Publicidade

João 2

ਪਾਣੀ ਨੂੰ ਦਾਖਰਸ ਵਿੱਚ ਬਦਲਣਾ

1 ਤੀਸਰੇ ਦਿਨ ਗਲੀਲ ਦੇ ਕਾਨਾ ਨਗਰ ਵਿੱਚ ਇੱਕ ਵਿਆਹ ਸੀ। ਯਿਸ਼ੂ ਦੀ ਮਾਤਾ ਉੱਥੇ ਮੌਜੂਦ ਸੀ। 2 ਯਿਸ਼ੂ ਅਤੇ ਉਸ ਦੇ ਚੇਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ। 3 ਜਦੋਂ ਉੱਥੇ ਦਾਖਰਸ ਮੁੱਕ ਗਈ ਤਾਂ ਯਿਸ਼ੂ ਦੀ ਮਾਤਾ ਨੇ ਉਸ ਨੂੰ ਕਿਹਾ, "ਉਹਨਾਂ ਕੋਲ ਦਾਖਰਸ ਮੁੱਕ ਗਈ ਹੈ।"

4 ਯਿਸ਼ੂ ਨੇ ਕਿਹਾ, "ਹੇ ਇਸਤਰੀ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਸਮਾਂ ਅਜੇ ਨਹੀਂ ਆਇਆ।"

5 ਫਿਰ ਯਿਸ਼ੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, "ਜਿਸ ਤਰ੍ਹਾਂ ਯਿਸ਼ੂ ਤੁਹਾਨੂੰ ਕਹਿਣ, ਤੁਸੀਂ ਉਸੇ ਤਰ੍ਹਾਂ ਕਰਨਾ।"

6 ਉੱਥੇ ਯਹੂਦੀ ਰਸਮ ਦੇ ਅਨੁਸਾਰ ਸ਼ੁੱਧ ਕਰਨ ਲਈ ਪਾਣੀ ਦੇ ਛੇ ਪੱਥਰ ਦੇ ਮੱਟਕੇ ਰੱਖੇ ਹੋਏ ਸਨ। ਹਰ ਇੱਕ ਮੱਟਕੇ ਵਿੱਚ ਲਗਭਗ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਪੈ ਸਕਦਾ ਸੀ।

7 ਯਿਸ਼ੂ ਨੇ ਨੌਕਰਾਂ ਨੂੰ ਕਿਹਾ, "ਮੱਟਾਂ ਨੂੰ ਪਾਣੀ ਨਾਲ ਭਰ ਦਿਓ।" ਉਹਨਾਂ ਨੇ ਮੱਟਾਂ ਨੂੰ ਪਾਣੀ ਨਾਲ ਨਕੋ-ਨੱਕ ਭਰ ਦਿੱਤਾ।

8 ਇਸ ਦੇ ਬਾਅਦ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਦੇ ਕੋਲ ਲੈ ਜਾਓ।"

ਅਤੇ ਨੌਕਰ ਲੈ ਗਏ। 9 ਜਦੋਂ ਦਾਅਵਤ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਚੱਖਿਆ ਤੇ ਉਹ ਪਾਣੀ ਦਾਖਰਸ ਵਿੱਚ ਬਦਲ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਇਹ ਦਾਖਰਸ ਕਿੱਥੋਂ ਆਇਆ ਹੈ, ਪਰ ਜਿਨ੍ਹਾਂ ਨੌਕਰਾਂ ਨੇ ਉਸ ਨੂੰ ਕੱਢਿਆ ਸੀ, ਉਹ ਜਾਣਦੇ ਸਨ ਤਦ ਦਾਅਵਤ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਵਾਇਆ 10 ਅਤੇ ਉਸ ਨੂੰ ਕਿਹਾ, "ਹਰ ਇੱਕ ਵਿਅਕਤੀ ਪਹਿਲਾਂ ਵਧੀਆ ਦਾਖਰਸ ਦਿੰਦਾ ਹੈ ਅਤੇ ਜਦ ਲੋਕ ਪੀ ਚੁੱਕੇ ਹੁੰਦੇ ਹਨ, ਤਦ ਮਾੜੀ ਦਾਖਰਸ ਦਿੰਦੇ ਹਨ, ਪਰ ਤੁਸੀਂ ਤਾਂ ਵਧੀਆ ਦਾਖਰਸ ਹੁਣ ਤੱਕ ਰੱਖ ਛੱਡੀ ਹੈ!"

11 ਇਹ ਯਿਸ਼ੂ ਦੇ ਅਨੋਖੇ ਚਿੰਨ੍ਹਾਂ ਨੂੰ ਕਰਨ ਦੀ ਸ਼ੁਰੂਆਤ ਸੀ, ਜੋ ਗਲੀਲ ਦੇ ਕਾਨਾ ਨਗਰ ਵਿੱਚ ਹੋਈ, ਜਿਸ ਦੇ ਦੁਆਰਾ ਯਿਸ਼ੂ ਨੇ ਆਪਣਾ ਪ੍ਰਤਾਪ ਪ੍ਰਗਟ ਕੀਤਾ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।

12 ਇਸ ਦੇ ਬਾਅਦ ਯਿਸ਼ੂ ਆਪਣੀ ਮਾਤਾ ਅਤੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਹੂਮ ਸ਼ਹਿਰ ਨੂੰ ਗਿਆ। ਉੱਥੇ ਉਹ ਸਾਰੇ ਕੁਝ ਦਿਨ ਠਹਿਰੇ।

