1 ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸ਼ੂ ਜਾਣਦੇ ਸੀ ਕਿ ਉਸ ਦਾ ਸਮਾਂ ਨੇੜੇ ਆ ਗਿਆ ਹੈ ਕਿ ਉਹ ਇਸ ਦੁਨੀਆਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਵਾਪਸ ਜਾਣ। ਯਿਸ਼ੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਆਪਣੇ ਚੇਲਿਆਂ ਨੂੰ ਸਦਾ ਪਿਆਰ ਕੀਤਾ ਸੀ, ਅਤੇ ਉਸ ਨੇ ਚੇਲਿਆਂ ਨੂੰ ਅੰਤ ਤੱਕ ਪਿਆਰ ਕੀਤਾ।
2 ਯਿਸ਼ੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ, ਅਤੇ ਦੁਸ਼ਟ ਨੇ ਪਹਿਲਾਂ ਹੀ ਸ਼ਿਮਓਨ ਦੇ ਪੁੱਤਰ ਇਸਕਾਰਿਯੋਤ ਵਾਸੀ ਯਹੂਦਾਹ ਦੇ ਮਨ ਵਿੱਚ ਪਾ ਦਿੱਤਾ ਸੀ ਕਿ ਉਹ ਯਿਸ਼ੂ ਨੂੰ ਧੋਖਾ ਦੇਵੇ। 3 ਯਿਸ਼ੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਹਰ ਚੀਜ਼ ਉੱਤੇ ਅਧਿਕਾਰ ਦਿੱਤਾ ਹੋਇਆ ਹੈ ਅਤੇ ਉਹ ਪਰਮੇਸ਼ਵਰ ਵੱਲੋਂ ਆਏ ਹਨ ਅਤੇ ਪਰਮੇਸ਼ਵਰ ਕੋਲ ਵਾਪਸ ਜਾਣਗੇ। 4 ਇਸ ਲਈ ਉਹ ਭੋਜਨ ਵਾਲੇ ਮੇਜ਼ ਤੋਂ ਉੱਠੇ ਅਤੇ ਆਪਣਾ ਚੋਲਾ ਉੱਤਾਰਿਆ, ਆਪਣੀ ਕਮਰ ਦੇ ਦੁਆਲੇ ਤੌਲੀਆ ਲਪੇਟਿਆ। 5 ਅਤੇ ਇੱਕ ਭਾਂਡੇ ਵਿੱਚ ਪਾਣੀ ਪਾਇਆ। ਤਦ ਉਹਨਾਂ ਨੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਤੌਲੀਏ ਨਾਲ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ।
6 ਜਦੋਂ ਯਿਸ਼ੂ ਸ਼ਿਮਓਨ ਪਤਰਸ ਕੋਲ ਆਏ, ਪਤਰਸ ਨੇ ਉਸ ਨੂੰ ਕਿਹਾ, "ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?"
7 ਯਿਸ਼ੂ ਨੇ ਉੱਤਰ ਦਿੱਤਾ, "ਮੈਂ ਜੋ ਕੁਝ ਕਰ ਰਿਹਾ ਹਾਂ ਤੈਨੂੰ ਹੁਣ ਸਮਝ ਨਹੀਂ ਆ ਰਿਹਾ, ਪਰ ਬਾਅਦ ਵਿੱਚ ਤੂੰ ਸਮਝੇਗਾ।"
8 ਪਤਰਸ ਨੇ ਕਿਹਾ, "ਨਹੀਂ ਤੁਸੀਂ ਕਦੇ ਮੇਰੇ ਪੈਰ ਨਹੀਂ ਧੋਵੋਂਗੇ!"
