1 ਜਦੋਂ ਦਾਵੀਦ ਸ਼ਾਊਲ ਨਾਲ ਗੱਲ ਕਰ ਚੁੱਕਾ ਸੀ, ਤਾਂ ਯੋਨਾਥਾਨ ਦਾਵੀਦ ਨਾਲ ਇੱਕ ਆਤਮਾ ਹੋ ਗਿਆ ਅਤੇ ਉਸਨੇ ਉਸਨੂੰ ਆਪਣੇ ਵਾਂਗ ਪਿਆਰ ਕੀਤਾ। 2 ਉਸ ਦਿਨ ਤੋਂ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲ ਰੱਖਿਆ ਅਤੇ ਉਹ ਨੂੰ ਉਸਦੇ ਪਿਤਾ ਦੇ ਘਰ ਵਾਪਸ ਨਾ ਜਾਣ ਦਿੱਤਾ। 3 ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ। 4 ਯੋਨਾਥਾਨ ਨੇ ਜਿਹੜਾ ਚੋਗਾ ਪਹਿਨਿਆ ਹੋਇਆ ਸੀ, ਆਪਣੀ ਤਲਵਾਰ, ਧਣੁੱਖ ਅਤੇ ਪੇਟੀ ਵੀ ਲਾਹ ਕੇ ਦਾਵੀਦ ਨੂੰ ਦਿੱਤੀ।
5 ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।
6 ਜਦੋਂ ਦਾਵੀਦ ਦੁਆਰਾ ਫ਼ਲਿਸਤੀਆਂ ਨੂੰ ਮਾਰ ਕੇ ਆਦਮੀ ਘਰ ਨੂੰ ਪਰਤ ਰਹੇ ਸਨ, ਤਾਂ ਔਰਤਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚੋਂ ਸ਼ਾਊਲ ਰਾਜਾ ਨੂੰ ਮਿਲਣ ਲਈ ਗਾਉਂਦੀਆਂ ਅਤੇ ਨੱਚਦੀਆਂ, ਖੁਸ਼ੀ ਦੇ ਗੀਤਾਂ ਉੱਤੇ ਤਾਰਾਂ ਅਤੇ ਬਰਬਤ ਵਜਾਉਂਦੀਆਂ ਆਈਆਂ। 7 ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ:
"ਸ਼ਾਊਲ ਨੇ ਆਪਣੇ ਹਜ਼ਾਰਾਂ,
ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।"
8 ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, "ਉਹਨਾਂ ਨੇ ਮੇਰੇ ਲਈ ਹਜ਼ਾਰਾਂ ਅਤੇ ਦਾਵੀਦ ਲਈ ਲੱਖਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਸ ਨੂੰ ਕੀ ਮਿਲਣਾ ਬਾਕੀ ਹੈ।" 9 ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।
10 ਅਗਲੇ ਦਿਨ ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਜ਼ੋਰ ਨਾਲ ਆਇਆ। ਉਹ ਆਪਣੇ ਘਰ ਵਿੱਚ ਅਗੰਮਵਾਕ ਕਰਨ ਲੱਗ ਪਿਆ, ਅਤੇ ਦਾਵੀਦ ਨੇ ਉਸਦੇ ਸਾਹਮਣੇ ਪਹਿਲਾ ਵਾਂਗੂੰ ਵਜਾਇਆ, ਜਿਵੇਂ ਉਹ ਆਮ ਤੌਰ ਤੇ ਕਰਦਾ ਸੀ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਬਰਛੀ ਸੀ। 11 ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, "ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।" ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।
12 ਸ਼ਾਊਲ ਦਾਵੀਦ ਤੋਂ ਡਰਦਾ ਸੀ, ਕਿਉਂਕਿ ਯਾਹਵੇਹ ਦਾਵੀਦ ਦੇ ਨਾਲ ਸੀ ਪਰ ਸ਼ਾਊਲ ਤੋਂ ਦੂਰ ਹੋ ਗਿਆ ਸੀ। 13 ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ। 14 ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ। 15 ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।
17 ਸ਼ਾਊਲ ਨੇ ਦਾਵੀਦ ਨੂੰ ਆਖਿਆ, "ਇਹ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਸਨੂੰ ਤੇਰੇ ਨਾਲ ਵਿਆਹ ਦੇਵਾਂਗਾ; ਤੂੰ ਸਿਰਫ ਮੇਰੀ ਬਹਾਦਰੀ ਨਾਲ ਸੇਵਾ ਕਰ ਅਤੇ ਯਾਹਵੇਹ ਦੇ ਲਈ ਲੜਾਈ ਕਰ।" ਕਿਉਂ ਸ਼ਾਊਲ ਨੇ ਆਪਣੇ ਆਪ ਵਿੱਚ ਕਿਹਾ, "ਮੇਰਾ ਹੱਥ ਉਸ ਉੱਤੇ ਨਾ ਚੱਲੇ ਸਗੋਂ ਉਸ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ!"
