Publicidade

Lucas 1

ਭੂਮਿਕਾ

1 ਅਨੇਕ ਆਦਮੀਆਂ ਨੇ ਉਹਨਾਂ ਘਟਨਾਵਾਂ ਨੂੰ ਲਿਖ ਕੇ ਇਕੱਠਾ ਕਰਨ ਦਾ ਕੰਮ ਕੀਤਾ ਹੈ, ਜੋ ਸਾਡੇ ਵਿਚਕਾਰ ਵਾਪਰੀਆਂ ਸਨ। 2 ਸਾਨੂੰ ਉਨ੍ਹਾਂ ਤੋਂ ਇਹ ਸਬੂਤ ਮਿਲਿਆ ਹੈ, ਜੋ ਸ਼ੁਰੂ ਤੋਂ ਹੀ ਇਨ੍ਹਾਂ ਗੱਲ੍ਹਾਂ ਦੇ ਚਸ਼ਮਦੀਦ ਗਵਾਹ ਅਤੇ ਪਰਮੇਸ਼ਵਰ ਦੇ ਬਚਨ ਦੇ ਸੇਵਕ ਰਹੇ। 3 ਇਹ ਗੱਲ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪ ਹਰ ਇੱਕ ਘਟਨਾ ਦੀ ਸ਼ੁਰੂਆਤ ਤੋਂ ਸਾਵਧਾਨੀ ਨਾਲ ਜਾਂਚ ਕੀਤੀ ਹੈ। ਇਸ ਲਈ ਬਹੁਤ ਆਦਰਯੋਗ ਥਿਯੋਫਿਲਾਸ, ਮੈਨੂੰ ਇਹ ਸਹੀ ਲੱਗਿਆ ਕਿ ਤੁਹਾਡੇ ਲਈ ਮੈਂ ਇਹ ਸਭ ਕ੍ਰਮ ਦੇ ਅਨੁਸਾਰ ਲਿਖਾਂ 4 ਤਾਂ ਕਿ ਜੋ ਸਿੱਖਿਆਵਾਂ ਤੁਹਾਨੂੰ ਦਿੱਤੀਆਂ ਗਈਆਂ ਹਨ, ਤੁਸੀਂ ਉਸ ਦੀ ਪੂਰੀ ਸੱਚਾਈ ਨੂੰ ਜਾਣ ਸਕੋਂ।

ਯੋਹਨ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਭਵਿੱਖਬਾਣੀ

5 ਯਹੂਦਿਯਾ ਪ੍ਰਦੇਸ਼ ਦੇ ਰਾਜੇ ਹੇਰੋਦੇਸ ਦੇ ਰਾਜ ਵਿੱਚ ਜ਼ਕਰਯਾਹ ਨਾਮ ਦਾ ਇੱਕ ਜਾਜਕ ਸੀ, ਜੋ ਕੀ ਅਬੀਯਾਹ ਦੇ ਜਾਜਕ ਸਮੂਹ ਤੋਂ ਸੀ; ਉਸ ਦੀ ਪਤਨੀ ਦਾ ਨਾਮ ਏਲਿਜਾਬੇਥ ਸੀ, ਜੋ ਹਾਰੋਨ ਦੇ ਵੰਸ਼ ਵਿੱਚੋਂ ਸੀ। 6 ਉਹ ਦੋਵੇਂ ਹੀ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਅਤੇ ਪ੍ਰਭੂ ਦੇ ਸਾਰੇ ਹੁਕਮਾਂਂ ਅਤੇ ਨਿਯਮਾਂ ਦੀ ਪਾਲਣਾ ਵਿੱਚ ਦੋਸ਼ਹੀਨ ਸਨ। 7 ਪਰ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਏਲਿਜਾਬੇਥ ਬਾਂਝ ਸੀ ਅਤੇ ਉਹ ਦੋਵੇਂ ਹੀ ਹੁਣ ਬੁੱਢੇ ਹੋ ਚੁੱਕੇ ਸਨ।

