Pular para o conteúdo
Publicidade

1 ਸ਼ਮੂਏਲ 8

ਇਸਰਾਏਲੀਆਂ ਦੁਆਰਾ ਇੱਕ ਰਾਜੇ ਦੀ ਮੰਗ

1 ਜਦੋਂ ਸਮੂਏਲ ਬੁੱਢਾ ਹੋ ਗਿਆ, ਉਸਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ। 2 ਉਸਦੇ ਜੇਠੇ ਦਾ ਨਾਮ ਯੋਏਲ ਅਤੇ ਦੂਸਰੇ ਦਾ ਨਾਮ ਅਬੀਯਾਹ ਸੀ ਅਤੇ ਉਹ ਬੇਰਸ਼ੇਬਾ ਵਿੱਚ ਸੇਵਾ ਕਰਦੇ ਸਨ। 3 ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ।

4 ਸੋ ਇਸਰਾਏਲ ਦੇ ਸਾਰੇ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ। 5 ਉਹਨਾਂ ਨੇ ਉਸ ਨੂੰ ਆਖਿਆ, "ਤੂੰ ਬੁੱਢਾ ਹੋ ਗਿਆ ਹੈ ਅਤੇ ਤੇਰੇ ਪੁੱਤਰ ਤੇਰੇ ਰਾਹਾਂ ਉੱਤੇ ਨਹੀਂ ਚੱਲਦੇ। ਹੁਣ ਸਾਡਾ ਨਿਆਂ ਕਰਨ ਲਈ ਇੱਕ ਰਾਜੇ ਨੂੰ ਨਿਯੁਕਤ ਕਰ, ਜਿਵੇਂ ਕਿ ਹੋਰ ਸਾਰੀਆਂ ਕੌਮਾਂ ਵਿੱਚ ਵੀ ਹੁੰਦਾ ਹੈ।"

6 ਪਰ ਜਦੋਂ ਉਹਨਾਂ ਨੇ ਕਿਹਾ, "ਸਾਡੀ ਅਗਵਾਈ ਕਰਨ ਲਈ ਇੱਕ ਰਾਜਾ ਦਿਓ," ਇਹ ਗੱਲ ਸਮੂਏਲ ਨੂੰ ਬੁਰੀ ਲੱਗੀ। ਇਸ ਲਈ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 7 ਅਤੇ ਯਾਹਵੇਹ ਨੇ ਸਮੂਏਲ ਨੂੰ ਕਿਹਾ, "ਉਹ ਸਾਰੀਆਂ ਗੱਲਾਂ ਸੁਣ ਜੋ ਲੋਕ ਤੈਨੂੰ ਆਖਦੇ ਹਨ ਕਿਉਂ ਜੋ ਉਹਨਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਹਨਾਂ ਉੱਤੇ ਰਾਜ ਨਾ ਕਰਾਂ। 8 ਜਿਵੇਂ ਉਹਨਾਂ ਨੇ ਉਸ ਦਿਨ ਤੋਂ ਜੋ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅੱਜ ਦੇ ਦਿਨ ਤੱਕ ਮੈਨੂੰ ਤਿਆਗ ਕੇ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਕੀਤੀ, ਤਿਵੇਂ ਹੀ ਉਹ ਤੇਰੇ ਨਾਲ ਕਰਦੇ ਹਨ। 9 ਇਸ ਲਈ ਉਹਨਾਂ ਦੀ ਗੱਲ ਸੁਣ। ਤੂੰ ਵੀ ਉਹਨਾਂ ਨੂੰ ਚੇਤਾਵਨੀ ਦੇ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਹਨਾਂ ਉੱਤੇ ਰਾਜ ਕਰੇਗਾ ਉਹ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ।"

