1 ਇਸੇ ਦੌਰਾਨ ਬੋਅਜ਼ ਨਗਰ ਦੇ ਦਰਵਾਜ਼ੇ ਕੋਲ ਗਿਆ ਅਤੇ ਉੱਥੇ ਬੈਠ ਗਿਆ ਜਿਵੇਂ ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋ ਦੀ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ "ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ।" ਤਾਂ ਉਹ ਮੁੜਿਆ ਅਤੇ ਉੱਥੇ ਇੱਕ ਪਾਸੇ ਬੈਠ ਗਿਆ।
2 ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, "ਇੱਥੇ ਬੈਠੋ।" ਅਤੇ ਉਹ ਬੈਠ ਗਏ। 3 ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, "ਨਾਓਮੀ, ਜੋ ਮੋਆਬ ਤੋਂ ਵਾਪਸ ਆਈ ਹੈ, ਸਾਡੇ ਰਿਸ਼ਤੇਦਾਰ ਅਲੀਮਲਕ ਦੀ ਜ਼ਮੀਨ ਹਿੱਸਾ ਵੇਚਣਾ ਚਾਹੁੰਦੀ ਹੈ। 4 ਇਸ ਲਈ ਮੈਂ ਸੋਚਿਆ ਕਿ ਤੇਰੇ ਕੰਨ ਵਿੱਚ ਇਹ ਗੱਲ ਪਾਵਾਂ, ਤਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਸਾਹਮਣੇ ਜੋ ਬੈਠੇ ਹਨ ਅਤੇ ਮੇਰੇ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਖਰੀਦ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਅਤੇ ਜੇ ਤੂੰ ਨਾ ਛੁਡਾਉਣਾ ਚਾਹੇ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖ਼ਬਰ ਹੋਵੇ, ਕਿਉਂਕਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਤੇਰੇ ਬਾਅਦ ਮੈਂ ਹਾਂ।"
ਉਸ ਨੇ ਕਿਹਾ, "ਮੈਂ ਛੁਡਾਵਾਂਗਾ।"
5 ਤਦ ਬੋਅਜ਼ ਨੇ ਕਿਹਾ, "ਜਿਸ ਦਿਨ ਉਹ ਜ਼ਮੀਨ ਨਾਓਮੀ ਦੇ ਹੱਥੋਂ ਖ਼ਰੀਦ ਲਵੇ ਤਾਂ ਉਸੇ ਦਿਨ ਤੈਨੂੰ ਉਸ ਮਰੇ ਹੋਏ ਵਿਧਵਾ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ।"
6 ਇਸ ਉੱਤੇ, ਉਸ ਛੁਡਾਉਣ ਵਾਲੇ ਨੇ ਕਿਹਾ, "ਫਿਰ ਤਾਂ ਮੈਂ ਇਸਨੂੰ ਛੁਡਾ ਨਹੀਂ ਸਕਦਾ ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਨੂੰ ਖ਼ਤਰੇ ਵਿੱਚ ਪਾ ਬੈਠਾ। ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਰੱਖ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ।"
7 (ਹੁਣ ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹ ਰੀਤ ਸੀ।)
8 ਤਾਂ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, "ਇਸ ਨੂੰ ਆਪ ਖਰੀਦ ਲੈ।" ਅਤੇ ਉਸਨੇ ਆਪਣੀ ਜੁੱਤੀ ਲਾਹ ਦਿੱਤੀ।
9 ਤਦ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, "ਅੱਜ ਤੁਸੀਂ ਗਵਾਹ ਹੋ ਕਿ ਮੈਂ ਅਲੀਮਲਕ, ਕਿਲਓਨ ਅਤੇ ਮਹਿਲੋਨ ਦੀ ਸਾਰੀ ਜਾਇਦਾਦ ਨਾਓਮੀ ਦੇ ਹੱਥੋਂ ਖਰੀਦ ਲਈ ਹੈ। 10 ਮੈਂ ਮੋਆਬੀ, ਮਹਿਲੋਨ ਦੀ ਵਿਧਵਾ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਲਿਆ ਹੈ, ਤਾਂ ਜੋ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਨਾਲ ਕਾਇਮ ਰੱਖਿਆ ਜਾ ਸਕੇ, ਤਾਂ ਜੋ ਉਹ ਦਾ ਨਾਮ ਉਸ ਦੇ ਘਰਾਣੇ ਵਿੱਚੋਂ ਜਾਂ ਉਹ ਦੇ ਸ਼ਹਿਰ ਵਿੱਚੋਂ ਨਾ ਮਿਟ ਜਾਵੇ। ਅੱਜ ਦੇ ਦਿਨ ਦੇ ਤੁਸੀਂ ਗਵਾਹ ਹੋ!"
11 ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, "ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ। 12 ਯਾਹਵੇਹ ਤੁਹਾਨੂੰ ਜੋ ਪਰਿਵਾਰ ਇਸ ਇਸਤਰੀ ਦੁਆਰਾ ਦੇਵੇ, ਪੇਰੇਜ਼ ਪਰਿਵਾਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।"
13 ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 14 ਔਰਤਾਂ ਨੇ ਨਾਓਮੀ ਨੂੰ ਕਿਹਾ: "ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ! 15 ਉਹ ਤੇਰਾ ਜੀਵਨ ਨਵਾਂ ਕਰੇਗਾ ਅਤੇ ਬੁਢਾਪੇ ਵਿੱਚ ਤੈਨੂੰ ਸੰਭਾਲੇਗਾ। ਕਿਉਂਕਿ ਤੇਰੀ ਨੂੰਹ, ਜੋ ਤੈਨੂੰ ਪਿਆਰ ਕਰਦੀ ਹੈ ਅਤੇ ਜੋ ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਉਸਨੂੰ ਜਨਮ ਦਿੱਤਾ ਹੈ।"
16 ਤਦ ਨਾਓਮੀ ਨੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਉਸ ਦੀ ਦੇਖਭਾਲ ਕੀਤੀ। 17 ਉੱਥੇ ਰਹਿਣ ਵਾਲੀਆਂ ਔਰਤਾਂ ਨੇ ਆਖਿਆ, ਨਾਓਮੀ ਦੇ ਇੱਕ ਪੁੱਤਰ ਹੋਇਆ! ਅਤੇ ਉਹਨਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ, ਦਾਵੀਦ ਦਾ ਦਾਦਾ ਸੀ।
18 ਤਾਂ, ਇਹ ਪੇਰੇਜ਼ ਦਾ ਪਰਿਵਾਰ-ਸਮੂਹ ਹੈ:
ਪਰਸ ਹੇਜ਼ਰੋਨ ਦਾ ਪਿਤਾ ਸੀ,
19 ਹੇਜ਼ਰੋਨ ਤੋਂ ਰਾਮ ਜੰਮਿਆ,
ਰਾਮ ਤੋਂ ਅੰਮੀਨਾਦਾਬ ਜੰਮਿਆ,
20 ਅੰਮੀਨਾਦਾਬ ਤੋਂ ਨਾਹਸ਼ੋਨ ਜੰਮਿਆ,
ਨਾਹਸ਼ੋਨ ਤੋਂ ਸਲਮੋਨ ਜੰਮਿਆ,
21 ਸਲਮੋਨ ਤੋਂ ਬੋਅਜ਼ ਜੰਮਿਆ,
ਬੋਅਜ਼ ਤੋਂ ਓਬੇਦ,
22 ਅਤੇ ਓਬੇਦ ਤੋਂ ਯੱਸੀ ਜੰਮਿਆ,
ਯੱਸੀ ਤੋਂ ਦਾਵੀਦ ਜੰਮਿਆ।