18 ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, "ਮੈਂ ਕੌਣ ਹਾਂ ਅਤੇ ਇਸਰਾਏਲ ਵਿੱਚ ਮੇਰਾ ਘਰਾਣਾ ਜਾਂ ਮੇਰਾ ਗੋਤ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾ?" 19 ਪਰ ਜਦੋਂ ਸ਼ਾਊਲ ਦੀ ਧੀ ਮੇਰਬ ਦਾ ਦਾਵੀਦ ਨਾਲ ਵਿਆਹ ਦਾ ਵੇਲਾ ਆਇਆ ਤਾਂ ਉਹ ਮੇਹੋਲਾਥੀ ਦੇ ਅਦਰੀਏਲ ਨਾਲ ਵਿਆਹੀ ਗਈ।
20 ਹੁਣ ਸ਼ਾਊਲ ਦੀ ਧੀ ਮੀਕਲ ਦਾਵੀਦ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਊਲ ਨੂੰ ਦੱਸਿਆ ਤਾਂ ਉਹ ਪ੍ਰਸੰਨ ਹੋਇਆ। 21 ਉਸ ਨੇ ਸੋਚਿਆ, "ਮੈਂ ਉਸ ਨੂੰ ਉਸ ਦੇ ਨਾਲ ਵਿਆਹ ਦਿਆਂਗਾ ਤਾਂ ਜੋ ਉਹ ਉਸ ਲਈ ਫੰਦਾ ਬਣੇ ਅਤੇ ਫ਼ਲਿਸਤੀਆਂ ਦਾ ਹੱਥ ਉਸ ਦੇ ਵਿਰੁੱਧ ਹੋਵੇ।" ਇਸ ਲਈ ਸ਼ਾਊਲ ਨੇ ਦਾਵੀਦ ਨੂੰ ਕਿਹਾ, "ਹੁਣ ਤੇਰੇ ਕੋਲ ਮੇਰਾ ਜਵਾਈ ਬਣਨ ਦਾ ਦੂਜਾ ਮੌਕਾ ਹੈ।"
22 ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, "ਦਾਵੀਦ ਨਾਲ ਇਕਾਂਤ ਵਿੱਚ ਗੱਲ ਕਰੋ ਅਤੇ ਆਖੋ, ‘ਵੇਖ, ਰਾਜਾ ਤੈਨੂੰ ਪਸੰਦ ਕਰਦਾ ਹੈ ਅਤੇ ਉਸਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ। ਹੁਣ ਉਹਦਾ ਜਵਾਈ ਬਣ ਜਾ।’ "
23 ਸ਼ਾਊਲ ਦੇ ਨੌਕਰਾਂ ਨੇ ਇਹ ਗੱਲਾਂ ਦਾਵੀਦ ਨੂੰ ਦੁਹਰਾਈਆਂ। ਪਰ ਦਾਵੀਦ ਨੇ ਆਖਿਆ, "ਕੀ ਤੁਸੀਂ ਰਾਜੇ ਦਾ ਜਵਾਈ ਬਣਨਾ ਛੋਟੀ ਜਿਹੀ ਗੱਲ ਸਮਝਦੇ ਹੋ? ਮੈਂ ਸਿਰਫ ਇੱਕ ਗਰੀਬ ਆਦਮੀ ਹਾਂ ਅਤੇ ਬਹੁਤ ਘੱਟ ਜਾਣਿਆ ਜਾਂਦਾ ਹਾਂ।"
