1 ਉਸ ਵੇਲੇ ਉੱਥੇ ਮੌਜੂਦ ਕੁਝ ਲੋਕਾਂ ਨੇ ਯਿਸ਼ੂ ਨੂੰ ਉਹਨਾਂ ਗਲੀਲ ਵਾਸੀਆਂ ਬਾਰੇ ਦੱਸਿਆ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਹਨਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ। 2 ਯਿਸ਼ੂ ਨੇ ਜਵਾਬ ਦਿੱਤਾ, "ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗਲੀਲੀ ਹੋਰ ਸਾਰੇ ਗਲੀਲ ਵਾਸੀਆਂ ਨਾਲੋਂ ਜ਼ਿਆਦਾ ਪਾਪੀ ਸਨ ਕਿਉਂਕਿ ਉਹਨਾਂ ਦੀ ਇਹ ਹਾਲਤ ਹੋਈ? 3 ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਪਾਪਾਂ ਤੋਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ। 4 ਜਾਂ ਉਹ ਅਠਾਰਾਂ ਜਿਨ੍ਹਾਂ ਦੀ ਮੌਤ ਸਿਲੋਅਮ ਦਾ ਬੁਰਜ ਉਹਨਾਂ ਉੱਤੇ ਡਿੱਗਣ ਦੇ ਕਾਰਣ ਹੋਈ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਾਰੇ ਲੋਕਾਂ ਨਾਲੋਂ ਵੱਧ ਦੋਸ਼ੀ ਸਨ? 5 ਮੈਂ ਤੁਹਾਨੂੰ ਦੱਸਦਾ ਹਾਂ, ਨਹੀਂ! ਪਰ ਜੇ ਤੁਸੀਂ ਮਨ ਨਹੀਂ ਫਿਰੌਂਦੇ ਤਾਂ ਤੁਸੀਂ ਵੀ ਸਾਰੇ ਨਾਸ਼ ਹੋ ਜਾਵੋਂਗੇ।"
6 ਤਦ ਯਿਸ਼ੂ ਨੇ ਇਹ ਦ੍ਰਿਸ਼ਟਾਂਤ ਸੁਣਾਇਆ: "ਇੱਕ ਆਦਮੀ ਦੇ ਅੰਗੂਰੀ ਬਾਗ਼ ਵਿੱਚ ਇੱਕ ਹੰਜ਼ੀਰ ਦਾ ਰੁੱਖ ਉੱਗ ਰਿਹਾ ਸੀ ਅਤੇ ਉਹ ਇਸ ਤੇ ਫ਼ਲ ਭਾਲਣ ਲਈ ਗਿਆ, ਪਰ ਉਸ ਨੂੰ ਕੁਝ ਨਹੀਂ ਮਿਲਿਆ। 7 ਇਸ ਲਈ ਉਸ ਨੇ ਮਾਲੀ ਨੂੰ ਕਿਹਾ, ‘ਤਿੰਨ ਸਾਲਾਂ ਤੋਂ ਮੈਂ ਇਸ ਹੰਜ਼ੀਰ ਦੇ ਰੁੱਖ ਤੇ ਫ਼ਲ ਭਾਲਣ ਆ ਰਿਹਾ ਹਾਂ ਅਤੇ ਹੁਣ ਤੱਕ ਮੈਨੂੰ ਇਸ ਤੋਂ ਕੋਈ ਵੀ ਫ਼ਲ ਨਹੀਂ ਮਿਲਿਆ। ਇਸ ਨੂੰ ਕੱਟ ਦਿਓ! ਧਰਤੀ ਇਸ ਕਾਰਨ ਵਿਅਰਥ ਵਿੱਚ ਕਿਉਂ ਘਿਰੀ ਰਹੇ?’
