1 ਉੱਥੇ ਇੱਕ ਬਿਨਯਾਮੀਨੀ ਸੀ, ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਅਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਸੂਰਮਾ ਸੀ। 2 ਕੀਸ਼ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸ਼ਾਊਲ ਸੀ, ਇਸਰਾਏਲ ਵਿੱਚ ਉਸ ਨਾਲੋਂ ਸੋਹਣਾ ਮਨੁੱਖ ਹੋਰ ਕੋਈ ਨਹੀਂ ਸੀ ਅਤੇ ਉਹ ਸਾਰਿਆ ਨਾਲੋਂ ਉੱਚਾ ਸੀ।
3 ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, "ਆਪਣਿਆ ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਜਾ ਅਤੇ ਗਧੀਆ ਲੱਭ।" 4 ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਅਤੇ ਸ਼ਲੀਸ਼ਾਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਦੀ ਲੰਘਿਆ, ਪਰ ਉਹ ਉਹਨਾਂ ਨੂੰ ਨਾ ਲੱਭੀਆਂ। ਤਦ ਉਹ ਸ਼ਾਲੇਮ ਦੇ ਜ਼ਿਲ੍ਹੇ ਵਿੱਚ ਚਲੇ ਗਏ, ਪਰ ਗਧੀਆਂ ਉੱਥੇ ਵੀ ਨਹੀਂ ਸਨ। ਫਿਰ ਉਹ ਬਿਨਯਾਮੀਨੀਆਂ ਦੇ ਇਲਾਕੇ ਵਿੱਚੋਂ ਆਏ, ਪਰ ਉਹ ਉਹਨਾਂ ਨੂੰ ਉੱਥੇ ਵੀ ਨਾ ਲੱਭੀਆਂ।
5 ਜਦੋਂ ਉਹ ਸੂਫ਼ ਦੇ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਸ਼ਾਊਲ ਨੇ ਆਪਣੇ ਨਾਲ ਦੇ ਨੌਕਰ ਨੂੰ ਕਿਹਾ, "ਚੱਲੋ, ਅਸੀਂ ਵਾਪਸ ਮੁੜ ਚੱਲੀਏ ਨਹੀਂ ਤਾਂ ਮੇਰਾ ਪਿਤਾ ਗਧੀਆਂ ਬਾਰੇ ਸੋਚਣਾ ਛੱਡ ਕੇ ਅਤੇ ਸਾਡੀ ਚਿੰਤਾ ਕਰਨ ਲੱਗ ਜਾਵੇਗਾ।"
6 ਪਰ ਨੌਕਰ ਨੇ ਉੱਤਰ ਦਿੱਤਾ, "ਵੇਖੋ, ਇਸ ਨਗਰ ਵਿੱਚ ਇੱਕ ਪਰਮੇਸ਼ਵਰ ਦਾ ਮਨੁੱਖ ਹੈ। ਉਹ ਬਹੁਤ ਸਤਿਕਾਰਯੋਗ ਹੈ, ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੁੰਦਾ ਹੈ। ਚਲੋ, ਹੁਣ ਉੱਥੇ ਚੱਲੀਏ। ਸ਼ਾਇਦ ਉਹ ਸਾਨੂੰ ਦੱਸੇਗਾ, ਸਾਨੂੰ ਕੀ ਕਰਨਾ ਚਾਹੀਦਾ ਹੈ।"
7 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਜੇ ਅਸੀਂ ਚੱਲੀਏ, ਤਾਂ ਅਸੀਂ ਉਸ ਲਈ ਕੀ ਲੈ ਕੇ ਜਾਈਏ? ਸਾਡਿਆ ਭਾਂਡਿਆਂ ਵਿੱਚ ਰੋਟੀ ਵੀ ਖਤਮ ਹੋ ਗਈ ਹੈ। ਸਾਡੇ ਕੋਲ ਪਰਮੇਸ਼ਵਰ ਦੇ ਬੰਦੇ ਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਹੈ। ਸਾਡੇ ਕੋਲ ਕੀ ਹੈ?"