8 ਇੱਕ ਵਾਰ ਜਦੋਂ ਜ਼ਕਰਯਾਹ ਆਪਣੀ ਵਾਰੀ ਸਿਰ ਪਰਮੇਸ਼ਵਰ ਦੇ ਸਾਹਮਣੇ ਆਪਣੀ ਜਾਜਕ ਸੇਵਾ ਭੇਂਟ ਕਰ ਰਿਹਾ ਸੀ, 9 ਜ਼ਕਰਯਾਹ ਨੂੰ ਜਾਜਕਾਈ ਦੀ ਰੀਤ ਦੇ ਅਨੁਸਾਰ ਪਰਚੀ ਦੁਆਰਾ ਚੁਣਿਆ ਗਿਆ, ਜੋ ਉਹ ਪ੍ਰਭੂ ਦੀ ਹੈਕਲ ਵਿੱਚ ਜਾਵੇ ਅਤੇ ਧੂਪ ਧੁਖਾਵੇ। 10 ਅਤੇ ਜਦੋਂ ਧੂਪ ਧੁਖੌਣ ਦਾ ਵੇਲਾ ਆਇਆ ਤਾਂ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ।

11 ਤਦ ਪ੍ਰਭੂ ਦਾ ਇੱਕ ਦੂਤ ਜ਼ਕਰਯਾਹ ਦੇ ਸਾਹਮਣੇ ਪ੍ਰਗਟ ਹੋਇਆ, ਜੋ ਧੂਪ ਵੇਦੀ ਦੇ ਸੱਜੇ ਪਾਸੇ ਖੜ੍ਹਾ ਸੀ। 12 ਸਵਰਗਦੂਤ ਨੂੰ ਵੇਖ ਕੇ ਜ਼ਕਰਯਾਹ ਘਬਰਾ ਗਿਆ ਅਤੇ ਡਰ ਗਿਆ। 13 ਪਰ ਉਸ ਸਵਰਗਦੂਤ ਨੇ ਉਸ ਨੂੰ ਕਿਹਾ, "ਹੇ ਜ਼ਕਰਯਾਹ, ਨਾ ਡਰ! ਤੇਰੀ ਪ੍ਰਾਰਥਨਾ ਸੁਣ ਲਈ ਗਈ ਹੈ। ਤੇਰੀ ਪਤਨੀ ਏਲਿਜਾਬੇਥ ਇੱਕ ਪੁੱਤਰ ਜਣੇਗੀ। ਤੂੰ ਉਸ ਦਾ ਨਾਮ ਯੋਹਨ ਰੱਖੀ। 14 ਉਹ ਤੇਰੇ ਲਈ ਖੁਸ਼ੀ ਅਤੇ ਅਨੰਦ ਹੋਵੇਗਾ ਅਤੇ ਅਨੇਕ ਉਸ ਦੇ ਜਨਮ ਦੇ ਕਾਰਣ ਖੁਸ਼ੀ ਮਨਾਓਣਗੇ। 15 ਇਹ ਬਾਲਕ ਪ੍ਰਭੂ ਦੀ ਨਜ਼ਰ ਵਿੱਚ ਮਹਾਨ ਹੋਵੇਗਾ। ਉਹ ਦਾਖਰਸ ਅਤੇ ਸ਼ਰਾਬ ਦਾ ਸੇਵਨ ਕਦੇ ਨਹੀਂ ਕਰੇਂਗਾ ਅਤੇ ਉਹ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਹੋਵੇਗਾ। 16 ਉਹ ਇਸਰਾਏਲ ਦੇ ਅਨੇਕਾਂ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਵਰ ਕੋਲ ਮੋੜ ਲੈ ਆਵੇਗਾ। 17 ਉਹ ਏਲੀਯਾਹ ਦੀ ਆਤਮਾ ਅਤੇ ਸਮਰੱਥ ਵਿੱਚ ਪ੍ਰਭੂ ਦੇ ਅੱਗੇ ਚੱਲਣ ਵਾਲਾ ਬਣ ਕੇ ਪਿਤਾਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਅਣ-ਆਗਿਆਕਾਰੀਆਂ ਨੂੰ ਧਰਮੀ ਦੇ ਗਿਆਨ ਵੱਲ ਮੋੜੇਗਾ ਤਾਂ ਕਿ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰ ਸਕੇ।"

18 ਜ਼ਕਰਯਾਹ ਨੇ ਸਵਰਗਦੂਤ ਨੂੰ ਪੁੱਛਿਆ, "ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰਾਂ ਕਿਉਂਕਿ ਮੈਂ ਬੁੱਢਾ ਹੋ ਚੁੱਕਿਆ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ?"

