1 ਇਸ ਤੋਂ ਬਾਅਦ, ਪ੍ਰਭੂ ਨੇ ਦੂਸਰੇ ਬਹੱਤਰ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ-ਦੋ ਕਰਕੇ ਉਹਨਾਂ ਨਗਰਾਂ ਅਤੇ ਥਾਵਾਂ ਤੇ ਆਪਣੇ ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲੇ ਸੀ। 2 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਫ਼ਸਲ ਪੱਕੀ ਹੋਈ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰਾਂ ਨੂੰ ਭੇਜੇ।" 3 ਜਾਓ! ਮੈਂ ਤੁਹਾਨੂੰ ਮੇਮਣਿਆਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ। 4 ਆਪਣੇ ਨਾਲ ਨਾ ਤਾਂ ਪੈਸਾ, ਨਾ ਝੋਲਾ ਅਤੇ ਨਾ ਹੀ ਜੁੱਤੇ ਲੈ ਕੇ ਜਾਣਾ। ਰਾਹ ਵਿੱਚ ਕਿਸੇ ਦੀ ਸੁੱਖ-ਸਾਂਦ ਪੁੱਛਣ ਤੇ ਆਪਣਾ ਸਮਾਂ ਨਾ ਬਤੀਤ ਕਰੋ।
5 "ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਦਾਖਲ ਹੋਵੋ, ਤੁਹਾਡੇ ਪਹਿਲੇ ਸ਼ਬਦ ਇਹ ਹੋਣੇ ਚਾਹੀਦੇ ਹਨ, ‘ਇਸ ਘਰ ਵਿੱਚ ਸ਼ਾਂਤੀ ਬਣੀ ਰਹੇ।’ 6 ਜੇ ਉਹ ਲੋਕ ਜੋ ਉੱਥੇ ਰਹਿੰਦੇ ਹਨ ਸ਼ਾਂਤੀਪੂਰਣ ਹੋਣਗੇ, ਤਾਂ ਸ਼ਾਤੀ ਉਹਨਾਂ ਤੇ ਬਣੀ ਰਹੇਗੀ, ਨਹੀਂ ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਪਰਿਵਾਰ ਦੇ ਸ਼ਾਂਤੀ ਨੂੰ ਚਾਉਣ ਵਾਲੇ ਹੋਣ, ਤਾਂ ਤੁਹਾਡੀ ਸ਼ਾਂਤੀ ਉਹਨਾਂ ਨਾਲ ਰਹੇਗੀ। ਜੇਕਰ ਉਹ ਚਾਉਣ ਵਾਲੇ ਨਹੀਂ ਹੈ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। 7 ਅਤੇ ਉੱਥੇ ਹੀ ਠਹਿਰੋ। ਜੋ ਕੁਝ ਤੁਹਾਨੂੰ ਖਾਣ-ਪੀਣ ਲਈ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਇੱਕ ਘਰ ਵਿੱਚੋਂ ਨਿੱਕਲ ਕੇ ਦੂਜੇ ਘਰ ਦੇ ਮਹਿਮਾਨ ਨਾ ਬਣੀਓ।
8 "ਜਦੋਂ ਤੁਸੀਂ ਕਿਸੇ ਨਗਰ ਵਿੱਚ ਵੜਦੇ ਹੋ ਅਤੇ ਲੋਕ ਤੁਹਾਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਤਾਂ ਜੋ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ, ਉਹ ਖਾਓ। 9 ਉੱਥੇ ਜਿਹੜੇ ਬਿਮਾਰ ਲੋਕ ਹਨ ਉਨ੍ਹਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ, ‘ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।’ 10 ਪਰ ਜੇ ਤੁਸੀਂ ਕਿਸੇ ਨਗਰ ਵਿੱਚ ਦਾਖਲ ਹੁੰਦੇ ਹੋ ਅਤੇ ਨਗਰ ਦੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ, ਤਾਂ ਉਸ ਨਗਰ ਦੀਆਂ ਸੜਕਾਂ ਤੇ ਜਾਓ ਅਤੇ ਇਹ ਐਲਾਨ ਕਰੋ, 11 ‘ਤੁਹਾਡੇ ਸ਼ਹਿਰ ਦੀ ਧੂੜ, ਜੋ ਸਾਡੇ ਪੈਰਾਂ ਉੱਤੇ ਲੱਗੀ ਉਸ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਚੇਤਾਵਨੀ ਦੇ ਰੂਪ ਵਿੱਚ ਝਾੜ ਰਹੇ ਹਾਂ। ਪਰ ਜਾਣ ਲਵੋ: ਕਿ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ।’ 12 ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਦੋਮ ਸ਼ਹਿਰ ਦੀ ਸਜ਼ਾ ਉਸ ਸ਼ਹਿਰ ਲਈ ਨਿਰਧਾਰਤ ਕੀਤੀ ਗਈ ਸਜ਼ਾ ਦੇ ਮੁਕਾਬਲੇ ਸਹਿਣਯੋਗ ਹੋਵੇਗੀ।
