Pular para o conteúdo
Publicidade

ਯੋਨਾਹ 4

ਯੋਨਾਹ ਨੂੰ ਯਾਹਵੇਹ ਦੀ ਦਇਆ ਉੱਤੇ ਗੁੱਸਾ

1 ਇਹ ਗੱਲ ਯੋਨਾਹ ਨੂੰ ਬਹੁਤ ਹੀ ਬੁਰੀ ਲੱਗੀ ਅਤੇ ਉਹ ਬਹੁਤ ਹੀ ਗੁੱਸੇ ਹੋ ਗਿਆ। 2 ਉਸ ਨੇ ਯਾਹਵੇਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, "ਹੇ ਯਾਹਵੇਹ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹ ਗੱਲ ਨਹੀਂ ਸੀ ਕਹਿੰਦਾ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ। 3 ਹੁਣ, ਯਾਹਵੇਹ, ਮੇਰੀ ਜਾਨ ਲੈ, ਕਿਉਂਕਿ ਮੇਰੇ ਲਈ ਜੀਉਣ ਨਾਲੋਂ ਮਰਨਾ ਚੰਗਾ ਹੈ।"

4 ਪਰ ਯਾਹਵੇਹ ਨੇ ਉੱਤਰ ਦਿੱਤਾ, "ਕੀ ਤੇਰਾ ਗੁੱਸਾ ਕਰਨਾ ਠੀਕ ਹੈ?"

5 ਯੋਨਾਹ ਬਾਹਰ ਗਿਆ ਅਤੇ ਸ਼ਹਿਰ ਦੇ ਪੂਰਬ ਵਿੱਚ ਇੱਕ ਥਾਂ ਬੈਠ ਗਿਆ। ਉੱਥੇ ਉਸਨੇ ਆਪਣੇ ਆਪ ਨੂੰ ਇੱਕ ਛੱਪਰੀ ਬਣਾਈ, ਇਸਦੀ ਛਾਂ ਵਿੱਚ ਬੈਠ ਗਿਆ ਅਤੇ ਇਹ ਵੇਖਣ ਲਈ ਉਡੀਕ ਕਰਦਾ ਸੀ ਕਿ ਸ਼ਹਿਰ ਦਾ ਕੀ ਹੋਵੇਗਾ। 6 ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੋਨਾਹ ਦੇ ਸਿਰ ਉੱਤੇ ਛਾਂ ਦੇਣ ਲਈ ਅਤੇ ਉਸ ਦੀ ਬੇਅਰਾਮੀ ਨੂੰ ਦੂਰ ਕਰਨ ਲਈ ਉਸ ਨੂੰ ਉਗਾਇਆ ਅਤੇ ਯੋਨਾਹ ਪੌਦੇ ਤੋਂ ਬਹੁਤ ਖੁਸ਼ ਹੋਇਆ। 7 ਪਰ ਅਗਲੇ ਦਿਨ ਤੜਕੇ ਪਰਮੇਸ਼ਵਰ ਨੇ ਇੱਕ ਕੀੜਾ ਠਹਿਰਾਇਆ ਜਿਸ ਨੇ ਪੌਦੇ ਨੂੰ ਕੁਤਰ ਦਿੱਤਾ ਤਾਂ ਉਹ ਸੁੱਕ ਗਿਆ। 8 ਜਦੋਂ ਸੂਰਜ ਚੜ੍ਹਿਆ ਤਾਂ ਪਰਮੇਸ਼ਵਰ ਨੇ ਪੂਰਬ ਦੀ ਤੇਜ਼ ਹਵਾ ਵਗਾਈ ਅਤੇ ਸੂਰਜ ਦੀ ਧੁੱਪ ਯੋਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ, "ਮੇਰੇ ਲਈ ਜੀਣ ਨਾਲੋਂ ਮਰਨਾ ਚੰਗਾ ਹੋਵੇਗਾ।"

9 ਪਰ ਪਰਮੇਸ਼ਵਰ ਨੇ ਯੋਨਾਹ ਨੂੰ ਆਖਿਆ, "ਕੀ ਇਹ ਤੇਰੇ ਲਈ ਠੀਕ ਹੈ ਕਿ ਤੂੰ ਪੌਦੇ ਉੱਤੇ ਗੁੱਸੇ ਹੋਵੋ?"

ਅੱਗੋਂ ਯੋਨਾਹ ਨੇ ਕਿਹਾ, "ਹਾਂ, ਮੈਂ ਬਹੁਤ ਗੁੱਸੇ ਵਿੱਚ ਹਾਂ, ਕਾਸ਼ ਮੈਂ ਮਰ ਜਾਵਾਂ।"

10 ਪਰ ਯਾਹਵੇਹ ਨੇ ਕਿਹਾ, "ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ। 11 ਅਤੇ ਕੀ ਮੈਨੂੰ ਨੀਨਵਾਹ ਦੇ ਮਹਾਨ ਸ਼ਹਿਰ ਲਈ ਚਿੰਤਾ ਨਹੀਂ ਹੋਣੀ ਚਾਹੀਦੀ, ਜਿਸ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ ਜੋ ਆਪਣੇ ਸੱਜੇ ਹੱਥ ਨੂੰ ਆਪਣੇ ਖੱਬੇ ਤੋਂ ਨਹੀਂ ਦੱਸ ਸਕਦੇ ਅਤੇ ਬਹੁਤ ਸਾਰੇ ਜਾਨਵਰ ਵੀ ਹਨ?"

Estes versículos te tocaram? Ore agora!

+581 estão orando agora.

Junte-se à corrente de oração.

Jonas
Ver todos os capítulos de Jonas