1 ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਇੱਕ ਰਾਮਾਤੈਮ ਸੋਫੀਮ ਤੋਂ ਇੱਕ ਮਨੁੱਖ ਸੀ, ਜਿਸ ਦਾ ਨਾਮ ਅਲਕਾਨਾਹ ਸੀ ਜੋ ਯਰੋਹਾਮ ਦਾ ਪੁੱਤਰ ਸੀ, ਉਹ ਅਲੀਹੂ ਦਾ ਪੁੱਤਰ ਸੀ, ਉਹ ਤੋਹੂ ਦਾ ਪੁੱਤਰ ਸੀ, ਉਹ ਸੂਫ਼ ਦਾ ਪੁੱਤਰ ਸੀ, ਜੋ ਸੂਫ਼ ਇਫਰਾਥੀ ਦਾ ਪੁੱਤਰ ਸੀ। 2 ਉਸ ਦੀਆਂ ਦੋ ਪਤਨੀਆਂ ਸਨ; ਇੱਕ ਦਾ ਨਾਮ ਹੰਨਾਹ ਅਤੇ ਦੂਸਰੀ ਦਾ ਨਾਮ ਪਨਿੰਨਾਹ ਸੀ। ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਨਹੀਂ ਸੀ।
3 ਹਰੇਕ ਸਾਲ ਇਹ ਮਨੁੱਖ ਆਪਣੇ ਨਗਰ ਤੋਂ ਸ਼ੀਲੋਹ ਵਿੱਚ ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਭੇਟ ਚੜ੍ਹਾਉਣ ਲਈ ਜਾਂਦਾ ਹੁੰਦਾ ਸੀ, ਜਿੱਥੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਾਹਵੇਹ ਦੇ ਜਾਜਕ ਸਨ। 4 ਜਦੋਂ ਵੀ ਅਲਕਾਨਾਹ ਭੇਟ ਚੜ੍ਹਾਉਂਦਾ ਹੁੰਦਾ ਸੀ, ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਸ ਦੇ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਾਸ ਦਾ ਹਿੱਸਾ ਦਿੰਦਾ ਹੁੰਦਾ ਸੀ। 5 ਪਰ ਉਹ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ, ਕਿਉਂ ਜੋ ਉਹ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਯਾਹਵੇਹ ਨੇ ਉਸ ਦੀ ਕੁੱਖ ਨੂੰ ਬੰਦ ਕਰ ਦਿੱਤਾ ਸੀ। 6 ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਾਹਵੇਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ। 7 ਹਰੇਕ ਸਾਲ ਜਦ ਉਹ ਯਾਹਵੇਹ ਦੇ ਘਰ ਜਾਂਦੀ ਸੀ ਤਾਂ ਉਸ ਦੀ ਸੌਂਕਣ ਉਸ ਨੂੰ ਇਸੇ ਤਰ੍ਹਾਂ ਬਹੁਤ ਛੇੜਦੀ ਸੀ ਅਤੇ ਉਹ ਰੋਂਦੀ ਰਹਿੰਦੀ ਸੀ ਅਤੇ ਖਾਣਾ ਵੀ ਨਹੀਂ ਖਾਦੀ ਸੀ। 8 ਉਹ ਦੇ ਪਤੀ ਅਲਕਾਨਾਹ ਨੇ ਉਸਨੂੰ ਆਖਿਆ, "ਹੰਨਾਹ, ਤੂੰ ਕਿਉਂ ਰੋ ਰਹੀ ਹੈ? ਤੂੰ ਕਿਉਂ ਨਹੀਂ ਖਾਂਦੀ? ਤੇਰਾ ਮਨ ਨਿਰਾਸ਼ ਕਿਉਂ ਹੈ? ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ?"
