1 ਯਿਸ਼ੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਕਿ ਯਿਸ਼ੂ ਯੋਹਨ ਨਾਲੋਂ ਵੱਧ ਚੇਲੇ ਬਣਾ ਰਿਹਾ ਹੈ ਤੇ ਉਹ ਬਪਤਿਸਮਾ ਵੀ ਦਿੰਦਾ ਹੈ। 2 ਭਾਵੇਂ ਯਿਸ਼ੂ ਆਪ ਬਪਤਿਸਮਾ ਨਹੀਂ ਦੇ ਰਹੇ ਸਨ, ਸਗੋਂ ਉਹ ਦੇ ਚੇਲੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ। 3 ਫਿਰ ਯਿਸ਼ੂ ਯਹੂਦਿਯਾ ਨੂੰ ਛੱਡ ਕੇ ਮੁੜ ਗਲੀਲ ਦੇ ਸੂਬੇ ਨੂੰ ਚਲੇ ਗਏ।
4 ਗਲੀਲ ਨੂੰ ਜਾਣ ਲੱਗਿਆਂ ਯਿਸ਼ੂ ਦਾ ਸਾਮਰਿਯਾ ਦੇ ਇਲਾਕੇ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ। 5 ਯਿਸ਼ੂ ਸਾਮਰਿਯਾ ਦੇ ਇਲਾਕੇ ਸੁਖਾਰ ਨਗਰ ਕੋਲ ਆਏ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੋਬ ਨੇ ਆਪਣੇ ਪੁੱਤਰ ਯੋਸੇਫ਼ ਨੂੰ ਦਿੱਤੀ ਸੀ। 6 ਯਾਕੋਬ ਦਾ ਖੂਹ ਉੱਥੇ ਸੀ। ਯਿਸ਼ੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਏ ਅਤੇ ਉੱਥੇ ਬੈਠ ਗਏ। ਇਹ ਲਗਭਗ ਦੁਪਹਿਰ ਦਾ ਸਮਾਂ ਸੀ।
7 ਇੱਕ ਸਾਮਰਿਯਾ ਵਾਸੀ ਔਰਤ ਪਾਣੀ ਭਰਨ ਲਈ ਖੂਹ ਤੇ ਆਈ। ਯਿਸ਼ੂ ਨੇ ਉਸ ਨੂੰ ਕਿਹਾ, "ਕਿ ਤੂੰ ਮੈਨੂੰ ਪੀਣ ਲਈ ਪਾਣੀ ਦੇਵੇਗੀ।" 8 ਪਰ ਉਸ ਸਮੇਂ ਯਿਸ਼ੂ ਦੇ ਚੇਲੇ ਨਗਰ ਵਿੱਚੋਂ ਭੋਜਨ ਖਰੀਦਣ ਗਏ ਹੋਏ ਸਨ।
9 ਉਹ ਸਾਮਰਿਯਾ ਵਾਸੀ ਔਰਤ ਨੇ ਯਿਸ਼ੂ ਨੂੰ ਆਖਿਆ, "ਮੈਂ ਸਾਮਰਿਯਾ ਵਾਸੀ ਹਾਂ ਅਤੇ ਤੁਸੀਂ ਇੱਕ ਯਹੂਦੀ ਹੋ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ।" ਕਿਉਂਕਿ ਯਹੂਦੀ ਸਾਮਰਿਯਾ ਵਾਸੀਆਂ ਨਾਲ ਕੋਈ ਮੇਲ ਨਹੀਂ ਰੱਖਦੇ।
10 ਯਿਸ਼ੂ ਨੇ ਉਸ ਔਰਤ ਨੂੰ ਆਖਿਆ, "ਜੇ ਤੂੰ ਪਰਮੇਸ਼ਵਰ ਦੇ ਵਰਦਾਨ ਨੂੰ ਜਾਣਦੀ ਅਤੇ ਇਹ ਵੀ ਜਾਣਦੀ ਕਿ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ, ਉਹ ਕੌਣ ਹੈ ਤਾਂ ਤੂੰ ਉਸ ਕੋਲੋਂ ਪਾਣੀ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।"
