1 ਤਦ ਕੁਝ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਯੇਰੂਸ਼ਲੇਮ ਤੋਂ ਯਿਸ਼ੂ ਕੋਲ ਆਏ ਅਤੇ ਪੁੱਛਿਆ, 2 "ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ!"
3 ਪਰ ਯਿਸ਼ੂ ਨੇ ਉੱਤਰ ਦਿੱਤਾ, "ਤੁਸੀਂ ਵੀ ਕਿਉਂ ਆਪਣੀ ਰੀਤ ਦੇ ਕਾਰਨ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ? 4 ਪਰਮੇਸ਼ਵਰ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ’ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ ਉਹ ਮੌਤ ਦੇ ਘਾਟ ਉਤਾਰਿਆ ਜਾਵੇ।’ 5 ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ਮੇਰੇ ਵੱਲੋਂ ਤੁਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ, ‘ਉਹ ਪਰਮੇਸ਼ਵਰ ਨੂੰ ਭੇਂਟ ਚੜ੍ਹਾਇਆ ਗਿਆ।’ 6 ਇਸ ਤਰ੍ਹਾਂ ਉਹ ‘ਆਪਣੇ ਪਿਤਾ ਜਾਂ ਮਾਤਾ ਦਾ ਸਤਿਕਾਰ’ ਨਹੀਂ ਕਰਦਾ। ਇਸ ਤਰ੍ਹਾਂ ਤੁਸੀਂ ਆਪਣੀ ਰੀਤ ਦੇ ਕਾਰਨ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਨੂੰ ਟਾਲ ਦਿੰਦੇ ਹੋ। 7 ਹੇ ਪਖੰਡੀਓ! ਯਸ਼ਾਯਾਹ ਨੇ ਤੁਹਾਡੇ ਬਾਰੇ ਸਹੀ ਭਵਿੱਖਬਾਣੀ ਕੀਤੀ ਸੀ:
8 " ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
9 ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ;
ਉਹ ਮਨੁੱਖਾਂ ਦੇ ਹੁਕਮਾਂਂ ਦੀ ਸਿੱਖਿਆ ਦਿੰਦੇ ਹਨ।’ "
10 ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, "ਸੁਣੋ ਅਤੇ ਸਮਝੋ। 11 ਜੋ ਕੁਝ ਮੂੰਹ ਵਿੱਚ ਜਾਂਦਾ ਹੈ ਉਹ ਉਹਨਾਂ ਨੂੰ ਅਸ਼ੁੱਧ ਨਹੀਂ ਕਰਦਾ, ਪਰ ਜੋ ਮੂੰਹ ਵਿੱਚੋਂ ਬਾਹਰ ਨਿੱਕਲਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ।"
12 ਤਦ ਚੇਲਿਆਂ ਨੇ ਕੋਲ ਆ ਕੇ ਉਹਨਾਂ ਤੋਂ ਪੁੱਛਿਆ, "ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ?"
13 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਹਰੇਕ ਬੂਟਾ ਜਿਹੜਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਗਾਇਆ, ਉਹ ਜੜ੍ਹੋ ਪੁੱਟਿਆ ਜਾਵੇਗਾ। 14 ਉਹਨਾਂ ਨੂੰ ਛੱਡ ਦਿਓ; ਉਹ ਅੰਨ੍ਹੇ ਆਗੂ ਹਨ। ਜੇ ਅੰਨ੍ਹਾ ਦੂਸਰੇ ਅੰਨ੍ਹੇ ਨੂੰ ਰਸਤਾ ਵਿਖਾਏਗਾ, ਤਾਂ ਦੋਵੇਂ ਹੀ ਟੋਏ ਵਿੱਚ ਡਿੱਗ ਜਾਣਗੇ।"
15 ਤਦ ਪਤਰਸ ਨੇ ਆਖਿਆ, "ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।"
