1 ਸ਼ਾਊਲ ਤੀਹ ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਇਸਰਾਏਲ ਉੱਤੇ ਬਤਾਲੀ ਸਾਲ ਰਾਜ ਕੀਤਾ।
2 ਸ਼ਾਊਲ ਨੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਮਨੁੱਖ ਚੁਣੇ। ਦੋ ਹਜ਼ਾਰ ਮਿਕਮਾਸ਼ ਅਤੇ ਬੈਤਏਲ ਦੇ ਪਹਾੜੀ ਪ੍ਰਦੇਸ਼ ਵਿੱਚ ਉਸਦੇ ਨਾਲ ਸਨ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਵਿੱਚ ਯੋਨਾਥਾਨ ਦੇ ਨਾਲ ਸਨ। ਬਾਕੀ ਦੇ ਆਦਮੀਆਂ ਨੂੰ ਉਸਨੇ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ।
3 ਯੋਨਾਥਾਨ ਨੇ ਗੇਬਾ ਵਿੱਚ ਫ਼ਲਿਸਤੀਆਂ ਦੀ ਚੌਂਕੀ ਉੱਤੇ ਹਮਲਾ ਕੀਤਾ ਅਤੇ ਫ਼ਲਿਸਤੀਆਂ ਨੇ ਇਸ ਬਾਰੇ ਸੁਣਿਆ। ਤਦ ਸ਼ਾਊਲ ਨੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਕਿਹਾ, "ਕਿ ਇਬਰਾਨੀ ਸੁਣ ਲੈਣ!" 4 ਤਾਂ ਇਹ ਖ਼ਬਰ ਸਾਰੇ ਇਸਰਾਏਲ ਨੇ ਸੁਣੀ, "ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਚੌਕੀ ਉੱਤੇ ਹਮਲਾ ਕੀਤਾ ਹੈ ਅਤੇ ਹੁਣ ਇਸਰਾਏਲੀ ਵੀ ਫ਼ਲਿਸਤੀਆਂ ਦੀ ਨਜ਼ਰ ਵਿੱਚ ਘਿਣਾਉਣੇ ਹੋ ਗਏ।" ਅਤੇ ਲੋਕਾਂ ਨੂੰ ਗਿਲਗਾਲ ਵਿੱਚ ਸ਼ਾਊਲ ਕੋਲ ਬੁਲਾਇਆ ਗਿਆ।
5 ਫ਼ਲਿਸਤੀ ਤਿੰਨ ਹਜ਼ਾਰ ਰੱਥਾਂ, ਛੇ ਹਜ਼ਾਰ ਸਵਾਰ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਿਆਂ ਸਿਪਾਹੀਆਂ ਨਾਲ ਇਸਰਾਏਲ ਨਾਲ ਲੜਨ ਲਈ ਇਕੱਠੇ ਹੋਏ। ਉਹਨਾਂ ਨੇ ਚੜ੍ਹ ਕੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿਖੇ ਡੇਰਾ ਲਾਇਆ। 6 ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਸੀਂ ਮੁਸ਼ਕਿਲ ਵਿੱਚ ਹਾਂ ਅਤੇ ਉਹਨਾਂ ਦੀ ਫ਼ੌਜ ਉੱਤੇ ਦਬਾ ਪੈ ਗਿਆ ਹੈ, ਤਾਂ ਉਹ ਗੁਫ਼ਾਂਵਾਂ ਅਤੇ ਝਾੜੀਆਂ ਵਿੱਚ, ਚੱਟਾਨਾਂ ਵਿੱਚ, ਗੜ੍ਹਾਂ ਅਤੇ ਟੋਇਆਂ ਵਿੱਚ ਲੁਕ ਗਏ। 7 ਕੁਝ ਇਬਰਾਨੀ ਯਰਦਨ ਨਦੀ ਪਾਰ ਕਰਕੇ ਗਾਦ ਅਤੇ ਗਿਲਆਦ ਦੀ ਧਰਤੀ ਨੂੰ ਚਲੇ ਗਏ।
ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਸ ਦੇ ਨਾਲ ਦੀ ਸਾਰੀ ਫ਼ੌਜ ਡਰ ਨਾਲ ਕੰਬ ਰਹੀ ਸੀ। 8 ਉਸ ਨੇ ਸੱਤ ਦਿਨ ਇੰਤਜ਼ਾਰ ਕੀਤਾ, ਸਮੂਏਲ ਦੁਆਰਾ ਠਹਿਰਾਇਆ ਗਿਆ ਸਮਾਂ; ਪਰ ਸਮੂਏਲ ਗਿਲਗਾਲ ਵਿੱਚ ਨਾ ਆਇਆ ਤਾਂ ਸਾਰੇ ਲੋਕ ਉਸਦੇ ਕੋਲੋ ਇੱਧਰ-ਉੱਧਰ ਹੋ ਗਏ। 9 ਤਾਂ ਉਸ ਨੇ ਆਖਿਆ, ਮੇਰੇ ਕੋਲ ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਓ ਅਤੇ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ। 10 ਜਦੋਂ ਉਹ ਚੜ੍ਹਾਵਾ ਚੜ੍ਹਾ ਚੁੱਕਾ ਤਾਂ ਸਮੂਏਲ ਆ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ।
11 ਸਮੂਏਲ ਨੇ ਆਖਿਆ "ਤੂੰ ਕੀ ਕੀਤਾ ਹੈ?"
ਸ਼ਾਊਲ ਨੇ ਉੱਤਰ ਦਿੱਤਾ, "ਜਦੋਂ ਮੈਂ ਦੇਖਿਆ ਕਿ ਮਨੁੱਖ ਮੇਰੇ ਕੋਲੋ ਇੱਧਰ-ਉੱਧਰ ਹੋ ਰਹੇ ਸਨ ਅਤੇ ਤੂੰ ਠਹਿਰਾਏ ਹੋਵੇ ਸਮੇਂ ਉੱਤੇ ਨਹੀਂ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਰਹੇ ਸਨ, 12 ਮੈਂ ਸੋਚਿਆ, ‘ਹੁਣ ਫ਼ਲਿਸਤੀ ਗਿਲਗਾਲ ਵਿੱਚ ਮੇਰੇ ਵਿਰੁੱਧ ਉਤਰਨਗੇ, ਅਤੇ ਮੈਂ ਯਾਹਵੇਹ ਦੀ ਕਿਰਪਾ ਨਹੀਂ ਮੰਗੀ ਹੈ।’ ਇਸ ਲਈ ਮੈਂ ਨਾ ਚਾਹੁੰਦੇ ਹੋਵੇ ਵੀ ਹੋਮ ਦੀ ਭੇਟ ਚੜ੍ਹਾਈ।"
13 ਸਮੂਏਲ ਨੇ ਕਿਹਾ, "ਤੂੰ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ। ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਗੱਲ ਨਹੀਂ ਮੰਨੀ; ਜੇਕਰ ਤੂੰ ਮੰਨੀ ਹੁੰਦੀ, ਤਾਂ ਉਹ ਸਦਾ ਲਈ ਇਸਰਾਏਲ ਉੱਤੇ ਤੇਰਾ ਰਾਜ ਕਾਇਮ ਕਰ ਦਿੰਦਾ। 14 ਪਰ ਹੁਣ ਤੇਰਾ ਰਾਜ ਕਾਇਮ ਨਹੀਂ ਰਹੇਗਾ; ਕਿਉਂਕਿ ਯਾਹਵੇਹ ਨੇ ਇੱਕ ਮਨੁੱਖ ਨੂੰ ਲੱਭ ਲਿਆ ਹੈ ਜੋ ਉਸ ਦੇ ਮਨ ਨੂੰ ਭਾਉਂਦਾ ਹੈ ਅਤੇ ਯਾਹਵੇਹ ਨੇ ਆਪਣੇ ਲੋਕਾਂ ਦਾ ਪ੍ਰਧਾਨ ਬਣਨ ਲਈ ਉਸ ਨੂੰ ਆਗਿਆ ਦਿੱਤੀ ਹੈ ਕਿਉਂ ਜੋ ਤੂੰ ਯਾਹਵੇਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ।"
15 ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ। ਤਦ ਸ਼ਾਊਲ ਨੇ ਉਹਨਾਂ ਲੋਕਾਂ ਨੂੰ ਗਿਣਿਆ ਜੋ ਉਸ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ।
16 ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਹਨਾਂ ਦੇ ਨਾਲ ਦੇ ਲੋਕ ਬਿਨਯਾਮੀਨ ਗੇਬਾ ਵਿੱਚ ਠਹਿਰੇ ਹੋਏ ਸਨ ਅਤੇ ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ। 17 ਫ਼ਲਿਸਤੀਆਂ ਦੇ ਡੇਰੇ ਵਿੱਚੋਂ ਲੁਟੇਰੇ ਤਿੰਨ ਟੋਲੀਆਂ ਬਣਾ ਨਿੱਕਲੇ। ਇੱਕ ਟੋਲੀ ਸ਼ੂਆਲ ਦੇ ਦੇਸ਼ ਨੂੰ ਓਫਰਾਹ ਦੇ ਰਾਹ ਵੱਲ ਗਈ, 18 ਦੂਸਰੀ ਟੋਲੀ ਬੈਥ-ਹੋਰੋਨ ਵੱਲ, ਅਤੇ ਤੀਸਰੀ ਟੋਲੀ ਉਸ ਬੰਨ੍ਹੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਵਾਦੀ ਦੇ ਉੱਤੇ ਉਜਾੜ ਦੇ ਪਾਸੇ ਸੀ।
19 ਉਸ ਸਮੇਂ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਲੁਹਾਰ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, "ਅਜਿਹਾ ਨਾ ਹੋਵੇ ਜੋ ਇਬਰਾਨੀ ਤਲਵਾਰਾਂ ਜਾਂ ਬਰਛੇ ਬਣਾਉਣ!" 20 ਸੋ ਸਾਰਾ ਇਸਰਾਏਲ ਫ਼ਲਿਸਤੀਆਂ ਕੋਲ ਆਪਣੇ ਹਲ, ਕਹੀ, ਕੁਹਾੜਾ ਅਤੇ ਦਾਤਰੀਆਂ ਨੂੰ ਤਿੱਖਾ ਕਰਾਉਣ ਲਈ ਜਾਂਦੇ ਸਨ। 21 ਪਰ ਦਾਤੀਆਂ, ਹਲ ਦੀ ਕਹੀ, ਤ੍ਰਿਸੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਹਨਾਂ ਕੋਲ ਰੇਤੀਆਂ ਸਨ।
22 ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਹਨਾਂ ਲੋਕਾਂ ਦੇ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਤਲਵਾਰ ਜਾਂ ਬਰਛੀ ਨਹੀਂ ਸੀ। ਸਿਰਫ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਹੀ ਸਨ।
23 ਹੁਣ ਫ਼ਲਿਸਤੀਆਂ ਦੀ ਇੱਕ ਟੁਕੜੀ ਮਿਕਮਾਸ਼ ਦੇ ਦਰੇ ਕੋਲ ਗਈ ਹੋਈ ਸੀ।