10 ਸਮੂਏਲ ਨੇ ਯਾਹਵੇਹ ਦੀਆਂ ਸਾਰੀਆਂ ਗੱਲਾਂ ਉਹਨਾਂ ਲੋਕਾਂ ਨੂੰ ਦੱਸੀਆਂ ਜੋ ਉਸ ਕੋਲੋਂ ਰਾਜੇ ਦੀ ਮੰਗ ਕਰ ਰਹੇ ਸਨ। 11 ਉਸ ਨੇ ਆਖਿਆ, "ਇਹ ਉਹ ਹੈ ਜੋ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹੋ ਜਿਹਾ ਵਰਤਾਉ ਹੋਵੇਗਾ: ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਰੱਥਾਂ ਅਤੇ ਘੋੜਿਆਂ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਦੌੜਨਗੇ। 12 ਉਹ ਕਈਆਂ ਨੂੰ ਹਜ਼ਾਰਾਂ ਉੱਤੇ ਸੈਨਾਪਤੀ ਅਤੇ ਪੰਜਾਹਾਂ ਉੱਤੇ ਸੈਨਾਪਤੀ ਅਤੇ ਕਈਆਂ ਨੂੰ ਆਪਣੀ ਜ਼ਮੀਨ ਵਾਹੁਣ ਅਤੇ ਆਪਣੀ ਫ਼ਸਲ ਵੱਢਣ ਲਈ ਅਤੇ ਕਈਆਂ ਨੂੰ ਆਪਣੇ ਰੱਥਾਂ ਲਈ ਯੁੱਧ ਦੇ ਹਥਿਆਰ ਅਤੇ ਸਾਜ਼-ਸਾਮਾਨ ਬਣਾਉਣ ਲਈ ਨਿਯੁਕਤ ਕਰੇਗਾ। 13 ਉਹ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਉਣ ਲਈ ਲੈ ਜਾਵੇਗਾ। 14 ਉਹ ਤੁਹਾਡੇ ਖੇਤਾਂ ਅਤੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਵਿੱਚੋਂ ਸਭ ਤੋਂ ਵਧੀਆ ਫਲ ਲੈ ਕੇ ਆਪਣੇ ਸੇਵਕਾਂ ਨੂੰ ਦੇਵੇਗਾ। 15 ਉਹ ਤੁਹਾਡੇ ਅੰਨ ਅਤੇ ਦਾਖ ਦੇ ਬਾਗਾਂ ਦਾ ਦਸਵਾਂ ਹਿੱਸਾ ਲੈ ਕੇ ਆਪਣੇ ਅਧਿਕਾਰੀਆਂ ਅਤੇ ਸੇਵਕਾਂ ਨੂੰ ਦੇਵੇਗਾ। 16 ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸਭ ਤੋਂ ਵਧੀਆ ਡੰਗਰ ਅਤੇ ਗਧੇ ਉਹ ਆਪਣੇ ਕੰਮ ਲਈ ਲੈ ਲਵੇਗਾ। 17 ਉਹ ਤੁਹਾਡੇ ਇੱਜੜਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਤੁਸੀਂ ਆਪ ਉਸ ਦੇ ਗੁਲਾਮ ਬਣ ਜਾਓਗੇ। 18 ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।"

19 ਪਰ ਲੋਕਾਂ ਨੇ ਸਮੂਏਲ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ, "ਨਹੀਂ! ਕੁੱਝ ਵੀ ਹੋ ਜਾਵੇ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ। 20 ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।"

21 ਜਦੋਂ ਸਮੂਏਲ ਨੇ ਸਭ ਕੁਝ ਸੁਣਿਆ ਜੋ ਲੋਕਾਂ ਨੇ ਕਿਹਾ, ਉਸਨੇ ਯਾਹਵੇਹ ਨੂੰ ਦੱਸਿਆ। 22 ਯਾਹਵੇਹ ਨੇ ਉੱਤਰ ਦਿੱਤਾ, "ਉਹਨਾਂ ਦੀ ਗੱਲ ਮੰਨ ਕੇ ਉਹਨਾਂ ਲਈ ਇੱਕ ਰਾਜਾ ਚੁਣ।"

ਤਦ ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, "ਹਰ ਕੋਈ ਆਪੋ-ਆਪਣੇ ਨਗਰ ਨੂੰ ਮੁੜ ਜਾਉ।"

Estes versículos te tocaram? Ore agora!

+581 estão orando agora.

Junte-se à corrente de oração.