8 "ਪਰ ਮਾਲੀ ਨੇ ਉੱਤਰ ਦਿੱਤਾ, ‘ਸੁਆਮੀ ਜੀ, ਇਸ ਨੂੰ ਇੱਕ ਸਾਲ ਲਈ ਹੋਰ ਛੱਡ ਦਿਓ, ਮੈਂ ਇਸ ਦੇ ਦੁਆਲੇ ਖੁਦਾਈ ਕਰਾਂਗਾ ਅਤੇ ਇਸ ਵਿੱਚ ਖਾਦ ਪਾਉਂਦਾ ਰਹਾਂਗਾ। 9 ਜੇ ਇਹ ਅਗਲੇ ਸਾਲ ਫ਼ਲ ਦਿੰਦਾ ਹੈ ਤਾਂ ਚੰਗਾ ਹੈ, ਜੇ ਨਹੀਂ ਤਾਂ ਇਸ ਨੂੰ ਵੱਢ ਦਿਓ।’ "
10 ਇੱਕ ਸਬਤ ਦੇ ਦਿਨ ਯਿਸ਼ੂ ਇੱਕ ਪ੍ਰਾਰਥਨਾ ਸਥਾਨ ਵਿੱਚ ਸਿੱਖਿਆ ਦੇ ਰਹੇ ਸਨ। 11 ਉੱਥੇ ਇੱਕ ਔਰਤ ਆਈ ਜਿਸ ਨੂੰ ਅਠਾਰਾਂ ਸਾਲਾਂ ਤੋਂ ਇੱਕ ਆਤਮਾ ਨੇ ਅਪਾਹਜ ਕੀਤਾ ਹੋਇਆ ਸੀ। ਉਹ ਕੁੱਬੀ ਸੀ ਅਤੇ ਬਿਲਕੁਲ ਵੀ ਸਿੱਧਾ ਨਹੀਂ ਹੋ ਸਕਦੀ ਸੀ। 12 ਜਦੋਂ ਯਿਸ਼ੂ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਉਹ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ, "ਹੇ ਔਰਤ, ਤੂੰ ਆਪਣੀ ਇਸ ਬੀਮਾਰੀ ਤੋਂ ਮੁਕਤ ਹੋ ਗਈ ਹੈ।" 13 ਤਦ ਯਿਸ਼ੂ ਨੇ ਉਸ ਉੱਪਰ ਆਪਣਾ ਹੱਥ ਰੱਖ ਲਿਆ ਅਤੇ ਉਸੇ ਵੇਲੇ ਉਹ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੀ।
14 ਪਰ ਯਹੂਦੀ ਪ੍ਰਾਰਥਨਾ ਸਥਾਨ ਦਾ ਆਗੂ ਇਸ ਗੱਲ ਤੇ ਬਹੁਤ ਗੁੱਸੇ ਹੋਇਆ ਕਿਉਂਕਿ ਯਿਸ਼ੂ ਨੇ ਉਸ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ। ਉਸ ਮੁੱਖੀ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਿਹਾ, "ਕੰਮ ਕਰਨ ਲਈ ਛੇ ਦਿਨ ਹਨ, ਇਸ ਲਈ ਇਨ੍ਹਾਂ ਛੇ ਦਿਨਾਂ ਵਿੱਚ ਆਓ ਅਤੇ ਚੰਗਿਆਈ ਪਾਓ, ਨਾ ਕਿ ਸਬਤ ਦੇ ਦਿਨ।"
15 ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, "ਹੇ ਪਖੰਡੀਓ! ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਲਈ ਬਾਹਰ ਨਹੀਂ ਲੈ ਜਾਂਦੇ? 16 ਤਾਂ ਕੀ ਇਹ ਔਰਤ, ਜੋ ਅਬਰਾਹਾਮ ਦੀ ਧੀ ਹੈ, ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਬੰਨ੍ਹਿਆ ਹੋਇਆ ਹੈ, ਸਬਤ ਦੇ ਦਿਨ ਇਨ੍ਹਾਂ ਬੰਧਨਾਂ ਤੋਂ ਉਸ ਦਾ ਮੁਕਤ ਹੋਣਾ ਠੀਕ ਨਹੀਂ ਸੀ?"
17 ਜਦੋਂ ਪ੍ਰਭੂ ਨੇ ਇਹ ਕਿਹਾ, ਤਾਂ ਉਹਨਾਂ ਦੇ ਸਾਰੇ ਵਿਰੋਧੀ ਸ਼ਰਮਿੰਦਾ ਹੋ ਗਏ, ਪਰ ਲੋਕ ਉਹਨਾਂ ਸਾਰੀਆਂ ਸ਼ਾਨਦਾਰ ਕੰਮਾਂ ਨੂੰ ਵੇਖ ਕੇ ਜੋ ਯਿਸ਼ੂ ਕਰ ਰਹੇ ਸਨ ਖੁਸ਼ ਹੋਏ।
18 ਤਦ ਯਿਸ਼ੂ ਨੇ ਪੁੱਛਿਆ, "ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19 ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਾਗ਼ ਵਿੱਚ ਬੀਜਿਆ। ਇਹ ਵੱਡਾ ਹੋਇਆ ਅਤੇ ਇੱਕ ਰੁੱਖ ਬਣ ਗਿਆ ਅਤੇ ਅਕਾਸ਼ ਦੇ ਪੰਛੀ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ।"
20 ਯਿਸ਼ੂ ਨੇ ਫੇਰ ਪੁੱਛਿਆ, "ਮੈਂ ਪਰਮੇਸ਼ਵਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21 ਪਰਮੇਸ਼ਵਰ ਦਾ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ ਸਤਾਈ ਕਿੱਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖ਼ਮੀਰ ਹੋ ਗਿਆ।"
22 ਫਿਰ ਯਿਸ਼ੂ ਨਗਰਾਂ ਅਤੇ ਪਿੰਡਾਂ ਵਿੱਚ ਦੀ ਹੋ ਕੇ ਲੋਕਾਂ ਨੂੰ ਸਿੱਖਿਆ ਦਿੰਦੇ ਹੋਏ ਯੇਰੂਸ਼ਲੇਮ ਵੱਲ ਨੂੰ ਚਲੇ ਗਏ। 23 ਕਿਸੇ ਨੇ ਯਿਸ਼ੂ ਨੂੰ ਉੱਤਰ ਦਿੱਤਾ, "ਪ੍ਰਭੂ ਜੀ, ਕੀ ਸਿਰਫ ਥੋੜ੍ਹੇ ਜੇ ਲੋਕ ਹੀ ਬਚਾਏ ਜਾਣਗੇ?"
