1 ਹੁਣ, ਹੇ ਭਰਾਵੋ ਅਤੇ ਭੈਣੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਸਾਨੂੰ ਕੁਝ ਲਿਖਣ ਦੀ ਜ਼ਰੂਰਤ ਨਹੀਂ ਹੈ, 2 ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਇਸ ਤਰ੍ਹਾਂ ਹੋਵੇਗਾ ਜਿਵੇਂ ਰਾਤ ਨੂੰ ਚੋਰ ਦਾ ਆਉਣਾ ਹੁੰਦਾ ਹੈ। 3 ਜਦੋਂ ਲੋਕ ਕਹਿ ਰਹੇ ਹੋਣਗੇ, "ਸ਼ਾਂਤੀ ਅਤੇ ਸੁਰੱਖਿਆ ਹੈ," ਜਿਵੇਂ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਦਰਦਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਤੇ ਅਚਾਨਕ ਤਬਾਹੀ ਆਵੇਗੀ, ਅਤੇ ਉਹ ਬਚ ਨਹੀਂ ਸਕਣਗੇ।
4 ਪਰ ਤੁਸੀਂ, ਹੇ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਹੋ ਤਾਂ ਜੋ ਇਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਕਰ ਦੇਵੇ। 5 ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਬੱਚੇ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸਬੰਧਤ ਨਹੀਂ ਹਾਂ। 6 ਤਾਂ ਫਿਰ, ਆਓ ਅਸੀਂ ਦੂਜਿਆਂ ਵਰਗੇ ਨਾ ਹੋਈਏ, ਜੋ ਸੁੱਤੇ ਪਏ ਹਨ, ਪਰ ਆਓ ਅਸੀਂ ਜਾਗਦੇ ਅਤੇ ਸੁਚੇਤ ਰਹੀਏ। 7 ਉਨ੍ਹਾਂ ਲਈ ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਹੀ ਸੌਂਦੇ ਹਨ, ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੋ ਜਾਂਦੇ ਹਨ। 8 ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ। 9 ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਕ੍ਰੋਧ ਦੇ ਲਈ ਨਹੀਂ ਸਗੋਂ ਸਾਡੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਮੁਕਤੀ ਪ੍ਰਾਪਤ ਕਰਨ ਲਈ ਨਿਯੁਕਤ ਕੀਤਾ ਹੈ। 10 ਮਸੀਹ ਸਾਡੇ ਲਈ ਮਰਿਆ, ਭਾਵੇਂ ਅਸੀਂ ਜਾਗਦੇ ਜਾਂ ਸੁੱਤੇ ਹੋਏ ਹਾਂ, ਅਸੀਂ ਉਸ ਦੇ ਨਾਲ ਜਿਉਂਦੇ ਰਹਿ ਸਕੀਏ। 11 ਇਸ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ-ਦੂਜੇ ਨੂੰ ਮਜ਼ਬੂਤ ਕਰੋ, ਜਿਵੇਂ ਕਿ ਅਸਲ ਵਿੱਚ ਤੁਸੀਂ ਕਰ ਰਹੇ ਹੋ।
12 ਹੁਣ ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੂੰ ਸਵੀਕਾਰ ਕਰੋ ਜੋ ਤੁਹਾਡੇ ਵਿੱਚ ਸਖ਼ਤ ਮਿਹਨਤ ਕਰਦੇ ਹਨ, ਜੋ ਪ੍ਰਭੂ ਵਿੱਚ ਤੁਹਾਡੀ ਦੇਖਭਾਲ ਕਰਦੇ ਹਨ ਅਤੇ ਜੋ ਤੁਹਾਨੂੰ ਸਲਾਹ ਦਿੰਦੇ ਹਨ। 13 ਉਨ੍ਹਾਂ ਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਪਿਆਰ ਵਿੱਚ ਸਭ ਤੋਂ ਵੱਧ ਸਤਿਕਾਰ ਦਿਓ। ਇੱਕ-ਦੂਜੇ ਨਾਲ ਸ਼ਾਂਤੀ ਨਾਲ ਜੀਓ। 14 ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿਓ ਜੋ ਵਿਹਲੇ ਅਤੇ ਵਿਘਨ ਪਾਉਣ ਵਾਲੇ ਹਨ, ਨਿਰਾਸ਼ ਲੋਕਾਂ ਨੂੰ ਉਤਸ਼ਾਹਿਤ ਕਰੋ, ਕਮਜ਼ੋਰਾਂ ਦੀ ਸਹਾਇਤਾ ਕਰਦੇ ਰਹੋ, ਹਰ ਕਿਸੇ ਨਾਲ ਧੀਰਜ ਰੱਖੋ। 15 ਇਹ ਧਿਆਨ ਰੱਖੋ ਕਿ ਕੋਈ ਵੀ ਬੁਰੇ ਦੇ ਬਦਲੇ ਬੁਰਾ ਨਾ ਕਰੇ, ਪਰ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ-ਦੂਜੇ ਲਈ ਅਤੇ ਸਾਰਿਆਂ ਲਈ ਚੰਗਾ ਹੋਵੇ।
16 ਸਦਾ ਅਨੰਦ ਰਹੋ, 17 ਲਗਾਤਾਰ ਪ੍ਰਾਰਥਨਾ ਕਰੋ, 18 ਹਰ ਹਾਲਤ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ; ਕਿਉਂਕਿ ਇਹ ਮਸੀਹ ਯਿਸ਼ੂ ਵਿੱਚ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ।
19 ਪਵਿੱਤਰ ਆਤਮਾ ਨੂੰ ਨਾ ਬੁਝਾਓ। 20 ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ। 21 ਪਰ ਉਨ੍ਹਾਂ ਸਾਰਿਆਂ ਗੱਲਾਂ ਦੀ ਜਾਂਚ ਕਰੋ; ਖਰੀਆਂ ਨੂੰ ਫੜ੍ਹੀ ਰੱਖੋ। 22 ਹਰ ਪਰਕਾਰ ਦੀ ਬੁਰਾਈ ਤੋਂ ਦੂਰ ਰਹੋ।
23 ਸ਼ਾਂਤੀ ਦਾ ਪਰਮੇਸ਼ਵਰ, ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਵੇਲੇ ਤੁਹਾਡੀ ਸਾਰੀ ਆਤਮਾ, ਜੀਵ ਅਤੇ ਸਰੀਰ ਨਿਰਦੋਸ਼ ਰਹੇ। 24 ਜਿਹੜਾ ਤੁਹਾਨੂੰ ਬੁਲਾਉਂਦਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ, ਅਤੇ ਉਹ ਅਜਿਹਾ ਕਰੇਗਾ।
25 ਹੇ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ।
26 ਤੁਸੀਂ ਪਵਿੱਤਰ ਹੱਥ ਮਿਲਾ ਕੇ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।
27 ਮੈਂ ਤੁਹਾਡੇ ਲਈ ਪ੍ਰਭੂ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਸਾਥੀ-ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਅੱਗੇ ਪੜ੍ਹਿਆ ਜਾਵੇ।
28 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।