11 ਉਸ ਔਰਤ ਨੇ ਕਿਹਾ, "ਸ਼੍ਰੀਮਾਨ ਜੀ, ਤੁਹਾਡੇ ਕੋਲ ਕੋਈ ਬਰਤਨ ਵੀ ਨਹੀਂ ਅਤੇ ਖੂਹ ਬਹੁਤ ਡੂੰਘਾ ਹੈ। ਤੁਸੀਂ ਜੀਵਨ ਦਾ ਜਲ ਕਿੱਥੋਂ ਲਿਆਓਗੇ? 12 ਕਿ ਤੁਸੀਂ ਸਾਡੇ ਪਿਤਾ ਯਾਕੋਬ ਨਾਲੋਂ ਵੀ ਮਹਾਨ ਹੋ ਜਿਨ੍ਹਾਂ ਨੇ ਸਾਨੂੰ ਇਹ ਖੂਹ ਦਿੱਤਾ ਹੈ? ਉਸ ਨੇ ਆਪ ਅਤੇ ਉਸ ਦੇ ਪੁੱਤਰਾਂ ਤੇ ਡੰਗਰਾਂ ਨੇ ਵੀ ਇਸ ਤੋਂ ਪਾਣੀ ਪੀਤਾ ਸੀ।"
13 ਯਿਸ਼ੂ ਨੇ ਉੱਤਰ ਦਿੱਤਾ, "ਜਿਹੜਾ ਕੋਈ ਵੀ ਇਸ ਖੂਹ ਦਾ ਪਾਣੀ ਪੀਵੇਗਾ ਉਹ ਦੁਬਾਰਾ ਪਿਆਸਾ ਹੋਵੇਗਾ। 14 ਪਰ ਜੋ ਕੋਈ ਵੀ ਉਹ ਪਾਣੀ ਪੀਵੇਗਾ ਜੋ ਮੈਂ ਉਸ ਨੂੰ ਦਿੰਦਾ ਹਾਂ ਉਹ ਕਦੇ ਪਿਆਸਾ ਨਹੀਂ ਹੋਵੇਗਾ ਅਤੇ ਉਹ ਪਾਣੀ ਜੋ ਮੈਂ ਦਿੰਦਾ ਹਾਂ ਉਸ ਦੇ ਅੰਦਰ ਅਨੰਤ ਕਾਲ ਦੇ ਜੀਵਨ ਤੱਕ ਪਾਣੀ ਦਾ ਚਸ਼ਮਾ ਬਣ ਜਾਵੇਗਾ।"
15 ਉਸ ਔਰਤ ਨੇ ਕਿਹਾ, "ਸ਼੍ਰੀਮਾਨ ਜੀ, ਮੈਨੂੰ ਇਹ ਪਾਣੀ ਦਿਓ ਤਾਂ ਜੋ ਮੈਨੂੰ ਪਿਆਸ ਨਾ ਲੱਗੇ ਅਤੇ ਮੈਂ ਫਿਰ ਇੱਥੇ ਪਾਣੀ ਭਰਨ ਨਾ ਆਵਾਂ।"
16 ਯਿਸ਼ੂ ਨੇ ਉਸ ਔਰਤ ਨੂੰ ਕਿਹਾ, "ਜਾ ਅਤੇ ਆਪਣੇ ਪਤੀ ਨੂੰ ਇੱਥੇ ਸੱਦ ਲਿਆ।"
17 ਔਰਤ ਨੇ ਜਵਾਬ ਦਿੱਤਾ, "ਮੇਰਾ ਕੋਈ ਪਤੀ ਨਹੀਂ ਹੈ।"
ਯਿਸ਼ੂ ਨੇ ਕਿਹਾ, "ਤੂੰ ਸੱਚ ਬੋਲਿਆ ਜਦੋਂ ਤੂੰ ਕਿਹਾ ਕਿ ਤੇਰਾ ਪਤੀ ਨਹੀਂ ਹੈ।" 18 ਅਸਲ ਵਿੱਚ ਤੇਰੇ ਪੰਜ ਪਤੀ ਸਨ ਅਤੇ ਹੁਣ ਉਹ ਆਦਮੀ ਜਿਸ ਨਾਲ ਤੂੰ ਰਹਿ ਰਹੀ ਹੈ ਉਹ ਵੀ ਤੇਰਾ ਪਤੀ ਨਹੀਂ ਹੈ। ਜੋ ਤੂੰ ਹੁਣੇ ਕਿਹਾ ਹੈ ਬਿਲਕੁਲ ਸਹੀ ਹੈ।
19 ਉਸ ਔਰਤ ਨੇ ਕਿਹਾ, "ਸ਼੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਨਬੀ ਹੋ। 20 ਸਾਡੇ ਪਿਉ-ਦਾਦੇ ਇਸ ਪਹਾੜ ਉੱਤੇ ਬੰਦਗੀ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਜਿਸ ਸਥਾਨ ਤੇ ਅਰਾਧਨਾ ਕਰਨੀ ਚਾਹੀਦੀ ਹੈ ਉਹ ਯੇਰੂਸ਼ਲੇਮ ਹੈ।"
