Publicidade

Daniel 3

ਸੋਨੇ ਦੀ ਮੂਰਤੀ ਅਤੇ ਅੱਗ ਦੀ ਭੱਠੀ

1 ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇੱਕ ਮੂਰਤ ਬਣਾਈ, ਜਿਸਦੀ ਉਚਾਈ ਸੱਠ ਹੱਥ ਅਤੇ ਚੌੜਾਈ ਛੇ ਹੱਥ ਸੀ, ਅਤੇ ਇਸਨੂੰ ਬਾਬੇਲ ਦੇ ਪ੍ਰਾਂਤ ਵਿੱਚ ਦੂਰਾ ਦੇ ਮੈਦਾਨ ਵਿੱਚ ਸਥਾਪਿਤ ਕੀਤਾ। 2 ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ। 3 ਤਦ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਆਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਸਮਰਪਣ ਲਈ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ।

4 ਤਦ ਇੱਕ ਢੰਡੋਰੀਏ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ, "ਕੌਮਾਂ ਅਤੇ ਹਰ ਭਾਸ਼ਾ ਦੇ ਲੋਕੋ, ਤੁਹਾਨੂੰ ਇਹ ਕਰਨ ਦਾ ਹੁਕਮ ਦਿੱਤਾ ਗਿਆ ਹੈ: 5 ਜਿਵੇਂ ਹੀ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤੁਸੀਂ ਹੇਠਾਂ ਡਿੱਗ ਕੇ ਸੋਨੇ ਦੀ ਮੂਰਤ ਦੀ ਪੂਜਾ ਕਰਨੀ ਹੈ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਹੈ। 6 ਜੋ ਕੋਈ ਡਿੱਗ ਕੇ ਉਪਾਸਨਾ ਨਹੀਂ ਕਰਦਾ, ਉਸੇ ਵੇਲੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ।"

7 ਇਸ ਲਈ, ਜਿਵੇਂ ਹੀ ਉਹਨਾਂ ਨੇ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣੀ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਡਿੱਗ ਪਏ ਅਤੇ ਉਸ ਸੋਨੇ ਦੀ ਮੂਰਤ ਦੀ ਪੂਜਾ ਕੀਤੀ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਸੀ।

8 ਇਸ ਸਮੇਂ ਕੁਝ ਜੋਤਸ਼ੀ ਅੱਗੇ ਆਏ ਅਤੇ ਯਹੂਦੀਆਂ ਦੀ ਨਿੰਦਾ ਕੀਤੀ। 9 ਉਹਨਾਂ ਨੇ ਰਾਜਾ ਨਬੂਕਦਨੱਸਰ ਨੂੰ ਆਖਿਆ, "ਪਾਤਸ਼ਾਹ ਸਦਾ ਜੀਉਂਦਾ ਰਹੇ! 10 ਮਹਾਰਾਜ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਜੋ ਕੋਈ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦਾ ਹੈ, ਉਹ ਡਿੱਗ ਕੇ ਸੋਨੇ ਦੀ ਮੂਰਤੀ ਦੀ ਪੂਜਾ ਕਰੇ, 11 ਅਤੇ ਜੋ ਕੋਈ ਵੀ ਹੇਠਾਂ ਡਿੱਗ ਪੂਜਾ ਨਾ ਕਰੇ ਉਸ ਨੂੰ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। 12 ਪਰ ਕੁਝ ਯਹੂਦੀ ਹਨ ਜਿਨ੍ਹਾਂ ਨੂੰ ਤੁਸੀਂ ਬਾਬੇਲ ਦੇ ਪ੍ਰਾਂਤ ਦੇ ਮਾਮਲਿਆਂ ਉੱਤੇ ਨਿਯੁਕਤ ਕੀਤਾ ਹੈ ਸ਼ਦਰਕ, ਮੇਸ਼ਕ ਅਤੇ ਅਬੇਦਨਗੋ, ਇਹਨਾਂ ਮਨੁੱਖਾਂ ਨੇ, ਹੇ ਮਹਾਰਾਜ, ਤੁਹਾਡਾ ਆਦਰ ਨਹੀਂ ਕੀਤਾ। ਉਹ ਨਾ ਤਾਂ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਹਨ ਅਤੇ ਨਾ ਹੀ ਉਸ ਸੋਨੇ ਦੀ ਮੂਰਤ ਦੀ ਪੂਜਾ ਕਰਦੇ ਹਨ ਜੋ ਤੁਸੀਂ ਸਥਾਪਿਤ ਕੀਤੀ ਹੈ।"

13 ਗੁੱਸੇ ਵਿੱਚ ਆ ਕੇ ਨਬੂਕਦਨੱਸਰ ਨੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬੁਲਾਇਆ। ਤਦ ਇਨ੍ਹਾਂ ਮਨੁੱਖਾਂ ਨੂੰ ਪਾਤਸ਼ਾਹ ਦੇ ਸਾਹਮਣੇ ਲਿਆਂਦਾ ਗਿਆ, 14 ਅਤੇ ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ, "ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ ਜਾਂ ਉਸ ਸੋਨੇ ਦੀ ਮੂਰਤ ਦੀ ਉਪਾਸਨਾ ਨਹੀਂ ਕਰਦੇ ਜੋ ਮੈਂ ਸਥਾਪਿਤ ਕੀਤੀ ਹੈ? 15 ਹੁਣ ਜਦੋਂ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?"

