Pular para o conteúdo
Publicidade

ਰੂਥ 2

ਰੂਥ ਅਨਾਜ ਦੇ ਖੇਤ ਵਿੱਚ ਬੋਅਜ਼ ਨੂੰ ਮਿਲੀ

1 ਹੁਣ ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਅਲੀਮਲਕ ਦੇ ਪਰਿਵਾਰ ਵਿੱਚੋਂ ਅਤੇ ਉਹ ਧਨਵਾਨ ਮਨੁੱਖ ਸੀ, ਉਸਦਾ ਨਾਮ ਬੋਅਜ਼ ਸੀ।

2 ਅਤੇ ਮੋਆਬੀ ਰੂਥ ਨੇ ਨਾਓਮੀ ਨੂੰ ਆਖਿਆ, ਮੈਨੂੰ ਖੇਤਾਂ ਵਿੱਚ ਜਾਣ ਦੀ ਆਗਿਆ ਦੇ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ, ਉਸਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।

ਨਾਓਮੀ ਨੇ ਉਸ ਨੂੰ ਕਿਹਾ, "ਜਾ ਮੇਰੀਏ ਧੀਏ।" 3 ਤਾਂ ਉਹ ਬਾਹਰ ਨਿੱਕਲ ਕੇ ਖੇਤ ਵਿੱਚ ਵੜ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ। ਜਿਵੇਂ ਉਹ ਨਿਕਲੀ ਤੇ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।

4 ਤਦ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਕਿਹਾ, "ਯਾਹਵੇਹ ਤੁਹਾਡੇ ਅੰਗ-ਸੰਗ ਹੋਵੇ!"

ਉਹਨਾਂ ਨੇ ਜਵਾਬ ਦਿੱਤਾ, "ਯਾਹਵੇਹ ਤੁਹਾਨੂੰ ਵੀ ਅਸੀਸ ਦੇਵੇ!"

5 ਬੋਅਜ਼ ਨੇ ਆਪਣੇ ਵਾਢਿਆਂ ਦੇ ਨਿਗਾਹਬਾਨ ਨੂੰ ਪੁੱਛਿਆ, "ਉਹ ਮੁਟਿਆਰ ਕਿਸ ਦੀ ਹੈ?"

6 ਨਿਗਾਹਬਾਨ ਨੇ ਉੱਤਰ ਦਿੱਤਾ, "ਉਹ ਮੋਆਬਣ ਹੈ ਜੋ ਨਾਓਮੀ ਨਾਲ ਮੋਆਬ ਤੋਂ ਵਾਪਸ ਆਈ ਸੀ। 7 ਉਸ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ।’ ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠੜੀ ਵਿੱਚ ਠਹਿਰੀ।"

8 ਤਾਂ ਬੋਅਜ਼ ਨੇ ਰੂਥ ਨੂੰ ਕਿਹਾ, "ਮੇਰੀ ਧੀ, ਮੇਰੀ ਗੱਲ ਸੁਣ। ਤੂੰ ਕਿਸੇ ਹੋਰ ਖੇਤ ਵਿੱਚ ਸਿੱਟੇ ਚੁਗਣ ਨਾ ਜਾਵੀਂ। ਇੱਥੇ ਉਹਨਾਂ ਔਰਤਾਂ ਨਾਲ ਰਹੀਂ ਜੋ ਮੇਰੇ ਲਈ ਕੰਮ ਕਰਦੀਆਂ ਹਨ। 9 ਉਸ ਖੇਤ ਨੂੰ ਵੇਖੋ ਜਿੱਥੇ ਆਦਮੀ ਵਾਢੀ ਕਰ ਰਹੇ ਹਨ ਅਤੇ ਔਰਤਾਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਦਿੱਤੀ ਹੈ, ਕੀ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਵੀ ਤੈਨੂੰ ਪਿਆਸ ਲੱਗੇ, ਤਾਂ ਜਾ ਕੇ ਮਨੁੱਖਾਂ ਦੇ ਭਰੇ ਹੋਏ ਘੜੇ ਵਿੱਚੋਂ ਪਾਣੀ ਪੀ ਲਵੀਂ।"

10 ਤਾਂ ਉਸ ਨੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ ਅਤੇ ਉਸ ਨੇ ਉਸ ਨੂੰ ਪੁੱਛਿਆ, "ਮੈਂ ਤੁਹਾਡੀ ਨਿਗਾਹ ਵਿੱਚ ਇੰਨੀ ਕਿਰਪਾ ਕਿਉਂ ਪਾਈ ਹੈ ਕਿ ਤੁਸੀਂ ਮੈਨੂੰ ਵੇਖਦੇ ਹੋ ਕੀ ਮੈਂ ਇੱਕ ਪਰਦੇਸਣ ਹਾਂ?"

