1 ਫ਼ਲਿਸਤੀਆਂ ਨੇ ਯੁੱਧ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹੂਦਾਹ ਦੇ ਸੋਕੋ ਵਿੱਚ ਇਕੱਠੇ ਹੋਏ। ਉਹਨਾਂ ਨੇ ਸੋਕੋ ਅਤੇ ਅਜ਼ੇਕਾਹ ਦੇ ਵਿਚਕਾਰ, ਅਫ਼ਸ-ਦਮੀਮ ਵਿੱਚ ਡੇਰਾ ਲਾਇਆ। 2 ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ। 3 ਇੱਕ ਪਰਬਤ ਉੱਤੇ ਫ਼ਲਿਸਤੀ ਖੜ੍ਹੇ ਸਨ, ਇੱਕ ਪਰਬਤ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਦੋਨਾ ਵਿਚਕਾਰ ਇੱਕ ਘਾਟੀ ਸੀ।
4 ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗੋਲਿਅਥ ਨਾਂ ਦਾ ਇੱਕ ਸੂਰਮਾ ਨਿੱਕਲਿਆ, ਜੋ ਗਾਥ ਦਾ ਰਹਿੰਣ ਵਾਲਾ ਸੀ। ਉਸ ਦਾ ਕੱਦ ਨੌ ਫੁੱਟ ਅਤੇ ਨੌ ਇੰਚ ਉੱਚਾ ਸੀ। 5 ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਸੀ ਅਤੇ ਉਸ ਨੇ ਅਤੇ ਡੇਢ ਮਣ ਦੀ ਸੰਜੋ ਪਹਿਨਿਆ ਹੋਇਆ ਸੀ; 6 ਉਸ ਨੇ ਲੱਤਾਂ ਉੱਤੇ ਪਿੱਤਲ ਦੇ ਕਵਚ ਪਹਿਨੇ ਹੋਏ ਸਨ ਅਤੇ ਦੋਹਾਂ ਮੋਢਿਆਂ ਵਿਚਕਾਰ ਪਿੱਤਲ ਦੀ ਬਰਛੀ ਸੀ। 7 ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੇ ਡੰਡੇ ਵਰਗਾ ਸੀ ਅਤੇ ਉਹ ਦਾ ਲੋਹੇ ਦਾ ਸੇਰ ਛੇ ਸੌ ਸ਼ੈਕੇਲ ਸੀ ਅਤੇ ਉਹ ਦੀ ਢਾਲ਼ ਚੁੱਕਣ ਵਾਲਾ ਉਹ ਦੇ ਅੱਗੇ-ਅੱਗੇ ਤੁਰਦਾ ਸੀ।
8 ਗੋਲਿਅਥ ਨੇ ਖੜ੍ਹਾ ਹੋ ਕੇ ਇਸਰਾਏਲੀਆਂ ਨੂੰ ਉੱਚੀ-ਉੱਚੀ ਪੁਕਾਰ ਕੇ ਕਿਹਾ, "ਤੁਸੀਂ ਲੜਾਈ ਲਈ ਕਿਉਂ ਕਤਾਰ ਬੰਨ੍ਹੀ ਹੈ? ਕੀ ਮੈਂ ਫ਼ਲਿਸਤੀ ਨਹੀਂ ਹਾਂ ਅਤੇ ਕੀ ਤੁਸੀਂ ਸ਼ਾਊਲ ਦੇ ਸੇਵਕ ਨਹੀਂ ਹੋ? ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਨੂੰ ਚੁਣੋ ਅਤੇ ਉਸਨੂੰ ਮੇਰੇ ਕੋਲ ਆਉਣ ਲਈ ਕਹੋ। 9 ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।" 10 ਤਦ ਫ਼ਲਿਸਤੀ ਨੇ ਆਖਿਆ, "ਅੱਜ ਦੇ ਦਿਨ ਮੈਂ ਇਸਰਾਏਲ ਦੀਆਂ ਫ਼ੌਜਾਂ ਨੂੰ ਲਲਕਾਰਦਾ ਹਾਂ! ਮੇਰੇ ਲਈ ਕਿਸੇ ਮਨੁੱਖ ਨੂੰ ਠਹਿਰਾਓ ਜੋ ਮੇਰੇ ਨਾਲ ਯੁੱਧ ਕਰੇ।" 11 ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।