16 ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੇ ਉਸਨੂੰ ਜਵਾਬ ਦਿੱਤਾ, "ਰਾਜਾ ਨਬੂਕਦਨੱਸਰ, ਸਾਨੂੰ ਇਸ ਮਾਮਲੇ ਵਿੱਚ ਤੁਹਾਡੇ ਸਾਮ੍ਹਣੇ ਆਪਣਾ ਬਚਾਅ ਕਰਨ ਦੀ ਲੋੜ ਨਹੀਂ ਹੈ। 17 ਜੇਕਰ ਸਾਨੂੰ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਜਿਸ ਪਰਮੇਸ਼ਵਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਇਸ ਤੋਂ ਛੁਡਾਉਣ ਦੇ ਯੋਗ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। 18 ਪਰ ਭਾਵੇਂ ਉਹ ਅਜਿਹਾ ਨਹੀਂ ਕਰਦਾ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਹੇ ਰਾਜਾ, ਅਸੀਂ ਤੇਰੇ ਦੇਵਤੇ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ।"

19 ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਉੱਤੇ ਬਦਲ ਗਿਆ। ਉਸ ਨੇ ਭੱਠੀ ਨੂੰ ਆਮ ਨਾਲੋਂ ਸੱਤ ਗੁਣਾ ਜ਼ਿਆਦਾ ਹੋਰ ਗਰਮ ਕਰਨ ਦਾ ਹੁਕਮ ਦਿੱਤਾ। 20 ਅਤੇ ਆਪਣੀ ਫ਼ੌਜ ਦੇ ਕੁਝ ਸਭ ਤੋਂ ਤਕੜੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬੰਨ੍ਹ ਕੇ ਬਲਦੀ ਭੱਠੀ ਵਿੱਚ ਸੁੱਟ ਦੇਣ। 21 ਇਸ ਲਈ ਇਨ੍ਹਾਂ ਆਦਮੀਆਂ ਨੂੰ, ਉਹਨਾਂ ਦੇ ਕੁੜਤਿਆਂ, ਪਜਾਮਿਆਂ, ਪੱਗਾਂ ਅਤੇ ਹੋਰ ਕੱਪੜਿਆਂ ਸਮੇਤ, ਬੰਨ੍ਹ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਗਿਆ। 22 ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ, 23 ਅਤੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਮਜ਼ਬੂਤੀ ਨਾਲ ਬੰਨ੍ਹੇ ਕੇ, ਬਲਦੀ ਹੋਈ ਭੱਠੀ ਵਿੱਚ ਸੁੱਟ ਦਿੱਤੇ ਗਏ।

24 ਤਦ ਰਾਜਾ ਨਬੂਕਦਨੱਸਰ ਹੈਰਾਨ ਹੋ ਕੇ ਆਪਣੇ ਪੈਰਾਂ ਉੱਤੇ ਚੜ੍ਹਿਆ ਅਤੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, "ਕੀ ਇੱਥੇ ਤਿੰਨ ਆਦਮੀ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਬੰਨ੍ਹ ਕੇ ਅੱਗ ਵਿੱਚ ਸੁੱਟ ਦਿੱਤਾ ਸੀ?"

ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, "ਇਹ ਸੱਚ ਹੈ।"

25 ਉਸ ਨੇ ਕਿਹਾ, "ਦੇਖੋ! ਮੈਂ ਚਾਰ ਆਦਮੀਆਂ ਨੂੰ ਅੱਗ ਵਿੱਚ ਘੁੰਮਦੇ ਵੇਖਦਾ ਹਾਂ, ਬਿਨਾਂ ਕਿਸੇ ਨੁਕਸਾਨ ਦੇ ਅਤੇ ਚੌਥੇ ਦਾ ਸਰੂਪ ਪਰਮੇਸ਼ਵਰ ਦੇ ਪੁੱਤਰ ਜਿਹਾ ਹੈ।"

26 ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, "ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!"

ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ, 27 ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।

28 ਤਦ ਨਬੂਕਦਨੱਸਰ ਨੇ ਆਖਿਆ, "ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਆਪਣਾ ਦੂਤ ਭੇਜਿਆ ਅਤੇ ਆਪਣੇ ਸੇਵਕਾਂ ਨੂੰ ਛੁਡਾਇਆ! ਉਹਨਾਂ ਨੇ ਉਸ ਉੱਤੇ ਭਰੋਸਾ ਕੀਤਾ ਅਤੇ ਰਾਜੇ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਆਪਣੇ ਖੁਦ ਦੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਦੇਵਤੇ ਦੀ ਸੇਵਾ ਜਾਂ ਉਪਾਸਨਾ ਕਰਨ ਦੀ ਬਜਾਏ ਆਪਣੇ ਪ੍ਰਾਣ ਦੇਣ ਲਈ ਤਿਆਰ ਸਨ। 29 ਇਸ ਲਈ ਮੈਂ ਹੁਕਮ ਦਿੰਦਾ ਹਾਂ ਜੋ ਕਿਸੇ ਕੌਮ ਜਾਂ ਭਾਸ਼ਾ ਦੇ ਲੋਕ ਜੋ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੇ ਵਿਰੁੱਧ ਕੁਝ ਬੋਲਦੇ ਹਨ, ਉਹਨਾਂ ਦੇ ਟੁਕੜੇ ਕਰ ਦਿੱਤੇ ਜਾਣ ਅਤੇ ਉਹਨਾਂ ਦੇ ਘਰ ਮਲਬੇ ਦੇ ਢੇਰ ਬਣਾ ਦਿੱਤੇ ਜਾਣ ਕਿਉਂ ਜੋ ਕੋਈ ਹੋਰ ਦੇਵਤਾ ਇਸ ਤਰ੍ਹਾਂ ਬਚਾ ਨਹੀਂ ਸਕਦਾ।"

30 ਫਿਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਵਿੱਚ ਤਰੱਕੀ ਦਿੱਤੀ।

Veja também

Publicidade
Daniel
Ver todos os capítulos de Daniel
Bíblia Online Bíblia Online

Bíblia Online • Versão: 2026-06-15_21-32-39-