1 ਤਦ ਸਾਰੀ ਸਭਾ ਇਕੱਠੀ ਹੋਈ ਅਤੇ ਯਿਸ਼ੂ ਨੂੰ ਪਿਲਾਤੁਸ ਦੇ ਕੋਲ ਲੈ ਗਈ। 2 ਉਹਨਾਂ ਨੇ ਯਿਸ਼ੂ ਉੱਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ, "ਅਸੀਂ ਇਸ ਆਦਮੀ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਭਰਮਾਉਂਦੇ ਵੇਖਿਆ ਹੈ। ਉਹ ਕੈਸਰ ਨੂੰ ਟੈਕਸ ਅਦਾ ਕਰਨ ਦਾ ਵਿਰੋਧ ਕਰਦਾ ਹੈ ਅਤੇ ਮਸੀਹ, ਰਾਜਾ ਹੋਣ ਦਾ ਦਾਅਵਾ ਕਰਦਾ ਹੈ।"
3 ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, "ਕੀ ਤੂੰ ਯਹੂਦੀਆਂ ਦਾ ਰਾਜਾ ਹੈ?"
ਯਿਸ਼ੂ ਨੇ ਜਵਾਬ ਦਿੱਤਾ, "ਜੋ ਤੁਸੀਂ ਕਿਹਾ ਹੈ ਸੱਚ ਉਹੀ ਹੈ।"
4 ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਲੋਕਾਂ ਨੂੰ ਕਿਹਾ, "ਮੈਨੂੰ ਇਸ ਆਦਮੀ ਉੱਤੇ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਮਿਲਿਆ।"
5 ਪਰ ਉਹਨਾਂ ਨੇ ਜ਼ੋਰ ਪਾਉਂਦਿਆਂ ਕਿਹਾ, "ਉਹ ਆਪਣੀ ਸਿੱਖਿਆ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਂਦਾ ਹੈ। ਉਸ ਨੇ ਗਲੀਲ ਪ੍ਰਦੇਸ਼ ਤੋਂ ਸ਼ੁਰੂ ਕੀਤਾ ਅਤੇ ਇੱਥੇ ਤੱਕ ਪਹੁੰਚ ਗਿਆ ਹੈ।"
6 ਇਹ ਸੁਣਦਿਆਂ ਹੀ ਪਿਲਾਤੁਸ ਨੇ ਪੁੱਛਿਆ ਕੀ ਇਹ ਆਦਮੀ ਗਲੀਲ ਵਾਸੀ ਹੈ? 7 ਜਦੋਂ ਉਸ ਨੂੰ ਪਤਾ ਚੱਲਿਆ ਕਿ ਯਿਸ਼ੂ ਹੇਰੋਦੇਸ ਦੇ ਅਧਿਕਾਰ ਖੇਤਰ ਵਿੱਚ ਹੈ, ਉਸ ਨੇ ਯਿਸ਼ੂ ਨੂੰ ਹੇਰੋਦੇਸ ਕੋਲ ਭੇਜ ਦਿੱਤਾ, ਜੋ ਉਸ ਸਮੇਂ ਯੇਰੂਸ਼ਲੇਮ ਵਿੱਚ ਸੀ।
8 ਜਦੋਂ ਹੇਰੋਦੇਸ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਲੰਬੇ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ। ਉਸ ਨੇ ਪ੍ਰਭੂ ਯਿਸ਼ੂ ਬਾਰੇ ਬਹੁਤ ਕੁਝ ਸੁਣਿਆ ਸੀ। ਉਸ ਨੂੰ ਉਮੀਦ ਸੀ ਕਿ ਉਹ ਪ੍ਰਭੂ ਯਿਸ਼ੂ ਦੁਆਰਾ ਕੀਤੇ ਗਏ ਕੁਝ ਚਮਤਕਾਰ ਨੂੰ ਦੇਖ ਸਕੇ। 9 ਉਸ ਨੇ ਯਿਸ਼ੂ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ, ਪਰ ਯਿਸ਼ੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। 