11 ਬੋਅਜ਼ ਨੇ ਉੱਤਰ ਦਿੱਤਾ, "ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ, ਕਿਵੇਂ ਤੂੰ ਆਪਣੇ ਪਿਤਾ ਅਤੇ ਮਾਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਉਹਨਾਂ ਲੋਕਾਂ ਵਿੱਚ ਆਈ ਹੈ, ਜਿੰਨ੍ਹਾਂ ਨੂੰ ਤੂੰ ਪਹਿਲਾ ਨਹੀਂ ਜਾਣਦੀ ਸੀ। 12 ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।"

13 ਉਸ ਨੇ ਕਿਹਾ, "ਹੇ ਮੇਰੇ ਮਾਲਕ, ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪ੍ਰਾਪਤ ਕਰਦੀ ਰਹਾਂ, ਤੁਸੀਂ ਆਪਣੀ ਦਾਸੀ ਨਾਲ ਮਿਹਰਬਾਨੀ ਨਾਲ ਗੱਲ ਕੀਤੀ ਹੈ ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਨਹੀਂ ਹਾਂ।"

14 ਭੋਜਨ ਵੇਲੇ ਬੋਅਜ਼ ਨੇ ਉਸ ਨੂੰ ਕਿਹਾ, "ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।"

ਜਦੋਂ ਉਹ ਵਾਢੀ ਕਰਨ ਵਾਲਿਆਂ ਕੋਲ ਬੈਠੀ ਤਾਂ ਉਸ ਨੇ ਉਸ ਨੂੰ ਕੁਝ ਭੁੰਨੇ ਹੋਏ ਦਾਣੇ ਉਸਨੂੰ ਦਿੱਤੇ। ਉਸ ਨੇ ਕੁਝ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ। 15 ਜਦੋਂ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, "ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ। 16 ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਸ ਦੇ ਲਈ ਕੁਝ ਡੇਗਦੇ ਜਾਣ ਅਤੇ ਉਸਦੇ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।"

17 ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ ਅਤੇ ਜੋ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ ਹੋਏ। 18 ਉਹ ਉਸ ਨੂੰ ਸ਼ਹਿਰ ਵਿੱਚ ਲੈ ਗਈ ਅਤੇ ਉਸ ਦੀ ਸੱਸ ਨੇ ਵੇਖਿਆ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।

19 ਉਸ ਦੀ ਸੱਸ ਨੇ ਉਸ ਨੂੰ ਪੁੱਛਿਆ, "ਤੂੰ ਅੱਜ ਕਿੱਥੋਂ ਸਿੱਟੇ ਚੁਗੇ? ਅਤੇ ਕਿੱਥੇ ਕੰਮ ਧੰਦਾ ਕੀਤਾ ਸੀ? ਮੁਬਾਰਕ ਹੈ ਉਹ ਆਦਮੀ ਜਿਸਨੇ ਤੇਰੀ ਵੱਲ ਧਿਆਨ ਦਿੱਤਾ!"

ਤਦ ਰੂਥ ਨੇ ਆਪਣੀ ਸੱਸ ਨੂੰ ਉਸ ਵਿਅਕਤੀ ਬਾਰੇ ਦੱਸਿਆ ਜਿਸ ਦੇ ਕੋਲ ਕੰਮ ਧੰਦਾ ਕੀਤਾ ਸੀ ਅਤੇ ਆਖਿਆ, "ਅੱਜ ਮੈਂ ਜਿਸ ਆਦਮੀ ਕੋਲ ਕੰਮ ਕੀਤਾ ਉਸ ਦਾ ਨਾਂ ਬੋਅਜ਼ ਹੈ।"

20 "ਯਾਹਵੇਹ ਉਸ ਨੂੰ ਅਸੀਸ ਦੇਵੇ!" ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ। "ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਲਈ ਆਪਣੀ ਦਿਆਲਤਾ ਦਿਖਾਉਣੀ ਬੰਦ ਨਹੀਂ ਕੀਤੀ।" ਉਸਨੇ ਅੱਗੇ ਕਿਹਾ, "ਉਹ ਆਦਮੀ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ; ਉਹ ਸਾਡੇ ਸਰਪ੍ਰਸਤ-ਛੁਡਾਉਣ2:20 ਸਰਪ੍ਰਸਤ-ਛੁਡਾਉਣ ਜਿਸ ਕੋਲ ਗੰਭੀਰ ਮੁਸ਼ਕਲ ਵਿੱਚ ਫਸੇ ਕਿਸੇ ਰਿਸ਼ਤੇਦਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਵਾਲਿਆਂ ਵਿੱਚੋਂ ਇੱਕ ਹੈ।"

21 ਤਦ ਮੋਆਬੀ ਰੂਥ ਨੇ ਕਿਹਾ, "ਉਸ ਨੇ ਮੈਨੂੰ ਇੱਥੋਂ ਤੱਕ ਕਿਹਾ, ‘ਜਦੋਂ ਤੱਕ ਮੇਰੀਆਂ ਵਾਢਿਆਂ ਨਾ ਹੋ ਜਾਣ ਤਦ ਤੱਕ ਮੇਰੇ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।’ "

22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, ਹੇ ਮੇਰੀ ਧੀ, ਤੇਰੇ ਲਈ ਇਹ ਚੰਗਾ ਹੋਵੇਗਾ ਜੋ ਉਹ ਦੇ ਲਈ ਕੰਮ ਕਰਨ ਵਾਲੀਆਂ ਔਰਤਾਂ ਨਾਲ ਜਾਇਆ ਕਰੇ, ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

23 ਇਸ ਲਈ ਜਦੋਂ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।

Estes versículos te tocaram? Ore agora!

+581 estão orando agora.

Junte-se à corrente de oração.

Rute
Ver todos os capítulos de Rute