13 "ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ। 14 ਪਰ ਸੋਰ ਅਤੇ ਸਿਦੋਨ ਦੋਨਾਂ ਸ਼ਹਿਰਾਂ ਦੀ ਸਜ਼ਾ ਦੋਹਾਂ ਸ਼ਹਿਰਾਂ ਨਾਲੋਂ ਬਿਹਤਰ ਹੋਵੇਗੀ। 15 ਅਤੇ ਹੇ ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ।
16 "ਜੋ ਕੋਈ ਤੁਹਾਨੂੰ ਸੁਣਦਾ ਹੈ ਉਹ ਮੈਨੂੰ ਸੁਣਦਾ ਹੈ; ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ; ਪਰ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਉਸ ਨੂੰ ਰੱਦ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।"
17 ਉਹ ਬਹੱਤਰ ਜਾਣੇ ਬੜੇ ਅਨੰਦ ਨਾਲ ਵਾਪਸ ਮੁੜੇ ਅਤੇ ਬੋਲੇ, "ਹੇ ਪ੍ਰਭੂ! ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!"
18 ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਸ਼ੈਤਾਨ ਨੂੰ ਸਵਰਗ ਤੋਂ ਬਿਜਲੀ ਵਾਂਗ ਡਿੱਗਦਿਆਂ ਦੇਖਿਆ। 19 ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਦੁਸ਼ਮਣ ਦੀ ਸਾਰੀ ਸ਼ਕਤੀ ਨੂੰ ਨਸ਼ਟ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। 20 ਫਿਰ ਵੀ, ਇਹ ਤੁਹਾਡੇ ਲਈ ਖ਼ੁਸ਼ੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਭੂਤ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਪਰ ਇਹ ਕੀ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।"
21 ਉਸੇ ਵੇਲੇ ਯਿਸ਼ੂ ਪਵਿੱਤਰ ਆਤਮਾ ਦੀ ਖੁਸ਼ੀ ਨਾਲ ਭਰ ਕੇ ਬੋਲੇ, "ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।
22 "ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪ ਦਿੱਤਾ ਹੈ। ਪਿਤਾ ਤੋਂ ਬਿਨਾਂ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਅਤੇ ਪੁੱਤਰ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ ਅਤੇ ਉਹ ਜਿਨ੍ਹਾਂ ਨੂੰ ਉਹ ਪ੍ਰਗਟ ਕਰਨਾ ਚਾਹੁੰਦਾ ਹੈ।"
23 ਫਿਰ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਨਿਜੀ ਤੌਰ ਤੇ ਕਿਹਾ, "ਮੁਬਾਰਕ ਹਨ ਉਹ ਅੱਖਾਂ ਜੋ ਉਹ ਵੇਖ ਰਹੀਆਂ ਹਨ, ਜੋ ਤੁਸੀਂ ਵੇਖ ਰਹੇ ਹੋ। 24 ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।"
25 ਇੱਕ ਵਾਰ ਇੱਕ ਸ਼ਾਸਤਰੀ ਨੇ ਯਿਸ਼ੂ ਨੂੰ ਉਹਨਾਂ ਦੀ ਪਰਖ ਕਰਨ ਦੇ ਮਕਸਦ ਨਾਲ ਇਹ ਸਵਾਲ ਪੁੱਛਿਆ: "ਗੁਰੂ ਜੀ, ਮੈਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?"