19 ਸਵਰਗਦੂਤ ਨੇ ਉਸ ਨੂੰ ਜਵਾਬ ਦਿੱਤਾ, "ਮੈਂ ਗਬਰਿਏਲ ਹਾਂ। ਮੈਂ ਨਿੱਤ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਤੇ ਤੈਨੂੰ ਇਹ ਖੁਸ਼ਖ਼ਬਰੀ ਦੱਸਣ ਲਈ ਹੀ ਭੇਜਿਆ ਗਿਆ ਹੈ। 20 ਅਤੇ ਹੁਣ! ਜਦੋਂ ਤੱਕ ਇਹ ਗੱਲ ਪੂਰੀ ਨਾ ਹੋ ਜਾਵੇ, ਤਦ ਤੱਕ ਲਈ ਤੂੰ ਗੂੰਗਾ ਰਹੇਗਾ, ਅਤੇ ਬੋਲ ਨਾ ਸਕੇਂਗਾ, ਕਿਉਂਕਿ ਤੂੰ ਮੇਰੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਜਿਨ੍ਹਾਂ ਦਾ ਠਹਿਰਾਏ ਹੋਏ ਵੇਲੇ ਤੇ ਪੂਰਾ ਹੋਣਾ ਤੈਅ ਹੈ।"

21 ਇਸ ਦੌਰਾਨ, ਜੋ ਲੋਕ ਬਾਹਰ ਜ਼ਕਰਯਾਹ ਨੂੰ ਉਡੀਕ ਰਹੇ ਸਨ, ਉਹ ਹੈਰਾਨ ਸਨ ਕਿ ਉਸ ਨੂੰ ਹੈਕਲ ਵਿੱਚ ਬਹੁਤ ਚਿਰ ਕਿਉਂ ਲੱਗ ਰਿਹਾ ਹੈ। 22 ਜਦੋਂ ਜ਼ਕਰਯਾਹ ਬਾਹਰ ਆਇਆ, ਉਹ ਉਹਨਾਂ ਨਾਲ ਬੋਲ ਨਾ ਸਕਿਆ। ਇਸ ਲਈ ਉਹ ਸਮਝ ਗਏ ਕਿ ਜ਼ਕਰਯਾਹ ਨੂੰ ਹੈਕਲ ਵਿੱਚ ਕੋਈ ਦਰਸ਼ਨ ਹੋਇਆ ਹੈ। ਜ਼ਕਰਯਾਹ ਉਹਨਾਂ ਨਾਲ ਇਸ਼ਾਰਿਆਂ ਦੁਆਰਾ ਗੱਲਬਾਤ ਕਰਦਾ ਰਿਹਾ ਅਤੇ ਗੂੰਗਾ ਬਣ ਕੇ ਰਿਹਾ।

23 ਆਪਣੀ ਜਾਜਕਾਈ ਦੀ ਸੇਵਾ ਦੇ ਦਿਨ ਪੂਰੇ ਹੋਣ ਬਾਅਦ ਜ਼ਕਰਯਾਹ ਆਪਣੇ ਘਰ ਚੱਲਿਆ ਗਿਆ। 24 ਇਸ ਤੋਂ ਬਾਅਦ ਜ਼ਕਰਯਾਹ ਦੀ ਪਤਨੀ ਏਲਿਜਾਬੇਥ ਗਰਭਵਤੀ ਹੋਈ ਅਤੇ ਇਹ ਕਹਿੰਦੇ ਹੋਏ ਪੰਜ ਮਹੀਨਿਆਂ ਤੱਕ ਇਕਾਂਤ ਵਿੱਚ ਰਹੀ, 25 "ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਲੋਕਾਂ ਵਿੱਚ ਮੇਰੇ ਬਾਂਝ ਹੋਣ ਦੀ ਬਦਨਾਮੀ ਨੂੰ ਦੂਰ ਕਰ ਦਿੱਤਾ ਹੈ।"

