Publicidade

Mateus 7

ਦੂਸਰਿਆਂ ਉੱਤੇ ਦੋਸ਼ ਨਾ ਲਗਾਓ

1 "ਕਿਸੇ ਉੱਤੇ ਵੀ ਦੋਸ਼ ਨਾ ਲਗਾਓ, ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। 2 ਕਿਉਂਕਿ ਜਿਵੇਂ ਤੁਸੀਂ ਦੂਸਰਿਆਂ ਉੱਤੇ ਦੋਸ਼ ਲਗਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।

3 "ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕੱਖ ਵੱਲ ਤਾਂ ਵੇਖਦਾ ਹੈ ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ, ਉਸ ਵੱਲ ਧਿਆਨ ਨਹੀਂ ਦਿੰਦਾ? 4 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਹਰ ਸਮੇਂ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? 5 ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ।

6 "ਪਵਿੱਤਰ ਵਸਤੂ ਕੁੱਤਿਆਂ ਨੂੰ ਨਾ ਪਾਓ; ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ। ਕਿਤੇ ਅਜਿਹਾ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧਣ ਅਤੇ ਮੁੜ ਆਣ ਕੇ ਤੁਹਾਨੂੰ ਹੀ ਪਾੜ ਖਾਣ।

ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ

7 "ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। 8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।

9 "ਤੁਹਾਡੇ ਵਿੱਚੋਂ ਕੌਣ ਅਜਿਹਾ ਮਨੁੱਖ ਹੈ ਜਿਸਦਾ ਪੁੱਤਰ ਉਸ ਤੋਂ ਰੋਟੀ ਮੰਗੇ, ਤਾਂ ਉਹ ਉਸ ਨੂੰ ਪੱਥਰ ਦੇਵੇ? 10 ਅਤੇ ਜਦ ਉਹ ਮੱਛੀ ਮੰਗੇ, ਤਾਂ ਉਹ ਉਸ ਨੂੰ ਸੱਪ ਦੇਵੇ? 11 ਜਦੋਂ ਤੁਸੀਂ ਬੁਰੇ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਚੰਗੀਆਂ ਚੀਜ਼ਾਂ ਨਹੀਂ ਦੇਵੇਗਾ? 12 ਇਸ ਲਈ ਜਿਵੇਂ ਤੁਸੀਂ ਚਾਹੁੰਦੇ ਹੋ, ਕਿ ਦੂਸਰੇ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੋ, ਇਹ ਉਹਨਾਂ ਸਭਨਾਂ ਗੱਲਾਂ ਦਾ ਨਿਚੋੜ ਹੈ ਜੋ ਬਿਵਸਥਾ ਅਤੇ ਨਬੀਆਂ ਦੀਆਂਂ ਸਿੱਖਿਆਵਾਂ ਦੁਆਰਾ ਸਿਖਾਇਆ ਗਿਆ ਹੈ।

ਤੰਗ ਅਤੇ ਖੁੱਲ੍ਹਾ ਰਸਤਾ

13 "ਤੁਸੀਂ ਤੰਗ ਦਰਵਾਜ਼ੇ ਰਾਹੀਂ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕਦੇ ਹੋ। ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਸਤਾ, ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤੇ ਹਨ ਉਹ ਲੋਕ ਜਿਹੜੇ ਉਸ ਰਸਤੇ ਨੂੰ ਚੁਣਦੇ ਹਨ। 14 ਪਰ ਉਹ ਰਾਹ ਤੰਗ ਹੈ ਅਤੇ ਉਹ ਰਾਸਤਾ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੌੜੇ ਹਨ ਜੋ ਉਸ ਨੂੰ ਲੱਭਦੇ ਹਨ।

ਸੱਚੇ ਅਤੇ ਝੂਠੇ ਨਬੀ

15 "ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਕਿਉਂਕਿ ਉਹ ਤੁਹਾਡੇ ਕੋਲ ਭੇਡਾਂ ਦੇ ਕੱਪੜਿਆ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਦੀ ਤਰ੍ਹਾਂ ਹੁੰਦੇ ਹਨ। 16 ਤੁਸੀਂ ਉਹਨਾਂ ਨੂੰ ਉਹਨਾਂ ਦੇ ਫ਼ਲਾਂ ਦੁਆਰਾ ਪਛਾਣ ਲਵੋਂਗੇ, ਕੀ ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਕਰ ਸਕਦੇ ਹਨ? 17 ਜਿਸ ਤਰ੍ਹਾਂ, ਹਰ ਇੱਕ ਚੰਗੇ ਰੁੱਖ ਨੂੰ ਚੰਗਾ ਫ਼ਲ ਲੱਗਦਾ ਹੈ ਉਸੇ ਪ੍ਰਕਾਰ ਹਰ ਬੁਰੇ ਰੁੱਖ ਨੂੰ ਮਾੜਾ ਫ਼ਲ ਲੱਗਦਾ ਹੈ। 18 ਚੰਗਾ ਰੁੱਖ ਮਾੜਾ ਫ਼ਲ ਨਹੀਂ ਦੇ ਸਕਦਾ ਅਤੇ ਨਾ ਹੀ ਬੁਰਾ ਰੁੱਖ ਚੰਗਾ ਦੇ ਸਕਦਾ ਹੈ। 19 ਹਰ ਇੱਕ ਰੁੱਖ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20 ਇਸ ਲਈ ਤੁਸੀਂ ਉਹਨਾਂ ਨੂੰ ਉਹਨਾਂ ਦੇ ਫ਼ਲਾਂ ਦੁਆਰਾ ਪਛਾਣ ਲਵੋਂਗੇ।

ਸੱਚੇ ਅਤੇ ਝੂਠੇ ਚੇਲੇ

21 "ਹਰ ਕੋਈ ਮੈਨੂੰ, ‘ਪ੍ਰਭੂ, ਪ੍ਰਭੂ,’ ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ, ਪਰ ਉਹ ਮਨੁੱਖ ਹੀ ਸਵਰਗ ਰਾਜ ਵਿੱਚ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਪੂਰਿਆ ਕਰਦਾ ਹੈ। 22 ਬਹੁਤ ਸਾਰੇ ਉਸ ਦਿਨ ਮੈਨੂੰ ਆਖਣਗੇ, ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਨਹੀਂ ਕੀਤੀ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ?’ 23 ਉਸ ਵਕਤ ਮੈਂ ਉਹਨਾਂ ਨੂੰ ਖੁੱਲ ਕੇ ਆਖ ਦੇਵਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ।’

ਬੁੱਧਵਾਨ ਅਤੇ ਮੂਰਖ ਮਨੁੱਖ

24 "ਇਸ ਲਈ ਹਰ ਕੋਈ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਿਅਕਤੀ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਹੈ। 25 ਤਾਂ ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਘਰ ਨਾ ਡਿੱਗਿਆ, ਕਿਉਂਕਿ ਉਹ ਘਰ ਦੀ ਨੀਂਹ ਪੱਥਰ ਉੱਤੇ ਰੱਖੀ ਹੋਈ ਸੀ। 26 ਪਰ ਹਰ ਮਨੁੱਖ ਜਿਹੜਾ ਮੇਰੇ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਿਅਕਤੀ ਵਰਗਾ ਹੈ ਜਿਸਨੇ ਆਪਣਾ ਘਰ ਰੇਤ ਉੱਪਰ ਬਣਾਇਆ ਹੈ। 27 ਤਾਂ ਮੀਂਹ ਵਰਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆ ਅਤੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਘਰ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਨਾਸ਼ ਹੋ ਗਿਆ।"

28 ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਲੋਕ ਉਹਨਾਂ ਦੀ ਸਿੱਖਿਆ ਤੋਂ ਹੈਰਾਨ ਹੋਏ, 29 ਕਿਉਂਕਿ ਯਿਸ਼ੂ ਨੇ ਉਹਨਾਂ ਨੂੰ ਉਪਦੇਸ਼ਕਾਂ ਵਾਂਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-