Publicidade

1 Samuel 25

ਦਾਵੀਦ, ਨਾਬਾਲ ਅਤੇ ਅਬੀਗੈਲ

1 ਸਮੂਏਲ ਦੀ ਮੌਤ ਹੋ ਗਈ ਅਤੇ ਸਾਰੇ ਇਸਰਾਏਲ ਨੇ ਇੱਕਠੇ ਹੋ ਕੇ ਉਸਦੇ ਲਈ ਸੋਗ ਕੀਤਾ ਅਤੇ ਉਹਨਾਂ ਨੇ ਉਸਨੂੰ ਰਾਮਾਹ ਵਿੱਚ ਉਸਦੇ ਘਰ ਵਿੱਚ ਹੀ ਦਫ਼ਨਾਇਆ। ਤਦ ਦਾਵੀਦ ਪਾਰਾਨ ਦੇ ਉਜਾੜ ਵੱਲ ਚਲਾ ਗਿਆ।

2 ਮਾਓਨ ਵਿੱਚ ਇੱਕ ਆਦਮੀ, ਜਿਸ ਦੀ ਕਰਮਲ ਵਿੱਚ ਜਾਇਦਾਦ ਸੀ, ਉਹ ਬਹੁਤ ਅਮੀਰ ਸੀ। ਉਸ ਕੋਲ ਇੱਕ ਹਜ਼ਾਰ ਬੱਕਰੀਆਂ ਅਤੇ ਤਿੰਨ ਹਜ਼ਾਰ ਭੇਡਾਂ ਸਨ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। 3 ਉਹ ਦਾ ਨਾਮ ਨਾਬਾਲ ਅਤੇ ਉਸਦੀ ਪਤਨੀ ਦਾ ਨਾਮ ਅਬੀਗੈਲ ਸੀ। ਉਹ ਇੱਕ ਬੁੱਧੀਮਾਨ ਅਤੇ ਸੁੰਦਰ ਔਰਤ ਸੀ, ਪਰ ਉਸਦਾ ਪਤੀ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਉਹ ਇੱਕ ਕਾਲੇਬੀ ਸੀ।

4 ਜਦੋਂ ਦਾਵੀਦ ਉਜਾੜ ਵਿੱਚ ਸੀ, ਉਸਨੇ ਸੁਣਿਆ ਕਿ ਨਾਬਾਲ ਭੇਡਾਂ ਦੀ ਉੱਨ ਕਤਰ ਰਿਹਾ ਹੈ। 5 ਇਸ ਲਈ ਦਾਵੀਦ ਨੇ ਦਸ ਜੁਆਨਾਂ ਨੂੰ ਘੱਲਿਆ ਅਤੇ ਉਹਨਾਂ ਨੂੰ ਆਖਿਆ, "ਕਰਮਲ ਵਿੱਚ ਨਾਬਾਲ ਕੋਲ ਜਾਓ ਅਤੇ ਮੇਰੇ ਨਾਮ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿਓ। 6 ਉਸ ਨੂੰ ਆਖ, ‘ਤੇਰੀ ਲੰਬੀ ਉਮਰ ਹੋਵੇ! ਤੇਰੇ ਘਰ ਅਤੇ ਤੇਰੇ ਪਰਿਵਾਰ ਦੀ ਸਲਾਮਤੀ ਹੋਵੇ!

7 " ‘ਹੁਣ ਮੈਂ ਸੁਣਿਆ ਹੈ ਕਿ ਇਹ ਭੇਡਾਂ ਦੇ ਉੱਨ ਕੱਟਣ ਦਾ ਸਮਾਂ ਹੈ। ਜਦੋਂ ਤੁਹਾਡੇ ਚਰਵਾਹੇ ਸਾਡੇ ਨਾਲ ਸਨ, ਅਸੀਂ ਉਹਨਾਂ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਜਿੰਨਾ ਸਮਾਂ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਵੀ ਨਹੀਂ ਗੁਆਚਿਆ ਸੀ। 8 ਆਪਣੇ ਸੇਵਕਾਂ ਨੂੰ ਪੁੱਛੋ ਅਤੇ ਉਹ ਤੈਨੂੰ ਦੱਸ ਦੇਣਗੇ। ਇਸ ਲਈ ਮੇਰੇ ਜੁਆਨਾਂ ਉੱਤੇ ਦਯਾ ਦਿਖਾ, ਕਿਉਂਕਿ ਅਸੀਂ ਤਿਉਹਾਰ ਦੇ ਸਮੇਂ ਆਉਂਦੇ ਹਾਂ। ਕਿਰਪਾ ਕਰਕੇ ਆਪਣੇ ਸੇਵਕਾਂ ਅਤੇ ਆਪਣੇ ਪੁੱਤਰ ਦਾਵੀਦ ਨੂੰ ਜੋ ਵੀ ਤੇਰੇ ਹੱਥ ਵਿੱਚ ਆਵੇ ਉਹਨਾਂ ਨੂੰ ਬਖ਼ਸ਼ ਦੇ।’ "

9 ਜਦੋਂ ਦਾਵੀਦ ਦੇ ਆਦਮੀ ਆਏ ਤਾਂ ਉਹਨਾਂ ਨੇ ਨਾਬਾਲ ਨੂੰ ਦਾਵੀਦ ਦੇ ਨਾਮ ਉੱਤੇ ਇਹ ਸੰਦੇਸ਼ ਦਿੱਤਾ। ਫਿਰ ਉਹ ਚੁੱਪ ਕਰ ਰਹੇ।

10 ਨਾਬਾਲ ਨੇ ਦਾਵੀਦ ਦੇ ਸੇਵਕਾਂ ਨੂੰ ਉੱਤਰ ਦਿੱਤਾ, "ਇਹ ਦਾਵੀਦ ਕੌਣ ਹੈ? ਇਹ ਯੱਸੀ ਦਾ ਪੁੱਤਰ ਕੌਣ ਹੈ? ਅੱਜ ਕੱਲ੍ਹ ਬਹੁਤ ਸਾਰੇ ਨੌਕਰ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ। 11 ਮੈਂ ਕਿਉਂ ਆਪਣੀ ਰੋਟੀ ਅਤੇ ਪਾਣੀ ਅਤੇ ਉਹ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਲੈ ਕੇ ਉਹਨਾਂ ਮਨੁੱਖਾਂ ਨੂੰ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ?"

12 ਦਾਵੀਦ ਦੇ ਆਦਮੀ ਮੁੜੇ ਅਤੇ ਵਾਪਸ ਚਲੇ ਗਏ। ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਹਰ ਗੱਲ ਦੀ ਸੂਚਨਾ ਦਿੱਤੀ। 13 ਦਾਵੀਦ ਨੇ ਆਪਣੇ ਆਦਮੀਆਂ ਨੂੰ ਆਖਿਆ, "ਤੁਹਾਡੇ ਵਿੱਚੋਂ ਹਰ ਕੋਈ ਆਪਣੀ ਤਲਵਾਰ ਬੰਨ੍ਹੋ!" ਉਸੇ ਤਰ੍ਹਾਂ ਉਹਨਾਂ ਨੇ ਕੀਤਾ, ਅਤੇ ਦਾਵੀਦ ਨੇ ਵੀ ਆਪਣੀ ਤਲਵਾਰ ਬੰਨ ਲਈ ਅਤੇ ਚਾਰ ਸੌ ਦੇ ਕਰੀਬ ਆਦਮੀ ਦਾਵੀਦ ਦੇ ਨਾਲ ਚੜ੍ਹੇ ਅਤੇ ਬਾਕੀ ਦੋ ਸੌ ਸਮੱਗਰੀ ਦੇ ਕੋਲ ਠਹਿਰੇ।

14 ਇੱਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਕਿਹਾ, "ਦਾਵੀਦ ਨੇ ਉਜਾੜ ਵਿੱਚੋਂ ਸੰਦੇਸ਼ਵਾਹਕ ਭੇਜੇ ਜੋ ਸਾਡੇ ਮਾਲਕ ਨੂੰ ਸ਼ੁਭਕਾਮਨਾਵਾਂ ਦੇਣ ਆਏ ਪਰ ਉਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ। 15 ਫਿਰ ਵੀ ਉਹ ਮਨੁੱਖ ਸਾਡੇ ਲਈ ਬਹੁਤ ਚੰਗੇ ਸਨ। ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਨਹੀਂ ਕੀਤਾ, ਅਤੇ ਸਾਰਾ ਸਮਾਂ ਅਸੀਂ ਉਹਨਾਂ ਦੇ ਨੇੜੇ ਖੇਤਾਂ ਵਿੱਚ ਰਹੇ, ਪਰ ਸਾਡੀ ਕੋਈ ਚੀਜ਼ ਵੀ ਨਹੀਂ ਗੁਆਚੀ। 16 ਸਗੋਂ ਜਿੰਨਾਂ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਸੀਂ ਕੰਧ ਵਰਗੀ ਸੁਰੱਖਿਆ ਵਿੱਚ ਸੀ। 17 ਹੁਣ ਸੋਚੋ ਅਤੇ ਵੇਖੋ ਕਿ ਤੁਸੀਂ ਕੀ ਕਰ ਸਕਦੇ ਹੋ ਕਿਉਂ ਜੋ ਸਾਡੇ ਮਾਲਕ ਅਤੇ ਉਸਦੇ ਸਾਰੇ ਘਰਾਣੇ ਉੱਤੇ ਬਿਪਤਾ ਪੈਣ ਵਾਲੀ ਹੈ। ਉਹ ਅਜਿਹਾ ਦੁਸ਼ਟ ਆਦਮੀ ਹੈ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ।"

18 ਅਬੀਗੈਲ ਫੁਰਤੀ ਨਾਲ ਉੱਠੀ ਅਤੇ ਕੰਮ ਕੀਤਾ। ਉਸ ਨੇ ਦੋ ਸੌ ਰੋਟੀਆਂ, ਮੈਅ ਦੀਆਂ ਦੋ ਖੱਲਾਂ, ਪੰਜ ਭੇਡਾਂ, ਭੁੰਨੇ ਹੋਏ ਦਾਣੇ ਦੇ ਪੰਜ ਸੇਹ, ਸੌਗੀ ਦੀਆਂ ਸੌ ਰੋਟੀਆਂ ਅਤੇ ਦੋ ਸੌ ਹੰਜੀਰਾਂ ਦੀਆਂ ਰੋਟੀਆਂ ਲੈ ਕੇ ਖੋਤਿਆਂ ਉੱਤੇ ਲੱਦ ਦਿੱਤੀਆਂ। 19 ਤਦ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, "ਜਾਓ; ਮੈਂ ਤੁਹਾਡਾ ਪਿੱਛਾ ਕਰਾਂਗਾ।" ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਹੀਂ ਦੱਸਿਆ।

20 ਜਦੋਂ ਉਹ ਆਪਣੇ ਖੋਤੇ ਉੱਤੇ ਸਵਾਰ ਹੋ ਕੇ ਪਹਾੜੀ ਦੀ ਖੱਡ ਵਿੱਚ ਆਈ ਤਾਂ ਦਾਵੀਦ ਅਤੇ ਉਸ ਦੇ ਆਦਮੀ ਉਸ ਵੱਲ ਉੱਤਰ ਰਹੇ ਸਨ ਅਤੇ ਉਹ ਉਹਨਾਂ ਨੂੰ ਮਿਲੀ। 21 ਦਾਵੀਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਸ ਦੇ ਸਾਰੇ ਮਾਲ ਵਿੱਚੋਂ ਕੁਝ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੀ ਥਾਂ ਮੇਰੇ ਨਾਲ ਬੁਰਿਆਈ ਕੀਤੀ। 22 ਪਰਮੇਸ਼ਵਰ ਦਾਵੀਦ ਨਾਲ ਅਜਿਹੀ ਸਖ਼ਤੀ ਨਾਲ ਪੇਸ਼ ਆਵੇ, ਜੇਕਰ ਮੈਂ ਸਵੇਰ ਹੋਣ ਤਕ ਉਸ ਦੇ ਸਾਰੇ ਪੁਰਖਾਂ ਵਿੱਚੋਂ ਇੱਕ ਨੂੰ ਵੀ ਜਿਉਂਦਾ ਛੱਡ ਦੇਵਾਂ!

