1 ਇੱਕ ਦਿਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ: "ਇਹ ਅਸੰਭਵ ਹੈ ਕਿ ਠੋਕਰ ਨਾ ਲੱਗੇ ਪਰ ਲਾਹਨਤ ਉਸ ਵਿਅਕਤੀ ਉੱਤੇ ਜਿਸ ਦੇ ਕਾਰਣ ਠੋਕਰ ਲੱਗਦੀ ਹੈ। 2 ਉਹ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ ਤਾਂ ਉਸ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਚੱਕੀ ਦਾ ਪੁੜ ਉਸ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ। 3 ਸਾਵਧਾਨ ਰਹੋ!
"ਜੇ ਤੇਰਾ ਭਰਾ ਜਾਂ ਭੈਣ ਤੇਰੇ ਵਿਰੁੱਧ ਪਾਪ ਕਰੇ ਤਾਂ ਉਹਨਾਂ ਨੂੰ ਝਿੜਕੋ ਅਤੇ ਜੇ ਉਹ ਮਨ ਫਿਰੌਦੇ ਹਨ ਤਾਂ ਉਸ ਨੂੰ ਮਾਫ਼ ਕਰ। 4 ਭਾਵੇਂ ਉਹ ਦਿਨ ਵਿੱਚ ਸੱਤ ਵਾਰ ਤੇਰੇ ਵਿਰੁੱਧ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਵਾਪਸ ਆ ਕੇ ਕਹੇ, ਕਿ ‘ਮੈਨੂੰ ਇਸ ਦਾ ਪਛਤਾਵਾ ਹੈ,’ ਤਾਂ ਤੁਸੀਂ ਉਸ ਨੂੰ ਮਾਫ਼ ਕਰ।"
5 ਰਸੂਲਾਂ ਨੇ ਪ੍ਰਭੂ ਨੂੰ ਕਿਹਾ, "ਸਾਡਾ ਵਿਸ਼ਵਾਸ ਵਧਾ ਦਿਓ!"
6 ਯਿਸ਼ੂ ਨੇ ਜਵਾਬ ਦਿੱਤਾ, "ਜੇ ਤੁਹਾਡੇ ਵਿੱਚ ਰਾਈ ਦੇ ਬੀਜ ਜਿਨ੍ਹਾਂ ਥੋੜ੍ਹਾ ਜਿਹਾ ਵੀ ਵਿਸ਼ਵਾਸ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਸਕਦੇ ਹੋ, ‘ਜੜ੍ਹੋਂ ਉਖੜ ਕੇ ਸਮੁੰਦਰ ਵਿੱਚ ਲੱਗ ਜਾ,’ ਅਤੇ ਇਹ ਤੁਹਾਡੀ ਗੱਲ ਮੰਨੇਗਾ।
7 "ਮੰਨ ਲਓ ਕਿ ਤੁਹਾਡੇ ਵਿੱਚੋਂ ਇੱਕ ਨੌਕਰ ਹੈ ਜੋ ਭੇਡਾਂ ਦੀ ਰਾਖੀ ਕਰ ਰਿਹਾ ਹੈ ਜਾਂ ਉਸ ਦੀ ਦੇਖਭਾਲ ਕਰ ਰਿਹਾ ਹੈ। ਕੀ ਉਹ ਨੌਕਰ ਨੂੰ ਆਖੇਗਾ ਜਦੋਂ ਉਹ ਖੇਤ ਵਿੱਚੋਂ ਆਵੇਗਾ, ‘ਆ ਅਤੇ ਮੇਰੇ ਨਾਲ ਖਾ?’ 8 ਕੀ ਉਹ ਆਪਣੇ ਸੇਵਕ ਨੂੰ ਇਸ ਤਰ੍ਹਾਂ ਨਹੀਂ ਕਹੇਗਾ, ‘ਮੇਰੇ ਲਈ ਖਾਣਾ ਤਿਆਰ ਕਰ ਅਤੇ ਆਪ ਵੀ ਤਿਆਰ ਹੋ ਜਾਓ ਜਦ ਤੱਕ ਮੈਂ ਖਾ-ਪੀ ਨਾ ਲਵਾਂ ਮੇਰਾ ਇੰਤਜ਼ਾਰ ਕਰ, ਉਸ ਤੋਂ ਬਾਅਦ ਤੂੰ ਵੀ ਖਾ-ਪੀ ਸਕਦਾ ਹਾਂ?’ 9 ਕੀ ਉਹ ਨੌਕਰ ਦਾ ਧੰਨਵਾਦ ਕਰੇਂਗਾ ਕਿਉਂਕਿ ਉਸ ਨੇ ਉਹੀ ਕੀਤਾ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਸੀ? 10 ਇਸ ਲਈ ਤੁਹਾਨੂੰ ਵੀ, ਜਦੋਂ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ ਜੋ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਸੀਂ ਕਹੋ, ‘ਅਸੀਂ ਅਯੋਗ ਨੌਕਰ ਹਾਂ; ਅਸੀਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।’ "
11 ਯੇਰੂਸ਼ਲੇਮ ਨੂੰ ਜਾਂਦੇ ਸਮੇਂ ਯਿਸ਼ੂ ਸਾਮਰਿਯਾ ਅਤੇ ਗਲੀਲ ਪ੍ਰਦੇਸ਼ ਦੀ ਸਰਹੱਦ ਦੇ ਵਿੱਚੋਂ ਦੀ ਲੰਘਿਆ। 12 ਜਦੋਂ ਉਹ ਇੱਕ ਪਿੰਡ ਵੱਲ ਜਾ ਰਹੇ ਸੀ ਤਾਂ ਉਸ ਵੇਲੇ ਕੋੜ੍ ਨਾਲ ਪੀੜਤ ਦਸ ਆਦਮੀ ਯਿਸ਼ੂ ਨੂੰ ਮਿਲੇ। ਉਹ ਕੁਝ ਦੂਰੀ ਉੱਤੇ ਖੜ੍ਹੇ ਹੋ ਗਏ। 13 ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, "ਹੇ ਯਿਸ਼ੂ ਮਹਾਰਾਜ, ਸਾਡੇ ਉੱਤੇ ਕਿਰਪਾ ਕਰ!"
