1 ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। 2 ਇਹੀ ਸ਼ਬਦ ਆਦ ਵਿੱਚ ਪਰਮੇਸ਼ਵਰ ਦੇ ਨਾਲ ਸੀ। 3 ਸਾਰੀਆਂ ਚੀਜ਼ਾਂ ਉਸ ਦੇ ਦੁਆਰਾ ਬਣਾਈਆਂ ਗਈਆਂ ਉਸ ਦੇ ਬਿਨਾਂ ਕੁਝ ਵੀ ਨਹੀਂ ਬਣਿਆ। 4 ਜੀਵਨ ਉਸੇ ਸ਼ਬਦ ਵਿੱਚ ਸੀ ਅਤੇ ਉਹ ਜੀਵਨ ਮਨੁੱਖ ਦੇ ਲਈ ਚਾਨਣ ਸੀ। 5 ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰਾ ਉਸ ਉੱਤੇ ਭਾਰੀ ਨਹੀਂ ਹੋ ਸਕਿਆ।
6 ਪਰਮੇਸ਼ਵਰ ਨੇ ਯੋਹਨ ਨਾਮ ਦੇ ਇੱਕ ਵਿਅਕਤੀ ਨੂੰ ਭੇਜਿਆ। 7 ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਹਰ ਕੋਈ ਉਸ ਦੇ ਰਾਹੀਂ ਜੋਤੀ ਤੇ ਵਿਸ਼ਵਾਸ ਕਰ ਸਕੇ। 8 ਯੋਹਨ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਦੀ ਗਵਾਹੀ ਦੇਣ ਆਇਆ ਸੀ।
9 ਸੱਚਾ ਚਾਨਣ ਇਸ ਸੰਸਾਰ ਵਿੱਚ ਆਉਣ ਵਾਲਾ ਸੀ, ਜੋ ਹਰ ਇੱਕ ਵਿਅਕਤੀ ਨੂੰ ਰੋਸ਼ਨੀ ਦਿੰਦਾ ਹੈ। 10 ਸ਼ਬਦ ਪਹਿਲਾਂ ਸੰਸਾਰ ਵਿੱਚ ਸੀ ਅਤੇ ਸ਼ਬਦ ਦੇ ਰਾਹੀਂ ਸੰਸਾਰ ਬਣਾਇਆ ਗਿਆ ਪਰ ਸੰਸਾਰ ਨੇ ਉਸ ਨੂੰ ਨਹੀਂ ਪਹਿਚਾਣਿਆ। 11 ਉਹ ਆਪਣੇ ਲੋਕਾਂ ਕੋਲ ਆਇਆ ਪਰ ਲੋਕਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ। 12 ਪਰ ਜਿੰਨ੍ਹਿਆਂ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਸ ਨੇ ਪਰਮੇਸ਼ਵਰ ਦੀ ਔਲਾਦ ਹੋਣ ਦਾ ਹੱਕ ਦਿੱਤਾ। 13 ਉਸ ਦਾ ਜਨਮ ਨਾ ਤਾਂ ਲਹੂ ਤੋਂ, ਨਾ ਸਰੀਰਕ ਇੱਛਾ ਤੋਂ ਅਤੇ ਨਾ ਹੀ ਮਨੁੱਖਾਂ ਦੀ ਇੱਛਾ ਤੋਂ, ਪਰ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ।
14 ਸ਼ਬਦ ਨੇ ਸਰੀਰ ਧਾਰਨ ਕਰਕੇ ਸਾਡੇ ਵਿੱਚਕਾਰ ਤੰਬੂ ਦੇ ਸਮਾਨ ਵਾਸ ਕੀਤਾ ਅਤੇ ਅਸੀਂ ਉਸ ਦੇ ਪ੍ਰਤਾਪ ਨੂੰ ਵੇਖਿਆ, ਅਜਿਹਾ ਪ੍ਰਤਾਪ, ਜੋ ਪਿਤਾ ਦੇ ਇੱਕਲੌਤੇ ਪੁੱਤਰ ਦਾ ਹੈ, ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ।
