1 ਤਦ ਦਾਵੀਦ ਰਾਮਾਹ ਦੇ ਨਾਯੋਥ ਤੋਂ ਭੱਜ ਕੇ ਯੋਨਾਥਾਨ ਕੋਲ ਗਿਆ ਅਤੇ ਪੁੱਛਿਆ, "ਮੈਂ ਕੀ ਕੀਤਾ ਹੈ? ਮੇਰਾ ਗੁਨਾਹ ਕੀ ਹੈ? ਮੈਂ ਤੇਰੇ ਪਿਤਾ ਨਾਲ ਕੀ ਜ਼ੁਲਮ ਕੀਤਾ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?"
2 ਯੋਨਾਥਾਨ ਨੇ ਜਵਾਬ ਦਿੱਤਾ, "ਕਦੇ ਨਹੀਂ! ਤੂੰ ਮਾਰਿਆ ਨਹੀਂ ਜਾਵੇਗਾ! ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ। ਉਹ ਮੇਰੇ ਤੋਂ ਇਹ ਗੱਲ ਕਿਉਂ ਛੁਪਾਵੇਗਾ? ਅਜਿਹਾ ਨਹੀਂ ਹੈ!"
3 ਪਰ ਦਾਵੀਦ ਨੇ ਸਹੁੰ ਖਾ ਕੇ ਆਖਿਆ, "ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਆਖਿਆ, ‘ਯੋਨਾਥਾਨ ਨੂੰ ਇਹ ਨਾ ਪਤਾ ਲੱਗੇ ਤਾਂ ਜੋ ਉਹ ਉਦਾਸ ਹੋਵੇ।’ ਪਰ ਜਿਉਂਦੇ ਪਰਮੇਸ਼ਵਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਵਿਚਕਾਰ ਸਿਰਫ ਇੱਕ ਹੀ ਕਦਮ ਦੀ ਦੂਰੀ ਹੈ।"
4 ਯੋਨਾਥਾਨ ਨੇ ਦਾਵੀਦ ਨੂੰ ਆਖਿਆ, "ਜੋ ਕੁਝ ਤੂੰ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂਗਾ।"
5 ਤਾਂ ਦਾਵੀਦ ਨੇ ਯੋਨਾਥਾਨ ਨੂੰ ਆਖਿਆ, "ਵੇਖੋ, ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਮੇਰੇ ਲਈ ਜ਼ਰੂਰੀ ਹੈ ਮੈਂ ਰਾਜੇ ਨਾਲ ਭੋਜਨ ਕਰਾਂ, ਪਰ ਮੈਨੂੰ ਇਜਾਜ਼ਤ ਦੇ ਤਾਂ ਜੋ ਮੈਂ ਪਰਸੋਂ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ। 6 ਜੇਕਰ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ, ਤਾਂ ਉਸ ਨੂੰ ਦੱਸ, ‘ਦਾਵੀਦ ਨੇ ਮੇਰੇ ਤੋਂ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਜਲਦੀ ਜਾਣ ਦੀ ਇਜਾਜ਼ਤ ਮੰਗੀ, ਕਿਉਂਕਿ ਉੱਥੇ ਉਸ ਦੇ ਸਾਰੇ ਪਰਿਵਾਰ ਲਈ ਸਾਲਾਨਾ ਬਲੀਦਾਨ ਚੜ੍ਹਾਇਆ ਜਾਂਦਾ ਹੈ।’ 7 ਜੇਕਰ ਉਹ ਬੋਲੇ ‘ਠੀਕ ਹੈ,’ ਤਾਂ ਸਮਝੀ ਤੇਰਾ ਦਾਸ ਸੁਰੱਖਿਅਤ ਹੈ, ਪਰ ਜੇਕਰ ਇਹ ਸੁਣ ਕੇ ਉਸਨੂੰ ਗੁੱਸਾ ਆਵੇ ਤਾਂ ਸਮਝੀ ਕਿ ਉਸਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕੀਤਾ ਹੈ। 8 ਜਿੱਥੋਂ ਤੱਕ ਤੇਰੀ ਗੱਲ ਹੈ, ਤੈਨੂੰ ਆਪਣੇ ਸੇਵਕ ਉੱਤੇ ਮਿਹਰਬਾਨੀ ਕਰਨ ਦੀ ਲੋੜ ਪਏਗੀ, ਕਿਉਂਕਿ ਤੂੰ ਆਪਣੇ ਦਾਸ ਨੂੰ ਯਾਹਵੇਹ ਦੇ ਇੱਕ ਨੇਮ ਵਿੱਚ ਮਿਲਾਇਆ ਹੈ। ਜੇ ਮੈਂ ਕਸੂਰਵਾਰ ਹਾਂ, ਤਾਂ ਮੈਨੂੰ ਆਪ ਹੀ ਮਾਰ ਦੇਈ! ਕਿਉਂ ਮੈਨੂੰ ਆਪਣੇ ਪਿਤਾ ਦੇ ਹੱਥੋਂ ਮਰਨ ਦੇਵੇਂ?"
9 ਯੋਨਾਥਾਨ ਨੇ ਕਿਹਾ, "ਕਦੇ ਨਹੀਂ!" ਜੇ ਮੈਨੂੰ ਕਦੇ ਖ਼ਬਰ ਹੁੰਦੀ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਕੀਤਾ ਹੈ, ਤਾਂ ਕੀ ਮੈਂ ਤੈਨੂੰ ਨਾ ਦੱਸਦਾ?
10 ਦਾਵੀਦ ਨੇ ਯੋਨਾਥਾਨ ਨੂੰ ਪੁੱਛਿਆ, "ਜੇ ਤੇਰਾ ਪਿਤਾ ਤੈਨੂੰ ਕਠੋਰਤਾ ਨਾਲ ਉੱਤਰ ਦੇਵੇ ਤਾਂ ਮੈਨੂੰ ਕੌਣ ਦੱਸੇਗਾ?"
11 ਯੋਨਾਥਾਨ ਨੇ ਕਿਹਾ, "ਆਓ, ਖੇਤ ਵਿੱਚ ਚੱਲੀਏ।" ਇਸ ਲਈ ਉਹ ਇਕੱਠੇ ਉੱਥੇ ਗਏ।
12 ਤਦ ਯੋਨਾਥਾਨ ਨੇ ਦਾਵੀਦ ਨੂੰ ਆਖਿਆ, "ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਰਸੋਂ ਇਸ ਸਮੇਂ ਤੱਕ ਆਪਣੇ ਪਿਤਾ ਨੂੰ ਜ਼ਰੂਰ ਸੁਣਾਵਾਂਗਾ! ਜੇ ਉਹ ਤੁਹਾਡੇ ਲਈ ਅਨੁਕੂਲ ਹੈ, ਤਾਂ ਕੀ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਾਂਗਾ ਅਤੇ ਤੁਹਾਨੂੰ ਦੱਸਾਂਗਾ? 13 ਪਰ ਜੇ ਮੇਰਾ ਪਿਤਾ ਤੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਯਾਹਵੇਹ ਯੋਨਾਥਾਨ ਨਾਲ ਵੀ ਉਸੇ ਤਰ੍ਹਾਂ ਕਰੇ ਸਗੋਂ ਇਸ ਨਾਲੋਂ ਵਧੀਕ ਕਰੇ, ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਾਹਵੇਹ ਤੇਰੇ ਨਾਲ ਹੋਵੇ ਜਿਵੇਂ ਮੇਰੇ ਪਿਤਾ ਨੇ ਨਾਲ ਸੀ। 14 ਪਰ ਜਿੰਨਾ ਚਿਰ ਮੈਂ ਜੀਉਂਦਾ ਹਾਂ, ਮੇਰੇ ਉੱਤੇ ਯਾਹਵੇਹ ਦੀ ਕਿਰਪਾ ਕਰੇ ਤਾਂ ਜੋ ਮੈਂ ਮਾਰਿਆ ਨਾ ਜਾਵਾਂ। 15 ਅਤੇ ਕਦੇ ਵੀ ਆਪਣੀ ਦਯਾ ਨੂੰ ਮੇਰੇ ਪਰਿਵਾਰ ਤੋਂ ਨਾ ਹਟਾਉਣਾ, ਉਦੋਂ ਵੀ ਨਹੀਂ ਜਦੋਂ ਯਾਹਵੇਹ ਦਾਵੀਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਉੱਤੋਂ ਮਿਟਾ ਦੇਵੇ।"
16 ਇਸ ਲਈ ਯੋਨਾਥਾਨ ਨੇ ਦਾਵੀਦ ਦੇ ਘਰਾਣੇ ਨਾਲ ਇਹ ਨੇਮ ਬੰਨ੍ਹਿਆ ਅਤੇ ਕਿਹਾ, "ਯਾਹਵੇਹ ਦਾਵੀਦ ਦੇ ਦੁਸ਼ਮਣਾਂ ਕੋਲੋ ਬਦਲਾ ਲਵੇ।" 17 ਅਤੇ ਯੋਨਾਥਾਨ ਨੇ ਦਾਵੀਦ ਕੋਲੋ ਦੋ ਵਾਰ ਸਹੁੰ ਚੁਕਾਈ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ।
18 ਤਦ ਯੋਨਾਥਾਨ ਨੇ ਦਾਵੀਦ ਨੂੰ ਕਿਹਾ, "ਕੱਲ੍ਹ ਨਵੇਂ ਚੰਦ ਦਾ ਤਿਉਹਾਰ ਹੈ ਅਤੇ ਤੈਨੂੰ ਯਾਦ ਕੀਤਾ ਜਾਵੇਗਾ, ਕਿਉਂਕਿ ਤੇਰੀ ਜਗ੍ਹਾ ਖਾਲੀ ਹੋਵੇਗੀ। 19 ਤੂੰ ਤਿੰਨਾਂ ਦਿਨਾਂ ਤੋਂ ਬਾਅਦ ਸ਼ਾਮ ਨੂੰ ਉਸ ਥਾਂ ਨੂੰ ਜਾ ਜਿੱਥੇ ਤੂੰ ਇਹ ਮੁਸੀਬਤ ਸ਼ੁਰੂ ਹੋਣ ਵੇਲੇ ਲੁਕਿਆ ਹੋਇਆ ਸੀ ਅਤੇ ਅੱਜਲ ਪੱਥਰ ਕੋਲ ਉਡੀਕ ਕਰ। 20 ਮੈਂ ਉਸ ਦੇ ਪਾਸਿਓਂ ਤਿੰਨ ਤੀਰ ਚਲਾਵਾਂਗਾ, ਜਿਵੇਂ ਮੈਂ ਨਿਸ਼ਾਨੇ ਉੱਤੇ ਮਾਰ ਰਿਹਾ ਹਾਂ। 21 ਤਦ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਅਤੇ ਆਖਾਂਗਾ, ‘ਜਾ, ਤੀਰ ਲੱਭ।’ ਜੇ ਮੈਂ ਉਸ ਨੂੰ ਕਹਾਂ, ‘ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿਕਲ ਆਵੀਂ,’ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ਵਰ ਦੀ ਸਹੁੰ ਤੇਰੇ ਲਈ ਔਖ ਨਹੀਂ ਹੈ। 22 ਪਰ ਜੇ ਮੈਂ ਉਸ ਮੁੰਡੇ ਨੂੰ ਕਹਾਂ, ‘ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂਕਿ ਯਾਹਵੇਹ ਨੇ ਤੈਨੂੰ ਭੇਜ ਦਿੱਤਾ ਹੈ।’ 23 ਅਤੇ ਜਿਸ ਗੱਲ ਬਾਰੇ ਤੂੰ ਅਤੇ ਮੈਂ ਚਰਚਾ ਕੀਤੀ ਸੀ ਯਾਦ ਰੱਖ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਲਈ ਗਵਾਹ ਹੋਵੇ।"
24 ਤਾਂ ਦਾਵੀਦ ਮੈਦਾਨ ਵਿੱਚ ਜਾ ਲੁਕਿਆ ਅਤੇ ਜਦੋਂ ਨਵੇਂ ਚੰਦ ਦਾ ਤਿਉਹਾਰ ਆਇਆ ਤਾਂ ਰਾਜਾ ਖਾਣ ਲਈ ਬੈਠ ਗਿਆ। 25 ਰਾਜਾ ਆਪਣੀ ਰੀਤੀ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ, ਯੋਨਾਥਾਨ ਦੇ ਸਾਹਮਣੇ ਅਤੇ ਅਬਨੇਰ ਸ਼ਾਊਲ ਦੇ ਕੋਲ ਬੈਠੇ ਪਰ ਦਾਵੀਦ ਦੀ ਥਾਂ ਖਾਲੀ ਸੀ। 26 ਉਸ ਦਿਨ ਸ਼ਾਊਲ ਨੇ ਕੁਝ ਨਾ ਕਿਹਾ ਕਿਉਂ ਜੋ ਉਸ ਨੇ ਸੋਚਿਆ, "ਦਾਵੀਦ ਨੂੰ ਕੁਝ ਅਜਿਹਾ ਹੋਇਆ ਹੋਵੇਗਾ ਜੋ ਉਹ ਨੂੰ ਰਸਮੀ ਤੌਰ ਤੇ ਅਸ਼ੁੱਧ ਕਰ ਦੇਵੇ, ਨਿਸ਼ਚੇ ਹੀ ਉਹ ਅਸ਼ੁੱਧ ਹੋਵੇਗਾ।" 27 ਪਰ ਅਗਲੇ ਦਿਨ ਅਰਥਾਤ ਤਿਉਹਾਰ ਦੇ ਦੂਜੇ ਦਿਨ ਦਾਵੀਦ ਦੀ ਜਗ੍ਹਾ ਫਿਰ ਖਾਲੀ ਹੋ ਗਈ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, "ਇਹ ਕੀ ਕਾਰਨ ਯੱਸੀ ਦਾ ਪੁੱਤਰ ਨਾ ਕੱਲ੍ਹ ਨਾ ਅੱਜ ਭੋਜਨ ਕਰਨ ਆਇਆ?"
28 ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ, "ਦਾਵੀਦ ਨੇ ਮੈਨੂੰ ਬੈਤਲਹਮ ਜਾਣ ਦੀ ਆਗਿਆ ਮੰਗੀ। 29 ਉਸ ਨੇ ਆਖਿਆ, ‘ਮੈਨੂੰ ਜਾਣ ਦਿਓ ਕਿਉਂ ਜੋ ਸਾਡੇ ਪਰਿਵਾਰ ਦੀ ਨਗਰ ਵਿੱਚ ਬਲੀ ਦੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਆਉਣ ਦਾ ਹੁਕਮ ਦਿੱਤਾ ਹੈ। ਜੇਕਰ ਮੈਂ ਤੁਹਾਡੀਆਂ ਨਿਗਾਹਾਂ ਵਿੱਚ ਮਿਹਰਬਾਨ ਹੋਵਾ, ਤਾਂ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਲਈ ਚਲੇ ਜਾਣ ਦਿਓ।’ ਇਸ ਲਈ ਉਹ ਰਾਜੇ ਦੇ ਮੇਜ਼ ਉੱਤੇ ਨਹੀਂ ਆਇਆ।"
30 ਸ਼ਾਊਲ ਦਾ ਯੋਨਾਥਾਨ ਉੱਤੇ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਸ ਨੂੰ ਆਖਿਆ, "ਹੇ ਭ੍ਰਿਸ਼ਟ ਅਤੇ ਬਾਗ਼ੀ ਔਰਤ ਦੇ ਪੁੱਤਰ! ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਸ਼ਰਮ ਅਤੇ ਆਪਣੀ ਮਾਂ ਦੇ ਨੰਗੇਜ ਦੀ ਸ਼ਰਮ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ? 31 ਜਿੰਨਾ ਚਿਰ ਯੱਸੀ ਦਾ ਪੁੱਤਰ ਇਸ ਧਰਤੀ ਉੱਤੇ ਜਿਉਂਦਾ ਰਹੇਗਾ, ਨਾ ਤਾਂ ਤੂੰ ਅਤੇ ਨਾ ਹੀ ਤੇਰਾ ਰਾਜ ਕਾਇਮ ਹੋਵੇਗਾ। ਹੁਣ ਉਸਨੂੰ ਮੇਰੇ ਕੋਲ ਲਿਆਉਣ ਲਈ ਕਿਸੇ ਨੂੰ ਭੇਜ, ਕਿਉਂਕਿ ਉਹ ਜ਼ਰੂਰ ਮਾਰਿਆ ਜਾਵੇ!"
32 ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਪੁੱਛਿਆ, "ਉਹ ਕਿਉਂ ਮਾਰਿਆ ਜਾਵੇ? ਉਸਨੇ ਕੀ ਕੀਤਾ ਹੈ?" 33 ਪਰ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ। ਫਿਰ ਯੋਨਾਥਾਨ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਦਾਵੀਦ ਨੂੰ ਮਾਰਨ ਦਾ ਪੱਕਾ ਇਰਾਦਾ ਬਣਾ ਲਿਆ ਹੈ।
34 ਯੋਨਾਥਾਨ ਬਹੁਤ ਗੁੱਸੇ ਵਿੱਚ ਮੇਜ਼ ਤੋਂ ਉੱਠਿਆ ਅਤੇ ਤਿਉਹਾਰ ਦੇ ਦੂਜੇ ਦਿਨ ਉਸ ਨੇ ਖਾਣਾ ਨਹੀਂ ਖਾਧਾ ਕਿਉਂਕਿ ਉਹ ਦਾਵੀਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਸ ਦੇ ਪਿਤਾ ਨੇ ਦਾਵੀਦ ਦਾ ਬਹੁਤ ਨਿਰਾਦਰ ਕੀਤਾ।
35 ਸਵੇਰ ਨੂੰ ਯੋਨਾਥਾਨ ਦਾਵੀਦ ਨੂੰ ਮਿਲਣ ਲਈ ਖੇਤ ਨੂੰ ਗਿਆ। ਉਸਦੇ ਨਾਲ ਇੱਕ ਛੋਟਾ ਮੁੰਡਾ ਸੀ, 36 ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ। 37 ਜਦੋਂ ਉਹ ਮੁੰਡਾ ਉਸ ਥਾਂ ਪਹੁੰਚਿਆ ਜਿੱਥੇ ਯੋਨਾਥਾਨ ਦਾ ਤੀਰ ਡਿੱਗਿਆ ਸੀ ਤਾਂ ਯੋਨਾਥਾਨ ਨੇ ਉਹ ਦੇ ਮਗਰ ਪੁਕਾਰ ਕੇ ਆਖਿਆ, ਕੀ ਉਹ ਤੀਰ ਤੇਰੇ ਤੋਂ ਪਰੇ ਨਹੀਂ ਹੈ? 38 ਤਦ ਉਸ ਨੇ ਉੱਚੀ-ਉੱਚੀ ਕਿਹਾ, "ਜਲਦੀ ਕਰ! ਜਲਦੀ ਜਾ! ਰੁਕ ਨਾ!" ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ। 39 (ਮੁੰਡੇ ਨੂੰ ਇਹ ਸਭ ਕੁਝ ਸਮਝ ਨਹੀਂ ਆਇਆ, ਸਿਰਫ ਯੋਨਾਥਾਨ ਅਤੇ ਦਾਵੀਦ ਹੀ ਜਾਣਦੇ ਸਨ।) 40 ਤਦ ਯੋਨਾਥਾਨ ਨੇ ਆਪਣੇ ਹਥਿਆਰ ਮੁੰਡੇ ਨੂੰ ਦੇ ਦਿੱਤੇ ਅਤੇ ਆਖਿਆ, "ਜਾਹ ਅਤੇ ਉਹਨਾਂ ਨੂੰ ਸ਼ਹਿਰ ਨੂੰ ਵਾਪਸ ਲੈ ਜਾ।"
41 ਜਦੋਂ ਲੜਕਾ ਚੱਲਿਆ ਗਿਆ ਤਾਂ ਦਾਵੀਦ ਪੱਥਰ ਦੇ ਦੱਖਣ ਵਾਲੇ ਪਾਸੇ ਤੋਂ ਉੱਠਿਆ ਅਤੇ ਯੋਨਾਥਾਨ ਦੇ ਅੱਗੇ ਤਿੰਨ ਵਾਰੀ ਆਪਣਾ ਮੂੰਹ ਜ਼ਮੀਨ ਵੱਲ ਝੁਕਾ ਕੇ ਮੱਥਾ ਟੇਕਿਆ। ਫਿਰ ਉਹਨਾਂ ਨੇ ਇੱਕ-ਦੂਜੇ ਨੂੰ ਚੁੰਮਿਆ ਅਤੇ ਇਕੱਠੇ ਰੋਏ ਪਰ ਦਾਵੀਦ ਸਭ ਤੋਂ ਵੱਧ ਰੋਇਆ।
42 ਯੋਨਾਥਾਨ ਨੇ ਦਾਵੀਦ ਨੂੰ ਆਖਿਆ, "ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ‘ਯਾਹਵੇਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਾਹਵੇਹ ਰਹੇ।’ " ਸੋ ਦਾਵੀਦ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।