8 ਨੌਕਰ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ। "ਦੇਖੋ," ਉਸਨੇ ਕਿਹਾ, "ਮੇਰੇ ਕੋਲ ਚਾਂਦੀ ਦਾ ਇੱਕ ਚੌਥਾਈ ਸ਼ੈਕੇਲ ਹੈ। ਮੈਂ ਇਹ ਪਰਮੇਸ਼ਵਰ ਦੇ ਬੰਦੇ ਨੂੰ ਦੇ ਦਿਆਂਗਾ ਤਾਂ ਜੋ ਉਹ ਸਾਨੂੰ ਦੱਸੇ ਕਿ ਸਾਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ।" 9 (ਪਹਿਲਾਂ ਇਸਰਾਏਲ ਵਿੱਚ, ਜੇ ਕੋਈ ਪਰਮੇਸ਼ਵਰ ਤੋਂ ਪੁੱਛਣ ਜਾਂਦਾ ਸੀ, ਤਾਂ ਉਹ ਆਖਦੇ ਸਨ, "ਆਓ, ਅਸੀਂ ਦਰਸ਼ੀ ਕੋਲ ਚੱਲੀਏ," ਕਿਉਂਕਿ ਅੱਜ ਦੇ ਨਬੀ ਨੂੰ ਪਹਿਲਾਂ ਦਰਸ਼ੀ ਕਿਹਾ ਜਾਂਦਾ ਸੀ।)
10 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, "ਚੰਗੀ ਗੱਲ ਹੈ। ਆਉ, ਅਸੀਂ ਚੱਲੀਏ।" ਇਸ ਲਈ ਉਹ ਉਸ ਨਗਰ ਵੱਲ ਤੁਰ ਪਏ ਜਿੱਥੇ ਪਰਮੇਸ਼ਵਰ ਦਾ ਬੰਦਾ ਸੀ।
11 ਜਦੋਂ ਉਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ ਤਾਂ ਉਹਨਾਂ ਨੂੰ ਕੁਝ ਮੁਟਿਆਰਾਂ ਮਿਲੀਆਂ ਜੋ ਪਾਣੀ ਭਰਨ ਆਈਆਂ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ, "ਕੀ ਦਰਸ਼ੀ ਇੱਥੇ ਹੈ?"
12 ਉਹਨਾਂ ਨੇ ਉੱਤਰ ਦਿੱਤਾ, "ਹਾਂ ਜੀ ਉਹ ਹੈ, ਉਹ ਤੁਹਾਡੇ ਤੋਂ ਅੱਗੇ ਹੀ ਹੈ। ਹੁਣ ਜਲਦੀ ਕਰੋ; ਉਹ ਅੱਜ ਹੀ ਸਾਡੇ ਸ਼ਹਿਰ ਆਇਆ ਹੈ, ਕਿਉਂਕਿ ਅੱਜ ਦੇ ਦਿਨ ਲੋਕ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦੇ ਹਨ। 13 ਜਿਵੇਂ ਹੀ ਤੁਸੀਂ ਨਗਰ ਵਿੱਚ ਵੜੋਂਗੇ, ਤੁਸੀਂ ਉਸ ਨੂੰ ਉਸ ਉੱਚੇ ਸਥਾਨ ਉੱਤੇ ਖਾਣ ਲਈ ਜਾਣ ਤੋਂ ਪਹਿਲਾਂ ਤੁਰੰਤ ਮਿਲ ਲਵੋ। ਕਿਉਂਕਿ ਜਦੋਂ ਤੱਕ ਉਹ ਨਹੀਂ ਆਉਂਦਾ ਲੋਕ ਖਾਣਾ ਸ਼ੁਰੂ ਨਹੀਂ ਕਰਨਗੇ, ਇਸ ਲਈ ਕਿਉਂ ਜੋ ਉਹ ਬਲੀਦਾਨ ਨੂੰ ਅਸੀਸ ਦਿੰਦਾ ਹੈ; ਇਸ ਤੋਂ ਬਾਅਦ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਖਾਣਾ ਖਾਂਦੇ ਹਨ। ਹੁਣ ਉੱਪਰ ਜਾਓ; ਕਿਉਂ ਜੋ ਅੱਜ ਹੀ ਤੁਸੀਂ ਉਸਨੂੰ ਮਿਲੋਗੇ।"
14 ਉਹ ਨਗਰ ਨੂੰ ਚੜ੍ਹੇ ਅਤੇ ਉਸ ਵਿੱਚ ਵੜਦਿਆਂ ਹੀ ਸਮੂਏਲ ਉੱਚੇ ਸਥਾਨ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।