15 ਯੋਹਨ ਨੇ ਉਸ ਦੇ ਬਾਰੇ ਵੇਖ ਕੇ ਗਵਾਹੀ ਦਿੱਤੀ ਅਤੇ ਉੱਚੀ ਆਵਾਜ਼ ਵਿੱਚ ਆਖਿਆ, "ਇਹ ਉਹੀ ਹੈ ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ ਅਸਲ ਵਿੱਚ ਮੇਰੇ ਤੋਂ ਮਹਾਨ ਹੈ। ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸੀ।’ " 16 ਉਸ ਦੀ ਭਰਪੂਰੀ ਦੇ ਕਾਰਨ ਅਸੀਂ ਸਾਰਿਆਂ ਨੇ ਕਿਰਪਾ ਤੇ ਕਿਰਪਾ ਪਾਈ ਹੈ। 17 ਬਿਵਸਥਾ ਮੋਸ਼ੇਹ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸੱਚਾਈ ਯਿਸ਼ੂ ਮਸੀਹ ਦੇ ਦੁਆਰਾ ਆਈ। 18 ਪਰਮੇਸ਼ਵਰ ਦੇ ਪੁੱਤਰ ਤੋਂ ਇਲਾਵਾ ਪਰਮੇਸ਼ਵਰ ਨੂੰ ਕਿਸੇ ਨੇ ਕਦੀ ਨਹੀਂ ਵੇਖਿਆ, ਉਹ ਪੁੱਤਰ ਪਿਤਾ ਵੱਲੋਂ ਹੈ, ਉਸ ਨੇ ਸਾਨੂੰ ਪਰਮੇਸ਼ਵਰ ਨਾਲ ਜਾਣੂ ਕਰਾਇਆ।
19 ਯੋਹਨ ਦੀ ਗਵਾਹੀ ਇਸ ਤਰ੍ਹਾਂ ਹੈ ਕਿ ਜਦੋਂ ਯਹੂਦੀ ਆਗੂਆਂ ਨੇ ਯੇਰੂਸ਼ਲੇਮ ਦੇ ਕੁਝ ਜਾਜਕਾਂ ਅਤੇ ਲੇਵੀਆਂ ਨੂੰ ਯੋਹਨ ਕੋਲ ਇਹ ਪੁੱਛਣ ਲਈ ਭੇਜਿਆ, "ਤੁਸੀਂ ਕੌਣ ਹੋ?" 20 ਤਾਂ ਯੋਹਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ, "ਮੈਂ ਮਸੀਹ ਨਹੀਂ ਹਾਂ।"
21 ਤਦ ਯਹੂਦੀ ਆਗੂਆਂ ਨੇ ਯੋਹਨ ਤੋਂ ਦੁਬਾਰਾ ਪੁੱਛਿਆ, "ਤਾਂ ਤੁਸੀਂ ਕੌਣ ਹੋ? ਕੀ ਤੁਸੀਂ ਏਲੀਯਾਹ ਹੋ?"
ਯੋਹਨ ਨੇ ਜਵਾਬ ਦਿੱਤਾ, "ਨਹੀਂ।"
ਤਦ ਉਹਨਾਂ ਨੇ ਪੁੱਛਿਆ, "ਕੀ ਤੁਸੀਂ ਨਬੀ ਹੋ?"
ਯੋਹਨ ਨੇ ਜਵਾਬ ਦਿੱਤਾ, "ਨਹੀਂ।"
22 ਅਖ਼ੀਰ ਵਿੱਚ ਉਹਨਾਂ ਨੇ ਪੁੱਛਿਆ, "ਤਾਂ ਸਾਨੂੰ ਦੱਸੋ ਕੀ ਤੁਸੀਂ ਕੌਣ ਹੋ? ਤੁਸੀਂ ਆਪਣੇ ਬਾਰੇ ਵਿੱਚ ਕੀ ਕਹਿੰਦੇ ਹੋ ਤਾਂ ਕੀ ਅਸੀਂ ਉਹਨਾਂ ਨੂੰ ਦੱਸ ਸਕੀਏ, ਜਿਨ੍ਹਾਂ ਨੇ ਸਾਨੂੰ ਭੇਜਿਆ ਹੈ?"