10 ਮੁੱਖ ਜਾਜਕਾਂ ਅਤੇ ਸ਼ਾਸਤਰੀ ਉੱਥੇ ਖੜ੍ਹੇ ਸਨ, ਅਤੇ ਉਸ ਤੇ ਜ਼ੋਰ ਸ਼ੋਰ ਨਾਲ ਦੋਸ਼ ਲਗਾ ਰਹੇ ਸਨ। 11 ਤਦ ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਇੱਕ ਸ਼ਾਨਦਾਰ ਚੋਲਾ ਪਹਿਨਾਇਆ ਅਤੇ ਉਹਨਾਂ ਨੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12 ਉਸ ਦਿਨ ਹੇਰੋਦੇਸ ਅਤੇ ਪਿਲਾਤੁਸ ਦੋਸਤ ਬਣ ਗਏ, ਇਸ ਤੋਂ ਪਹਿਲਾਂ ਉਹ ਇੱਕ-ਦੂਜੇ ਦੇ ਵੈਰੀ ਸਨ।
13 ਪਿਲਾਤੁਸ ਨੇ ਮੁੱਖ ਜਾਜਕਾਂ, ਸ਼ਾਸਕਾਂ ਅਤੇ ਲੋਕਾਂ ਨੂੰ ਇਕੱਠਾ ਕੀਤਾ, 14 ਅਤੇ ਉਹਨਾਂ ਨੂੰ ਕਿਹਾ, "ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਇਸ ਵਜੋਂ ਲਿਆਏ ਸੀ ਕਿ ਉਹ ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾ ਰਿਹਾ ਸੀ। ਮੈਂ ਤੁਹਾਡੀ ਮੌਜੂਦਗੀ ਵਿੱਚ ਉਸ ਦੀ ਜਾਂਚ ਕੀਤੀ ਹੈ ਅਤੇ ਮੈਨੂੰ ਉਸ ਵਿੱਚ ਤੁਹਾਡੇ ਦੁਆਰਾ ਲਾਏ ਗਏ ਦੋਸ਼ਾਂ ਦਾ ਕੋਈ ਕਾਰਨ ਨਹੀਂ ਲੱਭਿਆ ਹੈ। 15 ਨਾ ਹੀ ਹੇਰੋਦੇਸ ਨੂੰ ਕੋਈ ਦੋਸ਼ ਲੱਭਿਆ ਹੈ, ਕਿਉਂਕਿ ਉਸ ਨੇ ਉਸ ਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਉਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ। 16 ਇਸ ਲਈ, ਮੈਂ ਉਸ ਨੂੰ ਸਜ਼ਾ ਦਿਆਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ। 17 ਤਿਓਹਾਰ ਦੇ ਮੌਕੇ ਉੱਤੇ ਇੱਕ ਕੈਦੀ ਨੂੰ ਰਿਹਾ ਕਰਨ ਦਾ ਰਿਵਾਜ ਸੀ।"
18 ਪਰ ਸਾਰੀ ਭੀੜ ਚੀਕ ਉੱਠੀ, "ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿਓ ਅਤੇ ਬਾਰ-ਅੱਬਾਸ ਨੂੰ ਸਾਡੇ ਲਈ ਛੱਡ ਦਿਓ!" 19 ਬਾਰ-ਅੱਬਾਸ ਨੂੰ ਸ਼ਹਿਰ ਵਿੱਚ ਬਗਾਵਤ ਕਰਨ ਅਤੇ ਕਤਲ ਕਰਨ ਲਈ ਕੈਦ ਵਿੱਚ ਸੁੱਟ ਦਿੱਤਾ ਗਿਆ ਸੀ।
20 ਪਿਲਾਤੁਸ ਯਿਸ਼ੂ ਨੂੰ ਰਿਹਾ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ। 21 ਪਰ ਉਹ ਚੀਕਦੇ ਰਹੇ, "ਉਸ ਨੂੰ ਸਲੀਬ ਦਿਓ! ਉਸ ਨੂੰ ਸਲੀਬ ਦਿਓ!"
22 ਤੀਜੀ ਵਾਰ ਪਿਲਾਤੁਸ ਨੇ ਉਹਨਾਂ ਨਾਲ ਗੱਲ ਕੀਤੀ: "ਕਿਉਂ? ਇਸ ਆਦਮੀ ਨੇ ਕਿਹੜਾ ਜੁਰਮ ਕੀਤਾ ਹੈ? ਮੈਨੂੰ ਉਸ ਵਿੱਚ ਮੌਤ ਦੀ ਸਜ਼ਾ ਦਾ ਕੋਈ ਕਾਰਨ ਨਹੀਂ ਮਿਲਿਆ ਹੈ। ਇਸ ਲਈ ਮੈਂ ਉਸ ਨੂੰ ਸਜ਼ਾ ਦੇਵਾਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ।"
23 ਪਰ ਉੱਚੀ ਆਵਾਜ਼ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਉਸ ਨੂੰ ਸਲੀਬ ਦਿੱਤੀ ਜਾਵੇ, ਅਤੇ ਉਸ ਨੂੰ ਉਹਨਾਂ ਦੀ ਆਵਾਜ਼ ਅੱਗੇ ਝੁੱਕਣਾ ਪਿਆ। 24 ਇਸ ਲਈ ਪਿਲਾਤੁਸ ਨੇ ਉਹਨਾਂ ਦੀ ਮੰਗ ਮੰਨਣ ਦਾ ਫ਼ੈਸਲਾ ਕੀਤਾ। 25 ਉਸ ਨੇ ਉਸ ਆਦਮੀ ਨੂੰ ਰਿਹਾ ਕੀਤਾ ਜਿਸ ਨੂੰ ਬਗਾਵਤ ਅਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ ਸੀ, ਜਿਸ ਨੂੰ ਛੱਡਣ ਦੀ ਉਹਨਾਂ ਨੇ ਮੰਗ ਕੀਤੀ ਸੀ ਅਤੇ ਯਿਸ਼ੂ ਨੂੰ ਭੀੜ ਦੀ ਮਰਜ਼ੀ ਅਨੁਸਾਰ ਉਹਨਾਂ ਦੇ ਹਵਾਲੇ ਕਰ ਦਿੱਤਾ।
26 ਜਦੋਂ ਸਿਪਾਹੀ ਉਸ ਨੂੰ ਬਾਹਰ ਲੈ ਜਾ ਰਹੇ ਸਨ, ਉਹਨਾਂ ਨੇ ਕੁਰੇਨੀ ਵਾਸੀ ਸ਼ਿਮਓਨ ਨੂੰ ਫੜ ਲਿਆ, ਜੋ ਕਿ ਦੇਸ਼ ਤੋਂ ਆਪਣੇ ਰਾਹ ਵੱਲ ਜਾ ਰਿਹਾ ਸੀ ਅਤੇ ਉਹਨਾਂ ਨੇ ਸਲੀਬ ਉਸ ਉੱਤੇ ਲੱਦ ਦਿੱਤੀ ਅਤੇ ਉਸ ਨੂੰ ਯਿਸ਼ੂ ਦੇ ਪਿੱਛੇ-ਪਿੱਛੇ ਚੱਲਣ ਲਈ ਕਿਹਾ। 27 ਵੱਡੀ ਗਿਣਤੀ ਵਿੱਚ ਲੋਕ ਉਸ ਦੇ ਪਿੱਛੇ ਚੱਲ ਰਹੇ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸਨ ਜੋ ਸੋਗ ਕਰਦੀਆਂ ਸਨ ਅਤੇ ਉਸ ਲਈ ਰੋਂਦੀਆਂ ਸਨ। 28 ਯਿਸ਼ੂ ਨੇ ਮੁੜ ਕੇ ਉਹਨਾਂ ਨੂੰ ਕਿਹਾ, "ਯੇਰੂਸ਼ਲੇਮ ਦੀ ਧੀਓ, ਮੇਰੇ ਲਈ ਨਾ ਰੋਵੋ। ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ। 29 ਉਹ ਵੇਲਾ ਆਵੇਗਾ ਜਦੋਂ ਤੁਸੀਂ ਕਹੋਗੇ, ‘ਧੰਨ ਹਨ ਬੇ-ਔਲਾਦ ਔਰਤਾਂ, ਜਿਹੜੀਆਂ ਕੁੱਖਾਂ ਨੇ ਕਦੇ ਕੌਈ ਔਲਾਦ ਨਹੀਂ ਜੰਮੀ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਕਦੇ ਦੁੱਧ ਨਹੀਂ ਪਿਲਾਇਆ!’
30 " ‘ਫਿਰ ਉਹ ਪਹਾੜਾਂ ਨੂੰ ਕਹਿਣਗੇ, "ਸਾਡੇ ਉੱਤੇ ਡਿੱਗ ਜਾਓ!"
ਅਤੇ ਪਹਾੜੀਆਂ ਨੂੰ ਕਹਿਣਗੇ, "ਸਾਨੂੰ ਢੱਕ ਲਓ।" ’
31 ਕਿਉਂਕਿ ਜਦੋਂ ਉਹ ਹਰੇ ਰੁੱਖ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ, ਤਾਂ ਸੁੱਕੇ ਰੁੱਖ ਦੀ ਕੀ ਹਾਲਤ ਹੋਵੇਗੀ?"
32 ਦੋ ਹੋਰ ਆਦਮੀ, ਜਿਹੜੇ ਅਪਰਾਧੀ ਸਨ, ਉਹਨਾਂ ਨੂੰ ਵੀ ਯਿਸ਼ੂ ਦੇ ਨਾਲ ਮੌਤ ਦੀ ਸਜ਼ਾ ਲਈ ਲਜਾਇਆ ਜਾ ਰਿਹਾ ਸੀ। 33 ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਖੋਪੜੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸ ਦੇ ਸੱਜੇ, ਦੂਸਰਾ ਉਸ ਦੇ ਖੱਬੇ ਪਾਸੇ। 34 ਯਿਸ਼ੂ ਨੇ ਕਿਹਾ, "ਪਿਤਾ ਜੀ, ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।" ਅਤੇ ਉਹਨਾਂ ਨੇ ਪਰਚੀਆਂ ਸੁੱਟ ਕੇ ਉਸ ਦੇ ਕੱਪੜੇ ਵੰਡ ਲਏ।
35 ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, "ਇਸ ਨੇ ਹੋਰਾਂ ਨੂੰ ਬਚਾਇਆ ਅਤੇ ਜੇ ਇਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।"
36 ਸਿਪਾਹੀ ਵੀ ਆਏ ਅਤੇ ਉਹਨਾਂ ਨੇ ਵੀ ਉਸ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਸਿਰਕਾ ਪਿਲਾਇਆ 37 ਅਤੇ ਕਿਹਾ, "ਜੇ ਤੂੰ ਯਹੂਦੀਆਂ ਦਾ ਰਾਜਾ ਹੈ, ਤਾਂ ਆਪਣੇ ਆਪ ਨੂੰ ਬਚਾ ਲੈ।"
38 ਉਸ ਦੇ ਸਿਰ ਉੱਪਰ ਇੱਕ ਦੋਸ਼ ਪੱਤਰੀ ਵਿੱਚ ਲਿਖ ਕੇ ਲਗਾਈ ਗਈ, ਜਿਸ ਵਿੱਚ ਲਿਖਿਆ ਸੀ:
ਇਹ ਯਹੂਦੀਆਂ ਦਾ ਰਾਜਾ ਹੈ।
39 ਇੱਕ ਅਪਰਾਧੀ ਜੋ ਉੱਥੇ ਲਟਕਾਇਆ ਗਿਆ ਸੀ, ਉਸ ਨੇ ਯਿਸ਼ੂ ਦਾ ਅਪਮਾਨ ਕੀਤਾ ਅਤੇ ਕਿਹਾ: "ਕੀ ਤੂੰ ਮਸੀਹਾ ਨਹੀਂ ਹੈ? ਆਪਣੇ ਆਪ ਨੂੰ ਅਤੇ ਸਾਨੂੰ ਬਚਾ!"
40 ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਕਿਹਾ, "ਕੀ ਤੂੰ ਪਰਮੇਸ਼ਵਰ ਤੋਂ ਨਹੀਂ ਡਰਦਾ? ਕਿਉਂਕਿ ਤੈਨੂੰ ਵੀ ਉਹੀ ਸਜ਼ਾ ਦਿੱਤੀ ਜਾ ਰਹੀ ਹੈ! 41 ਸਾਡੇ ਲਈ ਇਹ ਸਜ਼ਾ ਸਹੀ ਹੈ, ਕਿਉਂਕਿ ਸਾਨੂੰ ਸਾਡੇ ਬੁਰੇ ਕੰਮਾਂ ਲਈ ਸਹੀ ਸਜ਼ਾ ਮਿਲ ਰਹੀ ਹੈ ਪਰ ਇਸ ਆਦਮੀ ਨੇ ਕੁਝ ਗਲਤ ਨਹੀਂ ਕੀਤਾ।"
42 ਤਦ ਉਸ ਨੇ ਕਿਹਾ, "ਯਿਸ਼ੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓਗੇ ਤਾਂ ਮੈਨੂੰ ਯਾਦ ਰੱਖਣਾ।"
43 ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਸੱਚ ਦੱਸਦਾ ਹਾਂ, ਅੱਜ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਗੇ।"