12 ਹੁਣ ਦਾਵੀਦ ਯੱਸੀ ਨਾਮ ਦੇ ਇੱਕ ਅਫਰਾਥੀ ਦਾ ਪੁੱਤਰ ਸੀ ਜੋ ਯਹੂਦਾਹ ਦੇ ਬੈਤਲਹਮ ਤੋਂ ਸੀ। ਯੱਸੀ ਦੇ ਅੱਠ ਪੁੱਤਰ ਸਨ ਅਤੇ ਸ਼ਾਊਲ ਦੇ ਸਮੇਂ ਵਿੱਚ ਉਹ ਬਹੁਤ ਬੁੱਢਾ ਹੋ ਗਿਆ ਸੀ। 13 ਯੱਸੀ ਦੇ ਤਿੰਨ ਸਭ ਤੋਂ ਵੱਡੇ ਪੁੱਤਰ ਸ਼ਾਊਲ ਦੇ ਪਿੱਛੇ ਯੁੱਧ ਵਿੱਚ ਆਏ ਸਨ: ਜੇਠਾ ਪੁੱਤਰ ਅਲੀਆਬ ਸੀ। ਦੂਸਰੇ ਦਾ ਨਾਮ ਅਬੀਨਾਦਾਬ; ਅਤੇ ਤੀਸਰੇ ਦਾ ਸ਼ੰਮਾਹ ਸੀ। 14 ਦਾਵੀਦ ਸਭ ਤੋਂ ਛੋਟਾ ਸੀ। ਤਿੰਨੇ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ, 15 ਪਰ ਦਾਵੀਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਗਿਆ ਸੀ।
16 ਚਾਲੀ ਦਿਨਾਂ ਤੱਕ ਫ਼ਲਿਸਤੀ ਹਰ ਰੋਜ਼ ਸਵੇਰੇ-ਸ਼ਾਮ ਅੱਗੇ ਆਉਂਦਾ ਅਤੇ ਆਪਣੇ ਆਪ ਨੂੰ ਅੱਗੇ ਕਰਦਾ ਸੀ।
17 ਹੁਣ ਯੱਸੀ ਨੇ ਆਪਣੇ ਪੁੱਤਰ ਦਾਵੀਦ ਨੂੰ ਆਖਿਆ, "ਇਹ ਪੰਜ ਸੇਰ (ਕਿੱਲੋ) ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਂਣੀ ਵੱਲ ਜਾ। 18 ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਲਈ ਲੈ ਜਾ ਅਤੇ ਆਪਣੇ ਭਰਾ ਦਾ ਹਾਲ ਚਾਲ ਵੇਖ ਅਤੇ ਉਹਨਾਂ ਤੋਂ ਕੁਝ ਨਿਸ਼ਾਨੀ ਵਾਪਸ ਲਿਆਵੀਂ। 19 ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।"
20 ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ। 21 ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਹਮਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ। 22 ਦਾਵੀਦ ਨੇ ਆਪਣਾ ਸਮਾਨ ਰਾਖੇ ਕੋਲ ਛੱਡ ਕੇ ਜੋ ਰਾਖੀ ਕਰਦਾ ਸੀ ਅਤੇ ਆਪ ਲੜਾਈ ਦੇ ਮੈਦਾਨ ਵਿੱਚ ਭੱਜਿਆ ਅਤੇ ਆਪਣੇ ਭਰਾਵਾਂ ਨੂੰ ਪੁੱਛਿਆ ਕਿ ਉਹ ਕਿਵੇਂ ਹਨ। 23 ਜਦੋਂ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਲ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਵੀਦ ਨੇ ਸੁਣੀਆਂ। 24 ਜਦੋਂ ਵੀ ਇਸਰਾਏਲੀਆਂ ਨੇ ਉਸ ਮਨੁੱਖ ਨੂੰ ਵੇਖਿਆ ਤਾਂ ਉਹ ਸਾਰੇ ਡਰਦੇ ਹੋਏ ਉਸ ਕੋਲੋਂ ਭੱਜ ਗਏ।
