Publicidade

Daniel 1

ਬਾਬੇਲ ਵਿੱਚ ਦਾਨੀਏਲ ਦੀ ਸਿਖਲਾਈ

1 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਸਾਲ ਵਿੱਚ, ਬਾਬੇਲ ਦਾ ਰਾਜਾ ਨਬੂਕਦਨੇਜ਼ਰ ਯੇਰੂਸ਼ਲੇਮ ਵਿੱਚ ਆਇਆ ਅਤੇ ਉਸਨੂੰ ਘੇਰ ਲਿਆ। 2 ਤਦ ਪਰਮੇਸ਼ਵਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਵਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ। ਉਹ ਉਹਨਾਂ ਨੂੰ ਸ਼ਿਨਾਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ।

3 ਤਦ ਰਾਜੇ ਨੇ ਆਪਣੇ ਦਰਬਾਰ ਦੇ ਅਧਿਕਾਰੀਆਂ ਦੇ ਮੁਖੀ ਅਸ਼ਪੇਨਾਜ਼ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਘਰਾਣੇ ਅਤੇ ਕੁਲੀਨ ਲੋਕਾਂ ਵਿੱਚੋਂ ਕੁਝ ਇਸਰਾਏਲੀਆਂ ਨੂੰ ਰਾਜੇ ਦੀ ਸੇਵਾ ਵਿੱਚ ਲਿਆਵੇ। 4 ਉਹ ਨੌਜਵਾਨ ਜੋ ਬਿਨਾਂ ਕਿਸੇ ਸਰੀਰਕ ਨੁਕਸ ਦੇ, ਸੁੰਦਰ ਅਤੇ ਹਰ ਕਿਸਮ ਦੀ ਸਿੱਖਿਆ ਦੇ ਯੋਗ ਹੋਣ, ਚੰਗੀ ਤਰ੍ਹਾਂ ਜਾਣੂ, ਜਲਦੀ ਸਮਝਣ ਵਾਲੇ ਅਤੇ ਰਾਜੇ ਦੇ ਮਹਿਲ ਵਿੱਚ ਸੇਵਾ ਕਰਨ ਦੇ ਯੋਗ ਹੋਣ। ਉਸ ਨੇ ਉਹਨਾਂ ਨੂੰ ਬਾਬੇਲੀਆਂ ਦੀ ਭਾਸ਼ਾ ਅਤੇ ਸਾਹਿਤ ਸਿਖਾਉਣਾ ਸੀ। 5 ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਦਾਖਰਸ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖ਼ੀਰ ਨੂੰ ਉਹ ਰਾਜੇ ਦੇ ਸਨਮੁਖ ਪੇਸ਼ ਕੀਤੇ ਜਾਣ।

6 ਜਿਨ੍ਹਾਂ ਨੂੰ ਚੁਣਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਯਹੂਦਾਹ ਤੋਂ ਸਨ: ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ। 7 ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਾਮ ਦਿੱਤੇ: ਦਾਨੀਏਲ ਦਾ ਨਾਮ ਬੇਲਟਸ਼ੱਸਰ; ਹਨਨਯਾਹ ਨੂੰ ਸ਼ਦਰਕ; ਮੀਸ਼ਾਏਲ ਨੂੰ ਮੇਸ਼ਕ; ਅਤੇ ਅਜ਼ਰਿਯਾਹ ਨੂੰ ਅਬਦ-ਨਗੋ ਆਖਿਆ।

8 ਪਰ ਦਾਨੀਏਲ ਨੇ ਸ਼ਾਹੀ ਭੋਜਨ ਅਤੇ ਦਾਖਰਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਮੁੱਖ ਅਧਿਕਾਰੀ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦੀ ਆਗਿਆ ਮੰਗੀ। 9 ਹੁਣ ਪਰਮੇਸ਼ਵਰ ਨੇ ਅਧਿਕਾਰੀ ਨੂੰ ਦਾਨੀਏਲ ਉੱਤੇ ਮਿਹਰਬਾਨੀ ਅਤੇ ਤਰਸ ਕਰਨ ਲਈ ਕਿਹਾ ਸੀ, 10 ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, "ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।"

