1 ਜਿਨ੍ਹਾਂ ਦਿਨਾਂ ਵਿੱਚ ਨਿਆਂਕਾਰ ਰਾਜ ਕਰਦੇ ਸਨ, ਉਹਨਾਂ ਦਿਨਾਂ ਵਿੱਚ ਦੇਸ਼ ਵਿੱਚ ਕਾਲ ਪੈ ਗਿਆ। ਇਸ ਲਈ ਯਹੂਦਾਹ ਦੇ ਬੈਤਲਹਮ ਤੋਂ ਇੱਕ ਆਦਮੀ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੇ ਦੇਸ਼ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ। 2 ਉਸ ਮਨੁੱਖ ਦਾ ਨਾਮ ਅਲੀਮੇਲੇਕ ਸੀ, ਉਹ ਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਹ ਦੇ ਦੋ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਨੂੰ ਗਏ ਅਤੇ ਉੱਥੇ ਰਹਿਣ ਲੱਗੇ।
3 ਹੁਣ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਰਹਿ ਗਈ। 4 ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ, 5 ਮਹਿਲੋਨ ਅਤੇ ਕਿਲਓਨ ਦੋਵੇਂ ਵੀ ਮਰ ਗਏ ਅਤੇ ਨਾਓਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਤੋਂ ਬਿਨਾਂ ਇਕੱਲੀ ਰਹਿ ਗਈ।
6 ਨਾਓਮੀ ਆਪਣੀਆਂ ਦੋਹਾਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਾਹਵੇਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। 7 ਇਸ ਲਈ ਉਹ ਆਪਣੀਆਂ ਦੋਹਾਂ ਨੂੰਹਾਂ ਨਾਲ ਉਹ ਥਾਂ ਛੱਡ ਗਈ ਜਿੱਥੇ ਉਹ ਰਹਿੰਦੀ ਸੀ ਅਤੇ ਉਸ ਰਾਹ ਉੱਤੇ ਚੱਲ ਪਈ ਜੋ ਉਹਨਾਂ ਨੂੰ ਯਹੂਦਾਹ ਦੇ ਦੇਸ਼ ਵਿੱਚ ਵਾਪਸ ਲੈ ਜਾਂਦਾ ਸੀ।
8 ਤਦ ਨਾਓਮੀ ਨੇ ਆਪਣੀਆਂ ਦੋ ਨੂੰਹਾਂ ਨੂੰ ਆਖਿਆ, "ਤੁਸੀਂ ਦੋਵੇਂ ਆਪੋ-ਆਪਣੇ ਘਰ ਵਾਪਸ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਦਯਾ ਕਰੇ। 9 ਯਾਹਵੇਹ ਇਹ ਬਖਸ਼ੀਸ਼ ਕਰੇ ਕਿ ਤੁਸੀਂ ਆਪੋ-ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।"
ਫਿਰ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਣ ਲੱਗ ਪਈਆਂ। 10 ਅਤੇ ਉਹਨਾਂ ਉਸ ਨੂੰ ਆਖਿਆ, "ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਮੁੜ ਜਾਵਾਂਗੀਆਂ।"
11 ਪਰ ਨਾਓਮੀ ਨੇ ਆਖਿਆ, "ਹੇ ਮੇਰੀ ਧੀਓ ਘਰ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਕੀ ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ? 12 ਹੇ ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਓ। ਮੈਂ ਬਹੁਤ ਬੁੱਢੀ ਹੋ ਗਈ ਹਾਂ ਅਤੇ ਕੋਈ ਹੋਰ ਪਤੀ ਕਰਨ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ। 13 ਕੀ ਤੁਸੀਂ ਉਹਨਾਂ ਦੇ ਵੱਡੇ ਹੋਣ ਤੱਕ ਉਡੀਕ ਕਰੋਗੇ? ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ, ਮੇਰੀ ਧੀਓ। ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਾਹਵੇਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ!"
14 ਇਹ ਸੁਣ ਕੇ ਉਹ ਫੇਰ ਉੱਚੀ ਆਵਾਜ਼ ਵਿੱਚ ਰੋਈਆਂ ਫਿਰ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਸ ਨਾਲ ਚਿੰਬੜੀ ਰਹੀ।
15 ਤਦ ਨਾਓਮੀ ਨੇ ਕਿਹਾ, "ਵੇਖ, ਤੇਰੀ ਜੇਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਜਾ ਰਹੀ ਹੈ, ਤੂੰ ਵੀ ਉਸ ਦੇ ਪਿੱਛੇ ਵਾਪਸ ਚਲੀ ਜਾ।"
16 ਪਰ ਰੂਥ ਨੇ ਉੱਤਰ ਦਿੱਤਾ, "ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡ ਦਿਆਂ ਜਾਂ ਤੇਰੇ ਕੋਲੋਂ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਵੇਗਾ। 17 ਜਿੱਥੇ ਤੂੰ ਮਰੇਂਗੀ ਉੱਥੇ ਹੀ ਮੈਂ ਮਰਾਂਗੀ ਅਤੇ ਅਸੀਂ ਉੱਥੇ ਹੀ ਦਫ਼ਨਾਈਆਂ ਜਾਵਾਂਗੀਆਂ। ਯਾਹਵੇਹ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ, ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਨਾ ਕਰੇ।" 18 ਜਦੋਂ ਨਾਓਮੀ ਨੂੰ ਪਤਾ ਲੱਗਾ ਕਿ ਰੂਥ ਨੇ ਉਸ ਦੇ ਨਾਲ ਜਾਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਉਸ ਨੇ ਉਸ ਨੂੰ ਬੇਨਤੀ ਕਰਨੀ ਛੱਡ ਦਿੱਤੀ।
19 ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦੋਂ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਔਰਤਾਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ, "ਕੀ ਇਹ ਨਾਓਮੀ ਹੋ ਸਕਦੀ ਹੈ?"
20 "ਮੈਨੂੰ ਨਾਓਮੀ ਨਾ ਆਖੋ," ਉਸਨੇ ਉਹਨਾਂ ਨੂੰ ਕਿਹਾ। "ਮੈਨੂੰ ਮਾਰਾ ਆਖੋ, ਕਿਉਂਕਿ ਸਰਵਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਬਹੁਤ ਕੌੜੀ ਬਣਾ ਦਿੱਤੀ ਹੈ। 21 ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਾਹਵੇਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫਿਰ ਤੁਸੀਂ ਨਾਓਮੀ ਕਿਉਂ ਕਹਿੰਦੀਆਂ ਹੋ, ਯਾਹਵੇਹ ਮੇਰਾ ਵਿਰੋਧੀ ਬਣਿਆਂ ਅਤੇ ਸਰਵਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ ਹੈ।"
22 ਸੋ ਨਾਓਮੀ ਮੋਆਬ ਤੋਂ ਆਪਣੀ ਮੋਆਬਣ ਨੂੰਹ ਰੂਥ ਦੇ ਨਾਲ ਮੁੜੀ ਅਤੇ ਜੌਂ ਦੀ ਵਾਢੀ ਦੇ ਸਮੇਂ ਬੈਤਲਹਮ ਵਿੱਚ ਆਈ।