44 ਇਹ ਦੁਪਹਿਰ ਦਾ ਵੇਲਾ ਸੀ ਅਤੇ ਦੁਪਹਿਰ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਉੱਤੇ ਹਨੇਰਾ ਛਾਇਆ ਰਿਹਾ। 45 ਸੂਰਜ ਨੇ ਚਮਕਣਾ ਬੰਦ ਕਰ ਦਿੱਤਾ ਅਤੇ ਹੈਕਲ ਦਾ ਪਰਦਾ ਦੋ ਹਿੱਸਿਆ ਵਿੱਚ ਪਾਟ ਗਿਆ। 46 ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਕਿਹਾ, "ਹੇ ਪਿਤਾ ਜੀ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ।" ਇਹ ਕਹਿਣ ਤੋਂ ਬਾਅਦ ਉਸ ਨੇ ਆਖਰੀ ਸਾਹ ਲਏ।
47 ਸੂਬੇਦਾਰ ਨੇ ਇਹ ਵਾਪਰਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਕਿਹਾ, "ਯਕੀਨਨ ਇਹ ਇੱਕ ਧਰਮੀ ਆਦਮੀ ਸੀ।" 48 ਜਦੋਂ ਸਾਰੇ ਲੋਕ ਜੋ ਇਹ ਸਭ ਵੇਖਣ ਲਈ ਇਕੱਠੇ ਹੋਏ ਸਨ ਉਹਨਾਂ ਨੇ ਵੇਖਿਆ ਕਿ ਕੀ ਵਾਪਰਿਆ ਹੈ, ਤਾਂ ਉਹਨਾਂ ਨੇ ਆਪਣੀਆਂ ਛਾਤੀਆਂ ਨੂੰ ਪਿੱਟਿਆ ਅਤੇ ਉੱਥੋਂ ਚਲੇ ਗਏ। 49 ਪਰ ਉਹ ਸਾਰੇ ਲੋਕ ਜਿਹੜੇ ਉਸ ਨੂੰ ਜਾਣਦੇ ਸਨ, ਔਰਤਾਂ ਸਮੇਤ, ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ ਚੱਲ ਰਹੀਆਂ ਸਨ, ਇੱਕ ਦੂਰੀ ਤੇ ਖਲੋਤੀਆਂ ਇਹ ਸਭ ਵੇਖ ਰਹੀਆਂ ਸਨ।
50 ਉੱਥੇ ਇੱਕ ਯੋਸੇਫ਼ ਨਾਮ ਦਾ ਆਦਮੀ ਸੀ ਜਿਹੜਾ ਸਭਾ ਦਾ ਇੱਕ ਮੈਂਬਰ ਸੀ, ਉਹ ਇੱਕ ਚੰਗਾ ਅਤੇ ਧਰਮੀ ਆਦਮੀ ਸੀ। 51 ਜਿਸ ਨੇ ਯਹੂਦੀ ਆਗੂਆਂ ਦੇ ਫੈਸਲੇ ਅਤੇ ਕਾਰਵਾਈ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਉਹ ਯਹੂਦੀਆਂ ਦੇ ਸ਼ਹਿਰ ਅਰਿਮਥਿਆ ਦਾ ਵਾਸੀ ਸੀ, ਅਤੇ ਉਹ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। 52 ਪਿਲਾਤੁਸ ਕੋਲ ਜਾ ਕੇ ਉਸ ਨੇ ਯਿਸ਼ੂ ਦੀ ਲਾਸ਼ ਮੰਗੀ। 53 ਤਦ ਉਸ ਨੇ ਲਾਸ਼ ਨੂੰ ਹੇਠਾਂ ਲਾਹ ਕੇ ਇੱਕ ਮਖਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਲਾਸ਼ ਨੂੰ ਇੱਕ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ, ਜਿਸ ਵਿੱਚ ਹਾਲੇ ਤੱਕ ਕੋਈ ਨਹੀਂ ਦਫਨਾਇਆ ਗਿਆ ਸੀ। 54 ਇਹ ਤਿਆਰੀ ਦਾ ਦਿਨ ਸੀ, ਅਤੇ ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ।
55 ਉਹ ਔਰਤਾਂ ਜਿਹੜੀਆਂ ਯਿਸ਼ੂ ਨਾਲ ਗਲੀਲ ਤੋਂ ਆਈਆਂ ਸਨ, ਯੋਸੇਫ਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਨੇ ਕਬਰ ਨੂੰ ਵੇਖਿਆ ਅਤੇ ਇਹ ਵੀ ਕੀ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਹੋਇਆ ਸੀ। 56 ਫਿਰ ਉਹ ਘਰ ਗਈਆਂ ਅਤੇ ਉਹਨਾਂ ਨੇ ਸੁਗੰਧਾਂ ਅਤੇ ਅਤਰ ਤਿਆਰ ਕੀਤੇ। ਪਰ ਉਹਨਾਂ ਨੇ ਹੁਕਮ ਦੀ ਪਾਲਣਾ ਕਰਦਿਆਂ ਸਬਤ ਦੇ ਦਿਨ ਆਰਾਮ ਕੀਤਾ।