1 ਉਹ ਬਾਲਕ ਸਮੂਏਲ ਏਲੀ ਦੇ ਅਧੀਨ ਯਾਹਵੇਹ ਦੇ ਅੱਗੇ ਸੇਵਾ ਕਰਦਾ ਸੀ। ਉਨ੍ਹੀਂ ਦਿਨੀਂ ਯਾਹਵੇਹ ਦਾ ਸ਼ਬਦ ਬਹੁਤ ਦੁਰਲੱਭ ਸੀ, ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ।
2 ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ। 3 ਪਰਮੇਸ਼ਵਰ ਦਾ ਦੀਵਾ ਅਜੇ ਬੁਝਿਆ ਨਹੀਂ ਸੀ ਅਤੇ ਸਮੂਏਲ ਯਾਹਵੇਹ ਦੇ ਘਰ ਵਿੱਚ ਲੇਟਿਆ ਹੋਇਆ ਸੀ, ਜਿੱਥੇ ਪਰਮੇਸ਼ਵਰ ਦਾ ਸੰਦੂਕ ਸੀ। 4 ਤਦ ਯਾਹਵੇਹ ਨੇ ਸਮੂਏਲ ਨੂੰ ਬੁਲਾਇਆ।
ਸਮੂਏਲ ਨੇ ਉੱਤਰ ਦਿੱਤਾ, "ਮੈਂ ਹਾਜ਼ਰ ਹਾਂ।" 5 ਅਤੇ ਉਹ ਏਲੀ ਕੋਲ ਭੱਜਿਆ ਅਤੇ ਆਖਿਆ, "ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।"
ਪਰ ਏਲੀ ਨੇ ਕਿਹਾ, "ਮੈਂ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।" ਇਸ ਲਈ ਉਹ ਜਾ ਕੇ ਲੇਟ ਗਿਆ।
6 ਫੇਰ ਯਾਹਵੇਹ ਨੇ ਬੁਲਾਇਆ, "ਸਮੂਏਲ!" ਤਦ ਉਹ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, "ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।"
ਏਲੀ ਨੇ ਕਿਹਾ, "ਹੇ ਮੇਰੇ ਪੁੱਤਰ ਮੈਂ ਤੈਨੂੰ ਨਹੀਂ ਬੁਲਾਇਆ; ਵਾਪਸ ਜਾ ਅਤੇ ਲੇਟ ਜਾ।"
7 ਪਰ ਸਮੂਏਲ ਅਜੇ ਤੱਕ ਯਾਹਵੇਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਾਹਵੇਹ ਦਾ ਬਚਨ ਅਜੇ ਉਸ ਉੱਤੇ ਪ੍ਰਗਟ ਹੋਇਆ ਸੀ।
8 ਤੀਜੀ ਵਾਰ ਯਾਹਵੇਹ ਨੇ ਬੁਲਾਇਆ, "ਸਮੂਏਲ!" ਸਮੂਏਲ ਉੱਠਿਆ ਅਤੇ ਏਲੀ ਕੋਲ ਗਿਆ ਅਤੇ ਆਖਿਆ, "ਮੈਂ ਹਾਜ਼ਰ ਹਾਂ; ਤੁਸੀਂ ਮੈਨੂੰ ਬੁਲਾਇਆ।"
ਤਦ ਏਲੀ ਨੇ ਜਾਣ ਲਿਆ ਕਿ ਯਾਹਵੇਹ ਮੁੰਡੇ ਨੂੰ ਬੁਲਾ ਰਿਹਾ ਸੀ। 9 ਤਾਂ ਏਲੀ ਨੇ ਸਮੂਏਲ ਨੂੰ ਆਖਿਆ, "ਜਾ ਅਤੇ ਲੇਟ ਜਾ, ਅਤੇ ਜੇਕਰ ਉਹ ਤੈਨੂੰ ਬੁਲਾਵੇ ਤਾਂ ਆਖਣਾ, ਹੇ ਯਾਹਵੇਹ ‘ਬੋਲ, ਤੇਰਾ ਸੇਵਕ ਸੁਣਦਾ ਹੈ।’ " ਤਾਂ ਸਮੂਏਲ ਜਾ ਕੇ ਆਪਣੀ ਥਾਂ ਲੇਟ ਗਿਆ।
10 ਤਦ ਯਾਹਵੇਹ ਆਇਆ ਅਤੇ ਉੱਥੇ ਖੜ੍ਹਾ ਹੋ ਕੇ ਪਹਿਲਾਂ ਵਾਂਗ ਪੁਕਾਰਿਆ, "ਸਮੂਏਲ! ਸਮੂਏਲ!"
