1 ਯਿਸ਼ੂ ਯੇਰੀਖ਼ੋ ਨਗਰ ਵਿੱਚ ਦਾਖਲ ਹੋਇਆ ਅਤੇ ਉੱਥੋਂ ਦੀ ਲੰਘ ਰਿਹਾ ਸੀ। 2 ਉੱਥੇ ਜ਼ਕਖਾਇਯਾਸ ਨਾਮ ਦਾ ਇੱਕ ਆਦਮੀ ਸੀ, ਜਿਹੜਾ ਕਿ ਮੁੱਖ ਚੁੰਗੀ ਲੈਣ ਵਾਲਾ ਅਤੇ ਅਮੀਰ ਆਦਮੀ ਸੀ। 3 ਉਹ ਇਹ ਵੇਖਣਾ ਚਾਹੁੰਦਾ ਸੀ ਕਿ ਯਿਸ਼ੂ ਕੌਣ ਹੈ, ਪਰ ਉਹ ਕੱਦ ਦਾ ਮਦਰਾ ਹੋਣ ਕਰਕੇ ਭੀੜ ਵਿੱਚੋਂ ਯਿਸ਼ੂ ਨੂੰ ਵੇਖ ਨਾ ਸਕਿਆ। 4 ਤਾਂ ਉਹ ਯਿਸ਼ੂ ਨੂੰ ਵੇਖਣ ਲਈ ਅੱਗੇ ਭੱਜਿਆ ਅਤੇ ਇੱਕ ਗੂਲਰ ਦੇ ਰੁੱਖ ਤੇ ਚੜ੍ਹਿਆ, ਕਿਉਂਕਿ ਯਿਸ਼ੂ ਉਸੇ ਰਸਤੇ ਤੋਂ ਆ ਰਹੇ ਸੀ।
5 ਜਦੋਂ ਯਿਸ਼ੂ ਉੱਥੇ ਪਹੁੰਚੇ, ਉਹਨਾਂ ਨੇ ਉੱਪਰ ਵੇਖਿਆ ਅਤੇ ਉਸ ਨੂੰ ਕਿਹਾ, "ਜ਼ਕਖਾਇਯਾਸ, ਤੁਰੰਤ ਹੇਠਾਂ ਆ ਜਾ। ਜ਼ਰੂਰੀ ਹੈ ਕਿ ਅੱਜ ਮੈਂ ਤੇਰੇ ਘਰ ਵਿੱਚ ਠਹਿਰਾ।" 6 ਇਸ ਲਈ ਉਹ ਇੱਕ ਦਮ ਹੇਠਾਂ ਆਇਆ ਅਤੇ ਖੁਸ਼ੀ ਨਾਲ ਯਿਸ਼ੂ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ।
7 ਸਾਰੇ ਲੋਕਾਂ ਨੇ ਇਹ ਵੇਖਿਆ ਅਤੇ ਬੁੜਬੜੋਨ ਲੱਗੇ, "ਉਹ ਇੱਕ ਪਾਪੀ ਮਨੁੱਖ ਦੇ ਘਰ ਮਹਿਮਾਨ ਬਣ ਕੇ ਗਿਆ ਹੈ।"
8 ਪਰ ਜ਼ਕਖਾਇਯਾਸ ਖੜ੍ਹਾ ਹੋ ਕੇ ਪ੍ਰਭੂ ਨੂੰ ਆਖਣ ਲੱਗਾ, "ਹੇ ਪ੍ਰਭੂ! ਇੱਥੇ ਹੀ ਅਤੇ ਹੁਣੇ ਹੀ ਮੈਂ ਆਪਣੀ ਅੱਧੀ ਜਾਇਦਾਦ ਗ਼ਰੀਬਾਂ ਨੂੰ ਦਿੰਦਾ ਹਾਂ, ਅਤੇ ਜੇ ਮੈਂ ਕਿਸੇ ਨਾਲ ਧੋਖਾ ਕੀਤਾ ਤਾਂ ਮੈਂ ਉਸ ਨੂੰ ਚਾਰ ਗੁਣਾ ਵਾਪਸ ਕਰ ਦਿਆਂਗਾ।"
9 ਯਿਸ਼ੂ ਨੇ ਉਸ ਨੂੰ ਕਿਹਾ, "ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਇੱਕ ਹੈ। 10 ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।"
11 ਜਦੋਂ ਉਹ ਇਹ ਸੁਣ ਰਹੇ ਸਨ ਤਾਂ ਯਿਸ਼ੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ ਕਿਉਂਕਿ ਉਹ ਯੇਰੂਸ਼ਲੇਮ ਦੇ ਨੇੜੇ ਸੀ ਅਤੇ ਲੋਕਾਂ ਨੇ ਸੋਚਿਆ ਕਿ ਪਰਮੇਸ਼ਵਰ ਦਾ ਰਾਜ ਜਲਦੀ ਆਵੇਗਾ। 12 ਉਸ ਨੇ ਕਿਹਾ: "ਇੱਕ ਨੇਕ ਆਦਮੀ ਆਪਣੇ ਆਪ ਨੂੰ ਰਾਜਾ ਬਣਾਉਣ ਲਈ ਅਤੇ ਫਿਰ ਵਾਪਸ ਆਉਣ ਲਈ ਇੱਕ ਦੂਰ ਦੇਸ਼ ਗਿਆ। 13 ਇਸ ਲਈ ਉਸ ਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’
