1 ਯਾਹਵੇਹ ਨੇ ਸਮੂਏਲ ਨੂੰ ਕਿਹਾ, "ਤੂੰ ਕਦੋਂ ਤੱਕ ਸ਼ਾਊਲ ਲਈ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸਨੂੰ ਇਸਰਾਏਲ ਦਾ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ ਅਤੇ ਆਪਣੇ ਰਾਹ ਤੇ ਚੱਲ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜ ਰਿਹਾ ਹਾਂ ਅਤੇ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਬਣਨ ਲਈ ਚੁਣਿਆ ਹੈ।"
2 ਪਰ ਸਮੂਏਲ ਨੇ ਆਖਿਆ, "ਮੈਂ ਕਿਵੇਂ ਜਾ ਸਕਦਾ ਹਾਂ? ਜੇਕਰ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਹ ਮੈਨੂੰ ਮਾਰ ਦੇਵੇਗਾ।"
ਯਾਹਵੇਹ ਨੇ ਕਿਹਾ, "ਆਪਣੇ ਨਾਲ ਇੱਕ ਵੱਛੀ ਲੈ ਕੇ ਜਾ ਅਤੇ ਆਖ, ‘ਮੈਂ ਯਾਹਵੇਹ ਨੂੰ ਬਲੀ ਚੜ੍ਹਾਉਣ ਲਈ ਆਇਆ ਹਾਂ।’ 3 ਜਦ ਤੂੰ ਬਲੀ ਚੜ੍ਹਾਵੇ ਤਾਂ ਯੱਸੀ ਨੂੰ ਸੱਦਾ ਦੇ ਫਿਰ ਜੋ ਤੂੰ ਕਰਨਾ ਹੈ ਮੈਂ ਤੈਨੂੰ ਦੱਸਾਂਗਾ। ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ।"
4 ਸਮੂਏਲ ਨੇ ਉਹੀ ਕੀਤਾ ਜੋ ਯਾਹਵੇਹ ਨੇ ਕਿਹਾ ਸੀ ਅਤੇ ਜਦੋਂ ਉਹ ਬੈਤਲਹਮ ਪਹੁੰਚਿਆ, ਤਾਂ ਸ਼ਹਿਰ ਦੇ ਬਜ਼ੁਰਗ ਉਸ ਦੇ ਆਉਣ ਤੋਂ ਕੰਬ ਗਏ। ਉਹਨਾਂ ਨੇ ਪੁੱਛਿਆ, "ਕੀ ਤੂੰ ਸ਼ਾਂਤੀ ਨਾਲ ਆਇਆ ਹੈ?"
5 ਸਮੂਏਲ ਨੇ ਉੱਤਰ ਦਿੱਤਾ, "ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ; ਮੈਂ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ।" ਫਿਰ ਉਸਨੇ ਯੱਸੀ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਬਲੀ ਲਈ ਬੁਲਾਇਆ।
6 ਜਦੋਂ ਉਹ ਪਹੁੰਚੇ ਤਾਂ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, "ਯਕੀਨਨ ਹੀ ਯਾਹਵੇਹ ਦਾ ਅਭਿਸ਼ੇਕ ਕੀਤਾ ਹੋਇਆ ਇੱਥੇ ਯਾਹਵੇਹ ਦੇ ਸਾਹਮਣੇ ਖੜ੍ਹਾ ਹੈ।"
7 ਪਰ ਯਾਹਵੇਹ ਨੇ ਸਮੂਏਲ ਨੂੰ ਆਖਿਆ, "ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।"
8 ਤਦ ਯੱਸੀ ਨੇ ਅਬੀਨਾਦਾਬ ਨੂੰ ਬੁਲਾ ਕੇ ਸਮੂਏਲ ਦੇ ਅੱਗੇ ਲੰਘਣ ਲਈ ਕਿਹਾ। ਪਰ ਸਮੂਏਲ ਨੇ ਕਿਹਾ, "ਯਾਹਵੇਹ ਨੇ ਇਸ ਨੂੰ ਵੀ ਨਹੀਂ ਚੁਣਿਆ।" 9 ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ, ਪਰ ਸਮੂਏਲ ਨੇ ਕਿਹਾ, "ਨਾ ਹੀ ਯਾਹਵੇਹ ਨੇ ਇਸ ਨੂੰ ਚੁਣਿਆ ਹੈ।" 10 ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕੀਤਾ, ਪਰ ਸਮੂਏਲ ਨੇ ਉਸਨੂੰ ਕਿਹਾ, "ਯਾਹਵੇਹ ਨੇ ਇਨ੍ਹਾਂ ਨੂੰ ਨਹੀਂ ਚੁਣਿਆ ਹੈ।" 11 ਤਾਂ ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ?