14 ਜਦੋਂ ਯਿਸ਼ੂ ਨੇ ਉਹਨਾਂ ਨੂੰ ਵੇਖਿਆ, ਤੇ ਕਿਹਾ, "ਜਾਓ, ਜਾ ਕੇ ਆਪਣੇ ਆਪ ਨੂੰ ਜਾਜਕਾਂ ਨੂੰ ਦਿਖਾਓ।" ਅਤੇ ਜਦੋਂ ਉਹ ਜਾ ਹੀ ਰਹੇ ਸਨ, ਉਹ ਚੰਗੇ ਹੋ ਗਏ।
15 ਉਹਨਾਂ ਵਿੱਚੋਂ ਜਦੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ, ਯਿਸ਼ੂ ਕੋਲ ਵਾਪਸ ਆਇਆ ਅਤੇ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। 16 ਉਹ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਗਿਆ ਅਤੇ ਉਸ ਦਾ ਧੰਨਵਾਦ ਕੀਤਾ, ਅਤੇ ਉਹ ਸਾਮਰਿਯਾ ਵਾਸੀ ਸੀ।
17 ਯਿਸ਼ੂ ਨੇ ਪੁੱਛਿਆ, "ਕੀ ਸਾਰੇ ਦਸ ਚੰਗੇ ਨਹੀਂ ਹੋਏ? ਬਾਕੀ ਨੌਂ ਕਿੱਥੇ ਹਨ? 18 ਕੀ ਇਸ ਵਿਦੇਸ਼ੀ ਤੋਂ ਇਲਾਵਾ ਕੋਈ ਵੀ ਪਰਮੇਸ਼ਵਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ?" 19 ਯਿਸ਼ੂ ਨੇ ਉਸ ਨੂੰ ਕਿਹਾ, "ਉੱਠ ਅਤੇ ਜਾ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।"
20 ਇੱਕ ਵਾਰੀ, ਜਦੋਂ ਫ਼ਰੀਸੀਆਂ ਨੇ ਪੁੱਛਿਆ ਕਿ ਪਰਮੇਸ਼ਵਰ ਦਾ ਰਾਜ ਕਦੋਂ ਆਵੇਗਾ, ਤਾਂ ਯਿਸ਼ੂ ਨੇ ਉੱਤਰ ਦਿੱਤਾ, "ਪਰਮੇਸ਼ਵਰ ਦੇ ਰਾਜ ਦਾ ਆਉਣਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਵੇਖਿਆ ਜਾ ਸਕਦਾ ਹੈ, 21 ਅਤੇ ਨਾ ਹੀ ਲੋਕ ਇਹ ਕਹਿਣਗੇ, ‘ਇਹ ਇੱਥੇ ਹੈ,’ ਜਾਂ ‘ਇਹ ਉੱਥੇ ਹੈ,’ ਕਿਉਂਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਵਿੱਚਕਾਰ ਹੈ।"
22 ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, "ਉਹ ਵੇਲਾ ਆ ਰਿਹਾ ਹੈ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਨੂੰ ਵੇਖਣਾ ਚਾਹੋਗੇ, ਪਰ ਤੁਸੀਂ ਵੇਖ ਨਹੀਂ ਸੱਕੋਗੇ। 23 ਲੋਕ ਤੁਹਾਨੂੰ ਕਹਿਣਗੇ, ‘ਉਹ ਉੱਥੇ ਹੈ!’ ਜਾਂ ‘ਉਹ ਇੱਥੇ ਹੈ!’ ਉਹਨਾਂ ਦੇ ਮਗਰ ਨਾ ਭੱਜੋ। 24 ਕਿਉਂਕਿ ਮਨੁੱਖ ਦੇ ਪੁੱਤਰ ਦਾ ਦੁਬਾਰਾ ਆਉਣਾ ਬਿਜਲੀ ਲਿਸ਼ਕਣ ਵਰਗਾ ਹੋਵੇਗਾ, ਜੋ ਅਕਾਸ਼ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਚਮਕਦੀ ਹੈ। 25 ਪਰ ਪਹਿਲਾਂ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ ਅਤੇ ਇਸ ਪੀੜ੍ਹੀ ਦੁਆਰਾ ਰੱਦ ਕਰ ਦਿੱਤਾ ਜਾਵੇਗਾ।