9 ਇੱਕ ਵਾਰ ਜਦੋਂ ਉਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸੇ ਵੇਲੇ ਏਲੀ ਜਾਜਕ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਆਪਣੀ ਗੱਦੀ ਉੱਤੇ ਬੈਠਾ ਹੋਇਆ ਸੀ। 10 ਹੰਨਾਹ ਨੇ ਆਪਣੇ ਡੂੰਘੇ ਦੁੱਖ ਵਿੱਚ ਰੋਂਦੇ ਹੋਏ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 11 ਅਤੇ ਉਸ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸਰਬਸ਼ਕਤੀਮਾਨ ਯਾਹਵੇਹ, ਜੇਕਰ ਤੂੰ ਆਪਣੀ ਦਾਸੀ ਦੇ ਦੁੱਖ ਨੂੰ ਵੇਖੇ ਅਤੇ ਮੈਨੂੰ ਯਾਦ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇ ਤਾਂ ਮੈਂ ਉਸ ਨੂੰ ਜਿਨ੍ਹਾਂ ਚਿਰ ਉਹ ਜਿਉਂਦਾ ਰਹੇਗਾ ਯਾਹਵੇਹ ਨੂੰ ਦੇ ਦਿਆਂਗੀ ਅਤੇ ਉਸ ਦੇ ਜੀਵਨ ਦੇ ਸਾਰੇ ਦਿਨਾਂ ਵਿੱਚ, ਉਸ ਦੇ ਸਿਰ ਉੱਤੇ ਕਦੇ ਉਸਤਰਾ ਨਹੀਂ ਫਿਰੇਗਾ।
12 ਜਦੋਂ ਉਹ ਯਾਹਵੇਹ ਦੇ ਅੱਗੇ ਪ੍ਰਾਰਥਨਾ ਕਰਦੀ ਸੀ, ਏਲੀ ਨੇ ਉਸਦੇ ਚਿਹਰੇ ਨੂੰ ਦੇਖਿਆ। 13 ਹੰਨਾਹ ਆਪਣੇ ਮਨ ਵਿੱਚ ਪ੍ਰਾਰਥਨਾ ਕਰ ਰਹੀ ਸੀ ਅਤੇ ਉਸ ਦੇ ਬੁੱਲ ਹਿੱਲ ਰਹੇ ਸਨ, ਪਰ ਉਹ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿੱਚ ਹੈ। 14 ਅਤੇ ਉਸ ਨੂੰ ਆਖਿਆ, "ਕਿੰਨਾ ਚਿਰ ਤੂੰ ਨਸ਼ੇ ਵਿੱਚ ਰਹੇਂਗੀ? ਆਪਣੀ ਖੁਮਾਰੀ ਨੂੰ ਛੱਡ।"
15 ਹੰਨਾਹ ਨੇ ਉੱਤਰ ਦਿੱਤਾ, "ਮੇਰੇ ਮਾਲਕ ਅਜਿਹਾ ਨਹੀਂ ਹੈ, ਮੇਰੇ ਮਾਲਕ, ਮੈਂ ਇੱਕ ਉਦਾਸ ਮਨ ਔਰਤ ਹਾਂ। ਮੈਂ ਕਿਸੇ ਵੀ ਤਰ੍ਹਾਂ ਦੀ ਦਾਖ਼ਰਸ ਜਾ ਨਸ਼ਾ ਨਹੀਂ ਪੀਤਾ, ਪਰ ਅੱਜ ਮੈਂ ਯਾਹਵੇਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ। 16 ਆਪਣੀ ਦਾਸੀ ਨੂੰ ਦੁਸ਼ਟ ਔਰਤ ਨਾ ਸਮਝ ਕਿਉਂ ਜੋ ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਪ੍ਰਾਰਥਨਾ ਕਰ ਰਹੀ ਹਾਂ।"
17 ਏਲੀ ਨੇ ਉੱਤਰ ਦਿੱਤਾ, "ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।"
18 ਉਸ ਨੇ ਆਖਿਆ, ਤੇਰੀ ਦਯਾ ਤੇਰੀ ਦਾਸੀ ਉੱਤੇ ਬਣੀ ਰਹੇ, ਤਦ ਉਸ ਨੇ ਜਾ ਕੇ ਕੁਝ ਖਾਧਾ ਅਤੇ ਫਿਰ ਉਸ ਦਾ ਚਿਹਰਾ ਉਦਾਸ ਨਹੀਂ ਰਿਹਾ।