ਯਿਸ਼ੂ ਦੇ ਜਨਮ ਦਾ ਪਰਮੇਸ਼ਵਰੀ ਐਲਾਨ

26 ਏਲਿਜਾਬੇਥ ਦੇ ਗਰਭਵਤੀ ਹੋਣ ਦੇ ਛੇਵੇਂ ਮਹੀਨੇ ਵਿੱਚ ਪਰਮੇਸ਼ਵਰ ਨੇ ਸਵਰਗਦੂਤ ਗਬਰਿਏਲ ਨੂੰ ਗਲੀਲ ਦੇ ਨਾਜ਼ਰੇਥ ਨਾਮ ਦੇ ਇੱਕ ਨਗਰ ਵਿੱਚ 27 ਇੱਕ ਕੁਆਰੀ ਦੇ ਕੋਲ ਭੇਜਿਆ, ਜਿਸ ਦਾ ਵਿਆਹ ਯੋਸੇਫ਼ ਨਾਮ ਦੇ ਇੱਕ ਆਦਮੀ ਨਾਲ ਤੈਅ ਹੋਇਆ ਸੀ। ਯੋਸੇਫ਼, ਰਾਜਾ ਦਾਵੀਦ ਦੇ ਘਰਾਣੇ ਵਿੱਚੋਂ ਸੀ। ਉਸ ਕੁਆਰੀ ਦਾ ਨਾਮ ਮਰਿਯਮ ਸੀ। 28 ਸਵਰਗਦੂਤ ਨੇ ਮਰਿਯਮ ਕੋਲ ਜਾ ਕੇ ਉਸ ਨੂੰ ਕਿਹਾ, "ਵਧਾਈ ਹੋਵੇ! ਜਿਸ ਉੱਤੇ ਪ੍ਰਭੂ ਦੀ ਨਿਗਾਹ ਦੀ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ।"

29 ਇਹ ਸ਼ਬਦ ਸੁਣ ਕੇ ਮਰਿਯਮ ਬਹੁਤ ਹੀ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਪ੍ਰਕਾਰ ਦੀ ਵਧਾਈ ਹੋ ਸਕਦੀ ਹੈ। 30 ਪਰ ਸਵਰਗਦੂਤ ਨੇ ਉਸ ਨੂੰ ਕਿਹਾ, "ਨਾ ਡਰ, ਮਰਿਯਮ! ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ। 31 ਸੁਣ! ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖੀ। 32 ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਸ ਪੁੱਤਰ ਨੂੰ ਉਸ ਦੇ ਬਜ਼ੁਰਗ ਦਾਵੀਦ ਦਾ ਸਿੰਘਾਸਣ ਦੇਵੇਗਾ, 33 ਉਹ ਯਾਕੋਬ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਾਜ ਕਰੇਗਾ ਅਤੇ ਉਹ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।"

34 ਮਰਿਯਮ ਨੇ ਸਵਰਗਦੂਤ ਨੂੰ ਪੁੱਛਿਆ, "ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਮੈਂ ਤਾਂ ਕੁਆਰੀ ਹਾਂ?"

