Publicidade

Lucas 7

ਰੋਮੀ ਅਧਿਕਾਰੀ ਦਾ ਵਿਸ਼ਵਾਸ

1 ਲੋਕਾਂ ਨੂੰ ਇਹ ਗੱਲਾਂ ਸਿਖਾਉਣ ਤੋਂ ਬਾਅਦ, ਜਦੋਂ ਯਿਸ਼ੂ ਕਫ਼ਰਨਹੂਮ ਵਿੱਚ ਵਾਪਸ ਚਲੇ ਗਏ। 2 ਉੱਥੇ ਇੱਕ ਸੂਬੇਦਾਰ ਦਾ ਨੌਕਰ ਸੀ, ਜੋ ਉਸ ਦੇ ਮਾਲਕ ਨੂੰ ਬਹੁਤ ਪਿਆਰਾ ਸੀ, ਉਹ ਬਿਮਾਰੀ ਨਾਲ ਮਰਨ ਵਾਲਾ ਸੀ। 3 ਜਦੋਂ ਸੂਬੇਦਾਰ ਨੇ ਯਿਸ਼ੂ ਬਾਰੇ ਸੁਣਿਆ ਤਾਂ ਉਸ ਨੇ ਕੁਝ ਯਹੂਦੀ ਬਜ਼ੁਰਗਾਂ ਨੂੰ ਯਿਸ਼ੂ ਕੋਲ ਭੇਜਿਆ ਅਤੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰੇ। 4 ਉਹਨਾਂ ਨੇ ਯਿਸ਼ੂ ਕੋਲ ਆ ਕੇ ਬੇਨਤੀ ਕੀਤੀ, "ਇਹ ਆਦਮੀ ਤੁਹਾਡੇ ਰਹਿਮ ਦਾ ਹੱਕਦਾਰ ਹੈ 5 ਕਿਉਂਕਿ ਉਹ ਸਾਡੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਪ੍ਰਾਰਥਨਾ ਸਥਾਨ ਵੀ ਬਣਾਇਆ ਹੈ।" 6 ਤਾਂ ਯਿਸ਼ੂ ਉਹਨਾਂ ਦੇ ਨਾਲ ਚਲੇ ਗਏ।

ਯਿਸ਼ੂ ਉਸ ਦੇ ਘਰ ਦੇ ਨੇੜੇ ਪਹੁੰਚੇ ਹੀ ਸੀ ਕਿ ਸੂਬੇਦਾਰ ਨੇ ਆਪਣੇ ਦੋਸਤਾਂ ਰਾਹੀਂ ਉਸ ਨੂੰ ਸੁਨੇਹਾ ਭੇਜਿਆ, "ਹੇ ਪ੍ਰਭੂ ਜੀ! ਖੇਚਲ ਨਾ ਕਰੋ। ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। 7 ਇਸ ਲਈ ਮੈਂ ਆਪਣੇ ਆਪ ਨੂੰ ਤੁਹਾਡੇ ਕੋਲ ਆਉਣ ਦੇ ਯੋਗ ਨਹੀਂ ਸਮਝਿਆ। ਪਰ ਇਕੱਲਾ ਬਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। 8 ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਜਾ,’ ਅਤੇ ਉਹ ਚਲਾ ਜਾਂਦਾ ਹੈ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਇਧਰ ਆ!’ ਅਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ!’ ਤਾਂ ਉਹ ਉਹੀ ਕਰਦਾ ਹੈ।"

9 ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, "ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ!" 10 ਜਿਨ੍ਹਾਂ ਨੂੰ ਸੂਬੇਦਾਰ ਨੇ ਯਿਸ਼ੂ ਕੋਲ ਭੇਜਿਆ ਸੀ, ਜਦੋਂ ਉਹ ਵਾਪਸ ਘਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਪੂਰੀ ਤਰ੍ਹਾਂ ਚੰਗਾ ਹੋ ਗਿਆ ਸੀ।

