵਾਂ ਝੂਠੇ ਪਖੰਡੀਆਂ ਦੇ ਦੁਆਰਾ ਆਉਂਦੀਆਂ ਹਨ ਜਿਨ੍ਹਾਂ ਦੇ ਜ਼ਮੀਰ ਨੂੰ ਗਰਮ ਲੋਹੇ ਨਾਲ ਦਾਗਿਆ ਗਿਆ ਹੋਵੇ। 3 ਉਹ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਆਖਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵਿਸ਼ਵਾਸੀਆਂ ਅਤੇ ਸੱਚ ਨੂੰ ਜਾਨਣ ਵਾਲਿਆਂ ਦੀ ਭਲਾਈ ਲਈ ਬਣਾਇਆ ਹੈ ਤਾਂ ਜੋ ਉਹ ਧੰਨਵਾਦ ਦੇ ਨਾਲ ਖਾ ਸਕਣ। 4 ਕਿਉਂਕਿ ਜਿਹੜੀ ਚੀਜ਼ ਪਰਮੇਸ਼ਵਰ ਦੁਆਰਾ ਬਣਾਈ ਗਈ ਹੈ ਉਹ ਚੰਗੀ ਹੈ ਅਤੇ ਕੁਝ ਵੀ ਰੱਦ ਨਹੀਂ ਕੀਤਾ ਜਾ ਸਕਦਾ ਜੇ ਉਹ ਧੰਨਵਾਦ ਨਾਲ ਪ੍ਰਾਪਤ ਕੀਤੀ ਜਾਵੇ। 5 ਕਿਉਂਕਿ ਇਹ ਪਰਮੇਸ਼ਵਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੀ ਹੈ।

6 ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ। 7 ਮਨਘੜਤ ਕਥਾਵਾਂ ਅਤੇ ਪੁਰਾਣੀਆਂ ਬੁੱਢੀਆਂ ਦੀਆਂ ਕਹਾਣੀਆਂ ਨਾਲ ਕੁਝ ਵਾਸਤਾ ਨਾ ਰੱਖਣਾ; ਇਸ ਦੀ ਬਜਾਏ, ਆਪਣੇ ਆਪ ਨੂੰ ਪਰਮੇਸ਼ਵਰ ਦੀ ਭਗਤੀ ਲਈ ਤਿਆਰ ਕਰ। 8 ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ। 9 ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ। 10 ਇਸ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂਕਿ ਅਸੀਂ ਜੀਵਤ ਪਰਮੇਸ਼ਵਰ ਉੱਤੇ ਆਪਣੀ ਉਮੀਦ ਰੱਖੀ ਹੈ, ਜੋ ਸਾਰੇ ਲੋਕਾਂ ਦਾ ਮੁਕਤੀਦਾਤਾ ਹੈ ਖ਼ਾਸ ਕਰਕੇ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ।

11 ਇਨ੍ਹਾਂ ਗੱਲਾਂ ਦਾ ਹੁਕਮ ਕਰ ਅਤੇ ਸਿਖਾ। 12 ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਵਿਸ਼ਵਾਸੀਆਂ ਲਈ ਬੋਲਣ ਵਿੱਚ, ਵਿਹਾਰ ਵਿੱਚ, ਪਿਆਰ ਵਿੱਚ, ਵਿਸ਼ਵਾਸ ਵਿੱਚ ਅਤੇ ਪਵਿੱਤਰਤਾਈ ਵਿੱਚ ਇੱਕ ਉਦਾਹਰਣ ਬਣ। 13 ਜਦੋਂ ਤੱਕ ਮੈਂ ਨਾ ਆਵਾਂ, ਉਦੋਂ ਤੱਕ ਆਪਣੇ ਆਪ ਨੂੰ ਲੋਕਾਂ ਵਿੱਚ ਬਚਨ ਪੜ੍ਹਨ, ਪ੍ਰਚਾਰ ਕਰਨ ਅਤੇ ਸਿਖਾਉਣ ਵਿੱਚ ਲੱਗਾ ਰਹੀ। 14 ਆਪਣੇ ਪਵਿੱਤਰ ਵਰਦਾਨ ਦੀ ਬੇਪਰਵਾਹੀ ਨਾ ਕਰ, ਜੋ ਕਿ ਤੈਨੂੰ ਬਜ਼ੁਰਗਾਂ ਦੀ ਭਵਿੱਖਬਾਣੀ ਦੁਆਰਾ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਤੇਰੇ ਉੱਪਰ ਆਪਣੇ ਹੱਥ ਰੱਖੇ ਸਨ।

15 ਇਨ੍ਹਾਂ ਗੱਲਾਂ ਤੇ ਵਿਸ਼ੇਸ਼ ਧਿਆਨ ਦੇ ਅਤੇ ਇਸੇ ਵਿੱਚ ਆਪਣੇ ਆਪ ਨੂੰ ਲਾਈ ਰੱਖ ਤਾਂ ਜੋ ਹਰ ਕੋਈ ਤੇਰੀ ਤਰੱਕੀ ਵੇਖ ਸਕੇ। 16 ਆਪਣੇ ਜੀਵਨ ਅਤੇ ਸਿੱਖਿਆ ਦੀ ਰਾਖੀ ਕਰ। ਕਿਉਂਕਿ ਜੇ ਤੂੰ ਅਜਿਹਾ ਕਰੇ ਤਾਂ ਤੂੰ ਆਪਣੇ ਆਪ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾ ਸਕਦਾ ਹੈ।

Veja também

Publicidade
1 Timóteo
Ver todos os capítulos de 1 Timóteo
Bíblia Online Bíblia Online

Bíblia Online • Versão: 2026-06-16_18-40-07-