Pular para o conteúdo
Publicidade

1 ਸ਼ਮੂਏਲ 11

ਸ਼ਾਊਲ ਨੇ ਯਾਬੇਸ਼ ਦੇ ਸ਼ਹਿਰ ਨੂੰ ਛੁਡਾਇਆ

1 ਤਦ ਅੰਮੋਨੀ ਨਾਹਾਸ਼ ਨੇ ਚੜ੍ਹਾਈ ਕਰਕੇ ਯਾਬੇਸ਼ ਗਿਲਆਦ ਨੂੰ ਘੇਰ ਲਿਆ ਅਤੇ ਯਾਬੇਸ਼ ਦੇ ਸਾਰੇ ਮਨੁੱਖਾਂ ਨੇ ਉਹ ਨੂੰ ਆਖਿਆ, "ਸਾਡੇ ਨਾਲ ਇੱਕ ਫੈਸਲਾ ਕਰ ਤਾਂ ਅਸੀਂ ਤੇਰੇ ਅਧੀਨ ਹੋਵਾਂਗੇ।"

2 ਪਰ ਅੰਮੋਨੀ ਨਾਹਾਸ਼ ਨੇ ਉੱਤਰ ਦਿੱਤਾ, "ਮੈਂ ਤੁਹਾਡੇ ਨਾਲ ਇਸ ਗੱਲ ਉੱਤੇ ਫੈਸਲਾ ਕਰਾਂਗਾ ਕਿ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ।"

3 ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ, "ਸਾਨੂੰ ਸੱਤ ਦਿਨਾਂ ਤੱਕ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜ ਸਕੀਏ। ਜੇਕਰ ਕੋਈ ਸਾਨੂੰ ਬਚਾਉਣ ਲਈ ਨਹੀਂ ਆਇਆ ਤਾਂ ਅਸੀਂ ਤੁਹਾਡੇ ਅੱਗੇ ਆਤਮ ਸਮਰਪਣ ਕਰ ਦੇਵਾਂਗੇ।"

4 ਜਦੋਂ ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਆਏ ਅਤੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਤਾਂ ਉਹ ਸਾਰੇ ਉੱਚੀ-ਉੱਚੀ ਰੋਣ ਲੱਗੇ। 5 ਤਾਂ ਵੇਖੋਂ, ਸ਼ਾਊਲ ਪੈਲੀ ਵਿੱਚੋਂ ਬਲਦਾਂ ਦੇ ਮਗਰ ਆ ਰਿਹਾ ਸੀ ਅਤੇ ਉਸ ਨੇ ਕਿਹਾ, "ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ?" ਤਦ ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ।

6 ਜਦੋਂ ਸ਼ਾਊਲ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਰਮੇਸ਼ਵਰ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ ਅਤੇ ਉਹ ਕ੍ਰੋਧ ਨਾਲ ਭੜਕ ਉੱਠਿਆ। 7 ਉਸ ਨੇ ਬਲਦਾਂ ਦਾ ਇੱਕ ਜੋੜਾ ਲਿਆ ਅਤੇ ਉਹਨਾਂ ਦੇ ਟੁਕੜੇ ਕੀਤੇ ਅਤੇ ਉਹਨਾਂ ਟੁਕੜਿਆਂ ਨੂੰ ਸੰਦੇਸ਼ਵਾਹਕਾਂ ਦੁਆਰਾ ਸਾਰੇ ਇਸਰਾਏਲ ਵਿੱਚ ਇਹ ਆਖ ਕੇ ਭੇਜਿਆ, "ਜਿਹੜਾ ਸ਼ਾਊਲ ਅਤੇ ਸਮੂਏਲ ਦੇ ਮਗਰ ਨਹੀਂ ਆਵੇਗਾ, ਉਸ ਦੇ ਬਲਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ।" ਤਦ ਯਾਹਵੇਹ ਦਾ ਡਰ ਲੋਕਾਂ ਉੱਤੇ ਛਾ ਗਿਆ, ਅਤੇ ਉਹ ਇੱਕਠੇ ਹੋ ਕੇ ਬਾਹਰ ਆ ਨਿੱਕਲੇ। 8 ਜਦੋਂ ਸ਼ਾਊਲ ਨੇ ਉਹਨਾਂ ਨੂੰ ਬੇਜ਼ੇਕ ਵਿੱਚ ਇਕੱਠਾ ਕੀਤਾ ਤਾਂ ਇਸਰਾਏਲ ਦੇ ਮਨੁੱਖ ਤਿੰਨ ਲੱਖ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ।

9 ਉਹਨਾਂ ਸੰਦੇਸ਼ਵਾਹਕਾਂ ਨੂੰ ਜਿਹੜੇ ਆਏ ਸਨ, ਆਖਿਆ, "ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖੋ, ‘ਕੱਲ੍ਹ ਜਿਸ ਵੇਲੇ ਸੂਰਜ ਦੀ ਧੁੱਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ।’ " ਜਦੋਂ ਸੰਦੇਸ਼ਵਾਹਕਾਂ ਨੇ ਯਾਬੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਉਹਨਾਂ ਨੇ ਬਹੁਤ ਅਨੰਦ ਮਨਾਇਆ। 10 ਉਹਨਾਂ ਨੇ ਅੰਮੋਨੀਆਂ ਨੂੰ ਆਖਿਆ, "ਕੱਲ੍ਹ ਅਸੀਂ ਆਪਣੇ ਆਪ ਨੂੰ ਤੁਹਾਡੇ ਹਵਾਲੇ ਕਰ ਦੇਵਾਂਗੇ ਅਤੇ ਤੁਸੀਂ ਸਾਡੇ ਨਾਲ ਜੋ ਚਾਹੋ ਕਰ ਸਕਦੇ ਹੋ।"

11 ਅਗਲੇ ਦਿਨ ਸ਼ਾਊਲ ਨੇ ਆਪਣੇ ਆਦਮੀਆਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਦਿੱਤਾ ਅਤੇ ਉਹ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਿਆ ਅਤੇ ਦਿਨ ਚੜਨ ਤੱਕ ਅਜਿਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਉਹ ਅਜਿਹੇ ਖਿੱਲਰ ਗਏ, ਜੋ ਦੋ ਲੋਕ ਵੀ ਇਕੱਠੇ ਨਾ ਹੋ ਸਕੇ।

ਸ਼ਾਊਲ ਨੇ ਰਾਜਾ ਹੋਣ ਦੀ ਪੁਸ਼ਟੀ ਕੀਤੀ

12 ਤਦ ਲੋਕਾਂ ਨੇ ਸਮੂਏਲ ਨੂੰ ਕਿਹਾ, "ਉਹ ਕੌਣ ਹੈ ਜਿਸਨੇ ਆਖਿਆ ਸੀ, ‘ਕੀ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ?’ ਇਹਨਾਂ ਆਦਮੀਆਂ ਨੂੰ ਸਾਡੇ ਹਵਾਲੇ ਕਰ ਤਾਂ ਜੋ ਅਸੀਂ ਉਹਨਾਂ ਨੂੰ ਮਾਰ ਦੇਈਏ।"

13 ਪਰ ਸ਼ਾਊਲ ਨੇ ਕਿਹਾ, "ਅੱਜ ਦੇ ਦਿਨ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਕਿਉਂਕਿ ਅੱਜ ਦੇ ਦਿਨ ਯਾਹਵੇਹ ਨੇ ਇਸਰਾਏਲ ਨੂੰ ਬਚਾਇਆ ਹੈ।"

14 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, "ਆਓ, ਗਿਲਗਾਲ ਨੂੰ ਚੱਲੀਏ ਅਤੇ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ।" 15 ਸੋ ਸਾਰੇ ਲੋਕ ਗਿਲਗਾਲ ਨੂੰ ਗਏ ਅਤੇ ਯਾਹਵੇਹ ਦੀ ਹਜ਼ੂਰੀ ਵਿੱਚ ਸ਼ਾਊਲ ਨੂੰ ਰਾਜਾ ਬਣਾਇਆ। ਉੱਥੇ ਉਹਨਾਂ ਨੇ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਸ਼ਾਊਲ ਅਤੇ ਸਾਰੇ ਇਸਰਾਏਲੀਆਂ ਨੇ ਇੱਕ ਵੱਡਾ ਜਸ਼ਨ ਮਨਾਇਆ।

Estes versículos te tocaram? Ore agora!

+581 estão orando agora.

Junte-se à corrente de oração.