Publicidade

João 14

ਪਰਮੇਸ਼ਵਰ ਤੱਕ ਪਹੁੰਚਣ ਦਾ ਰਾਹ

1 ਯਿਸ਼ੂ ਨੇ ਆਖਿਆ, "ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ ਤੇ ਵਿਸ਼ਵਾਸ ਕਰੋ ਅਤੇ ਮੇਰੇ ਤੇ ਵੀ ਵਿਸ਼ਵਾਸ ਕਰੋ। 2 ਮੇਰੇ ਪਿਤਾ ਜੀ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਸਥਾਨ ਹਨ; ਜੇ ਇਹ ਨਾ ਹੁੰਦਾ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ? 3 ਅਤੇ ਜੇ ਮੈਂ ਜਾਵਾਂਗਾ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਹੋਵੋ। 4 ਤੁਸੀਂ ਉਸ ਜਗ੍ਹਾ ਦਾ ਰਾਹ ਜਾਣਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ।"

ਯਿਸ਼ੂ ਪਿਤਾ ਦੇ ਕੋਲ ਜਾਣ ਦਾ ਰਾਹ

5 ਥੋਮਸ ਨੇ ਯਿਸ਼ੂ ਨੂੰ ਕਿਹਾ, "ਪ੍ਰਭੂ ਜੀ, ਸਾਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਅਸੀਂ ਉਸ ਰਸਤੇ ਨੂੰ ਕਿਵੇਂ ਜਾਣ ਸਕਦੇ ਹਾਂ?"

6 ਯਿਸ਼ੂ ਨੇ ਉੱਤਰ ਦਿੱਤਾ, "ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ। 7 ਜੇ ਤੁਸੀਂ ਸੱਚ-ਮੁੱਚ ਮੈਨੂੰ ਜਾਣਦੇ ਹੋ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਵੋਂਗੇ। ਹੁਣ ਤੁਸੀਂ ਉਸ ਨੂੰ ਜਾਣਦੇ ਹੋ, ਅਤੇ ਉਸ ਨੂੰ ਵੇਖਿਆ ਹੈ।"

8 ਫਿਲਿੱਪਾਸ ਨੇ ਕਿਹਾ, "ਹੇ ਪ੍ਰਭੂ, ਸਾਨੂੰ ਪਿਤਾ ਜੀ ਦੇ ਦਰਸ਼ਨ ਕਰਵਾਓ, ਉਹ ਸਾਡੇ ਲਈ ਕਾਫ਼ੀ ਹੋਵੇਗਾ।"

9 ਯਿਸ਼ੂ ਨੇ ਜਵਾਬ ਦਿੱਤਾ: "ਫਿਲਿੱਪਾਸ, ਕੀ ਤੂੰ ਮੈਨੂੰ ਨਹੀਂ ਜਾਣਦਾ ਜਦੋਂ ਮੈਂ ਤੁਹਾਡੇ ਵਿੱਚਕਾਰ ਇਨ੍ਹੇ ਲੰਮੇ ਸਮੇਂ ਤੋਂ ਰਿਹਾ ਹਾਂ? ਜਿਸ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੇਖਿਆ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ, ‘ਕਿ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ’? 10 ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਉਹ ਸ਼ਬਦ ਜੋ ਮੈਂ ਤੁਹਾਨੂੰ ਕਹਿੰਦਾ ਹਾਂ ਮੈਂ ਆਪਣੇ ਅਧਿਕਾਰ ਨਾਲ ਨਹੀਂ ਬੋਲਦਾ। ਸਗੋਂ ਇਹ ਪਿਤਾ ਹੈ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਜੋ ਆਪਣਾ ਕੰਮ ਕਰ ਰਿਹਾ ਹੈ। 11 ਮੇਰੇ ਤੇ ਵਿਸ਼ਵਾਸ ਕਰੋ ਜਦੋਂ ਮੈਂ ਕਹਿੰਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ। ਨਹੀਂ ਤਾਂ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ। 12 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਕੋਈ ਵੀ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਕੰਮ ਕਰਦਾ ਹੈ ਜਿਹੜਾ ਮੈਂ ਕਰਦਾ ਹਾਂ, ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਕਰਨਗੇ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ। 13 ਅਤੇ ਜੋ ਵੀ ਤੁਸੀਂ ਮੇਰੇ ਨਾਮ ਤੇ ਮੰਗੋਂਗੇ ਮੈਂ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। 14 ਤੁਸੀਂ ਮੇਰੇ ਨਾਮ ਤੇ ਕੁਝ ਵੀ ਮੰਗੋਂਗੇ ਤਾਂ ਮੈਂ ਉਹ ਕਰਾਂਗਾ।"

