1 ਯਿਸ਼ੂ ਨੇ ਕਿਹਾ, "ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਅਤੇ ਮੇਰਾ ਪਿਤਾ ਬਾਗ਼ ਦਾ ਮਾਲੀ ਹੈ। 2 ਉਹ ਹਰ ਟਹਿਣੀ ਨੂੰ ਵੱਢ ਸੁੱਟਦਾ ਹੈ ਜਿਹੜੀ ਫ਼ਲ ਨਹੀਂ ਦਿੰਦੀ, ਅਤੇ ਜਿਹੜੀ ਟਹਿਣੀ ਫ਼ਲ ਦਿੰਦੀ ਹੈ ਉਸ ਨੂੰ ਛਾਂਗਦਾ ਹੈ ਤਾਂ ਜੋ ਉਹ ਹੋਰ ਵੀ ਫ਼ਲਦਾਰ ਬਣੇ। 3 ਤੁਸੀਂ ਉਹ ਬਚਨ ਕਾਰਨ ਪਹਿਲਾਂ ਹੀ ਸਾਫ਼ ਹੋ ਜੋ ਮੈਂ ਤੁਹਾਨੂੰ ਕਹੇ ਹਨ। 4 ਮੇਰੇ ਵਿੱਚ ਬਣੇ ਰਹੋ ਜਿਵੇਂ ਕਿ ਮੈਂ ਤੁਹਾਡੇ ਵਿੱਚ ਹਾਂ। ਕੋਈ ਵੀ ਟਹਿਣੀ ਆਪਣੇ ਆਪ ਫ਼ਲ ਨਹੀਂ ਦੇ ਸਕਦੀ ਜੇ ਉਹ ਵੇਲ ਵਿੱਚ ਨਾ ਬਣੀ ਰਹੇ। ਇਸ ਤਰ੍ਹਾਂ ਤੁਸੀਂ ਕਦੇ ਫ਼ਲ ਨਹੀਂ ਦੇ ਸਕਦੇ ਜਦੋਂ ਤੱਕ ਤੁਸੀਂ ਮੇਰੇ ਵਿੱਚ ਬਣੇ ਨਾ ਰਹੋ।
5 "ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫ਼ਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। 6 ਜੇ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਤੁਸੀਂ ਉਸ ਟਹਿਣੀ ਵਰਗੇ ਹੋ ਜਿਸ ਨੂੰ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਹ ਸੁੱਕ ਜਾਂਦੀ ਹੈ। ਅਜਿਹੀਆਂ ਟਹਿਣੀਆਂ ਚੁੱਕ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਹਨ। 7 ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਤੁਸੀਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਕੀਤਾ ਜਾਵੇਗਾ। 8 ਇਸ ਤੋਂ ਮੇਰੇ ਪਿਤਾ ਦੀ ਵਡਿਆਈ ਹੁੰਦੀ ਹੈ ਕਿ ਤੁਸੀਂ ਬਹੁਤਾ ਫ਼ਲ ਦੇਵੋ। ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਂਗੇ।
9 "ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋ। 10 ਜੇ ਤੁਸੀਂ ਮੇਰੇ ਹੁਕਮਾਂਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਵੇਂ ਕਿ ਮੈਂ ਆਪਣੇ ਪਿਤਾ ਦੇ ਹੁਕਮਾਂਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਿਹਾ ਹਾਂ। 11 ਮੈਂ ਤੁਹਾਨੂੰ ਇਹ ਇਸ ਲਈ ਦੱਸਿਆ ਹੈ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਹੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਸਕੇ। 12 ਮੇਰਾ ਆਦੇਸ਼ ਇਹ ਹੈ: ਕਿ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। 13 ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ। 14 ਤੁਸੀਂ ਮੇਰੇ ਦੋਸਤ ਹੋ ਜੇ ਤੁਸੀਂ ਉਹ ਕਰੋ ਜੋ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ। 15 ਫਿਰ ਮੈਂ ਤੁਹਾਨੂੰ ਨੌਕਰ ਨਹੀਂ ਬੁਲਾਉਂਦਾ ਕਿਉਂਕਿ ਇੱਕ ਨੌਕਰ ਆਪਣੇ ਮਾਲਕ ਦੇ ਕੰਮ ਬਾਰੇ ਨਹੀਂ ਜਾਣਦਾ। ਇਸ ਲਈ ਮੈਂ ਤੁਹਾਨੂੰ ਦੋਸਤ ਬੁਲਾਉਂਦਾ ਹਾਂ। ਜੋ ਕੁਝ ਮੈਂ ਆਪਣੇ ਪਿਤਾ ਤੋਂ ਸਿੱਖਿਆ ਹੈ ਅਤੇ ਉਹ ਸਭ ਮੈਂ ਤੁਹਾਨੂੰ ਦੱਸਦਾ ਹਾਂ। 16 ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਤੁਹਾਨੂੰ ਇਸ ਲਈ ਚੁਣਿਆ ਹੈ ਤਾਂ ਜੋ ਤੁਸੀਂ ਫ਼ਲ ਦੇ ਸਕੋ ਅਤੇ ਇਹ ਫ਼ਲ ਸਦਾ ਰਹੇਗਾ। ਫਿਰ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਂਗੇ ਪਿਤਾ ਤੁਹਾਨੂੰ ਦੇਵੇਗਾ। 17 ਮੇਰੀ ਇਹ ਆਗਿਆ ਹੈ: ਕਿ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ।
18 "ਜੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਯਾਦ ਰੱਖੋ ਕਿ ਉਸ ਨੇ ਪਹਿਲਾਂ ਮੈਨੂੰ ਨਫ਼ਰਤ ਕੀਤੀ ਹੈ। 19 ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ। ਪਰ ਤੁਸੀਂ ਇਸ ਸੰਸਾਰ ਦੇ ਨਹੀਂ ਹੋ। ਪਰ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ। ਇਸੇ ਕਰਕੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ। 20 ਯਾਦ ਰੱਖੋ ਕਿ ਮੈਂ ਤੁਹਾਨੂੰ ਕੀ ਕਿਹਾ ਸੀ, ‘ਇੱਕ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ।’ ਜੇ ਉਹਨਾਂ ਨੇ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਹਨਾਂ ਨੇ ਮੇਰੇ ਬਚਨਾਂ ਨੂੰ ਮੰਨਿਆ ਤਾਂ ਉਹ ਤੁਹਾਡੇ ਬਚਨਾਂ ਦੀ ਵੀ ਪਾਲਣਾ ਕਰਨਗੇ। 21 ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਇਹ ਸਭ ਕਰਨਗੇ ਕਿਉਂਕਿ ਲੋਕ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ। 22 ਜੇ ਮੈਂ ਇਸ ਸੰਸਾਰ ਵਿੱਚ ਨਾ ਆਇਆ ਹੁੰਦਾ ਅਤੇ ਉਹਨਾਂ ਨਾਲ ਗੱਲਾਂ ਨਾ ਕੀਤੀਆਂ ਹੁੰਦੀਆਂ ਤਾਂ ਉਹ ਪਾਪ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਹਨਾਂ ਕੋਲ ਆਪਣੇ ਪਾਪਾਂ ਦਾ ਕੋਈ ਬਹਾਨਾ ਨਹੀਂ ਹੈ। 23 ਜਿਹੜਾ ਮੈਨੂੰ ਨਫ਼ਰਤ ਕਰਦਾ ਹੈ ਉਹ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24 ਜੇ ਮੈਂ ਉਹਨਾਂ ਵਿੱਚਕਾਰ ਉਹ ਕੰਮ ਨਾ ਕੀਤੇ ਹੁੰਦੇ ਜੋ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪ ਲਈ ਦੋਸ਼ੀ ਨਹੀਂ ਹੁੰਦੇ। ਪਰ ਉਹਨਾਂ ਨੇ ਵੇਖਿਆ ਹੈ ਅਤੇ ਫਿਰ ਵੀ ਉਹਨਾਂ ਨੇ ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ। 25 ਪਰ ਜੋ ਉਹਨਾਂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਉਹ ਪੂਰਾ ਹੋਇਆ ਹੈ: ‘ਉਹਨਾਂ ਨੇ ਬਿਨਾਂ ਕਾਰਨ ਮੈਨੂੰ ਨਫ਼ਰਤ ਕੀਤੀ।’ "
26 ਯਿਸ਼ੂ ਨੇ ਕਿਹਾ, "ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੁਆਰਾ ਤੁਹਾਡੇ ਕੋਲ ਭੇਜਾਂਗਾ। ਉਹ ਸੱਚ ਦਾ ਆਤਮਾ ਜੋ ਪਿਤਾ ਤੋਂ ਆਵੇਗਾ ਉਹ ਮੇਰੇ ਬਾਰੇ ਗਵਾਹੀ ਦੇਵੇਗਾ। 27 ਅਤੇ ਤੁਹਾਨੂੰ ਵੀ ਗਵਾਹੀ ਦੇਣੀ ਚਾਹੀਦੀ ਹੈ, ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।"