24 ਜਦੋਂ ਸ਼ਾਊਲ ਦੇ ਸੇਵਕਾਂ ਨੇ ਦਾਵੀਦ ਦੀਆਂ ਗੱਲਾਂ ਉਹ ਨੂੰ ਦੱਸੀਆਂ, 25 ਸ਼ਾਊਲ ਨੇ ਉੱਤਰ ਦਿੱਤਾ, "ਦਾਵੀਦ ਨੂੰ ਆਖੋ, ‘ਰਾਜਾ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਇੱਕ ਸੌ ਫ਼ਲਿਸਤੀ ਖੱਲੜੀਆਂ ਤੋਂ ਇਲਾਵਾ ਲਾੜੀ ਦੀ ਹੋਰ ਕੋਈ ਕੀਮਤ ਨਹੀਂ ਚਾਹੁੰਦਾ।’ " ਸ਼ਾਊਲ ਦੀ ਯੋਜਨਾ ਦਾਵੀਦ ਨੂੰ ਫ਼ਲਿਸਤੀਆਂ ਦੇ ਹੱਥੋਂ ਮਰਵਾ ਦੇਣ ਦੀ ਸੀ।
26 ਜਦੋਂ ਸੇਵਕਾਂ ਨੇ ਦਾਵੀਦ ਨੂੰ ਇਹ ਗੱਲਾਂ ਦੱਸੀਆਂ ਤਾਂ ਦਾਵੀਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜੇ ਦਾ ਜਵਾਈ ਬਣਨ ਵਿੱਚ ਕੁਝ ਦਿਨ ਰਹਿ ਗਏ ਸਨ। 27 ਜਦ ਦਾਵੀਦ ਉੱਠਿਆ ਅਤੇ ਆਪਣੇ ਬੰਦਿਆਂ ਨੂੰ ਨਾਲ ਲਿਆ ਅਤੇ ਬਾਹਰ ਜਾ ਕੇ ਦੋ ਸੌ ਫ਼ਲਿਸਤੀਆਂ ਨੂੰ ਮਾਰ ਸੁੱਟਿਆ ਅਤੇ ਉਹਨਾਂ ਦੀਆਂ ਖੱਲੜੀਆਂ ਮੋੜ ਲਿਆਇਆ। ਉਹਨਾਂ ਨੇ ਰਾਜੇ ਨੂੰ ਪੂਰੀ ਗਿਣਤੀ ਗਿਣਾਈ ਤਾਂ ਜੋ ਦਾਵੀਦ ਰਾਜੇ ਦਾ ਜਵਾਈ ਬਣ ਸਕੇ। ਤਦ ਸ਼ਾਊਲ ਨੇ ਉਸ ਨਾਲ ਆਪਣੀ ਧੀ ਮੀਕਲ ਦਾ ਵਿਆਹ ਕਰ ਦਿੱਤਾ।
28 ਜਦੋਂ ਸ਼ਾਊਲ ਨੂੰ ਪਤਾ ਲੱਗਾ ਕਿ ਯਾਹਵੇਹ ਦਾਵੀਦ ਦੇ ਨਾਲ ਹੈ ਅਤੇ ਉਸ ਦੀ ਧੀ ਮੀਕਲ ਦਾਵੀਦ ਨੂੰ ਪਿਆਰ ਕਰਦੀ ਹੈ, 29 ਤਾਂ ਸ਼ਾਊਲ ਦਾਵੀਦ ਤੋਂ ਹੋਰ ਵੀ ਡਰ ਗਿਆ ਅਤੇ ਬਾਕੀ ਦੇ ਦਿਨਾਂ ਤੱਕ ਉਹ ਉਸਦਾ ਦੁਸ਼ਮਣ ਬਣਿਆ ਰਿਹਾ।
30 ਫ਼ਲਿਸਤੀ ਸੈਨਾਪਤੀ ਲੜਾਈ ਵਿੱਚ ਨਿੱਕਲਦੇ ਰਹੇ ਅਤੇ ਜਿੰਨੀ ਵਾਰ ਉਹ ਲੜਾਈ ਕਰਦੇ ਸਨ, ਦਾਵੀਦ ਨੂੰ ਸ਼ਾਊਲ ਦੇ ਬਾਕੀ ਸੇਵਕਾਂ ਨਾਲੋਂ ਵੱਧ ਸਫ਼ਲਤਾ ਮਿਲੀ ਅਤੇ ਉਹ ਦਾ ਨਾਮ ਮਸ਼ਹੂਰ ਹੋ ਗਿਆ।