23 ਯੋਹਨ ਨੇ ਯਸ਼ਾਯਾਹ ਨਬੀ ਦੀ ਲਿਖਤ ਵਿੱਚੋਂ ਜਵਾਬ ਦਿੱਤਾ, "ਮੈਂ ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼ ਹਾਂ, ‘ਪ੍ਰਭੂ ਲਈ ਰਸਤਾ ਸਿੱਧਾ ਬਣਾਓ।’ "
24 ਉਹ ਫ਼ਰੀਸੀ ਜੋ ਭੇਜੇ ਗਏ ਸਨ। 25 ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, "ਜੇ ਤੁਸੀਂ ਮਸੀਹ ਨਹੀਂ ਹੋ, ਅਤੇ ਨਾ ਹੀ ਏਲੀਯਾਹ ਅਤੇ ਨਾ ਹੀ ਨਬੀ ਹੋ, ਤਾਂ ਤੁਸੀਂ ਬਪਤਿਸਮਾ ਕਿਉਂ ਦਿੰਦੇ ਹੋ?"
26 ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, "ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿੱਚਕਾਰ ਇੱਕ ਅਜਿਹਾ ਖੜ੍ਹਾ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ। 27 ਇਹ ਉਹੀ ਹੈ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ।"
28 ਇਹ ਸਭ ਗੱਲਾਂ ਬੈਥਨੀਆ ਦੇ ਪਿੰਡ ਵਿੱਚ ਹੋਈਆਂ, ਜੋ ਯਰਦਨ ਨਦੀ ਦੇ ਪਾਰ ਸੀ ਜਿਸ ਵਿੱਚ ਯੋਹਨ ਬਪਤਿਸਮਾ ਦਿੰਦਾ ਸੀ।
29 ਅਗਲੇ ਦਿਨ ਯੋਹਨ ਨੇ ਯਿਸ਼ੂ ਨੂੰ ਆਪਣੇ ਵੱਲ ਆਉਂਦੇ ਹੋਏ ਵੇਖ ਕੇ ਭੀੜ ਨੂੰ ਕਿਹਾ, "ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ, ਜੋ ਸੰਸਾਰ ਦੇ ਪਾਪਾਂ ਨੂੰ ਚੁੱਕਣ ਵਾਲਾ ਹੈ! 30 ਇਹ ਉਹੀ ਹਨ, ਜਿਨ੍ਹਾਂ ਦੇ ਵਿਸ਼ੇ ਵਿੱਚ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਉਹ ਆ ਰਿਹਾ ਹੈ, ਜੋ ਮੇਰੇ ਤੋਂ ਮਹਾਨ ਹੈ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਮੌਜੂਦ ਸੀ।’ 31 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਮੈਂ ਪਾਣੀ ਵਿੱਚ ਬਪਤਿਸਮਾ ਦਿੰਦਾ ਹੋਇਆ ਇਸ ਲਈ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋਣ।"
32 ਇਸ ਦੇ ਇਲਾਵਾ ਯੋਹਨ ਨੇ ਇਹ ਗਵਾਹੀ ਵੀ ਦਿੱਤੀ, "ਮੈਂ ਸਵਰਗ ਤੋਂ ਪਵਿੱਤਰ ਆਤਮਾ ਨੂੰ ਕਬੂਤਰ ਦੇ ਸਮਾਨ ਉੱਤਰਦਾ ਅਤੇ ਉਸ ਦੇ ਉੱਤੇ ਠਹਿਰਦਾ ਹੋਇਆ ਵੇਖਿਆ। 33 ਮੈਂ ਉਸ ਨੂੰ ਨਹੀਂ ਜਾਣਦਾ ਸੀ ਪਰ ਪਰਮੇਸ਼ਵਰ, ਜਿਨ੍ਹਾਂ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ, ਉਸ ਨੇ ਮੈਨੂੰ ਦੱਸਿਆ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦੇ ਅਤੇ ਠਹਿਰਦੇ ਹੋਏ ਦੇਖੇਗਾ ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।’ 34 ਆਪ ਮੈਂ ਇਹ ਵੇਖਿਆ ਅਤੇ ਮੈਂ ਇਸ ਦਾ ਗਵਾਹ ਹਾਂ ਕਿ ਇਹੀ ਪਰਮੇਸ਼ਵਰ ਦਾ ਪੁੱਤਰ ਹੈ।"
35 ਅਗਲੇ ਦਿਨ ਜਦੋਂ ਯੋਹਨ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ, 36 ਉਹਨਾਂ ਨੇ ਯਿਸ਼ੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, "ਉਹ ਵੇਖੋ! ਪਰਮੇਸ਼ਵਰ ਦਾ ਮੇਮਣਾ!"
37 ਇਹ ਗੱਲ ਸੁਣ ਕੇ ਦੋਵੇਂ ਚੇਲੇ ਯਿਸ਼ੂ ਦੇ ਮਗਰ ਤੁਰ ਪਏ। 38 ਯਿਸ਼ੂ ਨੇ ਉਹਨਾਂ ਨੂੰ ਆਪਣੇ ਮਗਰ ਆਉਂਦੇ ਵੇਖ ਕੇ ਪੁੱਛਿਆ, "ਤੁਸੀਂ ਕੀ ਚਾਹੁੰਦੇ ਹੋ?"
ਉਹਨਾਂ ਨੇ ਕਿਹਾ, "ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਰਹਿੰਦੇ ਹੋ?"
39 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਆਓ ਅਤੇ ਵੇਖ ਲਓ।"
ਇਸ ਲਈ ਚੇਲਿਆਂ ਨੇ ਜਾ ਕੇ ਮਸੀਹ ਯਿਸ਼ੂ ਦਾ ਘਰ ਵੇਖਿਆ ਅਤੇ ਉਹ ਪੂਰਾ ਦਿਨ ਉਸ ਦੇ ਨਾਲ ਰਹੇ। ਉਸ ਵੇਲੇ ਲਗਭਗ ਦੁਪਹਿਰ ਦੇ ਚਾਰ ਵਜੇ ਸਨ।
40 ਦੋ ਚੇਲੇ ਜਿਹੜੇ ਯੋਹਨ ਦੀ ਗੱਲ ਸੁਣ ਕੇ ਯਿਸ਼ੂ ਦੇ ਪਿੱਛੇ ਚੱਲ ਪਏ ਸਨ। ਉਹਨਾਂ ਵਿੱਚੋਂ ਇੱਕ ਸ਼ਿਮਓਨ ਪਤਰਸ ਦਾ ਭਰਾ ਆਂਦਰੇਯਾਸ ਸੀ। 41 ਆਂਦਰੇਯਾਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਸ਼ਿਮਓਨ ਨੂੰ ਲੱਭਿਆ ਅਤੇ ਉਸ ਨੂੰ ਦੱਸਿਆ, "ਕਿ ਸਾਨੂੰ ਮਸੀਹ, ਜੋ ਕਿ ਪਰਮੇਸ਼ਵਰ ਦਾ ਅਭਿਸ਼ਿਕਤ ਹੈ ਉਹ ਮਿਲ ਗਏ ਹਨ।" 42 ਤਦ ਆਂਦਰੇਯਾਸ ਉਹਨਾਂ ਨੂੰ ਮਸੀਹ ਯਿਸ਼ੂ ਦੇ ਕੋਲ ਲਿਆਇਆ।
ਮਸੀਹ ਯਿਸ਼ੂ ਨੇ ਸ਼ਿਮਓਨ ਦੇ ਵੱਲ ਵੇਖ ਕੇ ਕਿਹਾ, "ਤੂੰ ਯੋਹਨ ਦਾ ਪੁੱਤਰ ਸ਼ਿਮਓਨ ਹੈ, ਤੂੰ ਕੈਫ਼ਾਸ ਅਰਥਾਤ ਪਤਰਸ ਅਖਵਾਏਂਗਾ।"
43 ਅਗਲੇ ਦਿਨ ਗਲੀਲ ਦੇ ਸੂਬੇ ਨੂੰ ਜਾਂਦੇ ਹੋਏ ਯਿਸ਼ੂ ਦੀ ਮੁਲਾਕਾਤ ਫਿਲਿੱਪਾਸ ਨਾਲ ਹੋਈ। ਯਿਸ਼ੂ ਨੇ ਫਿਲਿੱਪਾਸ ਨੂੰ ਕਿਹਾ, "ਤੂੰ ਮੇਰੇ ਪਿੱਛੇ ਚੱਲ।"
44 ਫਿਲਿੱਪਾਸ ਬੈਥਸੈਦਾ ਸ਼ਹਿਰ ਦਾ ਸੀ, ਜੋ ਆਂਦਰੇਯਾਸ ਅਤੇ ਪਤਰਸ ਦਾ ਨਗਰ ਵੀ ਸੀ। 45 ਫਿਲਿੱਪਾਸ ਨੇ ਨਾਥਾਨਇਲ ਨੂੰ ਲੱਭ ਕੇ ਉਸ ਨੂੰ ਕਿਹਾ, "ਜਿਨ੍ਹਾਂ ਦਾ ਜ਼ਿਕਰ ਬਿਵਸਥਾ ਵਿੱਚ ਮੋਸ਼ੇਹ ਅਤੇ ਨਬੀਆਂ ਨੇ ਕੀਤਾ ਹੈ, ਉਹ ਸਾਨੂੰ ਮਿਲ ਗਿਆ ਹੈ, ਉਹ ਨਾਜ਼ਰੇਥ ਦਾ ਨਿਵਾਸੀ ਯੋਸੇਫ਼ ਦਾ ਪੁੱਤਰ ਯਿਸ਼ੂ ਹੈ।"
46 ਇਹ ਸੁਣ ਨਾਥਾਨਇਲ ਨੇ ਤੁਰੰਤ ਉਹਨਾਂ ਨੂੰ ਪੁੱਛਿਆ, "ਕੀ ਨਾਜ਼ਰੇਥ ਵਿੱਚੋਂ ਵੀ ਕੁਝ ਚੰਗਾ ਨਿਕਲ ਸਕਦਾ ਹੈ?"
ਫਿਲਿੱਪਾਸ ਨੇ ਜਵਾਬ ਦਿੱਤਾ, "ਆ ਤੇ ਵੇਖ।"
47 ਯਿਸ਼ੂ ਨੇ ਨਾਥਾਨਇਲ ਨੂੰ ਆਪਣੀ ਵੱਲ ਆਉਂਦੇ ਵੇਖ ਉਸ ਦੇ ਵਿਸ਼ੇ ਵਿੱਚ ਕਿਹਾ, "ਵੇਖੋ! ਇਹ ਇੱਕ ਸੱਚਾ ਇਸਰਾਏਲੀ ਹੈ, ਜਿਸ ਵਿੱਚ ਕੋਈ ਬੇਈਮਾਨੀ ਨਹੀਂ ਹੈ।"
48 ਨਾਥਾਨਇਲ ਨੇ ਯਿਸ਼ੂ ਨੂੰ ਪੁੱਛਿਆ, "ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?"
ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, "ਇਸ ਤੋਂ ਪਹਿਲਾਂ ਕਿ ਫਿਲਿੱਪਾਸ ਨੇ ਤੈਨੂੰ ਬੁਲਾਇਆ, ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ ਸੀ।"
49 ਨਾਥਾਨਇਲ ਨੇ ਕਿਹਾ, "ਰੱਬੀ, ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ! ਤੁਸੀਂ ਇਸਰਾਏਲ ਦੇ ਰਾਜੇ ਹੋ!"
50 ਤਦ ਯਿਸ਼ੂ ਨੇ ਉਸ ਨੂੰ ਕਿਹਾ, "ਤੂੰ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮੈਂ ਤੈਨੂੰ ਇਹ ਕਿਹਾ ਕਿ ਮੈਂ ਤੈਨੂੰ ਹੰਜ਼ੀਰ ਦੇ ਰੁੱਖ ਦੇ ਹੇਠਾਂ ਵੇਖਿਆ। ਤੂੰ ਇਸ ਤੋਂ ਵੀ ਜ਼ਿਆਦਾ ਵੱਡੇ-ਵੱਡੇ ਕੰਮ ਦੇਖੇਗਾ।" 51 ਤਦ ਯਿਸ਼ੂ ਨੇ ਇਹ ਵੀ ਕਿਹਾ, "ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ: ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਦੇ ਲਈ ਹੇਠਾਂ ਆਉਂਦੇ ਅਤੇ ਉੱਤੇ ਜਾਂਦੇ ਹੋਏ ਦੇਖੋਗੇ।"