15 ਹੁਣ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ, ਯਾਹਵੇਹ ਨੇ ਸਮੂਏਲ ਨੂੰ ਇਹ ਆਖ ਦਿੱਤਾ ਸੀ: 16 "ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਬਿਨਯਾਮੀਨ ਦੇ ਦੇਸ਼ ਵਿੱਚੋਂ ਇੱਕ ਆਦਮੀ ਨੂੰ ਤੇਰੇ ਕੋਲ ਭੇਜਾਂਗਾ। ਉਸ ਨੂੰ ਮੇਰੇ ਲੋਕਾਂ ਇਸਰਾਏਲਿਆ ਉੱਤੇ ਰਾਜਾ ਮਸਹ ਕਰਨਾ; ਉਹ ਉਹਨਾਂ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇਗਾ। ਮੈਂ ਆਪਣੇ ਲੋਕਾਂ ਵੱਲ ਤੱਕਿਆ ਹੈ, ਕਿਉਂਕਿ ਉਹਨਾਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਹੈ।"
17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ, ਤਾਂ ਯਾਹਵੇਹ ਨੇ ਉਸਨੂੰ ਕਿਹਾ, "ਇਹ ਉਹ ਆਦਮੀ ਹੈ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਉਹ ਮੇਰੇ ਲੋਕਾਂ ਉੱਤੇ ਰਾਜ ਕਰੇਗਾ।"
18 ਸ਼ਾਊਲ ਦਰਵਾਜ਼ੇ ਵਿੱਚ ਸਮੂਏਲ ਦੇ ਕੋਲ ਜਾ ਪਹੁੰਚਿਆ ਅਤੇ ਉਸਨੂੰ ਪੁੱਛਿਆ, "ਮੈਨੂੰ ਦੱਸੋ ਕਿ ਦਰਸ਼ੀ ਦਾ ਘਰ ਕਿੱਥੇ ਹੈ?"
19 ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, "ਮੈਂ ਦਰਸ਼ੀ ਹਾਂ! ਮੇਰੇ ਅੱਗੇ ਉੱਚੇ ਸਥਾਨ ਉੱਤੇ ਚੱਲ, ਕਿਉਂਕਿ ਅੱਜ ਤੂੰ ਮੇਰੇ ਨਾਲ ਖਾਣਾ ਹੈ ਅਤੇ ਸਵੇਰ ਨੂੰ ਮੈਂ ਤੈਨੂੰ ਤੇਰੇ ਰਸਤੇ ਵਿੱਚ ਭੇਜਾਂਗਾ ਅਤੇ ਜੋ ਕੁਝ ਤੇਰੇ ਦਿਲ ਵਿੱਚ ਹੈ ਤੈਨੂੰ ਦੱਸਾਂਗਾ। 20 ਜਿਵੇਂ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗੁਆਚਿਆ ਤਿੰਨ ਦਿਨ ਹੋ ਗਏ ਹਨ, ਤੂੰ ਉਹਨਾਂ ਦੀ ਚਿੰਤਾ ਨਾ ਕਰ। ਉਹ ਲੱਭ ਗਈਆਂ ਹਨ ਅਤੇ ਇਸਰਾਏਲ ਦੀਆਂ ਸਾਰੀਆਂ ਇੱਛਾਵਾਂ ਕਿਸ ਵੱਲ ਮੁੜੀਆਂ, ਕਿ ਤੇਰੇ ਅਤੇ ਤੇਰੇ ਪਰਿਵਾਰ ਦੇ ਸਾਰੇ ਵੰਸ਼ ਵੱਲ ਨਹੀਂ?"
21 ਸ਼ਾਊਲ ਨੇ ਉੱਤਰ ਦਿੱਤਾ, "ਪਰ ਕੀ ਮੈਂ ਇਸਰਾਏਲ ਦੇ ਸਭ ਤੋਂ ਛੋਟੇ ਗੋਤ ਬਿਨਯਾਮੀਨ ਵਿੱਚੋਂ ਨਹੀਂ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚੋਂ ਸਭ ਤੋਂ ਛੋਟਾ ਨਹੀਂ ਹੈ? ਫਿਰ ਤੁਸੀਂ ਮੈਨੂੰ ਅਜਿਹਾ ਕਿਉਂ ਕਹਿੰਦੇ ਹੋ?"