25 ਹੁਣ ਇਸਰਾਏਲੀ ਆਖ ਰਹੇ ਸਨ, "ਕੀ ਤੁਸੀਂ ਵੇਖਦੇ ਹੋ ਕਿ ਇਹ ਮਨੁੱਖ ਕਿਵੇਂ ਨਿੱਕਲਦਾ ਹੈ? ਉਹ ਇਸਰਾਏਲੀਆਂ ਦਾ ਵਿਰੋਧ ਕਰਨ ਲਈ ਬਾਹਰ ਆਉਂਦਾ ਹੈ। ਰਾਜਾ ਉਸ ਆਦਮੀ ਨੂੰ ਬਹੁਤ ਦੌਲਤ ਦੇਵੇਗਾ ਜੋ ਉਸਨੂੰ ਮਾਰੇਗਾ ਅਤੇ ਆਪਣੀ ਧੀ ਉਸ ਨਾਲ ਵਿਆਹ ਦੇਵੇਗਾ ਅਤੇ ਉਸਦੇ ਪਰਿਵਾਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ।"
26 ਦਾਵੀਦ ਨੇ ਆਪਣੇ ਨੇੜੇ ਖੜ੍ਹੇ ਮਨੁੱਖਾਂ ਨੂੰ ਪੁੱਛਿਆ, "ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਸ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਸਰਮਿੰਦਾ ਕਰੇ?"
27 ਉਹਨਾਂ ਨੇ ਉਸ ਨੂੰ ਉਹ ਗੱਲਾਂ ਦੁਹਰਾਈਆਂ ਜੋ ਉਹ ਆਖਦੇ ਸਨ ਅਤੇ ਉਸ ਨੂੰ ਕਿਹਾ, "ਉਸ ਮਨੁੱਖ ਲਈ ਜੋ ਉਹ ਨੂੰ ਮਾਰਦਾ ਹੈ ਇਹ ਕੁਝ ਮਿਲੇਗਾ।"
28 ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, "ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।"
29 ਦਾਵੀਦ ਨੇ ਕਿਹਾ, "ਹੁਣ ਮੈਂ ਕੀ ਕੀਤਾ ਹੈ? ਕੀ ਮੈਂ ਬੋਲ ਵੀ ਨਹੀਂ ਸਕਦਾ?" 30 ਤਦ ਉਹ ਕਿਸੇ ਹੋਰ ਵੱਲ ਮੁੜਿਆ ਅਤੇ ਉਹੀ ਗੱਲ ਕੀਤੀ ਅਤੇ ਮਨੁੱਖਾਂ ਨੇ ਉਹ ਨੂੰ ਪਹਿਲਾਂ ਵਾਂਗ ਉੱਤਰ ਦਿੱਤਾ। 31 ਦਾਵੀਦ ਨੇ ਜੋ ਕੁਝ ਕਿਹਾ ਉਹ ਸੁਣ ਕੇ ਸ਼ਾਊਲ ਨੂੰ ਦੱਸਿਆ ਅਤੇ ਸ਼ਾਊਲ ਨੇ ਉਸ ਨੂੰ ਬੁਲਾ ਲਿਆ।
32 ਦਾਵੀਦ ਨੇ ਸ਼ਾਊਲ ਨੂੰ ਕਿਹਾ, "ਇਸ ਫ਼ਲਿਸਤੀ ਦੇ ਕਾਰਨ ਕੋਈ ਵੀ ਹੌਂਸਲਾ ਨਾ ਹਾਰੇ। ਤੇਰਾ ਸੇਵਕ ਜਾ ਕੇ ਉਸ ਨਾਲ ਲੜੇਗਾ।"
33 ਸ਼ਾਊਲ ਨੇ ਦਾਵੀਦ ਨੂੰ ਉੱਤਰ ਦਿੱਤਾ, "ਤੂੰ ਉਸ ਫ਼ਲਿਸਤੀ ਦੇ ਵਿਰੁੱਧ ਜਾ ਕੇ ਉਸ ਨਾਲ ਲੜਨ ਦੇ ਯੋਗ ਨਹੀਂ ਹੈ। ਤੂੰ ਸਿਰਫ ਇੱਕ ਮੁੰਡਾ ਹੈ, ਅਤੇ ਉਹ ਆਪਣੀ ਜਵਾਨੀ ਤੋਂ ਇੱਕ ਯੋਧਾ ਰਿਹਾ ਹੈ।"