26 ਯਿਸ਼ੂ ਨੇ ਉਸ ਨੂੰ ਪੁੱਛਿਆ, "ਬਿਵਸਥਾ ਵਿੱਚ ਜੋ ਲਿਖਿਆ ਹੋਇਆ ਹੈ, ਉਸ ਬਾਰੇ ਤੇਰਾ ਕੀ ਕਹਿਣਾ ਹੈ?"
27 ਉਸ ਆਦਮੀ ਨੇ ਉੱਤਰ ਦਿੱਤਾ, " ‘ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’"
28 ਯਿਸ਼ੂ ਨੇ ਉਸ ਨੂੰ ਕਿਹਾ, "ਤੇਰਾ ਉੱਤਰ ਬਿਲਕੁਲ ਸਹੀਂ ਹੈ। ਇਹੀ ਕਰਨ ਨਾਲ ਤੂੰ ਜੀਏਂਗਾ।"
29 ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਮਕਸਦ ਨਾਲ, ਉਸ ਨੇ ਯਿਸ਼ੂ ਨੂੰ ਪੁੱਛਿਆ, "ਤਾਂ ਮੈਨੂੰ ਦੱਸੋ ਕਿ ਮੇਰਾ ਗੁਆਂਢੀ ਕੌਣ ਹੈ?"
30 ਯਿਸ਼ੂ ਨੇ ਜਵਾਬ ਦਿੱਤਾ, "ਯੇਰੂਸ਼ਲੇਮ ਦਾ ਇੱਕ ਵਿਅਕਤੀ ਯੇਰੀਖ਼ੋ ਸ਼ਹਿਰ ਜਾ ਰਿਹਾ ਸੀ ਜਦੋਂ ਡਾਕੂਆਂ ਨੇ ਉਸ ਨੂੰ ਘੇਰ ਲਿਆ, ਉਸ ਦੇ ਕੱਪੜੇ ਖੋਹ ਲਏ ਅਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਅਧਮੋਇਆ ਹਾਲਤ ਵਿੱਚ ਛੱਡ ਕੇ ਭੱਜ ਗਏ। 31 ਇਸ ਤਰ੍ਹਾਂ ਹੋਇਆ ਕਿ ਇੱਕ ਜਾਜਕ ਉਸੇ ਰਸਤੇ ਜਾ ਰਿਹਾ ਸੀ। ਜਦੋਂ ਉਸ ਨੇ ਉਸ ਵਿਅਕਤੀ ਨੂੰ ਵੇਖਿਆ ਤਾਂ ਉਹ ਸੜਕ ਦੇ ਦੂਜੇ ਪਾਸੇ ਤੁਰਨ ਲੱਗ ਪਿਆ। 32 ਇਸੇ ਤਰ੍ਹਾਂ ਇੱਕ ਲੇਵੀ ਵੀ ਉਸੇ ਜਗ੍ਹਾ ਆਇਆ, ਉਸ ਦੀ ਨਜ਼ਰ ਉਸ ਉੱਤੇ ਪੈ ਗਈ, ਤਾਂ ਉਹ ਵੀ ਦੂਜੇ ਪਾਸੇ ਤੋਂ ਲੰਘ ਗਿਆ। 33 ਇੱਕ ਸਾਮਰਿਯਾ ਵਾਸੀ ਵੀ ਇਸੇ ਰਸਤੇ ਵਿੱਚੋਂ ਦੀ ਲੰਘਿਆ ਅਤੇ ਉਸ ਸਥਾਨ ਤੇ ਪਹੁੰਚ ਗਿਆ। ਜਦੋਂ ਉਸ ਦੀ ਨਜ਼ਰ ਜ਼ਖਮੀ ਵਿਅਕਤੀ ਉੱਤੇ ਪਈ ਤਾਂ ਉਹ ਤਰਸ ਨਾਲ ਭਰ ਗਿਆ। 34 ਉਹ ਉਸ ਕੋਲ ਗਿਆ ਅਤੇ ਉਸ ਦੇ ਜ਼ਖਮਾਂ ਉੱਤੇ ਤੇਲ ਅਤੇ ਦਾਖਰਸ ਲਾ ਕੇ ਪੱਟੀ ਬੰਨ੍ਹ ਦਿੱਤੀ। ਫਿਰ ਉਹ ਜ਼ਖਮੀ ਵਿਅਕਤੀ ਨੂੰ ਆਪਣੇ ਗਧੇ ਤੇ ਬੈਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਸੇਵਾ ਕੀਤੀ। 35 ਅਗਲੇ ਦਿਨ ਉਸ ਨੇ ਸਰਾਂ ਦੇ ਮਾਲਕ ਨੂੰ ਦੋ ਦੀਨਾਰ ਦਿੱਤੇ ਅਤੇ ਕਿਹਾ, ‘ਇਸ ਵਿਅਕਤੀ ਦੀ ਸੇਵਾ ਕਰਨਾ ਅਤੇ ਇਸ ਤੋਂ ਇਲਾਵਾ ਜੋ ਵੀ ਖਰਚਾ ਹੋਏਗਾ, ਵਾਪਸ ਆਉਣ ਤੇ ਮੈਂ ਇਸ ਦਾ ਭੁਗਤਾਨ ਕਰਾਂਗਾ।’