35 ਸਵਰਗਦੂਤ ਨੇ ਜਵਾਬ ਦਿੱਤਾ, "ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। 36 ਅਤੇ ਇਹ ਵੀ ਸੁਣ ਤੇਰੀ ਰਿਸ਼ਤੇਦਾਰ ਏਲਿਜਾਬੇਥ, ਜੋ ਬਾਂਝ ਕਹਾਉਂਦੀ ਸੀ ਅਤੇ ਆਪਣੇ ਬੁੱਢੇਪੇ ਵਿੱਚ ਹੈ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। 37 ਪਰਮੇਸ਼ਵਰ ਲਈ ਕੁਝ ਵੀ ਅਣਹੋਣਾ ਨਹੀਂ।"

38 ਮਰਿਯਮ ਨੇ ਕਿਹਾ, "ਮੈਂ ਪ੍ਰਭੂ ਦੀ ਦਾਸੀ ਹਾਂ। ਤੁਹਾਡਾ ਬਚਨ ਮੇਰੇ ਲਈ ਪੂਰਾ ਹੋਵੇ।" ਤਦ ਉਹ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।

ਮਰਿਯਮ ਏਲਿਜਾਬੇਥ ਨੂੰ ਮਿਲਣ ਗਈ

39 ਉਸ ਵਕਤ ਮਰਿਯਮ ਤਿਆਰ ਹੋ ਗਈ ਅਤੇ ਜਲਦੀ ਨਾਲ ਯਹੂਦਿਯਾ ਦੇ ਪਹਾੜੀ ਦੇਸ਼ ਦੇ ਇੱਕ ਨਗਰ ਨੂੰ ਚੱਲੀ ਗਈ। 40 ਉੱਥੇ ਉਸ ਨੇ ਜ਼ਕਰਯਾਹ ਦੇ ਘਰ ਵਿੱਚ ਜਾ ਕੇ ਏਲਿਜਾਬੇਥ ਨੂੰ ਵਧਾਈ ਦਿੱਤੀ। 41 ਜਿਵੇਂ ਹੀ ਏਲਿਜਾਬੇਥ ਨੇ ਮਰਿਯਮ ਦੀ ਵਧਾਈ ਬਾਰੇ ਸੁਣਿਆ, ਤਾਂ ਬੱਚਾ ਏਲਿਜਾਬੇਥ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਈ। 42 ਉਹ ਉੱਚੀ ਆਵਾਜ਼ ਨਾਲ ਬੋਲੀ, "ਤੂੰ ਸਾਰੀਆਂ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫ਼ਲ! 43 ਪਰ ਮੇਰੇ ਉੱਤੇ ਇਹ ਕਿਹੋ ਜੀ ਕਿਰਪਾ ਦੀ ਨਿਗਾਹ ਹੋਈ ਹੈ, ਜੋ ਮੇਰੇ ਪ੍ਰਭੂ ਦੀ ਮਾਤਾ ਮੈਨੂੰ ਮਿਲਣ ਆਈ ਹੈ? 44 ਵੇਖ, ਜਿਵੇਂ ਹੀ ਤੇਰੀ ਵਧਾਈ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਖੁਸ਼ੀ ਵਿੱਚ ਬੱਚਾ ਮੇਰੀ ਕੁੱਖ ਵਿੱਚ ਉੱਛਲ ਪਿਆ। 45 ਧੰਨ ਹੈ ਉਹ, ਜਿਸ ਨੇ ਪ੍ਰਭੂ ਦੁਆਰਾ ਕਹੀਆਂ ਹੋਈਆਂ ਗੱਲਾਂ ਦੇ ਪੂਰੇ ਹੋਣ ਦਾ ਵਿਸ਼ਵਾਸ ਕੀਤਾ ਹੈ!"

ਮਰਿਯਮ ਦਾ ਵਡਿਆਈ ਗੀਤ

46 ਅਤੇ ਮਰਿਯਮ ਨੇ ਕਿਹਾ:

"ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ

47 ਅਤੇ ਮੇਰੀ ਆਤਮਾ ਪਰਮੇਸ਼ਵਰ, ਮੇਰੇ ਮੁਕਤੀਦਾਤਾ ਵਿੱਚ ਖ਼ੁਸ਼ ਹੋਈ ਹੈ,

48 ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ

ਦੀਨਤਾ ਦੇ ਵੱਲ ਨਜ਼ਰ ਕੀਤੀ ਹੈ।

ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,

49 ਕਿਉਂਕਿ ਸਰਵਸ਼ਕਤੀਮਾਨ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ।

ਉਸ ਦਾ ਨਾਮ ਪਵਿੱਤਰ ਹੈ।

50 ਜਿਹੜੇ ਉਸ ਦਾ ਡਰ ਮੰਨਦੇ ਹਨ ਉਹਨਾਂ ਤੇ ਉਸਦੀ ਦਯਾ

ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਬਣੀ ਰਹਿੰਦੀ ਹੈ।

51 ਆਪਣੇ ਬਾਹੂਬਲ ਨਾਲ ਉਹਨਾਂ ਨੇ ਵੱਡੇ ਕੰਮ ਕੀਤੇ ਹਨ

ਅਤੇ ਮਨ ਦੇ ਹੰਕਾਰੀਆਂ ਨੂੰ ਉਹਨਾਂ ਨੇ ਖਿਲਾਰ ਦਿੱਤਾ ਹੈ।

52 ਪਰਮੇਸ਼ਵਰ ਨੇ ਰਾਜਿਆਂ ਨੂੰ ਉਹਨਾਂ ਦੇ ਸਿੰਘਾਸਣਾਂ ਤੋਂ ਹੇਠਾਂ ਉਤਾਰ ਦਿੱਤਾ

ਅਤੇ ਹਲੀਮਾਂ ਨੂੰ ਉੱਚਾ ਕੀਤਾ ਹੈ।

53 ਉਸ ਨੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕੀਤਾ

ਅਤੇ ਧਨੀਆਂ ਨੂੰ ਖਾਲੀ ਹੱਥ ਮੋੜ ਦਿੱਤਾ।

54 ਉਸ ਨੇ ਆਪਣੇ ਸੇਵਕ ਇਸਰਾਏਲ ਦੀ ਸਹਾਇਤਾ ਕੀਤੀ

ਕਿ ਉਹ ਆਪਣੀ ਦਯਾ ਨੂੰ ਯਾਦ ਰੱਖੇ,

55 ਕਿਉਂਕਿ ਉਸ ਨੇ ਇਹ ਵਾਅਦਾ ਸਾਡੇ ਪਿਉ-ਦਾਦਿਆਂ,

ਅਬਰਾਹਾਮ ਅਤੇ ਉਸਦੇ ਬੱਚਿਆਂ ਨਾਲ ਸਦਾ ਲਈ ਕੀਤਾ ਸੀ।"

56 ਲਗਭਗ ਤਿੰਨ ਮਹੀਨੇ ਏਲਿਜਾਬੇਥ ਦੇ ਨਾਲ ਰਹਿ ਕੇ ਮਰਿਯਮ ਆਪਣੇ ਘਰ ਵਾਪਸ ਚਲੀ ਗਈ।

ਬਪਤਿਸਮਾ ਦੇਣ ਵਾਲੇ ਯੋਹਨ ਦਾ ਜਨਮ

57 ਜਦੋਂ ਏਲਿਜਾਬੇਥ ਦੇ ਜਨਣ ਦਾ ਵੇਲਾ ਆਇਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 58 ਜਦੋਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਕਿ ਏਲਿਜਾਬੇਥ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ ਤਾਂ ਉਹ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ।

59 ਅੱਠਵੇਂ ਦਿਨ ਉਹ ਬੱਚੇ ਦੀ ਸੁੰਨਤ ਲਈ ਇਕੱਠੇ ਹੋਏ ਅਤੇ ਉਹ ਬੱਚੇ ਦਾ ਨਾਮ ਉਸਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ। 60 ਪਰ ਬੱਚੇ ਦੀ ਮਾਤਾ ਨੇ ਕਿਹਾ, "ਨਹੀਂ! ਇਸਦਾ ਨਾਮ ਯੋਹਨ ਹੋਵੇਗਾ!"