ਯੇਰੂਸ਼ਲੇਮ ਦੀ ਹੈਕਲ ਨੂੰ ਸ਼ੁੱਧ ਕਰਨਾ

13 ਜਦੋਂ ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸ਼ੂ ਯੇਰੂਸ਼ਲੇਮ ਵਿੱਚ ਗਿਆ। 14 ਉਸ ਨੇ ਹੈਕਲ ਦੇ ਵਿਹੜੇ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰ ਵੇਚਣ ਵਾਲਿਆਂ ਅਤੇ ਸ਼ਾਹੂਕਾਰਾਂ ਨੂੰ ਵਪਾਰ ਕਰਦੇ ਹੋਏ ਵੇਖਿਆ। 15 ਇਸ ਲਈ ਯਿਸ਼ੂ ਨੇ ਰੱਸੀ ਦਾ ਇੱਕ ਕੋਰੜਾ ਬਣਾਇਆ ਅਤੇ ਉਹਨਾਂ ਸਾਰਿਆਂ ਨੂੰ, ਤੇ ਪਸ਼ੂਆਂ ਨੂੰ ਅਤੇ ਭੇਡਾਂ ਨੂੰ ਹੈਕਲ ਦੇ ਵਿਹੜੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਸ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ ਦੇਣ ਦਾ ਵਪਾਰ ਕਰ ਰਹੇ ਸਨ ਅਤੇ ਮੇਜ਼ ਵੀ ਉਲਟਾ ਦਿੱਤੇ। 16 ਅਤੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, "ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ।" 17 ਇਹ ਸੁਣ ਕੇ ਉਹਨਾਂ ਦੇ ਚੇਲਿਆਂ ਨੂੰ ਪਵਿੱਤਰ ਸ਼ਾਸਤਰ ਦਾ ਇਹ ਸ਼ਬਦ ਯਾਦ ਆਇਆ: "ਤੇਰੇ ਘਰ ਦੀ ਲਗਨ ਮੈਨੂੰ ਖਾ ਗਈ ਹੈ।"

18 ਤਦ ਯਹੂਦੀਆਂ ਨੇ ਯਿਸ਼ੂ ਨੂੰ ਕਿਹਾ, "ਇਹ ਜੋ ਤੁਸੀਂ ਕਰ ਰਹੇ ਹੋ ਇਸ ਦੇ ਲਈ ਤੁਸੀਂ ਸਾਨੂੰ ਕਿਹੜਾ ਚਿੰਨ੍ਹ ਵਿਖਾ ਸਕਦੇ ਹੋ?"

19 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, "ਇਸ ਹੈਕਲ ਨੂੰ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਦੁਬਾਰਾ ਬਣਾ ਦੇਵਾਂਗਾ।"

20 ਤਦ ਯਹੂਦੀਆਂ ਨੇ ਕਿਹਾ, "ਇਸ ਹੈਕਲ ਨੂੰ ਬਣਾਉਣ ਲਈ 46 ਸਾਲ ਲੱਗੇ ਹਨ, ਕੀ ਤੁਸੀਂ ਇਸ ਨੂੰ ਤਿੰਨਾਂ ਦਿਨ ਵਿੱਚ ਖੜ੍ਹਾ ਕਰ ਸਕਦੇ ਹੋ?" 21 ਪਰ ਯਿਸ਼ੂ ਇੱਥੇ ਆਪਣੇ ਸਰੀਰ ਰੂਪੀ ਹੈਕਲ ਦੀ ਗੱਲ ਕਰ ਰਹੇ ਸਨ। 22 ਇਸ ਲਈ ਜਦੋਂ ਯਿਸ਼ੂ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਉਸ ਦੇ ਚੇਲਿਆਂ ਨੂੰ ਯਾਦ ਆਇਆ ਜੋ ਉਸ ਨੇ ਕਿਹਾ ਸੀ। ਇਸ ਲਈ ਚੇਲਿਆਂ ਨੇ ਪਵਿੱਤਰ ਸ਼ਾਸਤਰ ਅਤੇ ਉਹਨਾਂ ਬਚਨਾਂ ਉੱਤੇ ਜੋ ਯਿਸ਼ੂ ਨੇ ਕਹੇ ਸਨ ਵਿਸ਼ਵਾਸ ਕੀਤਾ।

23 ਪਸਾਹ ਤਿਉਹਾਰ ਦੇ ਸਮੇਂ ਜਦੋਂ ਯਿਸ਼ੂ ਯੇਰੂਸ਼ਲੇਮ ਵਿੱਚ ਸਨ ਤਾਂ ਉਹਨਾਂ ਦੇ ਦੁਆਰਾ ਕੀਤੇ ਗਏ ਅਨੋਖੇ ਚਿੰਨ੍ਹਾਂ ਨੂੰ ਵੇਖ ਕੇ ਬਹੁਤ ਲੋਕਾਂ ਨੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ। 24 ਪਰ ਯਿਸ਼ੂ ਨੇ ਆਪਣੇ ਆਪ ਨੂੰ ਉਹਨਾਂ ਨੂੰ ਨਹੀਂ ਸੌਂਪਿਆ ਕਿਉਂਕਿ ਉਹ ਮਨੁੱਖ ਦੇ ਸੁਭਾਉ ਨੂੰ ਜਾਣਦਾ ਸੀ। 25 ਯਿਸ਼ੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਮਨੁੱਖ ਉਹਨਾਂ ਦੇ ਬਾਰੇ ਗਵਾਹੀ ਦੇਵੇ। ਯਿਸ਼ੂ ਜਾਣਦਾ ਸੀ ਕਿ ਮਨੁੱਖ ਦੇ ਅੰਦਰ ਕੀ ਹੈ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-