ਯਿਸ਼ੂ ਨੇ ਇੱਕ ਵਿਧਵਾ ਦੇ ਪੁੱਤਰ ਨੂੰ ਜੀਵਤ ਕੀਤਾ

11 ਇਸ ਤੋਂ ਤੁਰੰਤ ਬਾਅਦ ਯਿਸ਼ੂ ਆਪਣੇ ਚੇਲਿਆਂ ਨਾਲ ਨਾਇਨ ਨਾਮ ਦੇ ਇੱਕ ਪਿੰਡ ਵਿੱਚ ਗਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਨਾਲ ਗਈ। 12 ਜਿਵੇਂ ਹੀ ਉਹ ਉਸ ਪਿੰਡ ਦੇ ਗੇਟ ਦੇ ਨੇੜੇ ਪਹੁੰਚੇ, ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ। ਉਹ ਜਵਾਨ ਜਿਹੜਾ ਮਰ ਗਿਆ ਸੀ, ਜੋ ਆਪਣੀ ਵਿਧਵਾ ਮਾਂ ਦਾ ਇੱਕਲੌਤਾ ਪੁੱਤਰ ਸੀ ਅਤੇ ਪਿੰਡ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸੀ। 13 ਉਸ ਨੂੰ ਵੇਖ ਕੇ ਯਿਸ਼ੂ ਦਾ ਦਿਲ ਤਰਸ ਨਾਲ ਭਰ ਗਿਆ। ਉਸ ਨੇ ਉਸ ਨੂੰ ਕਿਹਾ, "ਨਾ ਰੋ!"

14 ਫਿਰ ਉਸ ਨੇ ਜਾ ਕੇ ਅਰਥੀ ਨੂੰ ਛੂਹਿਆ। ਇਹ ਦੇਖ ਕੇ, ਜਿਨ੍ਹਾਂ ਆਦਮੀਆਂ ਨੇ ਉਸ ਨੂੰ ਚੁੱਕਿਆ ਸੀ ਉਹ ਰੁਕ ਗਏ। ਤਦ ਯਿਸ਼ੂ ਨੇ ਕਿਹਾ, "ਹੇ ਜਵਾਨ! ਮੈਂ ਤੈਨੂੰ ਕਹਿੰਦਾ ਹਾਂ, ਉੱਠ ਖੜ੍ਹਾ ਹੋ!" 15 ਉਹ ਮੁਰਦਾ ਆਦਮੀ ਉੱਠ ਕੇ ਬੈਠ ਗਿਆ ਅਤੇ ਗੱਲਾਂ ਕਰਨ ਲੱਗ ਪਿਆ। ਯਿਸ਼ੂ ਨੇ ਉਸ ਨੌਜਵਾਨ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।

16 ਉਹ ਸਾਰੇ ਡਰ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਉਹ ਕਹਿਣ ਲੱਗੇ, "ਸਾਡੇ ਵਿਚਕਾਰ ਇੱਕ ਮਹਾਨ ਨਬੀ ਪ੍ਰਗਟ ਹੋਇਆ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਆਏ ਹਨ।" 17 ਯਿਸ਼ੂ ਬਾਰੇ ਇਹ ਖ਼ਬਰ ਸਾਰੇ ਯਹੂਦਿਯਾ ਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ।

ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲੇ ਦੇ ਚੇਲੇ

18 ਯੋਹਨ ਦੇ ਚੇਲਿਆਂ ਨੇ ਉਸ ਨੂੰ ਉਹ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਜੋ ਯਿਸ਼ੂ ਕਰ ਰਹੇ ਸਨ। ਇਸ ਲਈ ਯੋਹਨ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ, 19 ਉਸ ਨੇ ਉਹਨਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, "ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?"