23 ਜਦੋਂ ਅਬੀਗੈਲ ਨੇ ਦਾਵੀਦ ਨੂੰ ਵੇਖਿਆ ਤਾਂ ਉਹ ਝੱਟ ਆਪਣੇ ਖੋਤੇ ਤੋਂ ਉੱਤਰੀ ਅਤੇ ਦਾਵੀਦ ਦੇ ਅੱਗੇ ਜ਼ਮੀਨ ਉੱਤੇ ਮੂੰਹ ਕਰਕੇ ਮੱਥਾ ਟੇਕਿਆ। 24 ਉਹ ਉਸ ਦੇ ਪੈਰੀਂ ਡਿੱਗ ਪਈ ਅਤੇ ਆਖਿਆ, "ਹੇ ਮੇਰੇ ਮਾਲਕ, ਆਪਣੇ ਸੇਵਕ ਨੂੰ ਮਾਫ਼ ਕਰੋ ਅਤੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਓ। ਸੁਣੋ ਤੁਹਾਡੇ ਸੇਵਕ ਦਾ ਕੀ ਕਹਿਣਾ ਹੈ। 25 ਹੇ ਮੇਰੇ ਸੁਆਮੀ, ਕਿਰਪਾ ਕਰਕੇ ਉਸ ਦੁਸ਼ਟ ਨਾਬਾਲ ਵੱਲ ਧਿਆਨ ਨਾ ਦਿਓ। ਉਹ ਬਿਲਕੁਲ ਉਸਦੇ ਨਾਮ ਵਰਗਾ ਹੈ—ਉਸਦੇ ਨਾਮ ਦਾ ਅਰਥ ਹੈ ਮੂਰਖ, ਅਤੇ ਮੂਰਖਤਾ ਉਸਦੇ ਨਾਲ ਜਾਂਦੀ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਮੈਂ ਉਹਨਾਂ ਆਦਮੀਆਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਭੇਜਿਆ ਸੀ। 26 ਅਤੇ ਹੁਣ, ਹੇ ਮੇਰੇ ਮਹਾਰਾਜ, ਜੀਉਂਦੇ ਪਰਮੇਸ਼ਵਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂਕਿ ਯਾਹਵੇਹ ਨੇ ਤੁਹਾਨੂੰ ਲਹੂ ਵਹਾਉਂਣ ਤੋਂ ਅਤੇ ਆਪਣੇ ਹੱਥਾਂ ਨਾਲ ਬਦਲਾ ਲੈਣ ਤੋਂ ਹਟਾਇਆ ਹੈ। ਤੁਹਾਡੇ ਦੁਸ਼ਮਣ ਅਤੇ ਮੇਰੇ ਸੁਆਮੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਨਾਬਾਲ ਵਰਗੇ ਹੋਣ। 27 ਅਤੇ ਇਹ ਤੋਹਫ਼ਾ ਜੋ ਤੇਰੀ ਦਾਸੀ ਮੇਰੇ ਸੁਆਮੀ ਲਈ ਲਿਆਈ ਹੈ, ਉਹਨਾਂ ਮਨੁੱਖਾਂ ਨੂੰ ਦਿੱਤਾ ਜਾਵੇ ਜਿਹੜੇ ਤੇਰੇ ਪਿੱਛੇ ਚੱਲਦੇ ਹਨ।

28 "ਕਿਰਪਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ। ਤੁਹਾਡਾ ਪਰਮੇਸ਼ਵਰ ਮੇਰੇ ਮਾਲਕ ਲਈ ਇੱਕ ਸਦੀਵੀ ਰਾਜਵੰਸ਼ ਜ਼ਰੂਰ ਬਣਾਏਗਾ, ਕਿਉਂਕਿ ਮੇਰਾ ਮਹਾਰਾਜ ਯਾਹਵੇਹ ਦੀਆਂ ਲੜਾਈਆਂ ਲੜਦਾ ਹੈ, ਅਤੇ ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਡੇ ਵਿੱਚ ਕੋਈ ਬੁਰਾਈ ਨਹੀਂ ਪਾਈ ਜਾਵੇਗੀ। 29 ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਾਨ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਾਨ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਦੁਸ਼ਮਣਾਂ ਦੇ ਜਾਨਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ। 30 ਜਦੋਂ ਯਾਹਵੇਹ ਨੇ ਮੇਰੇ ਸੁਆਮੀ ਲਈ ਹਰ ਇੱਕ ਚੰਗੀ ਗੱਲ ਨੂੰ ਪੂਰਾ ਕੀਤਾ ਜੋ ਉਸ ਨੇ ਉਸ ਨਾਲ ਕੀਤਾ ਸੀ ਅਤੇ ਉਸ ਨੂੰ ਇਸਰਾਏਲ ਦਾ ਹਾਕਮ ਠਹਿਰਾਇਆ ਸੀ। 31 ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਦਿਲ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਾਹਵੇਹ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ।"

32 ਦਾਵੀਦ ਨੇ ਅਬੀਗੈਲ ਨੂੰ ਆਖਿਆ, "ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਅੱਜ ਤੈਨੂੰ ਮੇਰੇ ਨਾਲ ਮਿਲਣ ਲਈ ਭੇਜਿਆ ਹੈ। 33 ਮੁਬਾਰਕ ਤੇਰੀ ਸਮਝ ਅਤੇ ਮੁਬਾਰਕ ਤੂੰ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਹਾਉਣ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਰੋਕਿਆ। 34 ਸੱਚ-ਮੁੱਚ ਜੀਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਰੋਕਿਆ ਹੈ ਜੇ ਤੂੰ ਮੈਨੂੰ ਮਿਲਣ ਨੂੰ ਜਲਦੀ ਨਾ ਆਉਂਦੀ ਤਾਂ ਸਵੇਰ ਤੱਕ ਨਾਬਾਲ ਦਾ ਇੱਕ ਵੀ ਮਨੁੱਖ ਜੀਉਂਦਾ ਨਹੀਂ ਬੱਚਣਾ ਸੀ।"

35 ਤਦ ਦਾਵੀਦ ਨੇ ਉਸ ਦੇ ਹੱਥੋਂ ਜੋ ਕੁਝ ਉਹ ਉਸ ਲਈ ਲਿਆਈ ਸੀ, ਉਸ ਨੂੰ ਸਵੀਕਾਰ ਕਰ ਲਿਆ ਅਤੇ ਆਖਿਆ, "ਸ਼ਾਂਤੀ ਨਾਲ ਆਪਣੇ ਘਰ ਜਾ। ਮੈਂ ਤੇਰੀਆਂ ਗੱਲਾਂ ਸੁਣ ਲਈਆਂ ਹਨ ਅਤੇ ਤੇਰੀ ਬੇਨਤੀ ਮੰਨ ਲਈ ਹੈ।"

36 ਜਦੋਂ ਅਬੀਗੈਲ ਨਾਬਾਲ ਕੋਲ ਗਈ ਤਾਂ ਉਹ ਘਰ ਵਿੱਚ ਰਾਜੇ ਵਾਂਗ ਦਾਅਵਤ ਕਰ ਰਿਹਾ ਸੀ। ਉਹ ਵੱਡੇ ਅਨੰਦ ਵਿੱਚ ਅਤੇ ਨਸ਼ੇ ਵਿੱਚ ਸੀ। ਇਸ ਲਈ ਉਸ ਨੇ ਸਵੇਰ ਹੋਣ ਤੱਕ ਉਸਨੂੰ ਕੁਝ ਵੀ ਨਹੀਂ ਦੱਸਿਆ। 37 ਤਦ ਸਵੇਰ ਨੂੰ ਜਦੋਂ ਨਾਬਾਲ ਸ਼ਾਂਤ ਹੋਇਆ ਤਾਂ ਉਹ ਦੀ ਪਤਨੀ ਨੇ ਉਹ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਉਸਦਾ ਮਨ ਉਸ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ। 38 ਅਜਿਹਾ ਹੋਇਆ ਦਸ ਦਿਨਾਂ ਬਾਅਦ, ਯਾਹਵੇਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।

39 ਜਦੋਂ ਦਾਵੀਦ ਨੇ ਸੁਣਿਆ ਕਿ ਨਾਬਾਲ ਮਰ ਗਿਆ ਹੈ, ਤਾਂ ਉਸ ਨੇ ਕਿਹਾ, "ਮੁਬਾਰਕ ਹੈ ਯਾਹਵੇਹ, ਜਿਸ ਨੇ ਨਾਬਾਲ ਕੋਲੋ ਮੇਰੀ ਨਿੰਦਿਆ ਦਾ ਬਦਲਾ ਲਿਆ। ਉਸ ਨੇ ਆਪਣੇ ਸੇਵਕ ਨੂੰ ਬੁਰਿਆਈ ਕਰਨ ਤੋਂ ਰੋਕਿਆ ਹੈ ਅਤੇ ਨਾਬਾਲ ਦੀ ਬੁਰਿਆਈ ਨੂੰ ਉਸਦੇ ਸਿਰ ਉੱਤੇ ਪਾਇਆ।"

ਤਦ ਦਾਵੀਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਣਨ ਲਈ ਕਿਹਾ। 40 ਉਹ ਦੇ ਸੇਵਕ ਕਰਮਲ ਨੂੰ ਗਏ ਅਤੇ ਅਬੀਗੈਲ ਨੂੰ ਆਖਿਆ, "ਦਾਵੀਦ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ ਤੁਹਾਨੂੰ ਉਸਦੀ ਪਤਨੀ ਬਣਨ ਲਈ ਲੈ ਜਾਈਏ।"

41 ਤਦ ਉਸ ਨੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ ਅਤੇ ਆਖਿਆ, ਮੈਂ ਤੇਰੀ ਦਾਸੀ ਹਾਂ ਅਤੇ ਤੇਰੀ ਸੇਵਾ ਕਰਨ ਅਤੇ ਆਪਣੇ ਮਾਲਕ ਦੇ ਸੇਵਕਾਂ ਦੇ ਪੈਰ ਧੋਣ ਲਈ ਤਿਆਰ ਹਾਂ। 42 ਅਬੀਗੈਲ ਛੇਤੀ ਨਾਲ ਉੱਠ ਕੇ ਗਧੇ ਉੱਤੇ ਚੜ੍ਹੀ ਅਤੇ ਆਪਣੀਆਂ ਪੰਜ ਦਾਸੀਆਂ ਸਮੇਤ ਦਾਵੀਦ ਦੇ ਸੰਦੇਸ਼ਵਾਹਕਾਂ ਦੇ ਨਾਲ ਗਈ ਅਤੇ ਉਹ ਦੀ ਪਤਨੀ ਬਣ ਗਈ। 43 ਦਾਵੀਦ ਨੇ ਯਿਜ਼ਰਏਲ ਦੀ ਵਾਸੀ ਅਹੀਨੋਅਮ ਨਾਲ ਵੀ ਵਿਆਹ ਕਰਵਾਂ ਲਿਆ ਸੀ ਅਤੇ ਉਹ ਦੋਵੇਂ ਵੀ ਉਸ ਦੀਆਂ ਪਤਨੀਆਂ ਬਣ ਗਈਆਂ। 44 ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਵੀਦ ਦੀ ਪਤਨੀ ਸੀ, ਲਾਇਸ਼ ਦੇ ਪੁੱਤਰ ਪਲਤੀਏਲ ਨੂੰ ਜੋ ਗਲੀਮ ਤੋਂ ਸੀ, ਦੇ ਦਿੱਤਾ ਸੀ।

Veja também

Publicidade
Bíblia Online Bíblia Online

Bíblia Online • Versão: 2026-06-22_10-02-25-