1 ਸਮੂਏਲ ਦਾ ਬਚਨ ਸਾਰੇ ਇਸਰਾਏਲ ਵਿੱਚ ਫੈਲ ਗਿਆ।
ਹੁਣ ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਲਈ ਨਿਕਲੇ। ਇਸਰਾਏਲੀਆਂ ਨੇ ਅਬੇਨੇਜ਼ਰ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ। 2 ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੀਆਂ ਫ਼ੌਜਾਂ ਤਾਇਨਾਤ ਕੀਤੀਆਂ ਅਤੇ ਜਿਵੇਂ ਹੀ ਲੜਾਈ ਵੱਧ ਗਈ ਤਾਂ ਇਸਰਾਏਲ ਫ਼ਲਿਸਤੀਆਂ ਦੇ ਹੱਥੋਂ ਹਾਰ ਗਿਆ ਅਤੇ ਉਹਨਾਂ ਵਿੱਚੋਂ ਲਗਭਗ ਚਾਰ ਹਜ਼ਾਰ ਨੂੰ ਯੁੱਧ ਦੇ ਮੈਦਾਨ ਵਿੱਚ ਮਾਰ ਦਿੱਤਾ। 3 ਜਦੋਂ ਸਿਪਾਹੀ ਡੇਰੇ ਵਿੱਚ ਮੁੜੇ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, "ਯਾਹਵੇਹ ਨੇ ਅੱਜ ਫ਼ਲਿਸਤੀਆਂ ਦੇ ਅੱਗੇ ਸਾਨੂੰ ਹਾਰ ਕਿਉਂ ਦਿੱਤੀ? ਆਓ ਅਸੀਂ ਸ਼ੀਲੋਹ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਲੈ ਆਈਏ, ਤਾਂ ਜੋ ਉਹ ਸਾਡੇ ਵਿਚਕਾਰ ਹੋ ਕੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।"
4 ਇਸ ਲਈ ਲੋਕਾਂ ਨੇ ਸ਼ੀਲੋਹ ਵਿੱਚ ਆਦਮੀ ਭੇਜੇ ਅਤੇ ਉਹ ਸਰਬਸ਼ਕਤੀਮਾਨ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਵਾਪਸ ਲੈ ਆਏ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਨਾਲ ਉੱਥੇ ਸਨ।
5 ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆਇਆ, ਤਾਂ ਸਾਰੇ ਇਸਰਾਏਲ ਨੇ ਅਜਿਹਾ ਵੱਡਾ ਜੈਕਾਰਾ ਬੁਲਾਇਆ ਕਿ ਜ਼ਮੀਨ ਹਿੱਲ ਗਈ। 6 ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਆਵਾਜ਼ ਸੁਣੀ ਤਾਂ ਬੋਲੇ, "ਇਨ੍ਹਾਂ ਇਬਰਾਨੀਆਂ ਦੇ ਡੇਰੇ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਆਵਾਜ਼ ਹੈ?"
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਯਾਹਵੇਹ ਦਾ ਸੰਦੂਕ ਡੇਰੇ ਵਿੱਚ ਆ ਗਿਆ ਹੈ। 7 ਤਦ ਫ਼ਲਿਸਤੀ ਡਰ ਕੇ ਕਹਿਣ ਲੱਗੇ, "ਪਰਮੇਸ਼ਵਰ ਡੇਰੇ ਵਿੱਚ ਆਇਆ ਹੈ ਅਤੇ ਬੋਲੇ, ਸਾਡੇ ਉੱਤੇ ਹਾਏ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੇ ਨਹੀਂ ਹੋਈ। 8 ਹਾਏ, ਅਜਿਹੇ ਬਲਵੰਤ ਪਰਮੇਸ਼ਵਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ। 9 ਹੇ ਫ਼ਲਿਸਤੀਓ, ਤਕੜੇ ਹੋਵੋ! ਮਰਦ ਬਣੋ, ਤਾਂ ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ, ਜਿਵੇਂ ਉਹ ਤੁਹਾਡੇ ਗੁਲਾਮ ਬਣੇ ਸਨ ਸਗੋਂ ਮਰਦ ਬਣੋ ਅਤੇ ਲੜੋ!"
10 ਸੋ ਫ਼ਲਿਸਤੀ ਲੜੇ ਅਤੇ ਇਸਰਾਏਲੀ ਹਾਰ ਗਏ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। ਉੱਥੇ ਬਹੁਤ ਲੜਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ। 11 ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਮਾਰੇ ਗਏ।
12 ਉਸੇ ਦਿਨ ਇੱਕ ਬਿਨਯਾਮੀਨੀ ਮਨੁੱਖ ਜੰਗ ਦੇ ਮੈਦਾਨ ਵਿੱਚੋਂ ਭੱਜਾ ਅਤੇ ਆਪਣੇ ਕੱਪੜੇ ਪਾੜੇ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਸ਼ੀਲੋਹ ਵਿੱਚ ਆਇਆ। 13 ਜਦੋਂ ਉਹ ਪਹੁੰਚਿਆ ਤਾਂ ਏਲੀ ਸੜਕ ਦੇ ਇੱਕ ਪਾਸੇ ਆਪਣੀ ਕੁਰਸੀ ਉੱਤੇ ਬੈਠ ਕੇ ਰਾਹ ਵੇਖ ਰਿਹਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ਵਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ। ਜਦੋਂ ਉਹ ਆਦਮੀ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਜੋ ਕੁਝ ਹੋਇਆ ਉਸਨੇ ਸਭ ਦੱਸਿਆ, ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ।
14 ਜਦੋਂ ਏਲੀ ਨੇ ਵਿਰਲਾਪ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, ਇਹ ਕਿਹੋ ਜਿਹਾ ਰੌਲਾ ਪੈ ਰਿਹਾ ਹੈ?
ਅਤੇ ਉਸ ਮਨੁੱਖ ਨੇ ਛੇਤੀ ਨਾਲ ਆ ਕੇ ਏਲੀ ਨੂੰ ਖ਼ਬਰ ਦਿੱਤੀ, 15 ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਸ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ। 16 ਉਸ ਮਨੁੱਖ ਨੇ ਏਲੀ ਨੂੰ ਕਿਹਾ, "ਮੈਂ ਲੜਾਈ ਵਿੱਚੋਂ ਆਇਆ ਹਾਂ ਅਤੇ ਮੈਂ ਅੱਜ ਭੱਜ ਕੇ ਆਇਆ ਹਾਂ।"
ਏਲੀ ਨੇ ਪੁੱਛਿਆ, "ਹੇ ਮੇਰੇ ਪੁੱਤਰ, ਕੀ ਖ਼ਬਰ ਹੈ?"
17 ਖ਼ਬਰ ਦੇਣ ਵਾਲੇ ਨੇ ਉੱਤਰ ਦਿੱਤਾ, "ਇਸਰਾਏਲ ਫ਼ਲਿਸਤੀਆਂ ਦੇ ਅੱਗੋਂ ਹਾਰ ਗਿਆ ਹੈ ਅਤੇ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਤੁਹਾਡੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਵੀ ਮਾਰੇ ਗਏ ਹਨ ਅਤੇ ਪਰਮੇਸ਼ਵਰ ਦਾ ਸੰਦੂਕ ਫੜ ਲਿਆ ਗਿਆ ਹੈ।"
18 ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।
19 ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ। 20 ਜਦੋਂ ਉਹ ਮੌਤ ਦੇ ਕਰੀਬ ਸੀ ਤਾਂ ਉਸ ਦੇ ਕੋਲ ਆਈਆਂ ਔਰਤਾਂ ਨੇ ਆਖਿਆ, "ਨਿਰਾਸ਼ ਨਾ ਹੋ ਕਿਉਂ ਜੋ ਤੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।" ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਧਿਆਨ ਦਿੱਤਾ।
21 ਪਰਮੇਸ਼ਵਰ ਦੇ ਸੰਦੂਕ ਦੇ ਫੜੇ ਜਾਣ ਅਤੇ ਉਸਦੇ ਸਹੁਰੇ ਅਤੇ ਉਸਦੇ ਪਤੀ ਦੀ ਮੌਤ ਦੇ ਕਾਰਨ ਉਸਨੇ ਲੜਕੇ ਦਾ ਨਾਮ ਈਕਾਬੋਦ ਰੱਖਿਆ, "ਇਸਰਾਏਲ ਤੋਂ ਮਹਿਮਾ ਚਲੀ ਗਈ ਹੈ।" 22 ਉਸ ਨੇ ਕਿਹਾ, "ਇਸਰਾਏਲ ਤੋਂ ਮਹਿਮਾ ਚਲੀ ਗਈ ਹੈ ਕਿਉਂ ਜੋ ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਹੈ।"