36 "ਹੁਣ ਮੈਨੂੰ ਇਹ ਦੱਸ ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚੋਂ ਡਾਕੂਆਂ ਦੁਆਰਾ ਜ਼ਖਮੀ ਵਿਅਕਤੀ ਦਾ ਗੁਆਂਢੀ ਕੌਣ ਹੈ?"
37 ਉਸ ਸ਼ਾਸਤਰੀ ਨੇ ਉੱਤਰ ਦਿੱਤਾ, "ਉਹ ਜਿਸ ਨੇ ਉਸ ਉੱਤੇ ਤਰਸ ਖਾਧਾ।"
ਯਿਸ਼ੂ ਨੇ ਉਸ ਨੂੰ ਕਿਹਾ, "ਜਾ ਅਤੇ ਤੂੰ ਵੀ ਉਸੇ ਤਰ੍ਹਾਂ ਕਰ।"
38 ਯਿਸ਼ੂ ਅਤੇ ਉਹਨਾਂ ਦੇ ਚੇਲੇ ਇੱਕ ਪਿੰਡ ਗਏ ਸਨ, ਜਿੱਥੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। 39 ਉਸ ਦੀ ਇੱਕ ਭੈਣ ਸੀ, ਜਿਸ ਦਾ ਨਾਮ ਮਰਿਯਮ ਸੀ। ਉਹ ਪ੍ਰਭੂ ਦੇ ਚਰਨਾਂ ਵਿੱਚ ਬੈਠ ਗਈ ਅਤੇ ਉਹ ਦੇ ਬਚਨ ਸੁਣਨ ਲੱਗੀ। 40 ਪਰ ਮਾਰਥਾ ਵੱਖ-ਵੱਖ ਤਿਆਰੀਆਂ ਵਿੱਚ ਮਗਨ ਰਹੀ। ਉਹ ਯਿਸ਼ੂ ਕੋਲ ਗਈ ਅਤੇ ਉਸ ਨੂੰ ਪੁੱਛਿਆ, "ਹੇ ਪ੍ਰਭੂ, ਕੀ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ, ਮੇਰੀ ਭੈਣ ਨੇ ਕੰਮ ਦਾ ਸਾਰਾ ਭਾਰ ਮੇਰੇ ਉੱਤੇ ਛੱਡ ਦਿੱਤਾ ਹੈ? ਤੁਸੀਂ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ।"
41 ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, "ਮਾਰਥਾ, ਮਾਰਥਾ, ਤੂੰ ਬਹੁਤ ਸਾਰੇ ਵਿਸ਼ਿਆਂ ਬਾਰੇ ਚਿੰਤਾ ਕਰਦੀ ਅਤੇ ਘਬਰਾਉਂਦੀ ਹੈ, 42 ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ, ਜੋ ਉੱਤਮ ਹੈ ਮਰਿਯਮ ਨੇ ਉਸ ਨੂੰ ਚੁਣਿਆ ਹੈ ਜੋ ਉਸ ਤੋਂ ਕਦੇ ਵੱਖ ਨਹੀਂ ਹੋਵੇਗਾ।"