Publicidade

João 10

ਚੰਗਾ ਚਰਵਾਹਾ ਅਤੇ ਉਸ ਦੀਆਂ ਭੇਡਾਂ

1 "ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਫ਼ਰੀਸੀਓ, ਜਿਹੜਾ ਵੀ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ, ਪਰ ਕਿਸੇ ਹੋਰ ਤਰੀਕੇ ਨਾਲ ਆਉਂਦਾ ਹੈ, ਉਹ ਚੋਰ ਅਤੇ ਡਾਕੂ ਹੈ। 2 ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਹੁੰਦਾ ਹੈ ਉਹ ਭੇਡਾਂ ਦਾ ਚਰਵਾਹਾ ਹੈ। 3 ਦਰਬਾਨ ਉਸ ਲਈ ਦਰਵਾਜ਼ਾ ਖੋਲ੍ਹਦਾ ਹੈ, ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ। ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਕੇ ਬੁਲਾਉਂਦਾ ਹੈ ਅਤੇ ਉਹਨਾਂ ਦੀ ਅਗਵਾਈ ਕਰਦਾ ਹੈ। 4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਲੈ ਕੇ ਜਾਂਦਾ ਹੈ, ਤਾਂ ਉਹ ਭੇਡਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਉਸ ਦੀਆਂ ਭੇਡਾਂ ਉਸ ਦਾ ਪਿੱਛਾ ਕਰਦਿਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ। 5 ਪਰ ਉਹ ਕਦੇ ਵੀ ਕਿਸੇ ਅਜਨਬੀ ਦੇ ਪਿੱਛੇ ਨਹੀਂ ਚੱਲਦੀਆਂ; ਅਸਲ ਵਿੱਚ, ਭੇਡਾਂ ਉਸ ਤੋਂ ਭੱਜ ਜਾਂਦੀਆਂ ਹਨ ਕਿਉਂਕਿ ਉਹ ਕਿਸੇ ਅਜਨਬੀ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ।" 6 ਯਿਸ਼ੂ ਨੇ ਇਹ ਸ਼ਬਦ ਉਦਾਹਰਣ ਵੱਜੋ ਬੋਲੇ, ਪਰ ਫ਼ਰੀਸੀਆਂ ਨੂੰ ਸਮਝ ਨਾ ਆਈ ਕਿ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈ।

7 ਤਦ ਯਿਸ਼ੂ ਨੇ ਫਿਰ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਭੇਡਾਂ ਦਾ ਦਰਵਾਜ਼ਾ ਹਾਂ। 8 ਉਹ ਸਾਰੇ ਜੋ ਮੇਰੇ ਤੋਂ ਪਹਿਲਾਂ ਆਏ ਸਨ ਚੋਰ ਅਤੇ ਡਾਕੂ ਸਨ, ਪਰ ਭੇਡਾਂ ਨੇ ਉਹਨਾਂ ਦੀ ਨਹੀਂ ਸੁਣੀ। 9 ਮੈਂ ਦਰਵਾਜ਼ਾ ਹਾਂ; ਉਹ ਜੋ ਵੀ ਮੇਰੇ ਰਾਹੀਂ ਪਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆ ਜਾ ਸਕਣਗੇ, ਅਤੇ ਉਹਨਾਂ ਨੂੰ ਚਾਰਾ ਮਿਲੇਗਾ। 10 ਚੋਰ, ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਹੀ ਆਉਂਦਾ ਹੈ; ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜੀਵਨ ਮਿਲੇ ਸਗੋਂ ਬੁਹਮੁੱਲਾ ਜੀਵਨ ਮਿਲੇ।

11 "ਮੈਂ ਚੰਗਾ ਚਰਵਾਹਾ ਹਾਂ। ਇੱਕ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹੈ। 12 ਜੋ ਕਾਮਾ ਹੈ ਉਹ ਚਰਵਾਹਾ ਨਹੀਂ ਹੁੰਦਾ ਅਤੇ ਭੇਡਾਂ ਦਾ ਮਾਲਕ ਨਹੀਂ ਹੁੰਦਾ। ਇਸ ਲਈ ਜਦੋਂ ਉਹ ਬਘਿਆੜ ਨੂੰ ਆਉਂਦਾ ਵੇਖਦਾ ਹੈ, ਤਾਂ ਉਹ ਭੇਡਾਂ ਨੂੰ ਛੱਡ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਫਿਰ ਬਘਿਆੜ ਭੇਡਾਂ ਉੱਤੇ ਹਮਲਾ ਕਰਦਾ ਹੈ ਅਤੇ ਸਾਰੀਆਂ ਭੇਡਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ। 13 ਉਹ ਕਾਮਾ ਭੱਜ ਜਾਂਦਾ ਹੈ ਕਿਉਂਕਿ ਉਹ ਇੱਕ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ।

14 "ਮੈਂ ਚੰਗਾ ਚਰਵਾਹਾ ਹਾਂ; ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ। 15 ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਅਤੇ ਮੈਂ ਪਿਤਾ ਨੂੰ ਜਾਣਦਾ ਹਾਂ, ਅਤੇ ਮੈਂ ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹਾਂ। 16 ਮੇਰੇ ਕੋਲ ਹੋਰ ਭੇਡਾਂ ਹਨ ਜੋ ਇਸ ਵਾੜੇ ਦੀਆਂ ਨਹੀਂ ਹਨ। ਮੇਰਾ ਉਹਨਾਂ ਨੂੰ ਲਿਆਉਣਾ ਜ਼ਰੂਰੀ ਹੈ। ਉਹ ਵੀ ਮੇਰੀ ਆਵਾਜ਼ ਸੁਣਨਗੇ ਅਤੇ ਇੱਕ ਹੀ ਇੱਜੜ ਅਤੇ ਇੱਕ ਹੀ ਚਰਵਾਹਾ ਹੋਵੇਗਾ। 17 ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣਾ ਜੀਵਨ ਦਿੰਦਾ ਹਾਂ, ਪਰ ਮੈਂ ਇਸ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹਾਂ। 18 ਕੋਈ ਵੀ ਮੇਰੇ ਤੋਂ ਜਾਨ ਨਹੀਂ ਲੈਂਦਾ, ਪਰ ਮੈਂ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਰੱਖਣ ਦਾ ਅਧਿਕਾਰ ਅਤੇ ਇਸ ਨੂੰ ਦੁਬਾਰਾ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਨੂੰ ਮੇਰੇ ਪਿਤਾ ਵੱਲੋਂ ਮਿਲਿਆ ਹੈ।"

19 ਜਿਹੜੇ ਯਹੂਦੀ ਇਹ ਸ਼ਬਦ ਸੁਣ ਰਹੇ ਸਨ ਉਹ ਦੁਬਾਰਾ ਆਪਸ ਵਿੱਚ ਸਹਿਮਤ ਨਹੀਂ ਸਨ। 20 ਉਹਨਾਂ ਵਿੱਚੋਂ ਕਈਆਂ ਨੇ ਕਿਹਾ, "ਇਸ ਵਿੱਚ ਭੂਤ ਹੈ ਅਤੇ ਇਹ ਪਾਗਲ ਹੈ। ਉਸ ਨੂੰ ਕਿਉਂ ਸੁਣਦੇ ਹੋ?"

21 ਪਰ ਕੁਝ ਹੋਰਾਂ ਨੇ ਕਿਹਾ, "ਇਹ ਬਚਨ ਭੂਤ ਚਿੰਬੜੇ ਆਦਮੀ ਦੇ ਨਹੀਂ ਹਨ। ਕੀ ਕੋਈ ਭੂਤ ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸਕਦਾ ਹੈ?"

ਯਿਸ਼ੂ ਦੇ ਬਚਨਾਂ ਤੇ ਹੋਰ ਵਿਵਾਦ

22 ਫਿਰ ਯੇਰੂਸ਼ਲੇਮ ਵਿੱਚ ਹੈਕਲ ਦਾ ਸਮਰਪਣ ਕਰਨ ਦਾ ਤਿਉਹਾਰ ਆਇਆ। ਇਹ ਸਰਦੀਆਂ ਦੀ ਰੁੱਤ ਸੀ, 23 ਅਤੇ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਸ਼ਲੋਮੋਨ ਦੀ ਡਿਉਢੀ ਵਿੱਚ ਸੀ। 24 ਯਹੂਦੀ ਜਿਹੜੇ ਉਹਨਾਂ ਦੇ ਆਸ-ਪਾਸ ਇਕੱਠੇ ਹੋਏ ਸਨ ਕਹਿਣ ਲੱਗੇ, "ਤੁਸੀਂ ਸਾਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੋਂਗੇ? ਜੇ ਤੁਸੀਂ ਮਸੀਹਾ ਹੋ, ਤਾਂ ਸਾਨੂੰ ਸਾਫ਼-ਸਾਫ਼ ਦੱਸੋ।"

25 ਯਿਸ਼ੂ ਨੇ ਉੱਤਰ ਦਿੱਤਾ, "ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੇਰੇ ਪਿਤਾ ਦੇ ਨਾਮ ਤੇ ਮੈਂ ਉਹ ਕੰਮ ਕਰਦਾ ਹਾਂ ਕਿਉਂ ਜੋ ਉਹ ਮੇਰੇ ਗਵਾਹ ਦਿੰਦੇ ਹਨ, 26 ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ। 27 ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਹਨਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ-ਪਿੱਛੇ ਚੱਲਦੀਆਂ ਹਨ। 28 ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ। 29 ਮੇਰਾ ਪਿਤਾ ਜੋ ਸਭ ਤੋਂ ਮਹਾਨ ਹੈ ਉਹ ਨੇ ਮੈਨੂੰ ਇਹ ਭੇਡਾਂ ਦਿੱਤੀਆਂ ਹਨ। ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸਕਦਾ। 30 ਮੈਂ ਅਤੇ ਪਿਤਾ ਇੱਕ ਹਾਂ।"

31 ਇਸ ਗੱਲ ਤੇ ਫਿਰ ਉਹ ਦੇ ਵਿਰੋਧੀ ਯਹੂਦੀਆਂ ਨੇ ਉਸ ਨੂੰ ਮਾਰਨ ਲਈ ਪੱਥਰ ਚੁੱਕੇ, 32 ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਸਾਰੇ ਚੰਗੇ ਕੰਮ ਦਿਖਾਏ ਹਨ। ਇਨ੍ਹਾਂ ਵਿੱਚੋਂ ਕਿਸ ਕੰਮ ਲਈ ਤੁਸੀਂ ਮੈਨੂੰ ਪੱਥਰ ਮਾਰਦੇ ਹੋ?"

33 ਯਹੂਦੀਆਂ ਨੇ ਉੱਤਰ ਦਿੱਤਾ, "ਅਸੀਂ ਕਿਸੇ ਚੰਗੇ ਕੰਮ ਲਈ ਤੈਨੂੰ ਪੱਥਰ ਨਹੀਂ ਮਾਰ ਰਹੇ, ਪਰ ਉਸ ਕੁਫ਼ਰ ਲਈ ਜੋ ਤੂੰ ਇੱਕ ਆਦਮੀ ਹੋ ਕੇ ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਦਾਅਵਾ ਕਰਦਾ ਹੈਂ।"

34 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਕੀ ਇਹ ਤੁਹਾਡੀ ਬਿਵਸਥਾ ਵਿੱਚ ਨਹੀਂ ਲਿਖਿਆ: ਮੈਂ ਕਿਹਾ ਕਿ ਤੁਸੀਂ ਦੇਵਤੇ ਹੋ? 35 ਜੇ ਪਰਮੇਸ਼ਵਰ ਨੇ ਉਹਨਾਂ ਨੂੰ ‘ਈਸ਼ਵਰ,’ ਆਖਿਆ ਜਿਨ੍ਹਾਂ ਦੇ ਲਈ ਇਹ ਬਿਵਸਥਾ ਆਈ ਸੀ। ਇਸ ਲਈ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ। 36 ਇਸ ਲਈ ਜਿਸ ਪਿਤਾ ਨੇ ਮੈਨੂੰ ਆਪਣੀ ਮਰਜ਼ੀ ਨਾਲ ਚੁਣਿਆ ਹੈ ਅਤੇ ਦੁਨੀਆਂ ਵਿੱਚ ਭੇਜਿਆ? ਤਾਂ ਫਿਰ ਤੁਸੀਂ ਮੇਰੇ ਉੱਤੇ ਕੁਫ਼ਰ ਬੋਲਣ ਦਾ ਦੋਸ਼ ਕਿਉਂ ਲਗਾਉਂਦੇ ਹੋ ਕਿਉਂਕਿ ਮੈਂ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ’? 37 ਮੇਰੇ ਤੇ ਵਿਸ਼ਵਾਸ ਨਾ ਕਰੋ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ। 38 ਪਰ ਜੇ ਮੈਂ ਇਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਜਾਣ ਸਕੋਂ ਅਤੇ ਸਮਝੋ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।" 39 ਉਹਨਾਂ ਫਿਰ ਯਿਸ਼ੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਕੋਲੋਂ ਚਲੇ ਗਏ।

40 ਯਿਸ਼ੂ ਫਿਰ ਯਰਦਨ ਨਦੀ ਦੇ ਪਾਰ ਉਸ ਥਾਂ ਨੂੰ ਚਲਿਆ ਗਿਆ ਜਿੱਥੇ ਯੋਹਨ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਹੀ ਰਿਹਾ, 41 ਅਤੇ ਬਹੁਤ ਸਾਰੇ ਲੋਕ ਉਸ ਕੋਲ ਆਏ। ਉਹਨਾਂ ਨੇ ਕਿਹਾ, "ਹਾਲਾਂਕਿ ਯੋਹਨ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁਝ ਯੋਹਨ ਨੇ ਇਸ ਆਦਮੀ ਬਾਰੇ ਕਿਹਾ ਉਹ ਸੱਚ ਸੀ।" 42 ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਕੀਤਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-