61 ਇਸ ਉੱਤੇ ਉਹਨਾਂ ਨੇ ਏਲਿਜਾਬੇਥ ਨੂੰ ਕਿਹਾ, "ਤੁਹਾਡੇ ਰਿਸ਼ਤੇਦਾਰਾਂ ਵਿੱਚ ਤਾਂ ਇਸ ਨਾਮ ਦਾ ਕੋਈ ਵੀ ਆਦਮੀ ਨਹੀਂ ਹੈ!"

62 ਤਦ ਉਹਨਾਂ ਨੇ ਬੱਚੇ ਦੇ ਪਿਤਾ ਨੂੰ ਇਸ਼ਾਰਿਆਂ ਨਾਲ ਪੁੱਛਿਆ ਕਿ ਉਹ ਬੱਚੇ ਦਾ ਨਾਮ ਕੀ ਰੱਖਣਾ ਚਾਹੁੰਦਾ ਹੈ? 63 ਜ਼ਕਰਯਾਹ ਨੇ ਇੱਕ ਫੱਟੀ ਮੰਗਾ ਕੇ ਉਸ ਉੱਤੇ ਲਿਖਿਆ, "ਇਸ ਦਾ ਨਾਮ ਯੋਹਨ ਹੈ।" ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ। 64 ਉਸੇ ਵੇਲੇ ਉਸ ਦੀ ਆਵਾਜ਼ ਵਾਪਸ ਆ ਗਈ ਅਤੇ ਉਹ ਪਰਮੇਸ਼ਵਰ ਦੀ ਵਡਿਆਈ ਕਰਨ ਲੱਗਾ। 65 ਸਾਰੇ ਗੁਆਢੀਆਂ ਵਿੱਚ ਪਰਮੇਸ਼ਵਰ ਦੇ ਪ੍ਰਤੀ ਸ਼ਰਧਾ ਆ ਗਈ ਅਤੇ ਯਹੂਦਿਯਾ ਦੇ ਪਹਾੜੀ ਦੇਸ਼ ਦੇ ਨਗਰ ਵਿੱਚ ਇਨ੍ਹਾਂ ਗੱਲਾਂ ਦੀ ਚਰਚਾ ਹੋਣ ਲੱਗੀ। 66 ਜਿਨ੍ਹਾਂ ਨੇ ਇਹ ਸੁਣਿਆ ਉਹ ਸਾਰੇ ਇਹ ਵਿਚਾਰ ਕਰਦੇ ਰਹੇ: "ਇਹ ਬੱਚਾ ਕਿਹੋ ਜਿਹਾ ਬਣੇਗਾ?" ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਉੱਤੇ ਸੀ।

ਜ਼ਕਰਯਾਹ ਦਾ ਗੀਤ

67 ਪਵਿੱਤਰ ਆਤਮਾ ਨਾਲ ਭਰ ਕੇ ਉਸ ਦੇ ਪਿਤਾ ਜ਼ਕਰਯਾਹ ਨੇ ਇਸ ਪ੍ਰਕਾਰ ਭਵਿੱਖਬਾਣੀ ਕੀਤੀ:

68 "ਧੰਨ ਹੈ ਪ੍ਰਭੂ, ਇਸਰਾਏਲ ਦੇ ਪਰਮੇਸ਼ਵਰ,

ਕਿਉਂਕਿ ਜਿਸ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ ਅਤੇ ਉਹਨਾਂ ਨੂੰ ਅਜ਼ਾਦ ਕੀਤਾ।

69 ਉਸ ਨੇ ਆਪਣੇ ਸੇਵਕ ਦਾਵੀਦ ਦੇ ਵੰਸ਼ ਵਿੱਚੋਂ

ਸਾਡੇ ਲਈ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ,

70 (ਜਿਵੇਂ ਉਹਨਾਂ ਨੇ ਪ੍ਰਾਚੀਨ ਕਾਲ ਦੇ ਆਪਣੇ ਪਵਿੱਤਰ ਨਬੀਆਂ ਦੁਆਰਾ ਜ਼ਾਹਰ ਕੀਤਾ),

71 ਸਾਡੇ ਦੁਸ਼ਮਣਾਂ ਤੋਂ ਮੁਕਤੀ,

ਅਤੇ ਉਹਨਾਂ ਸਾਰਿਆਂ ਦੇ ਹੱਥੋਂ ਜੋ ਸਾਨੂੰ ਨਫ਼ਰਤ ਕਰਦੇ ਹਨ

72 ਕਿ ਉਹ ਸਾਡੇ ਪੁਰਖਿਆਂ ਤੇ ਦਯਾ ਕਰਨ

ਅਤੇ ਆਪਣੀ ਪਵਿੱਤਰ ਵਾਚਾ ਨੂੰ ਯਾਦ ਰੱਖਣ;