19 ਅਗਲੀ ਸਵੇਰ ਉਹ ਉੱਠੇ ਅਤੇ ਯਾਹਵੇਹ ਦੇ ਅੱਗੇ ਮੱਥਾ ਟੇਕਿਆ ਅਤੇ ਰਾਮਾਹ ਵਿੱਚ ਆਪਣੇ ਘਰ ਵਾਪਸ ਚਲੇ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਪਿਆਰ ਕੀਤਾ, ਅਤੇ ਯਾਹਵੇਹ ਨੇ ਉਸ ਨੂੰ ਯਾਦ ਕੀਤਾ। 20 ਸੋ ਸਮੇਂ ਦੇ ਬੀਤਣ ਨਾਲ ਹੰਨਾਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂਕਿ ਉਸ ਨੇ ਆਖਿਆ, "ਮੈਂ ਇਸ ਨੂੰ ਯਾਹਵੇਹ ਕੋਲੋਂ ਮੰਗਿਆ ਹੈ।"
21 ਜਦੋਂ ਉਸਦਾ ਪਤੀ ਅਲਕਾਨਾਹ ਆਪਣੇ ਸਾਰੇ ਪਰਿਵਾਰ ਸਮੇਤ ਯਾਹਵੇਹ ਨੂੰ ਸਾਲ ਦੀ ਭੇਟ ਚੜ੍ਹਾਉਣ ਅਤੇ ਆਪਣੀ ਸੁੱਖਣਾ ਪੂਰੀ ਕਰਨ ਲਈ ਗਿਆ। 22 ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, "ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਾਹਵੇਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ।"
23 ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ, "ਜੋ ਤੈਨੂੰ ਚੰਗਾ ਲੱਗੇ ਉਹੀ ਕਰ।" ਜਦੋਂ ਤੱਕ ਤੂੰ ਉਸਦਾ ਦੁੱਧ ਛੁਡਾ ਨਹੀਂ ਲੈਂਦੀ। "ਇੱਥੇ ਠਹਿਰ ਕੇਵਲ ਯਾਹਵੇਹ ਆਪਣਾ ਬਚਨ ਪੂਰਾ ਕਰੇ।" ਇਸ ਲਈ ਉਹ ਔਰਤ ਘਰ ਵਿੱਚ ਹੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਛੁਡਾਉਣ ਤੱਕ ਦੁੱਧ ਚੁੰਘਾਉਂਦੀ ਰਹੀ।
24 ਜਦ ਉਸ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿੱਲੋ ਆਟਾ ਅਤੇ ਦਾਖ਼ਰਸ ਦੀ ਇੱਕ ਮੇਸ਼ੇਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ੀਲੋਹ ਵਿੱਚ ਯਾਹਵੇਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ। 25 ਜਦੋਂ ਬਲਦ ਦੀ ਬਲੀ ਚੜ੍ਹਾਈ ਗਈ ਤਾਂ ਉਹ ਲੜਕੇ ਨੂੰ ਏਲੀ ਕੋਲ ਲੈ ਆਏ। 26 ਅਤੇ ਉਸ ਨੇ ਉਸ ਨੂੰ ਕਿਹਾ, "ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੋ। ਤੇਰੇ ਜੀਵਨ ਦੀ ਸਹੁੰ, ਮੈਂ ਉਹ ਔਰਤ ਹਾਂ ਜੋ ਇੱਥੇ ਤੁਹਾਡੇ ਕੋਲ ਖੜ੍ਹੀ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਸੀ। 27 ਮੈਂ ਇਸ ਬੱਚੇ ਲਈ ਪ੍ਰਾਰਥਨਾ ਕੀਤੀ, ਅਤੇ ਯਾਹਵੇਹ ਨੇ ਮੈਨੂੰ ਉਹ ਦਿੱਤਾ ਜੋ ਮੈਂ ਇਸ ਤੋਂ ਮੰਗਿਆ ਸੀ। 28 ਇਸ ਲਈ ਹੁਣ ਮੈਂ ਵੀ ਉਸਨੂੰ ਯਾਹਵੇਹ ਨੂੰ ਸੌਂਪ ਦਿੱਤਾ ਹੈ। ਜਦ ਤੱਕ ਇਹ ਜੀਉਂਦਾ ਰਹੇ, ਇਹ ਯਾਹਵੇਹ ਨੂੰ ਦਿੱਤਾ ਹੋਇਆ ਹੀ ਰਹੇ।" ਅਤੇ ਉਸ ਨੇ ਉੱਥੇ ਯਾਹਵੇਹ ਦੀ ਅਰਾਧਨਾ ਕੀਤੀ।