20 ਯੋਹਨ ਦੇ ਦੋ ਚੇਲਿਆਂ ਨੇ ਯਿਸ਼ੂ ਕੋਲ ਜਾ ਕੇ ਕਿਹਾ, "ਯੋਹਨ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’ "

21 ਉਸੇ ਵੇਲੇ ਯਿਸ਼ੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰ ਰਹੇ ਸਨ, ਜਿਹੜੇ ਬਿਮਾਰ, ਰੋਗੀ ਅਤੇ ਦੁਸ਼ਟ ਆਤਮਾ ਦੇ ਸਤਾਏ ਹੋਏ ਸਨ। ਉਸ ਨੇ ਬਹੁਤ ਸਾਰੇ ਅੰਨ੍ਹੇ ਲੋਕਾਂ ਦੀਆਂ ਅੱਖਾਂ ਨੂੰ ਸੁਜਾਖਾ ਕੀਤਾ। 22 ਫਿਰ ਯਿਸ਼ੂ ਨੇ ਯੋਹਨ ਦੇ ਚੇਲਿਆਂ ਨੂੰ ਕਿਹਾ, "ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜ਼ਿੰਦਾ ਕੀਤੇ ਜਾਂਦੇ ਹਨ, ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ। 23 ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।"

24 ਯੋਹਨ ਦੇ ਚੇਲਿਆਂ ਦੇ ਚਲੇ ਜਾਣ ਤੋਂ ਬਾਅਦ, ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, "ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? 25 ਅਗਰ ਨਹੀਂ, ਤਾਂ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਜਿਸ ਨੇ ਵਧੀਆ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਮਹਿੰਗੇ ਕੱਪੜੇ ਪਹਿਨਦੇ ਅਤੇ ਐਸ਼ ਕਰਦੇ ਹਨ ਉਹ ਮਹਿਲਾਂ ਵਿੱਚ ਰਹਿੰਦੇ ਹਨ। 26 ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ। 27 ਇਹ ਉਹੀ ਹੈ, ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:

" ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,

ਜੋ ਤੇਰੇ ਲਈ ਰਸਤਾ ਤਿਆਰ ਕਰੇਂਗਾ।’

28 "ਸੱਚਾਈ ਇਹ ਹੈ ਕਿ ਹੁਣ ਤੱਕ ਜਿੰਨ੍ਹੇ ਵੀ ਮਨੁੱਖ ਆਏ ਉਹਨਾਂ ਵਿੱਚੋਂ ਕੋਈ ਵੀ ਯੋਹਨ ਤੋਂ ਵੱਡਾ ਨਹੀਂ ਹੈ। ਫਿਰ ਵੀ, ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੋਹਨ ਨਾਲੋਂ ਵੱਡਾ ਹੈ।"

29 ਜਦੋਂ ਉਹਨਾਂ ਲੋਕਾਂ ਨੇ, ਇੱਥੋਂ ਤੱਕ ਕਿ ਚੁੰਗੀ ਲੈਣ ਵਾਲਿਆਂ ਨੇ ਵੀ ਯਿਸ਼ੂ ਦੇ ਬਚਨਾਂ ਨੂੰ ਸੁਣਿਆ, ਤਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਵਰ ਦਾ ਰਾਹ ਸਹੀ ਹੈ, ਕਿਉਂਕਿ ਉਹਨਾਂ ਨੇ ਯੋਹਨ ਦੁਆਰਾ ਬਪਤਿਸਮਾ ਲਿਆ ਸੀ। 30 ਪਰ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯੋਹਨ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ।

31 ਯਿਸ਼ੂ ਨੇ ਅੱਗੇ ਕਿਹਾ, "ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਮੈਂ ਕਿਵੇਂ ਉਹਨਾਂ ਦਾ ਵਰਣਨ ਕਰਾਂ? 32 ਇਹ ਬਜ਼ਾਰ ਵਿੱਚ ਬੈਠੇ ਉਹਨਾਂ ਬੱਚਿਆਂ ਵਰਗੇ ਹਨ, ਜੋ ਇੱਕ-ਦੂਜੇ ਨੂੰ ਆਵਾਜ਼ ਮਾਰ ਕੇ ਬੁਲਾਉਂਦੇ ਹਨ:

" ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,

ਪਰ ਤੁਸੀਂ ਨਹੀਂ ਨੱਚੇ,

ਅਸੀਂ ਤੁਹਾਡੇ ਲਈ ਦੁੱਖ ਦੇ ਗੀਤ ਗਾਏ,

ਪਰ ਤੁਸੀਂ ਰੋਏ ਨਹੀਂ।’