ਯੱਸੀ ਨੇ ਜਵਾਬ ਦਿੱਤਾ, "ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।"
12 ਇਸ ਲਈ ਉਸ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਅੰਦਰ ਲਿਆਇਆ ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਲੱਗਦਾ ਸੀ।
ਤਦ ਯਾਹਵੇਹ ਨੇ ਕਿਹਾ, "ਉੱਠ ਅਤੇ ਉਸਨੂੰ ਅਭਿਸ਼ੇਕ ਕਰ ਕਿਉਂ ਜੋ ਇਹ ਉਹੀ ਹੈ।"
13 ਤਾਂ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਸਦੇ ਭਰਾਵਾਂ ਦੇ ਸਾਹਮਣੇ ਉਸ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਾਹਵੇਹ ਦਾ ਆਤਮਾ ਦਾਵੀਦ ਉੱਤੇ ਜ਼ੋਰ ਨਾਲ ਆਇਆ। ਸਮੂਏਲ ਫਿਰ ਰਾਮਾਹ ਨੂੰ ਚਲਾ ਗਿਆ।
14 ਪਰ ਯਾਹਵੇਹ ਦਾ ਆਤਮਾ ਸ਼ਾਊਲ ਤੋਂ ਅਲੱਗ ਹੋ ਗਿਆ ਸੀ, ਅਤੇ ਯਾਹਵੇਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ।
15 ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, "ਵੇਖ, ਪਰਮੇਸ਼ਵਰ ਵੱਲੋਂ ਇੱਕ ਦੁਸ਼ਟ-ਆਤਮਾ ਤੈਨੂੰ ਘਬਰਾਉਂਦਾ ਹੈ। 16 ਸਾਡਾ ਸੁਆਮੀ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਹੁਕਮ ਦੇਵੇ ਕਿ ਉਹ ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰਨ ਜੋ ਬਰਬਤ ਵਜਾਉਣ ਵਿੱਚ ਕੁਸ਼ਲ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ਵਰ ਵੱਲੋਂ ਦੁਸ਼ਟ-ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ।"
17 ਇਸ ਲਈ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, "ਮੇਰੇ ਲਈ ਕੋਈ ਵਧੀਆ ਬਰਬਤ ਵਜਾਉਣ ਵਾਲੇ ਵਿਅਕਤੀ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲਿਆਓ।"
18 ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ, "ਮੈਂ ਬੈਤਲਹਮ ਵਿੱਚ ਯੱਸੀ ਦੇ ਇੱਕ ਪੁੱਤਰ ਨੂੰ ਦੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਅਤੇ ਯੋਧਾ ਹੈ। ਉਹ ਗੱਲਾਂ ਵਿੱਚ ਸਿਆਣਾ ਹੈ, ਦੇਖਣ ਵਿੱਚ ਸੋਹਣਾ ਅਤੇ ਯਾਹਵੇਹ ਉਸ ਦੇ ਨਾਲ ਹੈ।"
19 ਤਦ ਸ਼ਾਊਲ ਨੇ ਯੱਸੀ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, "ਆਪਣੇ ਪੁੱਤਰ ਦਾਵੀਦ ਨੂੰ ਜੋ ਭੇਡਾਂ ਦੇ ਨਾਲ ਹੈ ਮੇਰੇ ਕੋਲ ਭੇਜ।" 20 ਤਾਂ ਯੱਸੀ ਨੇ ਰੋਟੀ ਨਾਲ ਲੱਦਿਆ ਇੱਕ ਗਧਾ, ਮੇਸ਼ੇਕ ਦਾਖ਼ਰਸ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਵੀਦ ਦੇ ਹੱਥੀ ਸ਼ਾਊਲ ਕੋਲ ਭੇਜਿਆ।
21 ਦਾਵੀਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਵਿੱਚ ਗਿਆ। ਸ਼ਾਊਲ ਉਸ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਦਾਵੀਦ ਉਸ ਦੇ ਸ਼ਸਤਰ ਚੁੱਕਣ ਵਾਲਿਆਂ ਵਿੱਚੋਂ ਇੱਕ ਬਣ ਗਿਆ। 22 ਤਦ ਸ਼ਾਊਲ ਨੇ ਯੱਸੀ ਨੂੰ ਸੁਨੇਹਾ ਘੱਲਿਆ ਕਿ ਦਾਵੀਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਪ੍ਰਸੰਨ ਹਾਂ।
23 ਜਦੋਂ ਵੀ ਪਰਮੇਸ਼ਵਰ ਵੱਲੋਂ ਦੁਸ਼ਟ-ਆਤਮਾ ਸ਼ਾਊਲ ਉੱਤੇ ਆਉਂਦਾ, ਤਾਂ ਦਾਵੀਦ ਬਰਬਤ ਲੈ ਕੇ ਵਜਾਉਂਦਾ ਸੀ। ਤਦ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ; ਉਹ ਚੰਗਾ ਹੋ ਜਾਂਦਾ ਸੀ, ਅਤੇ ਦੁਸ਼ਟ-ਆਤਮਾ ਉਸ ਤੋਂ ਹੱਟ ਜਾਂਦਾ ਸੀ।