22 ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਹਾਲ ਵਿੱਚ ਲਿਆਂਦਾ, ਜਿੱਥੇ ਲਗਭਗ ਤੀਹ ਮਹਿਮਾਨ ਮੌਜੂਦ ਸਨ। ਇੱਥੇ ਸਮੂਏਲ ਨੇ ਸ਼ਾਊਲ ਨੂੰ ਉਨ੍ਹਾਂ ਵਿੱਚੋਂ ਸਭ ਤੋਂ ਉੱਚੇ ਥਾਂ ਬਿਠਾਇਆ। 23 ਸਮੂਏਲ ਨੇ ਲਾਂਗਰੀ ਨੂੰ ਕਿਹਾ, ਜੋ ਮਾਸ ਦਾ ਟੁਕੜਾ ਮੈਂ ਤੈਨੂੰ ਦਿੱਤਾ ਸੀ, ਉਹ ਲੈ ਆ ਜੋ ਮੈਂ ਤੈਨੂੰ ਇੱਕ ਪਾਸੇ ਰੱਖਣ ਲਈ ਕਿਹਾ ਸੀ।
24 ਤਾਂ ਲਾਂਗਰੀ ਨੇ ਮਾਸ ਦਾ ਵੱਡਾ ਟੁਕੜਾ ਜੋ ਉਸ ਉੱਤੇ ਸੀ ਚੁੱਕ ਕੇ ਸ਼ਾਊਲ ਦੇ ਸਾਹਮਣੇ ਰੱਖਿਆ। ਸਮੂਏਲ ਨੇ ਕਿਹਾ, "ਇਹ ਜੋ ਰੱਖਿਆ ਗਿਆ ਹੈ। ਖਾ, ਕਿਉਂਕਿ ਇਹ ਤੇਰੇ ਲਈ ਠਹਿਰਾਏ ਹੋਏ ਸਮੇਂ ਦਾ ਅਲੱਗ ਰੱਖਿਆ ਗਿਆ ਸੀ।" ਜਦੋਂ ਤੋਂ ਮੈਂ ਕਿਹਾ ਸੀ, ਮੈਂ ਮਹਿਮਾਨਾਂ ਨੂੰ ਬੁਲਾਇਆ ਹੈ।
25 ਜਦੋਂ ਉਹ ਉੱਚੇ ਸਥਾਨ ਤੋਂ ਨਗਰ ਵਿੱਚ ਆਏ ਤਾਂ ਸਮੂਏਲ ਨੇ ਆਪਣੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ। 26 ਉਹ ਸਵੇਰ ਦੇ ਵੇਲੇ ਉੱਠੇ ਅਤੇ ਸਮੂਏਲ ਨੇ ਛੱਤ ਉੱਤੇ ਸ਼ਾਊਲ ਨੂੰ ਪੁਕਾਰ ਕੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ। ਜਦੋਂ ਸ਼ਾਊਲ ਉੱਠਿਆ, ਤਾਂ ਉਹ ਅਤੇ ਸਮੂਏਲ ਇਕੱਠੇ ਬਾਹਰ ਚਲੇ ਗਏ। 27 ਜਦੋਂ ਉਹ ਕਸਬੇ ਦੇ ਕਿਨਾਰੇ ਨੂੰ ਜਾ ਰਹੇ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, "ਨੌਕਰ ਨੂੰ ਆਖ ਕਿ ਉਹ ਸਾਡੇ ਅੱਗੇ ਚੱਲੇ" ਅਤੇ ਨੌਕਰ ਨੇ ਅਜਿਹਾ ਹੀ ਕੀਤਾ, "ਪਰ ਤੂੰ ਇੱਥੇ ਥੋੜ੍ਹੀ ਦੇਰ ਰੁਕ ਜਾ ਤਾਂ ਜੋ ਮੈਂ ਤੈਨੂੰ ਪਰਮੇਸ਼ਵਰ ਵੱਲੋਂ ਇੱਕ ਸੰਦੇਸ਼ ਸੁਣਾਵਾਂ।"