ਯਿਸ਼ੂ ਨੇ ਉਹਨਾਂ ਨੂੰ ਕਿਹਾ, 24 "ਤੰਗ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕਰੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਸਾਰੇ ਲੋਕ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਪਰ ਦਾਖਲ ਨਾ ਹੋ ਸਕਣਗੇ। 25 ਇੱਕ ਵਾਰ ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਤਾਂ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਓਗੇ ਅਤੇ ਬੇਨਤੀ ਕਰੋਗੇ, ‘ਸ਼੍ਰੀਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ।’
"ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਆਏ ਹੋ।’
26 "ਫਿਰ ਤੁਸੀਂ ਕਹੋਗੇ, ‘ਅਸੀਂ ਤੁਹਾਡੇ ਨਾਲ ਖਾਧਾ ਪੀਤਾ ਅਤੇ ਤੁਸੀਂ ਸਾਡੀਆਂ ਗਲੀਆਂ ਵਿੱਚ ਸਿੱਖਿਆ ਦਿੱਤੀ।’
27 "ਪਰ ਉਹ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਆਏ ਹੋ। ਹੇ ਸਭ ਕੁਧਰਮੀਓ! ਮੇਰੇ ਕੋਲੋਂ ਦੂਰ ਹੋ ਜਾਓ।’
28 "ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ, ਜਦੋਂ ਤੁਸੀਂ ਅਬਰਾਹਾਮ, ਇਸਹਾਕ ਅਤੇ ਯਾਕੋਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੇਖੋਗੇ, ਪਰ ਤੁਸੀਂ ਖੁਦ ਨੂੰ ਬਾਹਰ ਸੁੱਟਿਆ ਹੋਇਆ ਵੇਖੋਗੇ। 29 ਲੋਕ ਪੂਰਬ, ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਵਰ ਦੇ ਰਾਜ ਦੇ ਭੋਜਨ ਵਿੱਚ ਸ਼ਾਮਿਲ ਹੋਣਗੇ। 30 ਅਸਲ ਵਿੱਚ ਉਹ ਲੋਕ ਜੋ ਹੁਣ ਪਿੱਛੇ ਹਨ ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਉਹ ਪਿੱਛੇ ਕੀਤੇ ਜਾਣਗੇ।"
31 ਉਸ ਵੇਲੇ ਕੁਝ ਫ਼ਰੀਸੀ ਯਿਸ਼ੂ ਕੋਲ ਆਏ ਅਤੇ ਉਸ ਨੂੰ ਆਖਿਆ, "ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਓ। ਹੇਰੋਦੇਸ ਤੁਹਾਨੂੰ ਮਾਰਨਾ ਚਾਹੁੰਦਾ ਹੈ।"
32 ਯਿਸ਼ੂ ਨੇ ਜਵਾਬ ਦਿੱਤਾ, "ਜਾ ਕੇ ਉਸ ਲੂੰਬੜੀ ਨੂੰ ਕਹੋ ਕਿ ਮੈਂ ਕਿਹਾ ਹੈ, ‘ਮੈਂ ਅੱਜ ਅਤੇ ਕੱਲ੍ਹ ਭੂਤਾਂ ਨੂੰ ਬਾਹਰ ਕੱਢਦਾ ਅਤੇ ਲੋਕਾਂ ਨੂੰ ਚੰਗਾ ਕਰਦਾ ਰਹਾਂਗਾ ਅਤੇ ਤੀਜੇ ਦਿਨ ਮੈਂ ਆਪਣੇ ਨਿਸ਼ਾਨੇ ਤੇ ਪਹੁੰਚਾਂਗਾ।’ 33 ਫਿਰ ਵੀ, ਇਹ ਜ਼ਰੂਰੀ ਹੈ ਕਿ ਮੈਂ ਅੱਜ, ਕੱਲ੍ਹ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਸੰਭਵ ਨਹੀਂ ਹੈ ਕਿ ਯੇਰੂਸ਼ਲੇਮ ਦੇ ਸ਼ਹਿਰ ਤੋਂ ਬਾਹਰ ਕਿਸੇ ਨਬੀ ਦਾ ਕਤਲ ਕੀਤਾ ਜਾਵੇ।
34 "ਹੇ ਯੇਰੂਸ਼ਲੇਮ, ਯੇਰੂਸ਼ਲੇਮ, ਤੂੰ ਜੋ ਨਬੀਆਂ ਦਾ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ? 35 ਦੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’"