ਯਿਸ਼ੂ ਨੇ ਜਵਾਬ ਦਿੱਤਾ, "ਜਦ ਤੱਕ ਮੈਂ ਤੁਹਾਨੂੰ ਧੋ ਨਾ ਲਵਾਂ, ਤੁਸੀਂ ਮੇਰੇ ਨਹੀਂ ਹੋਵੋਂਗੇ।"
9 ਸ਼ਿਮਓਨ ਪਤਰਸ ਨੇ ਕਿਹਾ, "ਹੇ ਮੇਰੇ ਪ੍ਰਭੂ! ਸਿਰਫ ਮੇਰੇ ਪੈਰ ਹੀ ਨਹੀਂ, ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ ਦੇਵੋ।"
10 ਯਿਸ਼ੂ ਨੇ ਉੱਤਰ ਦਿੱਤਾ, "ਉਹ ਮਨੁੱਖ ਜਿਸ ਨੇ ਨਹਾ ਲਿਆ ਹੈ ਉਸ ਨੂੰ ਸਿਰਫ ਪੈਰ ਧੋਣ ਦੀ ਜ਼ਰੂਰਤ ਹੈ। ਤੁਸੀਂ ਚੇਲੇ ਸਾਫ਼ ਹੋ, ਪਰ ਸਾਰੇ ਨਹੀਂ।" 11 ਕਿਉਂਕਿ ਯਿਸ਼ੂ ਜਾਣਦਾ ਸੀ ਕਿ ਉਸ ਨਾਲ ਕੌਣ ਵਿਸ਼ਵਾਸਘਾਤ ਕਰੇਂਗਾ। ਇਸ ਲਈ ਜਦੋਂ ਉਸ ਨੇ ਕਿਹਾ, "ਕਿ ਤੁਸੀਂ ਸਾਰੇ ਸਾਫ਼ ਨਹੀਂ ਹੋ।"
12 ਯਿਸ਼ੂ ਨੇ ਉਹਨਾਂ ਦੇ ਪੈਰ ਧੋਣ ਤੋਂ ਬਾਅਦ ਆਪਣੇ ਕੱਪੜੇ ਦੁਬਾਰਾ ਪਾ ਲਏ ਅਤੇ ਬੈਠ ਗਏ ਅਤੇ ਪੁੱਛਿਆ, "ਕੀ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਰ ਰਿਹਾ ਸੀ? 13 ਤੁਸੀਂ ਮੈਨੂੰ ‘ਗੁਰੂ,’ ਅਤੇ ‘ਪ੍ਰਭੂ,’ ਕਹਿੰਦੇ ਹੋ, ਅਤੇ ਤੁਸੀਂ ਸਹੀ ਹੋ, ਕਿਉਂਕਿ ਮੈਂ ਉਹੀ ਹਾਂ। 14 ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹਾਂ ਅਤੇ ਮੈਂ ਤੁਹਾਡੇ ਪੈਰ ਧੋਤੇ ਹਨ। ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15 ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਹੈ ਜਿਸ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਵੀ ਇਸ ਤਰ੍ਹਾਂ ਕਰੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਹੁੰਦਾ। 17 ਹੁਣ ਤੁਸੀਂ ਇਹ ਗੱਲਾਂ ਜਾਣਦੇ ਹੋ, ਅਤੇ ਜੇ ਤੁਸੀਂ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ।
18 "ਮੈਂ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਨਹੀਂ ਕਹਿ ਰਿਹਾ; ਜਿਨ੍ਹਾਂ ਨੂੰ ਮੈਂ ਚੁਣਿਆ ਹੈ ਉਹਨਾਂ ਨੂੰ ਮੈਂ ਜਾਣਦਾ ਹਾਂ। ਪਰ ਇਹ ਉਸ ਬਚਨ ਨੂੰ ਪੂਰਾ ਕਰਦਾ ਹੈ ਜਿਸ ਵਿੱਚ ਲਿਖਿਆ ਗਿਆ ਹੈ, ‘ਉਹ ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਹ ਮੇਰੇ ਵਿਰੁੱਧ ਹੋ ਗਿਆ ਹੈ।’
19 "ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ ਇਸ ਲਈ ਜਦੋਂ ਇਹ ਹੋਵੇਗਾ ਤੁਸੀਂ ਵਿਸ਼ਵਾਸ ਕਰੋਗੇ ਕਿ ਜੋ ਮੈਂ ਹਾਂ ਉਹੋ ਹਾਂ। 20 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕੋਈ ਵੀ ਜਿਹੜਾ ਮੇਰੇ ਘੱਲੇ ਹੋਏ ਦਾ ਸਵਾਗਤ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ, ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਪਿਤਾ ਨੂੰ ਸਵੀਕਾਰ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।"
21 ਇਸ ਤੋਂ ਬਾਅਦ ਯਿਸ਼ੂ ਆਤਮਾ ਵਿੱਚ ਬਹੁਤ ਪਰੇਸ਼ਾਨ ਹੋਏ, ਅਤੇ ਉਸ ਨੇ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ!"
22 ਯਿਸ਼ੂ ਦੇ ਚੇਲੇ ਇੱਕ ਦੂਸਰੇ ਵੱਲ ਵੇਖ ਰਹੇ ਸਨ ਅਤੇ ਇਹ ਵੇਖ ਕੇ ਉਹ ਹੈਰਾਨ ਸਨ ਕਿ ਯਿਸ਼ੂ ਨੇ ਕਿਸ ਦੇ ਬਾਰੇ ਵਿੱਚ ਗੱਲ ਕੀਤੀ ਹੈ। 23 ਚੇਲਿਆਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸ਼ੂ ਬਹੁਤ ਪਿਆਰ ਕਰਦੇ ਸੀ ਉਹ ਮੇਜ਼ ਤੇ ਯਿਸ਼ੂ ਦੇ ਕੋਲ ਬੈਠਾ ਹੋਇਆ ਸੀ। 24 ਸ਼ਿਮਓਨ ਪਤਰਸ ਨੇ ਇਸ਼ਾਰਾ ਕੀਤਾ ਅਤੇ ਪੁੱਛਿਆ, "ਉਹ ਕਿਸ ਬਾਰੇ ਗੱਲ ਕਰ ਰਹੇ ਹਨ?"
25 ਤਾਂ ਉਹ ਚੇਲਾ ਯਿਸ਼ੂ ਦੇ ਹੋਰ ਨੇੜੇ ਆਇਆ ਅਤੇ ਪੁੱਛਿਆ, "ਪ੍ਰਭੂ, ਉਹ ਕੌਣ ਹੈ?"
26 ਯਿਸ਼ੂ ਨੇ ਉੱਤਰ ਦਿੱਤਾ, "ਇਹ ਉਹੀ ਮਨੁੱਖ ਹੈ ਜਿਸ ਨੂੰ ਮੈਂ ਕਟੋਰੇ ਵਿੱਚ ਰੋਟੀ ਡੋਬ ਕੇ ਦੇਵਾਂਗਾ। ਫਿਰ ਉਹਨਾਂ ਨੇ ਰੋਟੀ ਲਈ ਤੇ ਕਟੋਰੇ ਵਿੱਚ ਡੋਬ ਕੇ ਸ਼ਿਮਓਨ ਦੇ ਪੁੱਤਰ ਇਸਕਾਰਿਯੋਤ ਵਾਸੀ ਯਹੂਦਾਹ ਨੂੰ ਦਿੱਤੀ। 27 ਜਦੋਂ ਯਹੂਦਾਹ ਨੇ ਰੋਟੀ ਖਾਧੀ ਤਾਂ ਸ਼ੈਤਾਨ ਉਸ ਦੇ ਅੰਦਰ ਆਇਆ। ਤਦ ਯਿਸ਼ੂ ਨੇ ਉਸ ਨੂੰ ਕਿਹਾ।
"ਜੋ ਤੂੰ ਕਰਨਾ ਹੈ ਉਹ ਛੇਤੀ ਕਰ।" 28 ਮੇਜ਼ ਤੇ ਬੈਠੇ ਕਿਸੇ ਵੀ ਮਨੁੱਖ ਨੂੰ ਸਮਝ ਨਹੀਂ ਆਇਆ ਕਿ ਯਿਸ਼ੂ ਨੇ ਇਹ ਉਸ ਨੂੰ ਕਿਉਂ ਕਿਹਾ ਸੀ। 29 ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾਹ ਕੋਲ ਪੈਸੇ ਵਾਲੀ ਥੈਲੀ ਰਹਿੰਦੀ ਹੈ ਅਤੇ ਯਿਸ਼ੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਉਹ ਖਰੀਦੇ ਜਾਂ ਗਰੀਬਾਂ ਨੂੰ ਕੁਝ ਪੈਸੇ ਦੇਣ ਨੂੰ ਕਿਹਾ ਸੀ। 30 ਯਹੂਦਾਹ ਰੋਟੀ ਲੈਣ ਤੋਂ ਬਾਅਦ ਬਾਹਰ ਚੱਲਿਆ ਗਿਆ। ਉਹ ਰਾਤ ਦਾ ਸਮਾਂ ਸੀ।
31 ਜਦੋਂ ਯਹੂਦਾਹ ਚਲਾ ਗਿਆ ਤਾਂ ਯਿਸ਼ੂ ਨੇ ਕਿਹਾ, "ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਵਿੱਚ ਪਰਮੇਸ਼ਵਰ ਦੀ ਵੀ ਵਡਿਆਈ ਹੋਈ ਹੈ। 32 ਜੇ ਪਰਮੇਸ਼ਵਰ ਦੀ ਉਸ ਵਿੱਚ ਵਡਿਆਈ ਹੁੰਦੀ ਹੈ, ਤਾਂ ਪਰਮੇਸ਼ਵਰ ਆਪਣੇ ਪੁੱਤਰ ਦੀ ਵਡਿਆਈ ਕਰੇਂਗਾ ਅਤੇ ਉਹ ਜਲਦੀ ਹੀ ਉਸ ਦੀ ਵਡਿਆਈ ਕਰੇਂਗਾ।"
33 ਯਿਸ਼ੂ ਨੇ ਕਿਹਾ, "ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹਾ ਹੋਰ ਸਮੇਂ ਲਈ ਰਹਾਂਗਾ। ਤੁਸੀਂ ਮੈਨੂੰ ਲੱਭੋਗੇ ਪਰ ਜਿਵੇਂ ਮੈਂ ਯਹੂਦੀਆਂ ਆਗੂਵਾਂ ਨੂੰ ਕਿਹਾ ਸੀ, ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਦਾ ਹਾਂ: ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ।
34 "ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਸਰੇ ਨੂੰ ਪਿਆਰ ਕਰੋ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। 35 ਜੇ ਤੁਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਇਹ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।"
36 ਸ਼ਿਮਓਨ ਪਤਰਸ ਨੇ ਉਹਨਾਂ ਪੁੱਛਿਆ, "ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ?"
ਯਿਸ਼ੂ ਨੇ ਉੱਤਰ ਦਿੱਤਾ, "ਜਿੱਥੇ ਮੈਂ ਜਾ ਰਿਹਾ ਹਾਂ, ਹੁਣ ਤੁਸੀਂ ਉੱਥੇ ਨਹੀਂ ਜਾ ਸਕਦੇ, ਪਰ ਬਾਅਦ ਵਿੱਚ ਤੁਸੀਂ ਜਾਵੋਂਗੇ।"
37 ਪਤਰਸ ਨੇ ਪੁੱਛਿਆ, "ਪ੍ਰਭੂ, ਮੈਂ ਹੁਣ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਦੇਵਾਂਗਾ।"
38 ਤਦ ਯਿਸ਼ੂ ਨੇ ਉੱਤਰ ਦਿੱਤਾ, "ਕੀ ਤੂੰ ਸੱਚ-ਮੁੱਚ ਮੇਰੇ ਲਈ ਆਪਣੀ ਜਾਨ ਦੇ ਦੇਵੇਗਾ? ਮੈਂ ਤੈਨੂੰ ਸੱਚ ਦੱਸਦਾ ਹਾਂ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ!"