34 ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, "ਤੇਰਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਹੈ। ਜਦੋਂ ਸ਼ੇਰ ਜਾਂ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ, 35 ਮੈਂ ਉਹ ਦੇ ਮਗਰ ਜਾ ਕੇ ਉਸ ਨੂੰ ਮਾਰਿਆ ਅਤੇ ਭੇਡਾਂ ਨੂੰ ਉਹ ਦੇ ਮੂੰਹੋਂ ਛੁਡਾਇਆ। ਜਦੋਂ ਉਸ ਨੇ ਮੇਰੇ ਉੱਤੇ ਹਮਲਾ ਕੀਤਾ, ਮੈਂ ਉਸਨੂੰ ਉਸਦੇ ਵਾਲਾਂ ਤੋਂ ਫੜ ਕੇ ਮਾਰਿਆ ਅਤੇ ਜਾਨੋਂ ਮਾਰ ਦਿੱਤਾ। 36 ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਦਿੱਤਾ ਹੈ। ਇਹ ਅਸੁੰਨਤੀ ਫ਼ਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੀ ਹੋਵੇਗਾ, ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ਵਰ ਦੀਆਂ ਫ਼ੌਜਾਂ ਨੂੰ ਸ਼ਰਮਿੰਦਾ ਕੀਤਾ ਹੈ। 37 ਜਿਸ ਯਾਹਵੇਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ, ਉਹੀ ਮੈਨੂੰ ਇਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ।"
ਸ਼ਾਊਲ ਨੇ ਦਾਵੀਦ ਨੂੰ ਕਿਹਾ, "ਜਾ, ਅਤੇ ਯਾਹਵੇਹ ਤੇਰੇ ਅੰਗ-ਸੰਗ ਹੋਵੇ।"
38 ਤਦ ਸ਼ਾਊਲ ਨੇ ਦਾਵੀਦ ਨੂੰ ਆਪਣੀ ਕੁੜਤੀ ਪਹਿਨਾਈ। ਉਸਨੇ ਆਪਣੇ ਹਥਿਆਰ ਉਸਨੂੰ ਪਹਿਨਾਏ ਅਤੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ। 39 ਅਤੇ ਦਾਵੀਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਸ ਨੇ ਇਨ੍ਹਾਂ ਨੂੰ ਕਦੇ ਪਹਿਨਿਆ ਨਹੀਂ ਸੀ।
ਉਸਨੇ ਸ਼ਾਊਲ ਨੂੰ ਕਿਹਾ, "ਮੈਂ ਇਹਨਾਂ ਵਿੱਚ ਨਹੀਂ ਜਾ ਸਕਦਾ, ਕਿਉਂਕਿ ਮੈਂ ਇਹਨਾਂ ਦਾ ਆਦੀ ਨਹੀਂ ਹਾਂ।" ਇਸ ਲਈ ਉਸ ਨੇ ਉਹਨਾਂ ਨੂੰ ਉਤਾਰ ਦਿੱਤਾ। 40 ਤਦ ਉਸ ਨੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਨਦੀ ਵਿੱਚੋਂ ਪੰਜ ਚਿਕਨੇ ਪੱਥਰ ਚੁਣੇ ਅਤੇ ਆਪਣੇ ਚਰਵਾਹੇ ਵਾਲੇ ਝੋਲੇ ਵਿੱਚ ਅਰਥਾਤ ਆਪਣੀ ਗੁੱਥਲੀ ਵਿੱਚ ਰੱਖ ਲਏ ਅਤੇ ਉਸਦਾ ਗੁਲੇਲ ਉਸਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਕੋਲ ਗਿਆ।