33 ਕਿਉਂ ਜੋ ਯੋਹਨ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਸੀ ਅਤੇ ਨਾ ਹੀ ਦਾਖਰਸ ਪੀਂਦਾ ਸੀ, ਅਤੇ ਤੁਸੀਂ ਆਖਦੇ ਕੀ, ‘ਉਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਹੈ।’ 34 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਹ ਤਾਂ ਖਾਣ-ਪੀਣ ਵਾਲਾ ਅਤੇ ਸ਼ਰਾਬੀ ਹੈ, ਉਹ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੋਸਤ ਹੈ।’ 35 ਪਰ ਗਿਆਨ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੁਆਰਾ ਸਹੀ ਸਾਬਤ ਹੁੰਦਾ ਹੈ ਜੋ ਉਸ ਦੇ ਅਨੁਸਾਰ ਚੱਲਦੇ ਹਨ।"

ਇੱਕ ਪਾਪੀ ਔਰਤ ਦੁਆਰਾ ਯਿਸ਼ੂ ਦੇ ਚਰਨਾਂ ਦਾ ਧੋਤਾ ਜਾਣਾ

36 ਇੱਕ ਫ਼ਰੀਸੀ ਨੇ ਯਿਸ਼ੂ ਨੂੰ ਆਪਣੇ ਨਾਲ ਖਾਣੇ ਤੇ ਬੁਲਾਇਆ, ਯਿਸ਼ੂ ਨੇ ਸੱਦਾ ਸਵੀਕਾਰ ਕੀਤਾ ਅਤੇ ਉਸ ਦੇ ਘਰ ਗਏ ਅਤੇ ਖਾਣਾ ਖਾਣ ਬੈਠ ਗਏ। 37 ਉਸ ਨਗਰ ਵਿੱਚ ਇੱਕ ਔਰਤ ਸੀ ਜੋ ਪਾਪ ਭਰੀ ਜ਼ਿੰਦਗੀ ਜਿਓ ਰਹੀ ਸੀ। ਜਦੋਂ ਉਸ ਨੇ ਸੁਣਿਆ ਕਿ ਯਿਸ਼ੂ ਫ਼ਰੀਸੀ ਦੇ ਘਰ ਖਾਣਾ ਖਾ ਰਹੇ ਹਨ, ਤਾਂ ਉਹ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲੈ ਕੇ ਉੱਥੇ ਆਈ। 38 ਫਿਰ ਉਹ ਯਿਸ਼ੂ ਦੇ ਚਰਨਾਂ ਕੋਲ ਗੋਡੇ ਟੇਕ ਕੇ ਰੋਣ ਲੱਗੀ। ਉਸ ਦੇ ਹੰਝੂਆਂ ਨਾਲ ਪ੍ਰਭੂ ਦੇ ਪੈਰ ਗਿੱਲੇ ਹੋ ਗਏ। ਫਿਰ ਉਸ ਨੇ ਆਪਣੇ ਵਾਲਾਂ ਨਾਲ ਪ੍ਰਭੂ ਦੇ ਪੈਰ ਪੂੰਝੇ, ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਉਸ ਦੇ ਪੈਰਾਂ ਉੱਤੇ ਡੋਲ੍ਹਿਆ।

39 ਜਦੋਂ ਉਸ ਫ਼ਰੀਸੀ ਨੇ, ਜਿਸ ਨੇ ਯਿਸ਼ੂ ਨੂੰ ਬੁਲਾਇਆ ਸੀ, ਇਹ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਿਆ, "ਜੇ ਇਹ ਮਨੁੱਖ ਸੱਚ-ਮੁੱਚ ਇੱਕ ਨਬੀ ਹੁੰਦਾ, ਤਾਂ ਉਹ ਜਾਣ ਜਾਂਦਾ ਕਿ ਇਹ ਔਰਤ ਕੌਣ ਹੈ ਜੋ ਉਸ ਨੂੰ ਛੂਹ ਰਹੀ ਹੈ; ਉਹ ਇੱਕ ਪਾਪੀ ਔਰਤ ਹੈ!"