73 ਉਹ ਸਹੁੰ ਜੋ ਉਹਨਾਂ ਨੇ ਸਾਡੇ ਪੂਰਵਜ ਅਬਰਾਹਾਮ ਨਾਲ ਖਾਧੀ ਸੀ:

74 ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਓਣਗੇ,

ਅਤੇ ਬਿਨਾਂ ਕਿਸੇ ਡਰ ਦੇ ਉਹਨਾਂ ਦੀ ਸੇਵਾ ਕਰਨ ਦੇ ਯੋਗ ਬਣਾਓਣਗੇ

75 ਕਿ ਅਸੀਂ ਪਵਿੱਤਰਤਾ ਅਤੇ ਧਾਰਮਿਕਤਾ ਵਿੱਚ ਜੀਵਨ ਭਰ ਉਹਨਾਂ ਦੀ ਸੇਵਾ ਕਰ ਸਕੀਏ।

76 "ਅਤੇ ਤੂੰ, ਹੇ ਮੇਰੇ ਬਾਲਕ, ਅੱਤ ਮਹਾਨ ਪਰਮੇਸ਼ਵਰ ਦਾ ਨਬੀ ਅਖਵਾਵੇਗਾ;

ਕਿਉਂਕਿ ਤੂੰ ਰਸਤਾ ਤਿਆਰ ਕਰਨ ਲਈ ਪ੍ਰਭੂ ਦੇ ਅੱਗੇ-ਅੱਗੇ ਚੱਲੇਂਗਾ,

77 ਤੂੰ ਪਰਮੇਸ਼ਵਰ ਦੀ ਪਰਜਾ ਨੂੰ

ਉਹਨਾਂ ਦੇ ਪਾਪਾਂ ਦੀ ਮਾਫ਼ੀ ਦੇ ਦੁਆਰਾ ਮੁਕਤੀ ਦਾ ਗਿਆਨ ਦੇਵੇਂਗਾ।

78 ਕਿਉਂਕਿ ਸਾਡੇ ਪਰਮੇਸ਼ਵਰ ਦੀ ਬਹੁਤ ਜ਼ਿਆਦਾ ਕਿਰਪਾ ਦੇ ਕਾਰਨ,

ਸਵਰਗ ਵਿੱਚੋਂ ਸਾਡੇ ਤੇ ਸੂਰਜ ਦਾ ਪ੍ਰਕਾਸ਼ ਹੋਵੇਂਗਾ,

79 ਉਹਨਾਂ ਲੋਕਾਂ ਉੱਤੇ ਚਮਕਣ ਲਈ ਜੋ ਹਨੇਰੇ ਵਿੱਚ ਰਹਿੰਦੇ ਹਨ

ਅਤੇ ਮੌਤ ਦੇ ਪਰਛਾਵੇਂ ਵਿੱਚ ਜੀ ਰਹੇ ਹਨ,

ਕਿ ਇਸ ਦੇ ਦੁਆਰਾ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਤੇ ਲਿਜਾ ਸਕਣ।"

80 ਬਾਲਕ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣ ਗਿਆ। ਇਸਰਾਏਲ ਦੇ ਸਾਹਮਣੇ ਜਨਤਕ ਤੌਰ ਤੇ ਪ੍ਰਗਟ ਹੋਣ ਤੋਂ ਪਹਿਲਾਂ ਉਹ ਉਜਾੜ ਵਿੱਚ ਨਿਵਾਸ ਕਰਦਾ ਰਿਹਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-