41 ਤਦ ਫ਼ਲਿਸਤੀ ਤੁਰਿਆ ਅਤੇ ਦਾਵੀਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ਼ ਚੁੱਕਣ ਵਾਲਾ ਉਸਦੇ ਅੱਗੇ ਸੀ। 42 ਉਸ ਨੇ ਦਾਵੀਦ ਨੂੰ ਨਿਗਾਹ ਮਾਰ ਕੇ ਵੇਖਿਆ ਕਿ ਉਹ ਇੱਕ ਮੁੰਡਾ ਹੀ ਸੀ, ਉਸਦਾ ਰੰਗ ਲਾਲ ਅਤੇ ਸੋਹਣੇ ਰੂਪ ਦਾ ਸੀ, ਅਤੇ ਉਸ ਨੇ ਉਸ ਨੂੰ ਤੁੱਛ ਜਾਣਿਆ। 43 ਉਸ ਨੇ ਦਾਵੀਦ ਨੂੰ ਆਖਿਆ, ਕੀ ਮੈਂ ਕੁੱਤਾ ਹਾਂ ਜੋ ਤੂੰ ਮੇਰੇ ਕੋਲ ਲਾਠੀਆਂ ਲੈ ਕੇ ਆਇਆ ਹੈ? ਅਤੇ ਫ਼ਲਿਸਤੀ ਦਾਵੀਦ ਨੂੰ ਆਪਣੇ ਦੇਵਤਿਆਂ ਦੇ ਨਾਮ ਲੈ ਸਰਾਪ ਦੇਣ ਲੱਗਾ। 44 ਦਾਵੀਦ ਨੇ ਕਿਹਾ, "ਇੱਥੇ ਆ ਤਾਂ ਜੋ ਮੈਂ ਤੇਰਾ ਮਾਸ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ!"
45 ਦਾਵੀਦ ਨੇ ਫ਼ਲਿਸਤੀ ਨੂੰ ਕਿਹਾ, "ਤੂੰ ਤਲਵਾਰ, ਬਰਛੀ ਅਤੇ ਢਾਲ਼ ਲੈ ਕੇ ਮੇਰੇ ਵਿਰੁੱਧ ਆਉਂਦਾ ਹੈ, ਪਰ ਮੈਂ ਸੈਨਾਵਾਂ ਦੇ ਯਾਹਵੇਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ। 46 ਅੱਜ ਦੇ ਦਿਨ ਯਾਹਵੇਹ ਤੈਨੂੰ ਮੇਰੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਵੱਢ ਸੁੱਟਾਗਾ। ਅੱਜ ਹੀ ਮੈਂ ਫ਼ਲਿਸਤੀ ਫ਼ੌਜ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਦੇਵਾਂਗਾ ਅਤੇ ਸਾਰੀ ਦੁਨੀਆਂ ਜਾਣ ਲਵੇਗੀ ਕਿ ਇਸਰਾਏਲ ਵਿੱਚ ਇੱਕ ਪਰਮੇਸ਼ਵਰ ਹੈ। 47 ਜਿਹੜੇ ਲੋਕ ਇੱਥੇ ਇਕੱਠੇ ਹੋਏ ਹਨ ਉਹ ਜਾਣ ਲੈਣਗੇ ਕਿ ਯਾਹਵੇਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁੱਧ ਯਾਹਵੇਹ ਦਾ ਹੈ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥਾਂ ਵਿੱਚ ਦੇਵੇਗਾ।"
48 ਜਦੋਂ ਫ਼ਲਿਸਤੀ ਉਸ ਉੱਤੇ ਹਮਲਾ ਕਰਨ ਲਈ ਨੇੜੇ ਆਇਆ ਤਾਂ ਦਾਵੀਦ ਫ਼ੌਜਾਂ ਦੇ ਵੱਲ ਝੱਟ ਫ਼ਲਿਸਤੀ ਨਾਲ ਲੜਨ ਲਈ ਭੱਜਿਆ। 49 ਦਾਵੀਦ ਨੇ ਆਪਣੀ ਗੁੱਥਲੀ ਵਿੱਚ ਹੱਥ ਪਾ ਕੇ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਉਸ ਫ਼ਲਿਸਤੀ ਦੇ ਮੱਥੇ ਉੱਤੇ ਅਜਿਹਾ ਮਾਰਿਆ। ਜੋ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ, ਅਤੇ ਉਹ ਜ਼ਮੀਨ ਉੱਤੇ ਡਿੱਗ ਪਿਆ।
50 ਸੋ ਦਾਵੀਦ ਨੇ ਗੁਲੇਲ ਅਤੇ ਪੱਥਰ ਨਾਲ ਫ਼ਲਿਸਤੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਵੀਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।
51 ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ।
ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ। 52 ਤਦ ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੈਕਾਰੇ ਨਾਲ ਅੱਗੇ ਵਧੇ ਅਤੇ ਗਾਥ ਦੀ ਵਾਦੀ ਦੇ ਪ੍ਰਵੇਸ਼ ਦੁਆਰ ਅਤੇ ਏਕਰੋਨ ਦੇ ਦਰਵਾਜ਼ਿਆਂ ਤੱਕ ਫ਼ਲਿਸਤੀਆਂ ਦਾ ਪਿੱਛਾ ਕੀਤਾ। ਉਹਨਾਂ ਦੇ ਮੁਰਦੇ ਗਥ ਅਤੇ ਏਕਰੋਨ ਨੂੰ ਜਾਣ ਵਾਲੀ ਸ਼ਰਾਇਮ ਸੜਕ ਦੇ ਨਾਲ-ਨਾਲ ਵਿਛਾਏ ਗਏ ਸਨ। 53 ਜਦੋਂ ਇਸਰਾਏਲੀ ਫ਼ਲਿਸਤੀਆਂ ਦਾ ਪਿੱਛਾ ਕਰਕੇ ਮੁੜੇ ਤਾਂ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ।
54 ਦਾਵੀਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯੇਰੂਸ਼ਲੇਮ ਵਿੱਚ ਆਇਆ। ਉਸਨੇ ਫ਼ਲਿਸਤੀ ਹਥਿਆਰਾਂ ਨੂੰ ਆਪਣੇ ਤੰਬੂ ਵਿੱਚ ਰੱਖਿਆ।
55 ਜਦੋਂ ਸ਼ਾਊਲ ਨੇ ਦਾਵੀਦ ਨੂੰ ਫ਼ਲਿਸਤੀ ਨਾਲ ਲੜਨ ਲਈ ਬਾਹਰ ਜਾਂਦੇ ਵੇਖਿਆ ਤਾਂ ਉਸ ਨੇ ਸੈਨਾ ਦੇ ਸੈਨਾਪਤੀ ਅਬਨੇਰ ਨੂੰ ਕਿਹਾ, "ਅਬਨੇਰ, ਉਹ ਮੁੰਡਾ ਕਿਸਦਾ ਪੁੱਤਰ ਹੈ?"
ਅਬਨੇਰ ਨੇ ਉੱਤਰ ਦਿੱਤਾ, "ਤੁਹਾਡੀ ਸਹੁੰ, ਮਹਾਰਾਜ, ਮੈਂ ਨਹੀਂ ਜਾਣਦਾ।"
56 ਰਾਜੇ ਨੇ ਕਿਹਾ, "ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।"
57 ਜਿਵੇਂ ਹੀ ਦਾਵੀਦ ਫ਼ਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਅਬਨੇਰ ਉਹ ਨੂੰ ਲੈ ਕੇ ਸ਼ਾਊਲ ਦੇ ਸਾਹਮਣੇ ਲੈ ਆਇਆ ਅਤੇ ਦਾਵੀਦ ਨੇ ਅਜੇ ਵੀ ਉਸ ਫ਼ਲਿਸਤੀ ਦਾ ਸਿਰ ਫੜਿਆ ਹੋਇਆ ਸੀ।
58 ਸ਼ਾਊਲ ਨੇ ਉਸਨੂੰ ਪੁੱਛਿਆ। "ਤੂੰ ਕਿਸ ਦਾ ਪੁੱਤਰ ਹੈ?"
ਦਾਵੀਦ ਨੇ ਆਖਿਆ, "ਮੈਂ ਤੁਹਾਡੇ ਸੇਵਕ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।"