40 ਯਿਸ਼ੂ ਨੇ ਉਸ ਫ਼ਰੀਸੀ ਨੂੰ ਕਿਹਾ, "ਸ਼ਿਮਓਨ, ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ।"

ਉਸ ਨੇ ਕਿਹਾ, "ਦੱਸੋ ਗੁਰੂ ਜੀ।"

41 ਫਿਰ ਯਿਸ਼ੂ ਨੇ ਉਸ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: "ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹ ਦੀਨਾਰ ਦਾ। 42 ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸੋ ਦੋਵਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਂਗਾ?"

43 ਸ਼ਿਮਓਨ ਨੇ ਉੱਤਰ ਦਿੱਤਾ, "ਮੇਰੇ ਵਿਚਾਰ ਵਿੱਚ ਉਹ ਜਿਸ ਦੀ ਵੱਡੀ ਰਕਮ ਮਾਫ਼ ਕੀਤੀ ਗਈ।"

ਯਿਸ਼ੂ ਨੇ ਕਿਹਾ, "ਤੂੰ ਠੀਕ ਕਿਹਾ ਹੈ।"

44 ਤਦ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਿਮਓਨ ਨੂੰ ਕਿਹਾ, "ਕੀ ਤੂੰ ਇਸ ਔਰਤ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ। ਤੂੰ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਾ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ। 45 ਤੁਸੀਂ ਮੈਨੂੰ ਚੁੰਮਕੇ ਮੇਰਾ ਸਵਾਗਤ ਨਹੀਂ ਕੀਤਾ ਪਰ ਜਦੋਂ ਦਾ ਮੈਂ ਆਇਆ ਹਾਂ ਇਸ ਔਰਤ ਨੇ ਮੇਰੇ ਪੈਰਾਂ ਨੂੰ ਚੁੰਮਣਾ ਬੰਦ ਨਹੀਂ ਕੀਤਾ। 46 ਤੁਸੀਂ ਮੇਰੇ ਸਿਰ ਤੇ ਤੇਲ ਨਹੀਂ ਮਲਿਆ ਪਰ ਉਸ ਨੇ ਮੇਰੇ ਪੈਰਾਂ ਤੇ ਅਤਰ ਡੋਲ ਦਿੱਤਾ ਹੈ। 47 ਮੈਂ ਤੁਹਾਨੂੰ ਦੱਸਦਾ ਹਾਂ ਕੀ ਉਸ ਨੇ ਇਹ ਵੱਡਾ ਪਿਆਰ ਦਿਖਾ ਕੇ ਸਾਬਤ ਕੀਤਾ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਜਿਸ ਦਾ ਥੋੜ੍ਹਾ ਮਾਫ਼ ਹੁੰਦਾ ਹੈ ਉਹ ਥੋੜ੍ਹਾ ਜਿਹਾ ਪਿਆਰ ਦਿਖਾਉਂਦਾ ਹੈ।"

48 ਤਦ ਯਿਸ਼ੂ ਨੇ ਉਸ ਔਰਤ ਨੂੰ ਕਿਹਾ, "ਤੇਰੇ ਪਾਪ ਮਾਫ਼ ਕਰ ਦਿੱਤੇ ਗਏ ਹਨ।"

49 ਦੂਸਰੇ ਮਹਿਮਾਨ ਆਪਸ ਵਿੱਚ ਕਹਿਣ ਲੱਗੇ, "ਇਹ ਕੌਣ ਹੈ, ਜੋ ਪਾਪਾਂ ਨੂੰ ਵੀ ਮਾਫ਼ ਕਰਦਾ ਹੈ?"

50 ਯਿਸ਼ੂ ਨੇ ਔਰਤ ਨੂੰ ਕਿਹਾ, "ਤੇਰਾ ਵਿਸ਼ਵਾਸ ਹੀ ਤੇਰੀ ਮੁਕਤੀ ਦਾ ਕਾਰਣ ਹੈ। ਸ਼ਾਂਤੀ ਨਾਲ ਚਲੀ ਜਾ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-