ਤਦ ਸਮੂਏਲ ਨੇ ਕਿਹਾ, "ਬੋਲ ਕਿਉਂ ਜੋ ਤੁਹਾਡਾ ਸੇਵਕ ਸੁਣਦਾ ਹੈ।"
11 ਅਤੇ ਯਾਹਵੇਹ ਨੇ ਸਮੂਏਲ ਨੂੰ ਆਖਿਆ, "ਵੇਖ, ਮੈਂ ਇਸਰਾਏਲ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਸੁਣਨ ਵਾਲੇ ਹਰ ਇੱਕ ਦੇ ਕੰਨ ਕੰਬਣਗੇ। 12 ਉਸ ਸਮੇਂ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਪਰਿਵਾਰ ਦੇ ਲਈ ਆਖਿਆ ਸੀ। 13 ਕਿਉਂ ਜੋ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਉਸ ਦੇ ਘਰਾਣੇ ਦਾ ਸਦਾ ਲਈ ਨਿਆਂ ਕਰਾਂਗਾ ਉਸ ਪਾਪ ਦੇ ਕਾਰਨ ਜਿਸ ਬਾਰੇ ਉਸਨੇ ਜਾਣ ਵੀ ਲਿਆ ਹੈ। ਉਸਦੇ ਪੁੱਤਰਾਂ ਨੇ ਪਰਮੇਸ਼ਵਰ ਦੀ ਨਿੰਦਿਆ ਕੀਤੀ, ਅਤੇ ਉਹ ਉਹਨਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ। 14 ਇਸ ਲਈ ਮੈਂ ਏਲੀ ਦੇ ਪਰਿਵਾਰ ਵਿਖੇ ਮੈਂ ਸਹੁੰ ਖਾਧੀ, ‘ਏਲੀ ਦੇ ਪਰਿਵਾਰ ਦਾ ਦੋਸ਼ ਬਲੀ ਜਾਂ ਭੇਟ ਨਾਲ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ।’ "
15 ਸਮੂਏਲ ਸਵੇਰ ਤੱਕ ਸੁੱਤਾ ਰਿਹਾ ਅਤੇ ਫਿਰ ਯਾਹਵੇਹ ਦੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਏਲੀ ਨੂੰ ਦਰਸ਼ਨ ਦੱਸਣ ਤੋਂ ਡਰਦਾ ਸੀ, 16 ਪਰ ਏਲੀ ਨੇ ਉਹ ਨੂੰ ਸੱਦ ਕੇ ਆਖਿਆ, ਸਮੂਏਲ ਮੇਰੇ ਪੁੱਤਰ।
ਸਮੂਏਲ ਨੇ ਉੱਤਰ ਦਿੱਤਾ, "ਮੈਂ ਹਾਜ਼ਰ ਹਾਂ।"
17 ਤਦ ਉਸ ਨੇ ਪੁੱਛਿਆ, "ਉਹ ਕਿਹੜੀ ਗੱਲ ਹੈ ਜਿਹੜੀ ਯਾਹਵੇਹ ਨੇ ਤੈਨੂੰ ਆਖੀ ਹੈ? ਉਸ ਨੂੰ ਮੇਰੇ ਤੋਂ ਨਾ ਲੁਕਾਵੀਂ। ਜੇ ਕਦੀ ਉਹਨਾਂ ਗੱਲਾਂ ਵਿੱਚੋਂ ਜੋ ਉਸਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਵੀਂ ਤਾਂ ਪਰਮੇਸ਼ਵਰ ਤੇਰੇ ਨਾਲ ਉਸ ਤਰ੍ਹਾਂ ਹੀ ਕਰੇ ਸਗੋਂ ਉਸ ਤੋਂ ਵੱਧ ਕਰੇ।" 18 ਤਾਂ ਸਮੂਏਲ ਨੇ ਉਸ ਤੋਂ ਕੁਝ ਨਾ ਛੁਪਾਇਆ ਅਤੇ ਉਸ ਨੂੰ ਸਭ ਕੁਝ ਦੱਸ ਦਿੱਤਾ। ਤਦ ਏਲੀ ਨੇ ਕਿਹਾ, "ਉਹ ਯਾਹਵੇਹ ਹੀ ਹੈ; ਉਹ ਉਹੀ ਕਰੇ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।"
19 ਯਾਹਵੇਹ ਸਮੂਏਲ ਦੇ ਨਾਲ ਸੀ ਜਦੋਂ ਉਹ ਵੱਡਾ ਹੁੰਦਾ ਗਿਆ, ਉਸਨੇ ਉਸਦੀ ਕੋਈ ਵੀ ਆਖੀ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ। 20 ਅਤੇ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਸਾਰੇ ਇਸਰਾਏਲ ਨੇ ਜਾਣ ਲਿਆ ਕਿ ਸਮੂਏਲ ਯਾਹਵੇਹ ਦਾ ਨਬੀ ਠਹਿਰਾਇਆ ਗਿਆ ਸੀ। 21 ਯਾਹਵੇਹ ਸ਼ੀਲੋਹ ਵਿੱਚ ਪ੍ਰਗਟ ਹੁੰਦਾ ਰਿਹਾ ਅਤੇ ਉੱਥੇ ਉਸਨੇ ਸਮੂਏਲ ਨੂੰ ਆਪਣੇ ਬਚਨ ਦੁਆਰਾ ਪ੍ਰਗਟ ਕੀਤਾ।