ਯਿਸ਼ੂ ਦਾ ਪਵਿੱਤਰ ਆਤਮਾ ਦਾ ਵਾਅਦਾ

15 ਯਿਸ਼ੂ ਨੇ ਕਿਹਾ, "ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂਂ ਦੀ ਪਾਲਣਾ ਕਰੋ। 16 ਅਤੇ ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਹੋਰ ਸਹਾਇਕ ਦੇਵੇਗਾ ਤਾਂ ਜੋ ਉਹ ਤੁਹਾਡੀ ਸਹਾਇਤਾ ਕਰੇ ਅਤੇ ਹਮੇਸ਼ਾ ਤੁਹਾਡੇ ਨਾਲ ਰਹੇ। 17 ਉਹ ਸੱਚ ਦਾ ਆਤਮਾ ਹੈ। ਸੰਸਾਰ ਉਸ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਉਸ ਨੂੰ ਵੇਖ ਨਹੀਂ ਸਕਦਾ ਅਤੇ ਨਾ ਉਸ ਨੂੰ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। 18 ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ। 19 ਥੋੜ੍ਹਾ ਸਮਾਂ ਹੋਰ ਹੈ, ਫਿਰ ਸੰਸਾਰ ਮੈਨੂੰ ਨਹੀਂ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਂਗੇ। ਕਿਉਂਕਿ ਮੈਂ ਜਿਉਂਦਾ ਹਾਂ ਇਸ ਲਈ ਤੁਸੀਂ ਵੀ ਜੀਵੋਗੇ। 20 ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। 21 ਜਿਸ ਕਿਸੇ ਕੋਲ ਮੇਰੀਆਂ ਆਗਿਆਵਾਂ ਹਨ ਅਤੇ ਉਹਨਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ। ਜੋ ਕੋਈ ਮੈਨੂੰ ਪਿਆਰ ਕਰਦਾ ਉਹ ਮੇਰੇ ਪਿਤਾ ਨੂੰ ਪਿਆਰ ਕਰਦਾ, ਅਤੇ ਮੈਂ ਵੀ ਉਹਨਾਂ ਨਾਲ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰਾਂਗਾ।"

22 ਫਿਰ ਯਹੂਦਾਹ (ਯਹੂਦਾਹ ਇਸਕਾਰਿਯੋਤ ਵਾਸੀ ਨਹੀਂ) ਨੇ ਕਿਹਾ, "ਪਰ ਹੇ ਪ੍ਰਭੂ, ਤੁਸੀਂ ਆਪਣੇ ਆਪ ਨੂੰ ਸਾਡੇ ਤੇ ਪ੍ਰਗਟ ਕਰਨਾ ਚਾਹੁੰਦੇ ਹੋ ਅਤੇ ਫਿਰ ਸੰਸਾਰ ਤੇ ਕਿਉਂ ਨਹੀਂ?"

23 ਯਿਸ਼ੂ ਨੇ ਉੱਤਰ ਦਿੱਤਾ, "ਜਿਹੜਾ ਵੀ ਮਨੁੱਖ ਮੈਨੂੰ ਪਿਆਰ ਕਰਦਾ ਉਹ ਮੇਰੇ ਬਚਨ ਦਾ ਵੀ ਪਾਲਣ ਕਰੇਗਾ ਅਤੇ ਮੇਰਾ ਪਿਤਾ ਉਹਨਾਂ ਨਾਲ ਪਿਆਰ ਕਰੇਂਗਾ, ਅਤੇ ਅਸੀਂ ਉਹਨਾਂ ਕੋਲ ਆਵਾਂਗੇ ਅਤੇ ਉਹਨਾਂ ਵਿੱਚ ਆਪਣਾ ਘਰ ਬਣਾਵਾਂਗੇ। 24 ਜਿਹੜਾ ਮਨੁੱਖ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੀ ਆਗਿਆ ਨੂੰ ਨਹੀਂ ਮੰਨਦਾ। ਇਹ ਸ਼ਬਦ ਜੋ ਤੁਸੀਂ ਸੁਣਦੇ ਹੋ ਮੇਰੇ ਆਪਣੇ ਨਹੀਂ ਹਨ ਪਰ ਉਹ ਪਿਤਾ ਦੇ ਹਨ ਜਿਸ ਨੇ ਮੈਨੂੰ ਭੇਜਿਆ ਹੈ।

25 "ਤੁਹਾਡੇ ਨਾਲ ਰਹਿੰਦਿਆਂ ਮੈਂ ਤੁਹਾਨੂੰ ਇਹ ਸਭ ਗੱਲਾਂ ਦੱਸੀਆਂ ਹਨ। 26 ਪਰ ਫਿਰ ਮਦਦਗਾਰ ਜੋ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਦਾ ਹੈ, ਉਹ ਤੁਹਾਨੂੰ ਸਭ ਕੁਝ ਸਿਖਾਏਗਾ ਅਤੇ ਉਹ ਸਭ ਕੁਝ ਚੇਤੇ ਕਰਾਵੇਗਾ ਜੋ ਮੈਂ ਤੁਹਾਨੂੰ ਕਿਹਾ ਹੈ। 27 ਮੈਂ ਤੁਹਾਨੂੰ ਸ਼ਾਤੀ ਦਿੰਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਉਵੇਂ ਨਹੀਂ ਦਿੰਦਾ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ।

28 "ਤੁਸੀਂ ਮੈਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ।’ ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਹਾਨੂੰ ਖੁਸ਼ੀ ਹੋਵੇਗੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ। 29 ਇਹ ਸਭ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਸ ਲਈ ਜਦੋਂ ਇਹ ਸਭ ਹੋਵੇਗਾ ਤੁਸੀਂ ਵਿਸ਼ਵਾਸ ਕਰੋਗੇ। 30 ਮੈਂ ਤੁਹਾਨੂੰ ਹੋਰ ਕੁਝ ਨਹੀਂ ਕਹਾਂਗਾ, ਕਿਉਂਕਿ ਇਸ ਸੰਸਾਰ ਦਾ ਸਰਦਾਰ ਆ ਰਿਹਾ ਹੈ। ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ। 31 ਪਰ ਉਹ ਆਉਂਦਾ ਹੈ ਤਾਂ ਜੋ ਸੰਸਾਰ ਇਹ ਸਿੱਖੇ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਹਨਾਂ ਦੀ ਆਗਿਆ ਨੂੰ ਮੰਨਦਾ ਹਾਂ।"

ਉੱਠੋ, "ਹੁਣ ਇੱਥੋਂ ਚੱਲੀਏ।"

Veja também

Publicidade
Bíblia Online Bíblia Online

Bíblia Online • Versão: 2026-06-16_18-40-07-