21 ਯਿਸ਼ੂ ਨੇ ਜਵਾਬ ਦਿੱਤਾ, "ਹੇ ਔਰਤ, ਮੇਰੇ ਤੇ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਪਿਤਾ ਪਰਮੇਸ਼ਵਰ ਦੀ ਬੰਦਗੀ ਨਾ ਇਸ ਪਹਾੜ ਤੇ ਨਾ ਹੀ ਯੇਰੂਸ਼ਲੇਮ ਵਿੱਚ ਕਰੋਗੇ। 22 ਤੁਸੀਂ ਸਾਮਰੀ ਲੋਕ ਉਸ ਦੀ ਬੰਦਗੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਬੰਦਗੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਵੱਲੋਂ ਹੈ। 23 ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਅਰਾਧਕਾਂ ਨੂੰ ਭਾਲਦਾ ਹੈ। 24 ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।"
25 ਉਸ ਔਰਤ ਨੇ ਕਿਹਾ, "ਮੈਂ ਜਾਣਦੀ ਹਾਂ ਕਿ ਮਸੀਹਾ (ਜਿਸ ਨੂੰ ਮਸੀਹ ਕਹਿੰਦੇ ਹਨ) ਆ ਰਿਹਾ ਹੈ। ਜਦੋਂ ਉਹ ਆਉਣਗੇ, ਉਹ ਸਾਨੂੰ ਸਭ ਕੁਝ ਦੱਸ ਦੇਣਗੇ।"
26 ਤਦ ਯਿਸ਼ੂ ਨੇ ਕਿਹਾ, "ਮੈਂ ਉਹੀ ਹਾਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮੈਂ ਮਸੀਹ ਹਾਂ।"
27 ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਸ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਫਿਰ ਵੀ ਕਿਸੇ ਨੇ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਔਰਤ ਨਾਲ ਕਿਉਂ ਗੱਲ ਕਰ ਰਿਹਾ ਸੀ ਜਾਂ ਉਹ ਔਰਤ ਤੋਂ ਕੀ ਜਾਣਨਾ ਚਾਹੁੰਦਾ ਸੀ।
28 ਪਰ ਉਹ ਔਰਤ ਆਪਣੇ ਘੜੇ ਨੂੰ ਛੱਡ ਕੇ ਵਾਪਸ ਸ਼ਹਿਰ ਵੱਲ ਗਈ ਅਤੇ ਲੋਕਾਂ ਨੂੰ ਕਿਹਾ, 29 "ਆਓ, ਇੱਕ ਆਦਮੀ ਨੂੰ ਵੇਖੋ ਜਿਸ ਨੇ ਮੈਨੂੰ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?" 30 ਤਦ ਲੋਕ ਸ਼ਹਿਰ ਵਿੱਚੋਂ ਬਾਹਰ ਆ ਗਏ ਅਤੇ ਯਿਸ਼ੂ ਵੱਲ ਚੱਲ ਪਏ।
31 ਇਸੇ ਦੌਰਾਨ ਉਸ ਦੇ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, "ਰੱਬੀ ਕੁਝ ਖਾ ਲਓ।"
32 ਪਰ ਯਿਸ਼ੂ ਨੇ ਚੇਲਿਆਂ ਨੂੰ ਕਿਹਾ, "ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ।"
33 ਤਦ ਉਸ ਦੇ ਚੇਲਿਆਂ ਨੇ ਇੱਕ-ਦੂਜੇ ਨੂੰ ਕਿਹਾ, "ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਦਾਂ ਹੋਵੇ?"