16 ਯਿਸ਼ੂ ਨੇ ਕਿਹਾ, "ਕੀ ਤੁਸੀਂ ਅਜੇ ਵੀ ਨਿਰਬੁੱਧ ਹੋ? 17 ਕੀ ਤੁਸੀਂ ਨਹੀਂ ਸਮਝਦੇ, ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਸੋ ਪੇਟ ਵਿੱਚ ਜਾਂਦਾ ਹੈ ਅਤੇ ਬਾਹਰ ਕੱਢਿਆ ਜਾਂਦਾ ਹੈ? 18 ਪਰ ਜਿਹੜੀਆਂ ਗੱਲਾਂ ਮਨੁੱਖ ਦੇ ਮੂੰਹ ਵਿੱਚੋਂ ਨਿੱਕਲਦੀਆਂ ਹਨ, ਜੋ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਉਸਨੂੰ ਅਸ਼ੁੱਧ ਕਰਦੀਆਂ ਹਨ। 19 ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ। 20 ਇਹ ਗੱਲਾਂ ਹਨ ਜੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਬਿਨ੍ਹਾਂ ਹੱਥ ਧੋਤੇ ਰੋਟੀ ਖਾਣਾ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ।"
21 ਯਿਸ਼ੂ ਉਸ ਜਗ੍ਹਾਂ ਨੂੰ ਛੱਡ ਕੇ ਸੋਰ ਅਤੇ ਸਿਦੋਨ ਦੇ ਇਲਾਕੇ ਵਿੱਚ ਚਲੇ ਗਏ। 22 ਉਸ ਇਲਾਕੇ ਵਿੱਚੋਂ ਇੱਕ ਕਨਾਨੀ ਔਰਤ ਉਹਨਾਂ ਕੋਲ ਆਈ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੀ, "ਹੇ ਪ੍ਰਭੂ, ਦਾਵੀਦ ਦੇ ਪੁੱਤਰ, ਮੇਰੇ ਤੇ ਮਿਹਰ ਕਰੋ! ਮੇਰੀ ਧੀ ਦੁਸ਼ਟ ਆਤਮਾ ਦੇ ਕਾਰਨ ਬਹੁਤ ਦੁਖੀ ਹੈ।"
23 ਪਰ ਯਿਸ਼ੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸਦੇ ਚੇਲਿਆਂ ਨੇ ਕੋਲ ਆ ਕੇ ਉਸ ਦੇ ਅੱਗੇ ਬੇਨਤੀ ਕੀਤੀ, "ਉਸ ਨੂੰ ਵਿਦਾ ਕਰੋ, ਕਿਉਂ ਜੋ ਉਹ ਸਾਡੇ ਮਗਰ ਰੌਲ਼ਾ ਪਾਉਂਦੀ ਆਉਂਦੀ ਹੈ।"
24 ਉਸਨੇ ਉੱਤਰ ਦਿੱਤਾ, "ਮੈਂ ਇਸਰਾਏਲ ਦੀਆਂ ਗੁਆਚੀਆਂ ਹੋਈਆ ਭੇਡਾਂ ਤੋਂ ਬਿਨ੍ਹਾਂ, ਕਿਸੇ ਹੋਰ ਕੋਲ ਨਹੀਂ ਭੇਜਿਆ ਗਿਆ।"
25 ਪਰ ਉਹ ਔਰਤ ਆਈ ਅਤੇ ਉਸਦੇ ਅੱਗੇ ਮੱਥਾ ਟੇਕ ਕੇ ਬੋਲੀ, "ਪ੍ਰਭੂ ਜੀ ਮੇਰੀ ਮਦਦ ਕਰੋ!"
26 ਤਾਂ ਉਸਨੇ ਉੱਤਰ ਦਿੱਤਾ, "ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।"
27 ਤਾਂ ਔਰਤ ਨੇ ਕਿਹਾ, "ਹਾਂ ਪ੍ਰਭੂ ਜੀ, ਪਰ ਇਹ ਵੀ ਤਾਂ ਸੱਚ ਹੈ ਕਿ ਕੁੱਤੇ ਵੀ ਆਪਣੇ ਮਾਲਕ ਦੇ ਮੇਜ਼ ਤੋਂ ਡਿੱਗੇ ਟੁਕੜੇ ਖਾਂਦੇ ਹਨ।"
28 ਤਦ ਯਿਸ਼ੂ ਨੇ ਉਸਨੂੰ ਕਿਹਾ, "ਹੇ ਪੁੱਤਰੀ ਤੇਰਾ ਵਿਸ਼ਵਾਸ ਵੱਡਾ ਹੈ! ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਉਸੇ ਤਰ੍ਹਾਂ ਹੀ ਹੋਵੇ।" ਅਤੇ ਉਸ ਦੀ ਧੀ ਉਸੇ ਵਕਤ ਹੀ ਚੰਗੀ ਹੋ ਗਈ।
29 ਯਿਸ਼ੂ ਉੱਥੋਂ ਚੱਲ ਕੇ ਗਲੀਲ ਦੀ ਝੀਲ ਦੇ ਨੇੜੇ ਆਏ ਅਤੇ ਪਹਾੜ ਉੱਤੇ ਚੜ੍ਹ ਕੇ ਬੈਠ ਗਏ। 30 ਅਤੇ ਬਹੁਤ ਵੱਡੀ ਭੀੜ ਉਹਨਾਂ ਦੇ ਕੋਲ ਆਈ ਅਤੇ ਆਪਣੇ ਨਾਲ ਲੰਗੜਿਆਂ, ਅੰਨ੍ਹਿਆਂ, ਅਪੰਗਾਂ, ਗੂੰਗਿਆਂ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਲਿਆਏ ਅਤੇ ਉਹਨਾਂ ਨੂੰ ਉਸਦੇ ਚਰਨਾਂ ਕੋਲ ਰੱਖ ਦਿੱਤਾ; ਯਿਸ਼ੂ ਨੇ ਉਹਨਾਂ ