1 ਸਮੂਏਲ ਨੇ ਸ਼ਾਊਲ ਨੂੰ ਕਿਹਾ, "ਮੈਂ ਉਹ ਹਾਂ ਜਿਸਨੂੰ ਯਾਹਵੇਹ ਨੇ ਤੈਨੂੰ ਆਪਣੀ ਪਰਜਾ ਇਸਰਾਏਲ ਉੱਤੇ ਰਾਜਾ ਮਸਹ ਕਰਨ ਲਈ ਭੇਜਿਆ ਹੈ, ਇਸ ਲਈ ਹੁਣ ਯਾਹਵੇਹ ਦੇ ਸੰਦੇਸ਼ ਨੂੰ ਸੁਣ। 2 ਸੈਨਾ ਦਾ ਯਾਹਵੇਹ ਇਉਂ ਆਖਦਾ ਹੈ, ‘ਮੈਂ ਅਮਾਲੇਕੀਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਨੇ ਇਸਰਾਏਲ ਨਾਲ ਕੀਤਾ ਸੀ ਜਦੋਂ ਉਹ ਮਿਸਰ ਤੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਏ। 3 ਹੁਣ ਜਾ ਅਤੇ ਅਮਾਲੇਕੀਆਂ ਉੱਤੇ ਹਮਲਾ ਕਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਹਨਾਂ ਉੱਤੇ ਤਰਸ ਨਾ ਖਾ ਸਗੋਂ ਆਦਮੀ ਅਤੇ ਔਰਤਾਂ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ।’ "
4 ਇਸ ਲਈ ਸ਼ਾਊਲ ਨੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਤਲਾਇਮ ਵਿੱਚ ਇਕੱਠਾ ਕੀਤਾ, ਦੋ ਲੱਖ ਪੈਦਲ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ। 5 ਸ਼ਾਊਲ ਨੇ ਅਮਾਲੇਕ ਦੇ ਸ਼ਹਿਰ ਵਿੱਚ ਜਾ ਕੇ ਘਾਟੀ ਵਿੱਚ ਘਾਤ ਲਾ ਕੇ ਉਹਨਾਂ ਨੂੰ ਬਿਠਾਇਆ। 6 ਤਦ ਸ਼ਾਊਲ ਨੇ ਕੇਨੀਆਂ ਨੂੰ ਆਖਿਆ, "ਤੁਸੀਂ ਇੱਥੋਂ ਚਲੇ ਜਾਓ ਅਤੇ ਅਮਾਲੇਕੀਆਂ ਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਦੇ ਨਾਲ ਤੁਹਾਨੂੰ ਨਾਸ ਨਾ ਕਰਾਂ ਕਿਉਂ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਮਿਹਰਬਾਨੀ ਕੀਤੀ ਜਦੋਂ ਉਹ ਮਿਸਰ ਤੋਂ ਬਾਹਰ ਆਏ।" ਇਸ ਲਈ ਕੇਨੀ ਲੋਕ ਅਮਾਲੇਕੀਆਂ ਤੋਂ ਦੂਰ ਚਲੇ ਗਏ।
7 ਤਦ ਸ਼ਾਊਲ ਨੇ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਸ਼ੂਰ ਤੱਕ ਅਮਾਲੇਕੀਆਂ ਉੱਤੇ ਹਮਲਾ ਕੀਤਾ। 8 ਉਸ ਨੇ ਅਮਾਲੇਕੀਆਂ ਦੇ ਰਾਜੇ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਉਸ ਦੀ ਸਾਰੀ ਪਰਜਾ ਨੂੰ ਤਲਵਾਰ ਨਾਲ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ। 9 ਪਰ ਸ਼ਾਊਲ ਅਤੇ ਫ਼ੌਜ ਨੇ ਅਗਾਗ ਨੂੰ ਅਤੇ ਸਭ ਤੋਂ ਵਧੀਆ ਭੇਡਾਂ ਅਤੇ ਡੰਗਰ ਅਰਥਾਤ ਮੋਟੇ ਵੱਛਿਆਂ ਅਤੇ ਲੇਲਿਆਂ ਨੂੰ ਬਚਾਇਆ ਜੋ ਸਭ ਕੁਝ ਚੰਗਾ ਸੀ। ਇਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਸ਼ਟ ਕਰਨ ਲਈ ਤਿਆਰ ਨਹੀਂ ਸਨ, ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ, ਉਹਨਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ।
10 ਤਦ ਯਾਹਵੇਹ ਦਾ ਬਚਨ ਸਮੂਏਲ ਨੂੰ ਆਇਆ, 11 "ਮੈਨੂੰ ਪਛਤਾਵਾ ਹੈ ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਹੈ ਕਿਉਂ ਜੋ ਉਹ ਮੇਰੇ ਤੋਂ ਹਟ ਗਿਆ ਹੈ ਅਤੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ।" ਸਮੂਏਲ ਗੁੱਸੇ ਹੋਇਆ, ਅਤੇ ਸਾਰੀ ਰਾਤ ਯਾਹਵੇਹ ਅੱਗੇ ਤਰਲੇ ਕਰਦਾ ਰਿਹਾ।
12 ਤੜਕੇ ਸਮੂਏਲ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਗਿਆ ਪਰ ਉਸਨੂੰ ਦੱਸਿਆ ਗਿਆ, "ਸ਼ਾਊਲ ਕਰਮਲ ਨੂੰ ਚਲਾ ਗਿਆ ਹੈ ਅਤੇ ਵੇਖੋ ਆਪਣੇ ਲਈ ਉਸਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚਲਾ ਗਿਆ ਹੈ।"
13 ਜਦੋਂ ਸਮੂਏਲ ਉਸ ਕੋਲ ਪਹੁੰਚਿਆ ਤਾਂ ਸ਼ਾਊਲ ਨੇ ਆਖਿਆ, "ਯਾਹਵੇਹ ਤੈਨੂੰ ਅਸੀਸ ਦੇਵੇ! ਮੈਂ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।"
14 ਪਰ ਸਮੂਏਲ ਨੇ ਕਿਹਾ, "ਫੇਰ ਮੇਰੇ ਕੰਨਾਂ ਵਿੱਚ ਭੇਡਾਂ ਦੀ ਮੈਂ-ਮੈਂ ਕਿਉਂ ਸੁਣਾਈ ਦਿੰਦੀ ਹੈ? ਅਤੇ ਪਸ਼ੂਆਂ ਦਾ ਅੜਿੰਗਣਾਂ ਕੀ ਹੈ ਜੋ ਮੈਂ ਸੁਣਦਾ ਹਾਂ?"
15 ਸ਼ਾਊਲ ਨੇ ਉੱਤਰ ਦਿੱਤਾ, "ਸਿਪਾਹੀ ਉਹਨਾਂ ਨੂੰ ਅਮਾਲੇਕੀਆਂ ਤੋਂ ਲਿਆਏ ਸਨ। ਉਹਨਾਂ ਨੇ ਸਭ ਤੋਂ ਵਧੀਆ ਭੇਡਾਂ ਅਤੇ ਪਸ਼ੂਆਂ ਨੂੰ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਉਣ ਲਈ ਰੱਖ ਲਿਆ ਹੈ, ਪਰ ਅਸੀਂ ਬਾਕੀ ਸਭ ਕੁਝ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।"
16 ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, "ਬਹੁਤ ਹੋ ਗਿਆ, ਆਓ ਮੈਂ ਤੈਨੂੰ ਦੱਸਾਂ ਕਿ ਪਿਛਲੀ ਰਾਤ ਯਾਹਵੇਹ ਨੇ ਮੈਨੂੰ ਕੀ ਕਿਹਾ।"
ਸ਼ਾਊਲ ਨੇ ਜਵਾਬ ਦਿੱਤਾ, "ਮੈਨੂੰ ਦੱਸੋ।"
17 ਸਮੂਏਲ ਨੇ ਆਖਿਆ, "ਭਾਵੇਂ ਤੂੰ ਆਪਣੀ ਨਿਗਾਹ ਵਿੱਚ ਛੋਟਾ ਸੀ, ਕੀ ਤੂੰ ਇਸਰਾਏਲ ਦੇ ਗੋਤਾਂ ਦਾ ਮੁਖੀ ਨਹੀਂ ਬਣਿਆ? ਯਾਹਵੇਹ ਨੇ ਤੈਨੂੰ ਇਸਰਾਏਲ ਦਾ ਰਾਜਾ ਬਣਨ ਲਈ ਅਭਿਸ਼ੇਕ ਕੀਤਾ। 18 ਅਤੇ ਉਸ ਨੇ ਤੁਹਾਨੂੰ ਇਹ ਕਹਿ ਕੇ ਇੱਕ ਮਿਸ਼ਨ ਉੱਤੇ ਭੇਜਿਆ, ‘ਕਿ ਜਾਹ ਅਤੇ ਉਹਨਾਂ ਦੁਸ਼ਟ ਲੋਕਾਂ ਅਰਥਾਤ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਨਾਸ਼ ਕਰ; ਉਹਨਾਂ ਦੇ ਵਿਰੁੱਧ ਉਦੋਂ ਤੱਕ ਯੁੱਧ ਕਰੋ ਜਦੋਂ ਤੱਕ ਤੁਸੀਂ ਉਹਨਾਂ ਦਾ ਸਫਾਇਆ ਨਹੀਂ ਕਰ ਦਿੰਦੇ।’ 19 ਫਿਰ ਤੂੰ ਯਾਹਵੇਹ ਦਾ ਹੁਕਮ ਕਿਉਂ ਨਹੀਂ ਮੰਨਿਆ? ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕਿਉਂ ਕੀਤੀ?"
20 ਪਰ ਸ਼ਾਊਲ ਨੇ ਆਖਿਆ, "ਮੈਂ ਯਾਹਵੇਹ ਦਾ ਹੁਕਮ ਮੰਨਿਆ ਅਤੇ ਮੈਂ ਉਸ ਰਾਹ ਤੇ ਤੁਰਿਆ ਜੋ ਯਾਹਵੇਹ ਨੇ ਮੈਨੂੰ ਸੌਂਪਿਆ ਸੀ। ਮੈਂ ਅਮਾਲੇਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਉਹਨਾਂ ਦੇ ਰਾਜੇ ਅਗਾਗ ਨੂੰ ਵਾਪਸ ਲਿਆਇਆ। 21 ਸਿਪਾਹੀ ਲੁੱਟ ਵਿੱਚੋਂ ਭੇਡਾਂ ਅਤੇ ਡੰਗਰ ਲੈ ਲਏ, ਜੋ ਸਭ ਤੋਂ ਉੱਤਮ ਸੀ ਜੋ ਪਰਮੇਸ਼ਵਰ ਨੂੰ ਸਮਰਪਿਤ ਸੀ, ਤਾਂ ਜੋ ਉਹ ਗਿਲਗਾਲ ਵਿੱਚ ਤੁਹਾਡੇ ਯਾਹਵੇਹ ਤੇਰੇ ਪਰਮੇਸ਼ਵਰ ਦੇ ਅੱਗੇ ਬਲੀ ਚੜ੍ਹਾਂ ਸਕਣ।"
22 ਪਰ ਸਮੂਏਲ ਨੇ ਉੱਤਰ ਦਿੱਤਾ:
"ਕੀ ਯਾਹਵੇਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਵਿੱਚ ਓਨਾ ਹੀ ਪ੍ਰਸੰਨ ਹੁੰਦਾ ਹੈ ਜਿੰਨਾ ਯਾਹਵੇਹ ਦਾ ਹੁਕਮ ਮੰਨਣ ਵਿੱਚ ਹੁੰਦਾ ਹੈ?
ਹੁਕਮ ਮੰਨਣਾ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ,
ਅਤੇ ਸਰੋਤਾ ਬਣਨਾ ਮੇਂਢਿਆ ਦੀ ਚਰਬੀ ਨਾਲੋਂ ਚੰਗਾ ਹੈ।
23 ਕਿਉਂਕਿ ਬਗਾਵਤ ਭਵਿੱਖਬਾਣੀ ਦੇ ਪਾਪ ਵਰਗੀ ਹੈ,
ਅਤੇ ਹੰਕਾਰ ਮੂਰਤੀ ਪੂਜਾ ਦੀ ਬੁਰਾਈ ਵਰਗਾ ਹੈ।
ਕਿਉਂਕਿ ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕੀਤਾ ਹੈ,
ਉਸੇ ਤਰ੍ਹਾਂ ਹੀ ਉਸਨੇ ਤੈਨੂੰ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਹੈ।"
24 ਤਦ ਸ਼ਾਊਲ ਨੇ ਸਮੂਏਲ ਨੂੰ ਆਖਿਆ, "ਮੈਂ ਪਾਪ ਕੀਤਾ ਹੈ। ਮੈਂ ਯਾਹਵੇਹ ਦੇ ਹੁਕਮ ਅਤੇ ਤੇਰੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਮੈਂ ਲੋਕਾਂ ਤੋਂ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ। 25 ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਪਾਪ ਨੂੰ ਮਾਫ਼ ਕਰੋ ਅਤੇ ਮੇਰੇ ਨਾਲ ਵਾਪਸ ਆਓ, ਤਾਂ ਜੋ ਮੈਂ ਯਾਹਵੇਹ ਦੀ ਉਪਾਸਨਾ ਕਰਾਂ।"
26 ਪਰ ਸਮੂਏਲ ਨੇ ਸ਼ਾਊਲ ਨੂੰ ਆਖਿਆ, "ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!"
27 ਜਦੋਂ ਸਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ। 28 ਸਮੂਏਲ ਨੇ ਉਸ ਨੂੰ ਕਿਹਾ, "ਯਾਹਵੇਹ ਨੇ ਅੱਜ ਇਸਰਾਏਲ ਦਾ ਰਾਜ ਤੇਰੇ ਕੋਲੋਂ ਖੋਹ ਲਿਆ ਹੈ ਅਤੇ ਉਹ ਤੇਰੇ ਗੁਆਂਢੀਆਂ ਵਿੱਚੋਂ ਇੱਕ ਨੂੰ ਦੇ ਦਿੱਤਾ ਹੈ, ਜੋ ਤੇਰੇ ਨਾਲੋਂ ਚੰਗਾ ਹੈ। 29 ਜਿਹੜਾ ਇਸਰਾਏਲ ਦਾ ਪਰਤਾਪ ਹੈ ਉਹ ਨਾ ਝੂਠ ਬੋਲਦਾ ਹੈ ਅਤੇ ਨਾ ਆਪਣਾ ਮਨ ਬਦਲਦਾ ਹੈ ਕਿਉਂਕਿ ਉਹ ਮਨੁੱਖ ਨਹੀਂ ਹੈ ਕਿ ਉਹ ਆਪਣਾ ਮਨ ਬਦਲ ਲਵੇ।"
30 ਸ਼ਾਊਲ ਨੇ ਉੱਤਰ ਦਿੱਤਾ, "ਮੈਂ ਪਾਪ ਕੀਤਾ ਹੈ ਪਰ ਕਿਰਪਾ ਕਰਕੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਸਾਹਮਣੇ ਮੇਰਾ ਆਦਰ ਕਰ। ਮੇਰੇ ਨਾਲ ਵਾਪਿਸ ਆ, ਤਾਂ ਜੋ ਮੈਂ ਯਾਹਵੇਹ ਤੇਰੇ ਪਰਮੇਸ਼ਵਰ ਦੀ ਉਪਾਸਨਾ ਕਰਾਂ।" 31 ਇਸ ਲਈ ਸਮੂਏਲ ਸ਼ਾਊਲ ਦੇ ਨਾਲ ਵਾਪਸ ਚਲਾ ਗਿਆ ਅਤੇ ਸ਼ਾਊਲ ਨੇ ਯਾਹਵੇਹ ਦੀ ਉਪਾਸਨਾ ਕੀਤੀ।
32 ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲਿਆਓ।
ਅਗਾਗ ਜ਼ੰਜੀਰਾਂ ਵਿੱਚ ਉਸ ਕੋਲ ਆਇਆ ਅਤੇ ਉਸ ਨੇ ਸੋਚਿਆ, "ਯਕੀਨਨ ਮੇਰੀ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।"
33 ਪਰ ਸਮੂਏਲ ਨੇ ਆਖਿਆ,
ਜਿਵੇਂ ਤੇਰੀ ਤਲਵਾਰ ਨੇ ਇਸਤਰੀਆਂ ਨੂੰ ਬੇ-ਔਲਾਦ ਬਣਾਇਆ ਹੈ,
ਤਿਵੇਂ ਹੀ ਤੇਰੀ ਮਾਂ ਵੀ ਔਰਤਾਂ ਵਿੱਚ ਬੇ-ਔਲਾਦ ਹੋਵੇਗੀ ਅਤੇ ਸਮੂਏਲ ਨੇ ਅਗਾਗ ਨੂੰ ਗਿਲਗਾਲ ਵਿਖੇ ਯਾਹਵੇਹ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ।
34 ਤਦ ਸਮੂਏਲ ਰਾਮਾਹ ਨੂੰ ਚੱਲਿਆ ਗਿਆ ਪਰ ਸ਼ਾਊਲ ਆਪਣੇ ਘਰ ਸ਼ਾਉਲ ਦੇ ਗਿਬਆਹ ਵਿੱਚ ਚਲਾ ਗਿਆ। 35 ਸਮੂਏਲ ਦੀ ਮੌਤ ਦੇ ਦਿਨ ਤੱਕ ਉਹ ਸ਼ਾਊਲ ਨੂੰ ਫੇਰ ਮਿਲਣ ਲਈ ਨਾ ਗਿਆ ਭਾਵੇਂ ਸਮੂਏਲ ਉਹ ਦੇ ਲਈ ਸੋਗ ਕਰਦਾ ਰਿਹਾ ਅਤੇ ਯਾਹਵੇਹ ਨੂੰ ਅਫ਼ਸੋਸ ਹੋਇਆ ਕਿ ਉਸਨੇ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ।