1 ਹਫ਼ਤੇ ਦੇ ਪਹਿਲੇ ਦਿਨ ਐਤਵਾਰ ਨੂੰ ਸਵੇਰੇ ਤੜਕੇ ਹੀ ਔਰਤਾਂ ਤਿਆਰ ਕੀਤੀ ਸੁਗੰਧਾਂ ਨੂੰ ਲੈ ਕੇ ਕਬਰ ਕੋਲ ਆਈਆਂ। 2 ਉਹਨਾਂ ਨੇ ਉੱਥੇ ਆ ਕੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਸੀ, 3 ਪਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੂੰ ਪ੍ਰਭੂ ਯਿਸ਼ੂ ਦੀ ਲਾਸ਼ ਉੱਥੇ ਨਾ ਲੱਭੀ। 4 ਜਦੋਂ ਉਹ ਇਸ ਬਾਰੇ ਅਚੰਭਿਤ ਸਨ, ਅਚਾਨਕ ਦੋ ਆਦਮੀ ਬਿਜਲੀ ਵਾਂਗ ਚਮਕਦੇ ਕੱਪੜਿਆਂ ਵਿੱਚ ਉਹਨਾਂ ਦੇ ਕੋਲ ਆ ਕੇ ਖੜ੍ਹੇ ਹੋ ਗਏ। 5 ਡਰਦੇ ਹੋਏ ਔਰਤਾਂ ਨੇ ਆਪਣੇ ਚਿਹਰੇ ਧਰਤੀ ਵੱਲ ਝੁਕਾਏ, ਪਰ ਆਦਮੀਆਂ ਨੇ ਉਹਨਾਂ ਨੂੰ ਕਿਹਾ, "ਤੁਸੀਂ ਜਿਉਂਦੇ ਆਦਮੀ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? 6 ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸੀ, ਉਸ ਨੇ ਤੁਹਾਨੂੰ ਕੀ ਕਿਹਾ ਸੀ: 7 ‘ਇਹ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹਵਾਲੇ ਕੀਤਾ ਜਾਵੇ, ਸਲੀਬ ਦਿੱਤੀ ਜਾਵੇ ਅਤੇ ਫਿਰ ਤੀਜੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠਣ।’ " 8 ਤਦ ਉਹਨਾਂ ਨੂੰ ਯਿਸ਼ੂ ਦੀਆਂ ਗੱਲਾਂ ਯਾਦ ਆਈਆਂ।
9 ਜਦੋਂ ਉਹ ਔਰਤਾਂ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਇਹ ਸਭ ਗੱਲਾਂ ਗਿਆਰਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸੀਆਂ। 10 ਮਰਿਯਮ ਮਗਦਲਾ ਵਾਸੀ, ਯੋਆਨਾ, ਯਾਕੋਬ ਦੀ ਮਾਤਾ ਮਰਿਯਮ ਅਤੇ ਉਹਨਾਂ ਨਾਲ ਹੋਰ ਲੋਕ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਦੱਸਿਆ ਸੀ। 11 ਪਰ ਰਸੂਲਾਂ ਨੇ ਔਰਤਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਹਨਾਂ ਔਰਤਾਂ ਦੇ ਸ਼ਬਦ ਉਹਨਾਂ ਨੂੰ ਬੇਤੁੱਕੇ ਲੱਗਦੇ ਸਨ। 12 ਪਰ ਪਤਰਸ ਉੱਠਿਆ ਅਤੇ ਕਬਰ ਵੱਲ ਭੱਜਿਆ। ਜਦੋਂ ਉਸ ਨੇ ਝੁਕ ਕੇ ਅੰਦਰ ਵੇਖਿਆ ਤਾਂ ਉੱਥੇ ਮਲਮਲ ਦੇ ਕੱਪੜੇ ਦੀਆਂ ਪੱਟੀਆਂ ਪਈਆ ਸਨ, ਅਤੇ ਉਹ ਇਸ ਘਟਨਾ ਤੇ ਹੈਰਾਨ ਹੋ ਕੇ ਉੱਥੋਂ ਚਲਾ ਗਿਆ।
13 ਉਸੇ ਦਿਨ ਯਿਸ਼ੂ ਦੇ ਦੋ ਚੇਲੇ ਇੰਮਊਸ ਨਾਮ ਦੇ ਪਿੰਡ ਵੱਲ ਜਾ ਰਹੇ ਸਨ ਜੋ ਯੇਰੂਸ਼ਲੇਮ ਦੇ ਸ਼ਹਿਰ ਤੋਂ ਗਿਆਰਾਂ ਕਿਲੋਮੀਟਰ ਦੀ ਦੂਰੀ ਤੇ ਸੀ। 14 ਉਹ ਇੱਕ ਦੂਸਰੇ ਨਾਲ ਉਸ ਬਾਰੇ ਗੱਲਾਂ ਕਰ ਰਹੇ ਸਨ ਜੋ ਵਾਪਰਿਆ ਸੀ। 15 ਜਦੋਂ ਉਹ ਇੱਕ-ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸ਼ੂ ਖੁਦ ਆਏ ਅਤੇ ਉਹਨਾਂ ਦੇ ਨਾਲ ਤੁਰਨ ਲੱਗੇ। 16 ਪਰ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਉਹ ਯਿਸ਼ੂ ਨੂੰ ਪਛਾਣ ਨਾ ਸਕਣ।
17 ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਲੋਕ ਕਿਸ ਬਾਰੇ ਗੱਲ ਕਰ ਰਹੇ ਹੋ?"
ਉਹ ਰੁਕ ਗਏ, ਉਹਨਾਂ ਦੇ ਚਿਹਰੇ ਤੇ ਉਦਾਸੀ ਸੀ। 18 ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਲੋਪਸ ਹੈ, ਉਸ ਨੇ ਉਹਨਾਂ ਨੂੰ ਪੁੱਛਿਆ, "ਕੀ ਤੁਸੀਂ ਇਕੱਲੇ ਵਿਦੇਸ਼ੀ ਹੋ ਜੋ ਯੇਰੂਸ਼ਲੇਮ ਦਾ ਦੌਰਾ ਕਰ ਰਹੇ ਹੋ ਅਤੇ ਤੁਹਾਨੂੰ ਨਹੀਂ ਪਤਾ ਕਿ ਇਨ੍ਹਾਂ ਦਿਨਾਂ ਵਿੱਚ ਇੱਥੇ ਕੀ ਵਾਪਰਿਆ ਹੈ?"
19 ਯਿਸ਼ੂ ਨੇ ਪੁੱਛਿਆ, "ਕਿਹੜੀਆਂ ਚੀਜ਼ਾਂ?"
ਉਹਨਾਂ ਨੇ ਉੱਤਰ ਦਿੱਤਾ, "ਨਾਜ਼ਰੇਥ ਵਾਸੀ ਯਿਸ਼ੂ ਬਾਰੇ ਉਹ ਇੱਕ ਨਬੀ ਸਨ, ਬੋਲਣ ਵਿੱਚ ਸ਼ਕਤੀਮਾਨ ਅਤੇ ਪਰਮੇਸ਼ਵਰ ਅਤੇ ਸਾਰੇ ਲੋਕਾਂ ਸਾਹਮਣੇ ਕੰਮ ਕਰਦੇ ਸਨ। 20 ਮੁੱਖ ਜਾਜਕਾਂ ਅਤੇ ਸਾਡੇ ਸ਼ਾਸਕਾਂ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਹਨਾਂ ਨੂੰ ਸਲੀਬ ਦਿੱਤੀ। 21 ਪਰ ਸਾਨੂੰ ਉਮੀਦ ਸੀ ਕਿ ਯਿਸ਼ੂ ਹੀ ਸੀ ਜੋ ਇਸਰਾਏਲ ਨੂੰ ਅਜ਼ਾਦ ਕਰਾਵੇਗਾ ਅਤੇ ਇਸ ਤੋਂ ਇਲਾਵਾ, ਇਹ ਅੱਜ ਤੋਂ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ। 22 ਇਸ ਤੋਂ ਇਲਾਵਾ, ਸਾਡੀਆਂ ਕੁਝ ਔਰਤਾਂ ਨੇ ਸਾਨੂੰ ਹੈਰਾਨ ਕਰ ਦਿੱਤਾ। ਉਹ ਅੱਜ ਸਵੇਰੇ ਤੜਕੇ ਕਬਰ ਤੇ ਗਈਆਂ, 23 ਪਰ ਉਹਨਾਂ ਨੂੰ ਯਿਸ਼ੂ ਦੀ ਲਾਸ਼ ਨਹੀਂ ਲੱਭੀ। ਉਹਨਾਂ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਦੂਤਾਂ ਦਾ ਦਰਸ਼ਨ ਵੇਖਿਆ ਸੀ, ਜਿਨ੍ਹਾਂ ਨੇ ਕਿਹਾ ਕਿ ਯਿਸ਼ੂ ਜਿਉਂਦੇ ਹਨ। 24 ਤਦ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਉਹਨਾਂ ਨੇ ਇਹ ਉਵੇਂ ਪਾਇਆ ਜਿਵੇਂ ਔਰਤਾਂ ਨੇ ਕਿਹਾ ਸੀ, ਪਰ ਉਹਨਾਂ ਨੇ ਯਿਸ਼ੂ ਨੂੰ ਨਹੀਂ ਵੇਖਿਆ।"
25 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੁਸੀਂ ਕਿੰਨੇ ਮੂਰਖ ਹੋ, ਅਤੇ ਨਬੀਆਂ ਦੀਆਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਤੋਂ ਪਿੱਛੇ ਹਟ ਗਏ 26 ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਸਾਰੇ ਤਸੀਹੇ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰੇ?" 27 ਅਤੇ ਯਿਸ਼ੂ ਨੇ ਮੋਸ਼ੇਹ ਅਤੇ ਸਾਰੇ ਨਬੀਆਂ ਤੋਂ ਸ਼ੁਰੂ ਕਰਦਿਆਂ, ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਬਾਰੇ ਸਾਰੀਆਂ ਪੋਥੀਆਂ ਵਿੱਚ ਕੀ ਕਿਹਾ ਗਿਆ ਸੀ।
28 ਜਦੋਂ ਉਹ ਉਸ ਪਿੰਡ ਦੇ ਨੇੜੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਯਿਸ਼ੂ ਨੇ ਚੱਲਣਾ ਜਾਰੀ ਰੱਖਿਆ ਜਿਵੇਂ ਉਹ ਵਧੇਰੇ ਦੂਰ ਜਾ ਰਹੇ ਹੋਣ। 29 ਪਰ ਉਹਨਾਂ ਨੇ ਯਿਸ਼ੂ ਨੂੰ ਜ਼ੋਰ ਪਾ ਕੇ ਕਿਹਾ, "ਸਾਡੇ ਨਾਲ ਰਹੋ, ਕਿਉਂਕਿ ਤਕਰੀਬਨ ਸ਼ਾਮ ਹੋ ਚੁੱਕੀ ਹੈ; ਦਿਨ ਢਲ ਚੁੱਕਾ ਹੈ।" ਤਾਂ ਯਿਸ਼ੂ ਉਹਨਾਂ ਦੇ ਨਾਲ ਰਹਿਣ ਲਈ ਘਰ ਦੇ ਅੰਦਰ ਗਏ।
30 ਜਦੋਂ ਯਿਸ਼ੂ ਉਹਨਾਂ ਨਾਲ ਮੇਜ਼ ਤੇ ਆਏ, ਉਹਨਾਂ ਨੇ ਰੋਟੀ ਲਈ ਅਤੇ ਧੰਨਵਾਦ ਕਰਕੇ ਉਸ ਨੂੰ ਤੋੜਿਆ ਅਤੇ ਉਹਨਾਂ ਨੂੰ ਦੇ ਦਿੱਤੀ। 31 ਤਦ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ, ਅਤੇ ਉਹ ਉਹਨਾਂ ਦੀ ਨਜ਼ਰ ਤੋਂ ਅਲੋਪ ਹੋ ਗਏ। 32 ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, "ਜਦੋਂ ਉਹ ਸਾਡੇ ਨਾਲ ਸੜਕ ਤੇ ਗੱਲ ਕਰ ਰਿਹਾ ਸੀ ਅਤੇ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ, ਤਾਂ ਕੀ ਸਾਡੇ ਦਿਲ ਅੰਦਰ ਨਹੀਂ ਸੜ ਰਹੇ?"
33 ਉਹ ਖੜ੍ਹੇ ਹੋ ਗਏ ਅਤੇ ਇੱਕ ਦਮ ਯੇਰੂਸ਼ਲੇਮ ਵਾਪਸ ਆ ਗਏ। ਉੱਥੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਹੋਰਾਂ ਨੂੰ ਦੇਖਿਆ, ਜੋ ਉੱਥੇ ਇਕੱਠੇ ਹੋਏ ਸਨ, 34 ਅਤੇ ਕਹਿ ਰਹੇ ਸਨ, "ਇਹ ਸੱਚ ਹੈ! ਪ੍ਰਭੂ ਜੀ ਉੱਠੇ ਹਨ ਅਤੇ ਸ਼ਿਮਓਨ ਨੂੰ ਦਿਖਾਈ ਦਿੱਤੇ ਹਨ।" 35 ਤਦ ਉਹਨਾਂ ਦੋਵਾਂ ਨੇ ਦੱਸਿਆ ਕਿ ਰਸਤੇ ਵਿੱਚ ਕੀ ਹੋਇਆ ਸੀ, ਅਤੇ ਰੋਟੀ ਤੋੜਨ ਵੇਲੇ ਕਿਵੇਂ ਉਹਨਾਂ ਨੇ ਯਿਸ਼ੂ ਨੂੰ ਪਛਾਣ ਲਿਆ।
36 ਜਦੋਂ ਉਹ ਇਸ ਬਾਰੇ ਗੱਲ ਕਰ ਹੀ ਰਹੇ ਸਨ, ਯਿਸ਼ੂ ਆਪ ਉਹਨਾਂ ਦੇ ਵਿੱਚਕਾਰ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਕਿਹਾ, "ਤੁਹਾਨੂੰ ਸ਼ਾਂਤੀ ਮਿਲੇ!"
37 ਉਹ ਹੈਰਾਨ ਸਨ ਅਤੇ ਡਰ ਗਏ, ਇਹ ਸੋਚਦਿਆਂ ਕਿ ਉਹਨਾਂ ਨੇ ਇੱਕ ਭੂਤ ਵੇਖਿਆ ਹੈ। 38 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੁਸੀਂ ਪ੍ਰੇਸ਼ਾਨ ਕਿਉਂ ਹੋ, ਅਤੇ ਤੁਹਾਡੇ ਮਨ ਵਿੱਚ ਸ਼ੱਕ ਕਿਉਂ ਪੈਦਾ ਹੁੰਦਾ ਹੈ? 39 ਮੇਰੇ ਹੱਥਾਂ ਅਤੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ! ਮੈਨੂੰ ਛੂਹੋ ਅਤੇ ਵੇਖੋ; ਕਿਉਂਕਿ ਭੂਤਾਂ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੇ ਹਨ, ਪਰ ਜਿਵੇਂ ਤੁਸੀਂ ਵੇਖ ਰਹੇ ਹੋ ਮੇਰੇ ਹਨ।"
40 ਇਹ ਕਹਿ ਕੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ। 41 ਅਤੇ ਜਦੋਂ ਉਹ ਅਜੇ ਵੀ ਖੁਸ਼ੀ ਅਤੇ ਹੈਰਾਨ ਹੋਣ ਕਰਕੇ ਇਸ ਗੱਲ ਤੇ ਵਿਸ਼ਵਾਸ ਨਾ ਕਰ ਸਕੇ, ਤਾਂ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਕੀ ਤੁਹਾਡੇ ਕੋਲ ਖਾਣ ਲਈ ਇੱਥੇ ਕੁਝ ਹੈ?" 42 ਉਹਨਾਂ ਨੇ ਯਿਸ਼ੂ ਨੂੰ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ, 43 ਅਤੇ ਯਿਸ਼ੂ ਨੇ ਉਸ ਨੂੰ ਲਿਆ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਖਾਧਾ।
44 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਇਹ ਉਹੋ ਹੈ ਜੋ ਮੈਂ ਤੁਹਾਨੂੰ ਉਦੋਂ ਕਿਹਾ ਸੀ ਜਦੋਂ ਮੈਂ ਤੁਹਾਡੇ ਨਾਲ ਸੀ। ਹਰ ਗੱਲ ਪੂਰੀ ਹੋਣੀ ਜ਼ਰੂਰੀ ਹੈ ਜੋ ਮੇਰੇ ਬਾਰੇ ਮੋਸ਼ੇਹ ਦੀ ਬਿਵਸਥਾ, ਨਬੀਆਂ ਅਤੇ ਜ਼ਬੂਰਾਂ ਵਿੱਚ ਲਿਖੀ ਗਈ ਹੈ।"
45 ਫਿਰ ਯਿਸ਼ੂ ਨੇ ਉਹਨਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਬਚਨਾਂ ਨੂੰ ਸਮਝ ਸਕਣ। 46 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੈ: ਮਸੀਹ ਤਸੀਹੇ ਝੱਲਣਗੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਗੇ, 47 ਅਤੇ ਯੇਰੂਸ਼ਲੇਮ ਤੋਂ ਸ਼ੁਰੂ ਕਰਦਿਆਂ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਪਛਤਾਵੇ ਦਾ ਪ੍ਰਚਾਰ ਕੀਤਾ ਜਾਵੇਗਾ। 48 ਤੁਸੀਂ ਇਨ੍ਹਾਂ ਚੀਜ਼ਾਂ ਦੇ ਗਵਾਹ ਹੋ। 49 ਮੈਂ ਤੁਹਾਨੂੰ ਭੇਜ ਰਿਹਾ ਹਾਂ ਜੋ ਮੇਰੇ ਪਿਤਾ ਨੇ ਵਾਅਦਾ ਕੀਤਾ ਹੈ; ਪਰ ਉਦੋਂ ਤੱਕ ਯੇਰੂਸ਼ਲੇਮ ਸ਼ਹਿਰ ਵਿੱਚ ਰਹੋ ਜਦੋਂ ਤੱਕ ਤੁਸੀਂ ਉੱਪਰੋਂ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ।"
50 ਜਦੋਂ ਯਿਸ਼ੂ ਨੇ ਉਹਨਾਂ ਨੂੰ ਬੈਥਨੀਆ ਦੇ ਇਲਾਕੇ ਵਿੱਚ ਲਿਆਂਦਾ ਤਾਂ ਯਿਸ਼ੂ ਨੇ ਆਪਣੇ ਹੱਥ ਉੱਪਰ ਕੀਤੇ ਅਤੇ ਉਹਨਾਂ ਨੂੰ ਅਸੀਸ ਦਿੱਤੀ। 51 ਜਦੋਂ ਉਹ ਉਹਨਾਂ ਨੂੰ ਅਸੀਸ ਦੇ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਸਵਰਗ ਵਿੱਚ ਉੱਠਾ ਲਏ ਗਏ। 52 ਤਦ ਉਹਨਾਂ ਨੇ ਯਿਸ਼ੂ ਦੀ ਅਰਾਧਨਾ ਕੀਤੀ ਅਤੇ ਬੜੇ ਅਨੰਦ ਨਾਲ ਯੇਰੂਸ਼ਲੇਮ ਵਾਪਸ ਪਰਤੇ। 53 ਅਤੇ ਉਹ ਲਗਾਤਾਰ ਹੈਕਲ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਦੇ ਰਹੇ।