26 "ਜਿਸ ਤਰ੍ਹਾਂ ਨੋਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27 ਨੋਹ ਦੀ ਕਿਸ਼ਤੀ ਵਿੱਚ ਦਾਖਲ ਹੋਣ ਦੇ ਦਿਨ ਤੱਕ ਲੋਕ ਖਾਂਦੇ-ਪੀਂਦੇ ਅਤੇ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਫਿਰ ਹੜ੍ਹ ਆਇਆ ਅਤੇ ਉਹ ਸਾਰੇ ਨਾਸ਼ ਹੋ ਗਏ।
28 "ਲੋਤ ਦੇ ਦਿਨਾਂ ਵਿੱਚ ਵੀ ਇਹੋ ਸੀ। ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਇਮਾਰਤਾਂ ਬਣਾਉਂਦੇ ਸਨ। 29 ਪਰ ਜਿਸ ਦਿਨ ਲੋਤ ਨੇ ਸੋਦੋਮ ਛੱਡ ਦਿੱਤਾ, ਸਵਰਗ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ।
30 "ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। 31 ਉਸ ਦਿਨ ਕੋਈ ਵੀ ਜਿਹੜਾ ਛੱਤ ਉੱਤੇ ਹੈ ਅਤੇ ਉਸ ਦੀਆਂ ਚੀਜ਼ਾਂ ਅੰਦਰ ਘਰ ਵਿੱਚ ਹਨ, ਉਹ ਉਹਨਾਂ ਨੂੰ ਲੈਣ ਲਈ ਹੇਠਾਂ ਨਾ ਜਾਵੇ। ਇਸੇ ਤਰ੍ਹਾਂ, ਖੇਤ ਵਿੱਚੋਂ ਵੀ ਕਿਸੇ ਨੂੰ ਕੋਈ ਚੀਜ਼ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। 32 ਯਾਦ ਕਰੋ ਲੋਤ ਦੀ ਪਤਨੀ ਨੂੰ! 33 ਜਿਹੜਾ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਂਗਾ ਉਹ ਇਸ ਨੂੰ ਗੁਆ ਦੇਵੇਗਾ, ਅਤੇ ਜਿਹੜਾ ਆਪਣੀ ਜਾਨ ਗੁਆ ਬੈਠਦਾ ਹੈ ਉਹ ਉਸ ਨੂੰ ਬਚਾ ਲਵੇਗਾ। 34 ਮੈਂ ਤੁਹਾਨੂੰ ਦੱਸਦਾ ਹਾਂ, ਉਸ ਰਾਤ ਦੋ ਲੋਕ ਇੱਕ ਬਿਸਤਰੇ ਉੱਤੇ ਹੋਣਗੇ; ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੇ ਨੂੰ ਛੱਡ ਦਿੱਤਾ ਜਾਵੇਗਾ। 35 ਦੋ ਔਰਤਾਂ ਇਕੱਠੇ ਅਨਾਜ ਪੀਹ ਰਹੀਆਂ ਹੋਣਗੀਆਂ, ਇੱਕ ਚੁੱਕ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। 36 ਦੋ ਲੋਕ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਇੱਕ ਨੂੰ ਚੁੱਕ ਲਿਆ ਜਾਵੇਗਾ, ਦੂਜਾ ਛੱਡ ਦਿੱਤਾ ਜਾਵੇਗਾ।"
37 ਚੇਲਿਆਂ ਨੇ ਪੁੱਛਿਆ, "ਪ੍ਰਭੂ ਜੀ, ਇਹ ਸਭ ਕਿੱਥੇ ਹੋਵੇਗਾ?"
ਯਿਸ਼ੂ ਨੇ ਜਵਾਬ ਦਿੱਤਾ, "ਜਿੱਥੇ ਕਿਤੇ ਲਾਸ਼ ਹੋਏ, ਗਿਰਝਾਂ ਉੱਥੇ ਇਕੱਠੀਆਂ ਹੁੰਦੀਆਂ ਹਨ।"