11 ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ, 12 "ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ। 13 ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ।" 14 ਇਸ ਲਈ ਉਹ ਇਸ ਗੱਲ ਲਈ ਸਹਿਮਤ ਹੋ ਗਿਆ ਅਤੇ ਦਸ ਦਿਨਾਂ ਲਈ ਉਹਨਾਂ ਦੀ ਜਾਂਚ ਕੀਤੀ।

15 ਦਸਾਂ ਦਿਨਾਂ ਦੇ ਅੰਤ ਵਿੱਚ ਉਹ ਸ਼ਾਹੀ ਭੋਜਨ ਖਾਣ ਵਾਲੇ ਕਿਸੇ ਵੀ ਜੁਆਨ ਨਾਲੋਂ ਸਿਹਤਮੰਦ ਅਤੇ ਚੰਗੇ ਪੋਸ਼ਣ ਵਾਲੇ ਦਿਖਾਈ ਦਿੱਤੇ ਸੀ। 16 ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ।

17 ਇਹਨਾਂ ਚਾਰ ਨੌਜਵਾਨਾਂ ਨੂੰ ਪਰਮੇਸ਼ਵਰ ਨੇ ਹਰ ਕਿਸਮ ਦੇ ਸਾਹਿਤ ਅਤੇ ਵਿਦਿਆ ਦਾ ਗਿਆਨ ਅਤੇ ਸਮਝ ਪ੍ਰਦਾਨ ਕੀਤੀ। ਅਤੇ ਦਾਨੀਏਲ ਹਰ ਕਿਸਮ ਦੇ ਦਰਸ਼ਣਾਂ ਅਤੇ ਸੁਪਨਿਆਂ ਨੂੰ ਸਮਝ ਸਕਦਾ ਸੀ।

18 ਰਾਜੇ ਦੁਆਰਾ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਿਆਉਣ ਲਈ ਨਿਰਧਾਰਤ ਕੀਤੇ ਗਏ ਸਮੇਂ ਦੇ ਅੰਤ ਵਿੱਚ, ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਬੂਕਦਨੇਜ਼ਰ ਦੇ ਸਾਹਮਣੇ ਪੇਸ਼ ਕੀਤਾ। 19 ਰਾਜੇ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਉਸਨੂੰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਦੇ ਬਰਾਬਰ ਕੋਈ ਨਹੀਂ ਮਿਲਿਆ। ਇਸ ਲਈ ਉਹ ਰਾਜੇ ਦੀ ਸੇਵਾ ਵਿੱਚ ਦਾਖਲ ਹੋਏ। 20 ਬਾਦਸ਼ਾਹ ਨੇ ਉਹਨਾਂ ਨੂੰ ਜਿਸ ਵੀ ਬੁੱਧੀ ਅਤੇ ਸਮਝ ਦੇ ਮਾਮਲੇ ਵਿੱਚ ਸਵਾਲ ਕੀਤਾ, ਉਸ ਨੇ ਉਹਨਾਂ ਨੂੰ ਆਪਣੇ ਰਾਜ ਦੇ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਦਸ ਗੁਣਾ ਵਧੀਆ ਪਾਇਆ।

21 ਅਤੇ ਦਾਨੀਏਲ ਰਾਜਾ ਕੋਰੇਸ਼ ਦੇ ਪਹਿਲੇ ਸਾਲ ਤੱਕ ਉੱਥੇ ਰਿਹਾ।

Veja também

Publicidade
Daniel
Ver todos os capítulos de Daniel
Bíblia Online Bíblia Online

Bíblia Online • Versão: 2026-06-15_21-32-39-