1 ਇਸ ਲਈ ਜਦੋਂ ਅਸੀਂ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਸ਼ਹਿਰ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ। 2 ਅਸੀਂ ਤਿਮੋਥਿਉਸ ਨੂੰ ਉਤਸ਼ਾਹਿਤ ਕਰਨ ਲਈ ਭੇਜਿਆ, ਜੋ ਕਿ ਮਸੀਹ ਦੀ ਖੁਸ਼ਖ਼ਬਰੀ ਨੂੰ ਫੈਲਾਉਣ ਵਿੱਚ ਸਾਡਾ ਭਰਾ ਅਤੇ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮਚਾਰੀ ਹੈ, ਤੁਹਾਡੀ ਨਿਹਚਾ ਵਿੱਚ ਤੁਹਾਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰੇ, 3 ਤਾਂ ਜੋ ਕੋਈ ਵੀ ਇਨ੍ਹਾਂ ਅਜ਼ਮਾਇਸ਼ਾਂ ਤੋਂ ਪਰੇਸ਼ਾਨ ਨਾ ਹੋਵੇ। ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ। 4 ਦਰਅਸਲ, ਜਦੋਂ ਅਸੀਂ ਤੁਹਾਡੇ ਨਾਲ ਹੁੰਦੇ ਸੀ, ਅਸੀਂ ਤੁਹਾਨੂੰ ਦੱਸਦੇ ਰਹਿੰਦੇ ਸੀ ਕਿ ਸਾਨੂੰ ਸਤਾਇਆ ਜਾਵੇਗਾ। ਅਤੇ ਇਹ ਇਸ ਤਰ੍ਹਾਂ ਹੋਇਆ, ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। 5 ਇਸ ਕਾਰਨ ਕਰਕੇ, ਜਦੋਂ ਮੈਂ ਵੀ ਇਸ ਨੂੰ ਹੋਰ ਸਹਿਣ ਕਰ ਨਾ ਸਕਿਆ, ਮੈਂ ਤੁਹਾਡੇ ਵਿਸ਼ਵਾਸ ਬਾਰੇ ਪਤਾ ਲਗਾਉਣ ਲਈ ਭੇਜਿਆ। ਮੈਨੂੰ ਡਰ ਸੀ ਕਿ ਕਿਤੇ ਪਰਤਾਉਣ ਵਾਲੇ ਨੇ ਤੁਹਾਨੂੰ ਇਸ ਤਰ੍ਹਾਂ ਨਾ ਪਰਤਾਇਆ ਹੋਵੇ ਅਤੇ ਸ਼ਾਇਦ ਸਾਡੀ ਮਿਹਨਤ ਵਿਅਰਥ ਗਈ ਹੋਵੇ।
6 ਪਰ ਤਿਮੋਥਿਉਸ ਹੁਣੇ ਹੀ ਤੁਹਾਡੇ ਤੋਂ ਸਾਡੇ ਕੋਲ ਆਇਆ ਹੈ ਅਤੇ ਤੁਹਾਡੇ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖ਼ਬਰੀ ਲੈ ਕੇ ਆਇਆ ਹੈ। ਉਸ ਨੇ ਸਾਨੂੰ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਚੰਗੀ ਤਰ੍ਹਾਂ ਯਾਦ ਰੱਖਦੇ ਹੋ ਅਤੇ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ, ਜਿਵੇਂ ਅਸੀਂ ਵੀ ਤੁਹਾਨੂੰ ਵੇਖਣਾ ਚਾਹੁੰਦੇ ਹਾਂ। 7 ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਵਿੱਚ ਸਾਨੂੰ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ। 8 ਫਿਲਹਾਲ ਸਾਡੀ ਸੱਚ-ਮੁੱਚ ਜਾਨ ਵਿੱਚ ਜਾਨ ਪੈ ਗਈ, ਕਿਉਂਕਿ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਹੋ। 9 ਇਸ ਤੋਂ ਇਲਾਵਾ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ ਕਿ ਜਿਸ ਨੇ ਤੁਹਾਡੇ ਕਾਰਨ ਸਾਨੂੰ ਅਨੰਦ ਦਿੱਤਾ ਹੈ? 10 ਰਾਤ ਅਤੇ ਦਿਨ ਅਸੀਂ ਬਹੁਤ ਹੀ ਦਿਲੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੁਬਾਰਾ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਵਿੱਚ ਜੋ ਘਾਟ ਹੈ ਉਸ ਨੂੰ ਪੂਰਾ ਕਰੀਏ।
11 ਹੁਣ ਸਾਡਾ ਪਰਮੇਸ਼ਵਰ ਅਤੇ ਪਿਤਾ ਅਤੇ ਸਾਡਾ ਪ੍ਰਭੂ ਯਿਸ਼ੂ ਤੁਹਾਡੇ ਕੋਲ ਆਉਣ ਲਈ ਆਪ ਰਸਤਾ ਸਾਫ਼ ਕਰੇ। 12 ਪ੍ਰਭੂ ਤੁਹਾਨੂੰ ਇੱਕ-ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ। 13 ਉਹ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ ਤਾਂ ਜੋ ਤੁਸੀਂ ਸਾਡੇ ਪਰਮੇਸ਼ਵਰ ਅਤੇ ਪਿਤਾ ਦੀ ਹਜ਼ੂਰੀ ਵਿੱਚ ਨਿਰਦੋਸ਼ ਅਤੇ ਪਵਿੱਤਰ ਹੋਵੋ ਜਦੋਂ ਸੱਚ-ਮੁੱਚ ਸਾਡਾ ਪ੍ਰਭੂ ਯਿਸ਼ੂ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਵਾਪਸ ਆਵੇਗਾ।