34 ਯਿਸ਼ੂ ਨੇ ਕਿਹਾ, "ਮੇਰਾ ਭੋਜਨ ਪਰਮੇਸ਼ਵਰ ਦੀ ਇੱਛਾ ਪੂਰੀ ਕਰਨਾ ਹੈ ਜਿਸ ਨੇ ਮੈਨੂੰ ਭੇਜਿਆ ਹੈ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ। 35 ਕੀ ਤੁਸੀਂ ਇਸ ਤਰ੍ਹਾਂ ਨਹੀਂ ਆਖਦੇ, ‘ਫ਼ਸਲ ਹੋਣ ਤੱਕ ਅਜੇ ਚਾਰ ਮਹੀਨੇ ਹੋਰ ਹਨ,’ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੀਆਂ ਅੱਖਾਂ ਖੋਲ੍ਹੋ ਅਤੇ ਵੇਖੋ! ਉਹ ਖੇਤ ਫ਼ਸਲ ਲਈ ਪੱਕ ਗਏ ਹਨ। 36 ਹੁਣ ਉਹ ਜਿਹੜਾ ਫਸਲ ਵੱਢਦਾ ਹੈ ਉਹ ਆਪਣੀ ਮਜ਼ਦੂਰੀ ਲੈਂਦਾ ਹੈ ਅਤੇ ਅਨੰਤ ਜੀਵਨ ਲਈ ਫਸਲ ਇਕੱਠੀ ਕਰਦਾ ਹੈ ਤਾਂ ਜੋ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਇਕੱਠੇ ਖੁਸ਼ ਹੋ ਸਕਣ। 37 ਇਸ ਕਾਰਣ ਇਹ ਕਹਾਵਤ ਸੱਚ ਹੈ ਕਿ ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ। 38 ਮੈਂ ਤੁਹਾਨੂੰ ਉਹ ਫ਼ਸਲ ਵੱਢਣ ਲਈ ਭੇਜਿਆ, ਜਿਸ ਲਈ ਤੁਸੀਂ ਕੰਮ ਨਹੀਂ ਕੀਤਾ ਹੈ। ਹੋਰਨਾਂ ਨੇ ਸਖ਼ਤ ਮਿਹਨਤ ਕੀਤੀ ਹੈ, ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਲਾਭ ਪ੍ਰਾਪਤ ਕਰ ਰਹੇ ਹੋ।"
39 ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰਿਯਾ ਵਾਸੀਆਂ ਨੇ ਯਿਸ਼ੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ, "ਯਿਸ਼ੂ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।" 40 ਜਦੋਂ ਸਾਮਰਿਯਾ ਵਾਸੀ ਯਿਸ਼ੂ ਕੋਲ ਆਏ, ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਯਿਸ਼ੂ ਉੱਥੇ ਦੋ ਦਿਨ ਠਹਿਰੇ। 41 ਬਹੁਤ ਸਾਰੇ ਹੋਰ ਸਾਮਰੀ ਲੋਕਾਂ ਨੇ ਯਿਸ਼ੂ ਦੇ ਸ਼ਬਦਾਂ ਨੂੰ ਸੁਣ ਕੇ ਵਿਸ਼ਵਾਸ ਕੀਤਾ।
42 ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, "ਅਸੀਂ ਹੁਣ ਸਿਰਫ ਤੇਰੇ ਕਹਿਣ ਦੇ ਕਾਰਨ ਵਿਸ਼ਵਾਸ ਨਹੀਂ ਕਰਦੇ; ਹੁਣ ਅਸੀਂ ਆਪ ਉਹ ਨੂੰ ਸੁਣਿਆ ਹੈ, ਅਤੇ ਅਸੀਂ ਜਾਣ ਗਏ ਹਾਂ ਕਿ ਇਹ ਮਨੁੱਖ ਸੱਚ-ਮੁੱਚ ਹੀ ਸੰਸਾਰ ਦਾ ਮੁਕਤੀਦਾਤਾ ਹੈ।"