14 "ਪਰ ਉਸ ਦੀ ਪਰਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸ ਦੇ ਮਗਰੋਂ ਸੇਵਕਾਂ ਦੁਆਰਾ ਸੰਦੇਸ਼ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’
15 "ਜਦੋਂ ਉਹ ਰਾਜਾ ਬਣ ਕੇ ਘਰ ਪਰਤਿਆ। ਤਦ ਉਸ ਨੇ ਉਹਨਾਂ ਨੌਕਰਾਂ ਨੂੰ ਸੱਦਿਆ ਤਾਂ ਜੋ ਉਹ ਜਾਣੇ ਕਿ ਜੋ ਪੈਸੇ ਉਸ ਨੇ ਉਹਨਾਂ ਨੂੰ ਦਿੱਤੇ ਸਨ, ਉਸ ਨਾਲ ਉਹਨਾਂ ਨੇ ਕੀ ਕਮਾਇਆ ਹੈ।
16 "ਪਹਿਲਾਂ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਦਸ ਹੋਰ ਕਮਾਏ ਹਨ।’
17 "ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਸ਼ਾਬਾਸ਼, ਮੇਰੇ ਚੰਗੇ ਸੇਵਕ! ਕਿਉਂਕਿ ਤੂੰ ਬਹੁਤ ਥੋੜ੍ਹੇ ਵਿੱਚ ਵਫ਼ਾਦਾਰ ਰਿਹਾ ਹੈ, ਇਸ ਲਈ ਤੂੰ ਹੋਰ ਦਸ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
18 "ਦੂਸਰਾ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਪੰਜ ਹੋਰ ਕਮਾਏ ਹਨ।’
19 "ਉਸ ਦੇ ਮਾਲਕ ਨੇ ਜਵਾਬ ਦਿੱਤਾ, ‘ਤੂੰ ਪੰਜ ਸ਼ਹਿਰਾਂ ਦੀ ਜਿੰਮੇਦਾਰੀ ਸੰਭਾਲ।’
20 "ਫਿਰ ਇੱਕ ਹੋਰ ਨੌਕਰ ਆਇਆ ਅਤੇ ਉਸ ਨੇ ਆ ਕੇ ਕਿਹਾ, ‘ਸ਼੍ਰੀਮਾਨ ਜੀ, ਇਹ ਹੈ ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕੇ, ਜਿਸ ਨੂੰ ਮੈਂ ਕੱਪੜੇ ਦੇ ਟੁਕੜੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ। 21 ਮੈਂ ਤੁਹਾਡੇ ਤੋਂ ਡਰਦਾ ਸੀ, ਕਿਉਂਕਿ ਤੁਸੀਂ ਸਖ਼ਤ ਆਦਮੀ ਹੋ। ਤੁਸੀਂ ਉਹ ਕੱਢ ਲੈਂਦੇ ਹੋ ਜੋ ਤੁਸੀਂ ਨਹੀਂ ਲਾਇਆ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ।’
22 "ਉਸ ਦੇ ਮਾਲਕ ਨੇ ਉੱਤਰ ਦਿੱਤਾ, ‘ਹੇ ਦੁਸ਼ਟ ਨੌਕਰ, ਮੈਂ ਤੇਰੇ ਹੀ ਸ਼ਬਦਾਂ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ। ਤੂੰ ਜਾਣਦਾ ਸੀ, ਕਿ ਮੈਂ ਸਖ਼ਤ ਆਦਮੀ ਹਾਂ, ਜੋ ਮੈਂ ਨਹੀਂ ਰੱਖਿਆ ਉਸ ਨੂੰ ਚੁੱਕ ਲੈਂਦਾ ਹੈ, ਅਤੇ ਜੋ ਮੈਂ ਨਹੀਂ ਬੀਜਿਆ ਉਹ ਵੱਢਦਾ ਹਾਂ? 23 ਤਾਂ ਫਿਰ ਤੂੰ ਮੇਰੇ ਪੈਸੇ ਸ਼ਾਹੂਕਾਰਾਂ ਕੋਲ ਕਿਉਂ ਨਹੀਂ ਜਮ੍ਹਾਂ ਕਰਵਾਏ ਤਾਂ ਜੋ ਮੈਂ ਵਾਪਸ ਆਉਣ ਉੱਤੇ ਵਿਆਜ ਸਮੇਤ ਪ੍ਰਾਪਤ ਕਰ ਲੈਂਦਾ?’
