1 ਇੱਕ ਸਬਤ ਦੇ ਦਿਨ ਜਦੋਂ ਯਿਸ਼ੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਖਾਣਾ ਖਾਣ ਗਏ, ਤਾਂ ਸਾਰੇ ਲੋਕ ਉਹਨਾਂ ਨੂੰ ਧਿਆਨ ਨਾਲ ਵੇਖ ਰਹੇ ਸਨ। 2 ਉਹਨਾਂ ਦੇ ਸਾਹਮਣੇ ਇੱਕ ਆਦਮੀ ਸੀ ਜੋ ਜਲੋਧਰੀ ਦੀ ਬਿਮਾਰੀ ਨਾਲ ਪੀੜਤ ਸੀ। 3 ਯਿਸ਼ੂ ਨੇ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੂੰ ਪੁੱਛਿਆ, "ਕੀ ਸਬਤ ਦੇ ਦਿਨ ਚੰਗਾ ਕਰਨਾ ਬਿਵਸਥਾ ਦੇ ਅਨੁਸਾਰ ਹੈ ਜਾਂ ਨਹੀਂ?" 4 ਪਰ ਉਹ ਚੁੱਪ ਰਹੇ। ਤਾਂ ਯਿਸ਼ੂ ਨੇ ਉਸ ਆਦਮੀ ਨੂੰ ਫੜ ਕੇ ਉਸ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਸ ਦੇ ਰਾਹ ਭੇਜ ਦਿੱਤਾ।
5 ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਜੇ ਤੁਹਾਡੇ ਵਿੱਚੋਂ ਕਿਸੇ ਦਾ ਬੱਚਾ ਜਾਂ ਬਲਦ ਸਬਤ ਦੇ ਦਿਨ ਖੂਹ ਵਿੱਚ ਡਿੱਗ ਜਾਵੇ ਤਾਂ ਕੀ ਤੁਸੀਂ ਝੱਟ ਇਸ ਨੂੰ ਬਾਹਰ ਨਹੀਂ ਕੱਢੋਗੇ?" 6 ਇਸ ਸਵਾਲ ਦਾ ਉਹ ਜਵਾਬ ਨਾ ਦੇ ਸਕੇ।
7 ਜਦੋਂ ਯਿਸ਼ੂ ਨੇ ਵੇਖਿਆ ਕਿ ਕਿਵੇਂ ਮਹਿਮਾਨ ਮੇਜ਼ ਤੇ ਸਨਮਾਨ ਦੀਆਂ ਥਾਵਾਂ ਨੂੰ ਚੁਣਦੇ ਹਨ ਤਾਂ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: 8 "ਜਦੋਂ ਕੋਈ ਤੁਹਾਨੂੰ ਵਿਆਹ ਦੀ ਦਾਅਵਤ ਲਈ ਬੁਲਾਉਂਦਾ ਹੈ, ਤਾਂ ਤੁਸੀਂ ਸਨਮਾਨ ਦੀ ਜਗ੍ਹਾ ਨਾ ਚੁਣੋ ਕਿਉਂਕਿ ਹੋ ਸਕਦਾ ਹੈ ਕਿ ਉਸ ਨੇ ਤੁਹਾਡੇ ਨਾਲੋਂ ਵੱਧ ਸਤਿਕਾਰਯੋਗ ਵਿਅਕਤੀ ਨੂੰ ਵੀ ਉੱਥੇ ਬੁਲਾਇਆ ਹੋਵੇ। 9 ਜੇ ਅਜਿਹਾ ਹੈ ਤਾਂ ਉਹ ਵਿਅਕਤੀ ਜਿਸ ਨੇ ਤੁਹਾਨੂੰ ਦੋਵਾਂ ਨੂੰ ਬੁਲਾਇਆ ਸੀ ਉਹ ਆਵੇਗਾ ਅਤੇ ਤੁਹਾਨੂੰ ਕਹੇਗਾ, ‘ਇਸ ਵਿਅਕਤੀ ਨੂੰ ਆਪਣੀ ਜਗ੍ਹਾ ਦੇ ਦਿਓ,’ ਫਿਰ ਸ਼ਰਮਿੰਦਾ ਹੋ ਕੇ ਤੁਹਾਨੂੰ ਸਭ ਤੋਂ ਪਿਛਲੀ ਜਗ੍ਹਾ ਤੇ ਬੈਠਣਾ ਪਵੇਗਾ। 10 ਪਰ ਜਦੋਂ ਤੁਹਾਨੂੰ ਕਿਤੇ ਬੁਲਾਇਆ ਜਾਂਦਾ ਹੈ ਤਾਂ ਸਭ ਤੋਂ ਨੀਵੀਂ ਜਗ੍ਹਾ ਤੇ ਬੈਠੋ, ਤਾਂ ਕਿ ਜਿਸ ਨੇ ਤੁਹਾਨੂੰ ਸੱਦਾ ਦਿੱਤਾ ਹੈ ਉਹ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਕਹੇ, ‘ਮੇਰੇ ਦੋਸਤ, ਉੱਠੋ ਅਤੇ ਉਸ ਉੱਚੀ ਜਗ੍ਹਾ ਤੇ ਬੈਠ ਜਾਓ।’ ਤਾਂ ਇਸ ਤਰ੍ਹਾਂ ਤੁਹਾਨੂੰ ਸਾਰੇ ਸੱਦੇ ਗਏ ਮਹਿਮਾਨਾਂ ਦੇ ਸਾਹਮਣੇ ਸਨਮਾਨਿਤ ਕੀਤਾ ਜਾਵੇਗਾ। 11 ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।"
12 ਫਿਰ ਯਿਸ਼ੂ ਨੇ ਆਪਣੇ ਸੱਦਣ ਵਾਲੇ ਨੂੰ ਕਿਹਾ, "ਜਦੋਂ ਤੁਸੀਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੇ ਕਿਸੇ ਨੂੰ ਸੱਦਾ ਦਿੰਦੇ ਹੋ ਤਾਂ ਆਪਣੇ ਦੋਸਤਾਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਜਾਂ ਆਪਣੇ ਅਮੀਰ ਗੁਆਂਢੀਆਂ ਨੂੰ ਨਾ ਬੁਲਾਓ; ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਉਹ ਵੀ ਤੁਹਾਨੂੰ ਸੱਦਾ ਦੇਣ ਅਤੇ ਤੁਹਾਨੂੰ ਉਸ ਦਾ ਬਦਲਾ ਮਿਲ ਜਾਵੇ। 13 ਪਰ ਜਦੋਂ ਤੁਸੀਂ ਦਾਅਵਤ ਦਿੰਦੇ ਹੋ ਤਾਂ ਗ਼ਰੀਬਾਂ, ਅਪੰਗਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦਿਓ। 14 ਅਤੇ ਫਿਰ ਤੁਹਾਨੂੰ ਅਸੀਸ ਮਿਲੇਗੀ। ਭਾਵੇਂ ਉਹ ਤੁਹਾਨੂੰ ਇਸ ਦਾ ਬਦਲਾ ਨਹੀਂ ਦੇ ਸਕਦੇ ਪਰ ਧਰਮੀ ਲੋਕਾਂ ਦੇ ਦੁਬਾਰਾ ਜੀ ਉੱਠਣ ਦੇ ਮੌਕੇ ਤੇ ਤੁਹਾਨੂੰ ਇਸ ਦਾ ਬਦਲਾ ਦਿੱਤਾ ਜਾਵੇਗਾ।"
15 ਇਹ ਗੱਲਾਂ ਸੁਣ ਕੇ ਉੱਥੇ ਬੁਲਾਏ ਗਏ ਲੋਕਾਂ ਵਿੱਚੋਂ ਇੱਕ ਨੇ ਯਿਸ਼ੂ ਨੂੰ ਕਿਹਾ, "ਧੰਨ ਹੋਵੇਗਾ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਦੀ ਦਾਅਵਤ ਵਿੱਚ ਸ਼ਾਮਿਲ ਹੋਵੇਗਾ।"
16 ਯਿਸ਼ੂ ਨੇ ਜਵਾਬ ਦਿੱਤਾ: "ਇੱਕ ਆਦਮੀ ਇੱਕ ਵੱਡੀ ਦਾਅਵਤ ਤਿਆਰ ਕਰ ਰਿਹਾ ਸੀ ਅਤੇ ਉਸ ਨੇ ਬਹੁਤ ਸਾਰੇ ਮਹਿਮਾਨਾਂ ਨੂੰ ਸੱਦਾ ਦਿੱਤਾ। 17 ਉਸ ਵੇਲੇ ਉਹ ਆਪਣੇ ਨੌਕਰ ਨੂੰ ਭੇਜੇਗਾ ਕਿ ਜਿਨ੍ਹਾਂ ਨੂੰ ਵਿਆਹ ਤੇ ਸੱਦਾ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਆਖੇ ਕਿ, ‘ਆਓ, ਸਭ ਕੁਝ ਹੁਣ ਤਿਆਰ ਹੈ।’
18 "ਪਰ ਉਹ ਸਾਰੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਕਿਹਾ, ‘ਮੈਂ ਹੁਣੇ ਇੱਕ ਖੇਤ ਖਰੀਦਿਆ ਹੈ ਅਤੇ ਮੈਨੂੰ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
19 "ਦੂਸਰੇ ਨੇ ਕਿਹਾ, ‘ਮੈਂ ਹੁਣੇ ਬਲਦਾਂ ਦੇ ਪੰਜ ਜੋੜੇ ਖਰੀਦੇ ਹਨ ਅਤੇ ਮੈਂ ਉਹਨਾਂ ਨੂੰ ਪਰਖਣ ਲਈ ਜਾ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
20 "ਇੱਕ ਹੋਰ ਆਦਮੀ ਨੇ ਕਿਹਾ, ‘ਮੇਰਾ ਹੁਣੇ ਵਿਆਹ ਹੋਇਆ ਹੈ ਇਸ ਲਈ ਮੈਂ ਨਹੀਂ ਆ ਸਕਦਾ।’
21 "ਫਿਰ ਨੌਕਰ ਵਾਪਸ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਇਸ ਬਾਰੇ ਦੱਸਿਆ। ਤਦ ਘਰ ਦਾ ਮਾਲਕ ਗੁੱਸੇ ਵਿੱਚ ਆਇਆ ਅਤੇ ਉਸ ਨੇ ਆਪਣੇ ਨੌਕਰ ਨੂੰ ਆਗਿਆ ਦਿੱਤੀ, ‘ਜਲਦੀ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਜਾਓ ਅਤੇ ਗ਼ਰੀਬਾਂ, ਅਪੰਗਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਅੰਦਰ ਲਿਆਓ।’
22 "ਨੌਕਰ ਨੇ ਕਿਹਾ, ਸ਼੍ਰੀਮਾਨ ਜੀ, ‘ਜਿਵੇਂ ਤੁਸੀਂ ਆਗਿਆ ਦਿੱਤੀ ਸੀ ਉਹ ਹੋ ਗਿਆ ਹੈ ਪਰ ਅਜੇ ਵੀ ਮਹਿਮਾਨਾਂ ਲਈ ਜਗ੍ਹਾ ਹੈ।’
23 "ਫਿਰ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ, ‘ਸੜਕਾਂ ਅਤੇ ਦੇਸ਼ ਦੀਆਂ ਗਲੀਆਂ ਵਿੱਚ ਜਾਓ ਅਤੇ ਲੋਕਾਂ ਨੂੰ ਅੰਦਰ ਆਉਣ ਲਈ ਮਜਬੂਰ ਕਰੋ ਤਾਂ ਜੋ ਮੇਰਾ ਘਰ ਭਰਿਆ ਰਹੇ। 24 ਮੈਂ ਤੁਹਾਨੂੰ ਦੱਸਦਾ ਹਾਂ, ਜਿਨ੍ਹਾਂ ਨੂੰ ਪਹਿਲਾਂ ਬੁਲਾਇਆ ਗਿਆ ਸੀ ਉਹਨਾਂ ਵਿੱਚੋਂ ਕੋਈ ਵੀ ਮੇਰੀ ਦਾਅਵਤ ਦਾ ਸੁਆਦ ਨਹੀਂ ਚੱਖੇਗਾ।’ "
25 ਵੱਡੀ ਭੀੜ ਯਿਸ਼ੂ ਦੇ ਨਾਲ ਯਾਤਰਾ ਕਰ ਰਹੀ ਸੀ ਅਤੇ ਉਹਨਾਂ ਵੱਲ ਮੁੜ ਕੇ ਯਿਸ਼ੂ ਨੇ ਕਿਹਾ: 26 "ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ ਅਤੇ ਭੈਣ-ਭਰਾਵਾਂ ਨਾਲ ਨਫ਼ਰਤ ਨਹੀਂ ਕਰਦਾ, ਹਾਂ ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਜਾਨ ਨੂੰ ਵੀ ਅਜਿਹਾ ਵਿਅਕਤੀ ਮੇਰਾ ਚੇਲਾ ਨਹੀਂ ਹੋ ਸਕਦਾ। 27 ਅਤੇ ਜਿਹੜਾ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28 "ਮੰਨ ਲਓ ਕਿ ਤੁਹਾਡੇ ਵਿੱਚੋਂ ਕੋਈ ਇਮਾਰਤ ਬਣਾਉਣਾ ਚਾਹੁੰਦਾ ਹੈ। ਕੀ ਤੁਸੀਂ ਪਹਿਲਾਂ ਬੈਠ ਕੇ ਖਰਚੇ ਦਾ ਅੰਦਾਜ਼ਾ ਨਹੀਂ ਲਗਾਓਗੇ ਕੀ ਇਸ ਨੂੰ ਪੂਰਾ ਕਰਨ ਲਈ ਪੈਸੇ ਹਨ ਵੀ ਜਾ ਨਹੀਂ? 29 ਕਿਉਂਕਿ ਜੇ ਤੁਸੀਂ ਨੀਂਹ ਰੱਖਦੇ ਹੋ ਅਤੇ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਤਾਂ ਹਰ ਕੋਈ ਜੋ ਇਸ ਨੂੰ ਵੇਖਦਾ ਹੈ ਤੁਹਾਡਾ ਮਖੌਲ ਉਡਾਏਗਾ, 30 ਇਹ ਕਹਿੰਦੇ ਹੋਏ, ‘ਇਸ ਵਿਅਕਤੀ ਨੇ ਉਸਾਰੀ ਸ਼ੁਰੂ ਤਾਂ ਕੀਤੀ ਪਰ ਪੂਰੀ ਨਹੀਂ ਕਰ ਸਕਿਆ।’
31 "ਜਾਂ ਮੰਨ ਲਓ ਕਿ ਕੋਈ ਰਾਜਾ ਦੂਸਰੇ ਰਾਜੇ ਨਾਲ ਜੰਗ ਲਾਉਣ ਵਾਲਾ ਹੈ। ਕੀ ਉਹ ਪਹਿਲਾਂ ਬੈਠ ਕੇ ਇਹ ਵਿਚਾਰ ਨਹੀਂ ਕਰੇਂਗਾ ਕੀ ਉਹ ਦਸ ਹਜ਼ਾਰ ਬੰਦਿਆਂ ਨਾਲ ਉਸ ਦੇ ਵਿਰੁੱਧ ਵੀਹ ਹਜ਼ਾਰ ਬੰਦਿਆਂ ਦੇ ਨਾਲ ਆਉਣ ਵਾਲੇ ਦੇ ਵਿਰੁੱਧ ਲੜਨ ਦੇ ਯੋਗ ਹੈ ਜਾਂ ਨਹੀਂ? 32 ਜੇ ਨਹੀਂ, ਤਾਂ ਜਦੋਂ ਦੁਸ਼ਮਣ ਦੀ ਫੌਜ ਅਜੇ ਦੂਰ ਹੈ, ਉਹ ਆਪਣੇ ਦੂਤ ਭੇਜੇਗਾ ਅਤੇ ਉਸ ਨੂੰ ਸ਼ਾਂਤੀ ਦਾ ਸੱਦਾ ਦੇਵੇਗਾ। 33 ਇਸੇ ਤਰ੍ਹਾਂ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਚੇਲਾ ਨਹੀਂ ਹੋ ਸਕਦਾ ਜੇ ਉਹ ਆਪਣਾ ਸਭ ਕੁਝ ਤਿਆਗ ਨਾ ਦੇਵੇ।
34 "ਨਮਕ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? 35 ਇਹ ਨਾ ਤਾਂ ਧਰਤੀ ਲਈ ਅਤੇ ਨਾ ਹੀ ਖਾਦ ਲਈ ਕਿਸੇ ਕੰਮ ਦਾ ਹੈ। ਇਸ ਨੂੰ ਬਾਹਰ ਸੁੱਟਿਆ ਜਾਂਦਾ ਹੈ।
"ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।"