43 ਦੋ ਦਿਨਾਂ ਬਾਅਦ ਯਿਸ਼ੂ ਗਲੀਲ ਨੂੰ ਚਲੇ ਗਏ। 44 (ਪਹਿਲਾਂ ਯਿਸ਼ੂ ਇਹ ਕਹਿ ਚੁੱਕਿਆ ਸੀ ਕਿ ਕਿਸੇ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।) 45 ਜਦੋਂ ਉਹ ਗਲੀਲ ਵਿੱਚ ਪਹੁੰਚੇ, ਤਾਂ ਗਲੀਲ ਵਾਸੀਆਂ ਨੇ ਉਸ ਦਾ ਸਵਾਗਤ ਕੀਤਾ। ਕਿਉਂਕਿ ਉਹਨਾਂ ਨੇ ਉਹ ਸਭ ਕੁਝ ਵੇਖਿਆ ਜੋ ਯਿਸ਼ੂ ਨੇ ਯੇਰੂਸ਼ਲੇਮ ਵਿੱਚ ਪਸਾਹ ਦੇ ਤਿਉਹਾਰ ਤੇ ਕੀਤਾ ਸੀ, ਕਿਉਂਕਿ ਉਹ ਵੀ ਉੱਥੇ ਗਏ ਹੋਏ ਸਨ।
46 ਯਿਸ਼ੂ ਫੇਰ ਗਲੀਲ ਦੇ ਕਾਨਾ ਨਗਰ ਨੂੰ ਗਏ, ਜਿੱਥੇ ਉਹ ਨੇ ਪਾਣੀ ਨੂੰ ਦਾਖਰਸ ਵਿੱਚ ਬਦਲ ਦਿੱਤਾ ਸੀ। ਉੱਥੇ ਇੱਕ ਸਰਕਾਰੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਹੂਮ ਵਿੱਚ ਬਿਮਾਰ ਸੀ। 47 ਜਦੋਂ ਇਸ ਆਦਮੀ ਨੇ ਸੁਣਿਆ ਕਿ ਯਿਸ਼ੂ ਯਹੂਦਿਯਾ ਤੋਂ ਗਲੀਲ ਆਏ ਹਨ ਤਾਂ ਉਹ ਯਿਸ਼ੂ ਕੋਲ ਗਿਆ ਅਤੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਆਉਣ ਅਤੇ ਉਹ ਦੇ ਪੁੱਤਰ ਨੂੰ ਚੰਗਾ ਕਰ ਦੇਣ, ਉਸ ਦਾ ਪੁੱਤਰ ਮਰਨ ਵਾਲਾ ਸੀ।
48 ਯਿਸ਼ੂ ਨੇ ਉਸ ਨੂੰ ਕਿਹਾ, "ਜਦੋਂ ਤੱਕ ਤੁਸੀਂ ਲੋਕ ਚਿੰਨ੍ਹ ਅਤੇ ਚਮਤਕਾਰ ਨਹੀਂ ਦੇਖਦੇ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।"
49 ਸਰਕਾਰੀ ਅਫ਼ਸਰ ਨੇ ਕਿਹਾ, "ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੇਰੇ ਘਰ ਚੱਲੋ।"
50 ਯਿਸ਼ੂ ਨੇ ਉੱਤਰ ਦਿੱਤਾ, "ਜਾ, ਤੇਰਾ ਪੁੱਤਰ ਜਿਉਂਦਾ ਹੈ।"
ਉਸ ਆਦਮੀ ਨੇ ਯਿਸ਼ੂ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ। 51 ਜਦੋਂ ਉਹ ਰਸਤੇ ਵਿੱਚ ਹੀ ਸੀ, ਉਸ ਦੇ ਨੌਕਰਾਂ ਨੇ ਉਸ ਨੂੰ ਇਹ ਖ਼ਬਰ ਦਿੱਤੀ ਕਿ ਉਸ ਦਾ ਪੁੱਤਰ ਚੰਗਾ ਹੋ ਗਿਆ ਹੈ। 52 ਜਦੋਂ ਉਸ ਨੇ ਪੁੱਛਿਆ ਕਿ ਕਿਸ ਸਮੇਂ ਉਸ ਦਾ ਪੁੱਤਰ ਠੀਕ ਹੋ ਗਿਆ, ਤਾਂ ਉਹਨਾਂ ਨੇ ਉਸ ਨੂੰ ਕਿਹਾ, "ਕੱਲ੍ਹ ਦੁਪਹਿਰ ਦੇ ਇੱਕ ਵਜੇ ਉਸ ਦਾ ਬੁਖ਼ਾਰ ਉਤਰ ਗਿਆ ਸੀ।"
53 ਤਦ ਪਿਤਾ ਨੂੰ ਪਤਾ ਚੱਲਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸ਼ੂ ਨੇ ਉਸ ਨੂੰ ਕਿਹਾ ਸੀ, "ਤੇਰਾ ਪੁੱਤਰ ਜਿਉਂਦਾ ਹੈ।" ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਘਰ ਵਾਲਿਆਂ ਨੇ ਵਿਸ਼ਵਾਸ ਕੀਤਾ।
54 ਯਹੂਦਿਯਾ ਤੋਂ ਗਲੀਲ ਆਉਣ ਤੋਂ ਬਾਅਦ ਇਹ ਦੂਜਾ ਚਿੰਨ੍ਹ ਸੀ ਜੋ ਯਿਸ਼ੂ ਨੇ ਕੀਤਾ ਸੀ।