24 "ਤਦ ਉਸ ਨੇ ਉੱਥੇ ਖੜ੍ਹੇ ਲੋਕਾਂ ਨੂੰ ਕਿਹਾ, ‘ਉਸ ਕੋਲੋ ਸੋਨੇ ਦਾ ਸਿੱਕਾ ਲੈ ਲਓ ਅਤੇ ਉਸ ਨੂੰ ਦੇ ਦਿਓ ਜਿਸ ਦੇ ਕੋਲ ਦਸ ਸਿੱਕੇ ਹਨ।’
25 "ਉਹਨਾਂ ਨੇ ਕਿਹਾ, ‘ਸ਼੍ਰੀਮਾਨ ਜੀ, ਉਸ ਕੋਲ ਪਹਿਲਾਂ ਹੀ ਦਸ ਹੈ!’
26 "ਉਸ ਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰੇਕ ਨੂੰ ਜਿਸ ਕੋਲ ਹੈ ਹੋਰ ਵੀ ਦਿੱਤਾ ਜਾਵੇਗਾ, ਪਰ ਜਿਸ ਕਿਸੇ ਕੋਲ ਕੁਝ ਵੀ ਨਹੀਂ ਹੈ ਉਸ ਤੋਂ ਜੋ ਉਹ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27 ਪਰ ਮੇਰੇ ਦੁਸ਼ਮਣ ਜੋ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਦਾ ਰਾਜਾ ਬਣਾ, ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ।’ "
28 ਇਹ ਕਹਿਣ ਤੋਂ ਬਾਅਦ, ਯਿਸ਼ੂ ਯੇਰੂਸ਼ਲੇਮ ਵੱਲ ਨੂੰ ਤੁਰ ਪਏ। 29 ਜਦੋਂ ਯਿਸ਼ੂ ਜ਼ੈਤੂਨ ਨਾਮ ਦੇ ਪਹਾੜ ਉੱਤੇ ਇੱਕ ਪਿੰਡ ਬੈਥਫ਼ਗੇ ਅਤੇ ਬੈਥਨੀਆ ਦੇ ਨਗਰ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਸ ਹੁਕਮ ਨਾਲ ਅੱਗੇ ਭੇਜਿਆ, 30 "ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 31 ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਕਹੋ, ‘ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।’ "
32 ਜਿਨ੍ਹਾਂ ਨੂੰ ਭੇਜਿਆ ਗਿਆ ਸੀ ਉਹ ਗਏ ਅਤੇ ਉਹਨਾਂ ਨੂੰ ਸਭ ਕੁਝ ਉਵੇਂ ਮਿਲਿਆ ਜਿਵੇਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀ। 33 ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?"
34 ਉਹਨਾਂ ਨੇ ਉੱਤਰ ਦਿੱਤਾ, "ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।"
35 ਉਹ ਇਸ ਨੂੰ ਯਿਸ਼ੂ ਕੋਲ ਲਿਆਏ ਉਹਨਾਂ ਨੇ ਆਪਣੇ ਕੱਪੜੇ ਗਧੇ ਉੱਤੇ ਸੁੱਟ ਦਿੱਤੇ ਅਤੇ ਯਿਸ਼ੂ ਨੂੰ ਉਸ ਉੱਪਰ ਬਿਠਾ ਦਿੱਤਾ। 36 ਜਦੋਂ ਯਿਸ਼ੂ ਜਾ ਰਹੇ ਸਨ ਤਾਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ।
37 ਜਦੋਂ ਉਹ ਉਸ ਜਗ੍ਹਾ ਦੇ ਨੇੜੇ ਆਏ ਜਿੱਥੇ ਇਹ ਰਸਤਾ ਜ਼ੈਤੂਨ ਦੇ ਪਹਾੜ ਤੋਂ ਹੇਠਾਂ ਜਾਂਦਾ ਹੈ, ਚੇਲਿਆਂ ਦੀ ਸਾਰੀ ਭੀੜ ਉੱਚੀ ਆਵਾਜ਼ ਵਿੱਚ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਉਹਨਾਂ ਸਾਰੇ ਚਮਤਕਾਰਾਂ ਲਈ ਜੋਸ਼ ਨਾਲ ਵੇਖਣ ਲੱਗੀ:
38 "ਮੁਬਾਰਕ ਹੈ, ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"
"ਸਵਰਗ ਵਿੱਚ ਸ਼ਾਂਤੀ ਅਤੇ ਸਭ ਤੋਂ ਉੱਚੀ ਵਡਿਆਈ ਹੋਵੇ!"
39 ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, "ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕੋ!"
40 ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਕਹਿੰਦਾ ਹਾਂ, ਜੇ ਉਹ ਚੁੱਪ ਰਹਿਣਗੇ ਤਾਂ ਪੱਥਰ ਚੀਕਣਗੇ।"
41 ਜਦੋਂ ਉਹ ਯੇਰੂਸ਼ਲੇਮ ਦੇ ਨੇੜੇ ਆਏ ਅਤੇ ਸ਼ਹਿਰ ਨੂੰ ਵੇਖ ਕੇ ਉਹ ਇਸ ਤੇ ਰੋਇਆ 42 ਅਤੇ ਕਿਹਾ, "ਜੇ ਤੁਸੀਂ, ਸਿਰਫ ਇਸ ਦਿਨ ਹੀ ਸਮਝਦੇ ਹੁੰਦੇ ਕਿ ਤੁਹਾਨੂੰ ਸ਼ਾਂਤੀ ਕਿਸ ਤਰ੍ਹਾਂ ਮਿਲੇਗੀ, ਪਰ ਹੁਣ ਇਹ ਤੁਹਾਡੀਆਂ ਅੱਖਾਂ ਤੋਂ ਲੁਕਿਆ ਹੋਇਆ ਹੈ। 43 ਉਹ ਦਿਨ ਤੁਹਾਡੇ ਉੱਤੇ ਆਉਣਗੇ ਜਦੋਂ ਤੁਹਾਡੇ ਦੁਸ਼ਮਣ ਤੁਹਾਡੇ ਵਿਰੁੱਧ ਇੱਕ ਤੰਬੂ ਬਨਾਉਣਗੇ ਅਤੇ ਤੁਹਾਨੂੰ ਘੇਰ ਲੈਣਗੇ ਅਤੇ ਤੁਹਾਨੂੰ ਹਰ ਪਾਸਿਓ ਘੇਰ ਲੈਣਗੇ। 44 ਉਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾਉਣਗੇ। ਉਹ ਤੁਹਾਡੇ ਘਰ ਵਿੱਚ ਇੱਕ ਵੀ ਪੱਥਰ ਦੂਸਰੇ ਪੱਥਰ ਉੱਪਰ ਨਹੀਂ ਛੱਡਣਗੇ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਆਉਣ ਦਾ ਸਮਾਂ ਨਹੀਂ ਪਛਾਣਿਆ।"
45 ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਤਾਂ ਯਿਸ਼ੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। 46 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ "
47 ਹਰ ਰੋਜ਼ ਯਿਸ਼ੂ ਹੈਕਲ ਵਿੱਚ ਉਪਦੇਸ਼ ਦਿੰਦੇ ਸੀ। ਪਰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਲੋਕਾਂ ਦੇ ਆਗੂ ਉਸ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। 48 ਫਿਰ ਵੀ ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਰਾਹ ਨਹੀਂ ਮਿਲ ਸਕਿਆ, ਕਿਉਂਕਿ ਸਾਰੇ ਲੋਕ ਯਿਸ਼ੂ ਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ।