Publicidade

Lucas 21

ਵਿਧਵਾ ਦੀ ਭੇਂਟ

1 ਜਦੋਂ ਯਿਸ਼ੂ ਨੇ ਵੇਖਿਆ ਤਾਂ ਉਸ ਨੇ ਅਮੀਰ ਲੋਕਾਂ ਨੂੰ ਆਪਣੇ ਦਾਨ ਨੂੰ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। 2 ਉਸ ਨੇ ਇੱਕ ਗ਼ਰੀਬ ਵਿਧਵਾ ਨੂੰ ਤਾਂਬੇ ਦੇ ਦੋ ਛੋਟੇ ਸਿੱਕਿਆਂ ਨੂੰ ਦਾਨ ਲਈ ਪਾਉਂਦੇ ਵੇਖਿਆ। 3 ਉਸ ਨੇ ਕਿਹਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਗ਼ਰੀਬ ਵਿਧਵਾ ਨੇ ਸਾਰੇ ਲੋਕਾਂ ਤੋਂ ਜ਼ਿਆਦਾ ਦਾਨ ਪਾਇਆ ਹੈ। 4 ਇਹ ਸਾਰੇ ਲੋਕਾਂ ਨੇ ਆਪਣੀ ਦੌਲਤ ਵਿੱਚੋਂ ਆਪਣੇ ਦਾਨ ਦਿੱਤੇ, ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚੋਂ ਆਪਣੀ ਸਾਰੀ ਜੀਵਨ ਪੂੰਜੀ ਦੇ ਦਿੱਤੀ ਹੈ।"

ਹੈਕਲ ਦਾ ਵਿਨਾਸ਼ ਅਤੇ ਅੰਤ ਦੇ ਸਮੇਂ ਦੇ ਚਿੰਨ੍ਹ

5 ਉਹਨਾਂ ਦੇ ਕੁਝ ਚੇਲੇ ਇਸ ਬਾਰੇ ਚਰਚਾ ਕਰ ਰਹੇ ਸਨ ਕਿ ਕਿਵੇਂ ਹੈਕਲ ਨੂੰ ਸੁੰਦਰ ਪੱਥਰਾਂ ਨਾਲ ਅਤੇ ਪਰਮੇਸ਼ਵਰ ਨੂੰ ਸਮਰਪਤ ਤੋਹਫ਼ਿਆਂ ਨਾਲ ਸਜਾਇਆ ਗਿਆ ਸੀ। ਪਰ ਯਿਸ਼ੂ ਨੇ ਕਿਹਾ, 6 "ਤੁਸੀਂ ਇੱਥੇ ਜੋ ਚੀਜ਼ਾ ਵੇਖਦੇ ਹੋ, ਉਹ ਸਮਾਂ ਆਵੇਗਾ ਜਦੋਂ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ, ਉਹਨਾਂ ਵਿੱਚੋਂ ਹਰ ਇੱਕ ਜ਼ਮੀਨ ਤੇ ਸੁੱਟ ਦਿੱਤਾ ਜਾਵੇਗਾ।"

7 ਉਹਨਾਂ ਨੇ ਪੁੱਛਿਆ, "ਗੁਰੂ ਜੀ, ਇਹ ਸਭ ਕੁਝ ਕਦੋਂ ਹੋਵੇਗਾ? ਅਤੇ ਜਦੋਂ ਉਹ ਹੋਣ ਵਾਲਾ ਹੋਵੇਗਾ ਤਾਂ ਉਦੋਂ ਕੀ ਚਿੰਨ੍ਹ ਹੋਵੇਗਾ?"

8 ਯਿਸ਼ੂ ਨੇ ਜਵਾਬ ਦਿੱਤਾ: "ਚੌਕਸ ਰਹੋ ਕਿ ਤੁਸੀਂ ਧੋਖਾ ਨਾ ਖਾਓ। ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ, ‘ਸਮਾਂ ਨੇੜੇ ਹੈ।’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਚੱਲਣਾ। 9 ਜਦੋਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖ਼ਬਰਾਂ ਸੁਣੋ ਤਾਂ ਘਬਰਾ ਨਾ ਜਾਣਾ। ਇਹ ਸਭ ਕੁਝ ਪਹਿਲਾਂ ਹੋਣਾ ਜ਼ਰੂਰੀ ਹੈ ਪਰ ਫਿਰ ਵੀ ਇਸ ਤੋਂ ਤੁਰੰਤ ਬਾਅਦ ਅੰਤ ਨਹੀਂ ਆਵੇਗਾ।"

10 ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ: "ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। 11 ਬਹੁਤ ਸਾਰੇ ਸਥਾਨਾਂ ਤੇ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਮਹਾਂਂਮਾਰੀਆਂ ਆਉਣਗੀਆਂ। ਭਿਆਨਕ ਘਟਨਾਵਾਂ ਹੋਣਗੀਆਂ ਅਤੇ ਅਕਾਸ਼ ਵਿੱਚੋਂ ਵੱਡੇ ਚਿੰਨ੍ਹ ਵਿਖਣਗੇ।

12 "ਪਰ ਇਸ ਸਭ ਤੋਂ ਪਹਿਲਾਂ, ਉਹ ਤੁਹਾਨੂੰ ਫੜ ਲੈਣਗੇ ਅਤੇ ਤੁਹਾਨੂੰ ਸਤਾਉਣਗੇ। ਉਹ ਤੁਹਾਨੂੰ ਪ੍ਰਾਰਥਨਾ ਸਥਾਨਾਂ ਦੇ ਹਵਾਲੇ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ ਅਤੇ ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਰਾਜਪਾਲਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।" 13 ਅਤੇ ਇਸ ਦੇ ਨਤੀਜੇ ਵਜੋਂ ਤੁਹਾਨੂੰ ਮੇਰੀ ਗਵਾਹੀ ਦੇਣ ਦਾ ਮੌਕਾ ਮਿਲੇਗਾ। 14 ਪਰ ਪਹਿਲਾਂ ਤੋਂ ਹੀ ਆਪਣਾ ਮਨ ਬਣਾ ਲਓ ਕਿ ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ। 15 ਕਿਉਂਕਿ ਮੈਂ ਤੁਹਾਨੂੰ ਉਹ ਸ਼ਬਦ ਅਤੇ ਬੁੱਧ ਦੇਵਾਂਗਾ, ਜਿਸ ਦਾ ਨਾ ਤਾਂ ਤੁਹਾਡੇ ਵਿਰੋਧੀ ਸਾਹਮਣਾ ਕਰ ਸਕਣਗੇ ਅਤੇ ਨਾ ਹੀ ਇਨਕਾਰ ਕਰਨ ਦੇ ਯੋਗ ਹੋ ਸਕਣਗੇ। 16 ਤੁਹਾਡੇ ਮਾਪਿਆਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਵੀ ਤੁਹਾਨੂੰ ਧੋਖਾ ਦਿੱਤਾ ਜਾਵੇਗਾ ਅਤੇ ਉਹ ਤੁਹਾਡੇ ਵਿੱਚੋਂ ਕੁਝ ਨੂੰ ਮਾਰ ਦੇਣਗੇ। 17 ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਵੈਰ ਰੱਖਣਗੇ। 18 ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਨਾਸ਼ ਨਹੀਂ ਹੋਵੇਗਾ। 19 ਦ੍ਰਿੜ ਰਹੋ ਅਤੇ ਤੁਸੀਂ ਜ਼ਿੰਦਗੀ ਨੂੰ ਜਿੱਤ ਲਵੋਂਗੇ।

20 "ਜਦੋਂ ਤੁਸੀਂ ਦੇਖੋਗੇ ਯੇਰੂਸ਼ਲੇਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਹੈ ਤਾਂ ਤੁਸੀਂ ਜਾਣ ਜਾਵੋਂਗੇ ਕਿ ਇਸ ਦਾ ਵਿਨਾਸ਼ ਨੇੜੇ ਹੈ।" 21 ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ, ਜੋ ਸ਼ਹਿਰ ਵਿੱਚ ਹਨ ਉਹ ਬਾਹਰ ਨਿਕਲ ਜਾਣ ਅਤੇ ਤਦ ਜਿਹੜੇ ਦੇਸ਼ ਵਿੱਚ ਹਨ ਉਹ ਸ਼ਹਿਰ ਵਿੱਚ ਦਾਖਲ ਨਾ ਹੋਣ। 22 ਕਿਉਂਕਿ ਇਹ ਬਦਲਾ ਲੈਣ ਦਾ ਸਮਾਂ ਹੋਵੇਗਾ ਕਿ ਉਹ ਸਭ ਜੋ ਲੇਖਾਂ ਵਿੱਚ ਪਹਿਲਾਂ ਲਿਖਿਆ ਹੋਇਆ ਹੈ, ਉਹ ਪੂਰਾ ਹੋ ਜਾਵੇ। 23 ਉਹਨਾਂ ਦਿਨਾਂ ਵਿੱਚ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਸਭ ਕਿੰਨਾ ਭਿਆਨਕ ਹੋਵੇਗਾ! ਕਿਉਂਕਿ ਇਹ ਮਨੁੱਖਾਂ ਉੱਤੇ ਕ੍ਰੋਧ ਦਾ ਸਮਾਂ ਅਤੇ ਧਰਤੀ ਉੱਤੇ ਇੱਕ ਮਹਾਨ ਸੰਕਟ ਦਾ ਸਮਾਂ ਹੋਵੇਗਾ। 24 ਉਹ ਤਲਵਾਰ ਨਾਲ ਮਾਰੇ ਜਾਣਗੇ, ਹੋਰ ਕੌਮਾਂ ਉਹਨਾਂ ਨੂੰ ਗ਼ੁਲਾਮ ਬਣਾ ਲੈਣਗੀਆਂ। ਜਦੋਂ ਤੱਕ ਗ਼ੈਰ-ਯਹੂਦੀਆਂ ਦਾ ਸਮਾਂ ਪੂਰਾ ਨਹੀਂ ਹੁੰਦਾ, ਯੇਰੂਸ਼ਲੇਮ ਦਾ ਸ਼ਹਿਰ ਗ਼ੈਰ-ਯਹੂਦੀਆਂ ਦੁਆਰਾ ਮਿੱਧਿਆ ਜਾਵੇਗਾ।

25 "ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ। ਧਰਤੀ ਉੱਤੇ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇਗੀ। ਗਰਜਦੇ ਸਮੁੰਦਰ ਦੀਆਂ ਲਹਿਰਾਂ ਕਾਰਨ ਲੋਕ ਘਬਰਾ ਜਾਣਗੇ। 26 ਲੋਕ ਡਰ ਜਾਣਗੇ ਅਤੇ ਦਹਿਸ਼ਤ ਦੇ ਕਾਰਣ ਬੇਹੋਸ਼ ਹੋ ਜਾਣਗੇ ਕਿ ਹੁਣ ਦੁਨੀਆਂ ਦਾ ਕੀ ਬਣੇਗਾ ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27 ਉਸ ਵੇਲੇ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28 ਜਦੋਂ ਇਹ ਚੀਜ਼ਾਂ ਹੋਣ ਲੱਗਣ ਤਾਂ ਉੱਠੋ ਅਤੇ ਆਪਣੇ ਸਿਰ ਉੱਚੇ ਕਰੋ, ਕਿਉਂਕਿ ਤੁਹਾਡੀ ਮੁਕਤੀ ਨੇੜੇ ਆ ਰਹੀ ਹੈ।"

29 ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ: "ਹੰਜ਼ੀਰ ਦੇ ਰੁੱਖ ਅਤੇ ਹੋਰ ਦਰੱਖਤਾਂ ਨੂੰ ਵੇਖੋ। 30 ਜਦੋਂ ਉਹਨਾਂ ਉੱਤੇ ਪੱਤੇ ਉੱਗਦੇ ਹਨ, ਤੁਸੀਂ ਆਪਣੇ ਆਪ ਵਿੱਚ ਜਾਣ ਲੈਂਦੇ ਹੋ ਕਿ ਗਰਮੀ ਨੇੜੇ ਹੈ। 31 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ ਤਾਂ ਤੁਸੀਂ ਜਾਣ ਲਓ ਕਿ ਪਰਮੇਸ਼ਵਰ ਦਾ ਰਾਜ ਨੇੜੇ ਹੈ।

32 "ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 33 ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਸ਼ਬਦ ਕਦੇ ਵੀ ਨਹੀਂ ਟਲਣਗੇ।

34 "ਸਾਵਧਾਨ ਰਹੋ ਜ਼ਿੰਦਗੀ ਨਾਲ ਜੁੜੀਆਂ ਚਿੰਤਾਵਾਂ, ਦੁਰਘਟਨਾਵਾਂ ਅਤੇ ਸ਼ਰਾਬੀ ਹੋਣ ਕਾਰਨ ਤੁਹਾਡਾ ਦਿਲ ਆਲਸੀ ਨਾ ਹੋ ਜਾਵੇ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫਾਹੀ ਵਾਂਗ ਆ ਜਾਵੇ। 35 ਕਿਉਂਕਿ ਉਹ ਦਿਨ ਧਰਤੀ ਦੇ ਸਭ ਵਸਨੀਕਾਂ ਉੱਤੇ ਆਵੇਗਾ। 36 ਹਮੇਸ਼ਾ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਜੋ ਕੁਝ ਵਾਪਰ ਰਿਹਾ ਹੈ ਉਸ ਵਿੱਚੋਂ ਬਚ ਕੇ ਨਿਕਲ ਸਕੋਂ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹ ਸਕੋ।"

37 ਹਰ ਦਿਨ ਯਿਸ਼ੂ ਹੈਕਲ ਵਿੱਚ ਸਿੱਖਿਆ ਦਿੰਦੇ ਸੀ ਅਤੇ ਹਰ ਸ਼ਾਮ ਨੂੰ ਉਹ ਜ਼ੈਤੂਨ ਦੇ ਪਹਾੜ ਉੱਤੇ ਜਾ ਕੇ ਪ੍ਰਾਰਥਨਾ ਕਰਦੇ ਹੋਏ ਰਾਤ ਕੱਟਦੇ ਸੀ। 38 ਸਵੇਰੇ ਸਾਰੇ ਲੋਕ ਉਹਨਾਂ ਕੋਲੋ ਸੁਣਨ ਲਈ ਹੈਕਲ ਵਿੱਚ ਆਉਂਦੇ ਸਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-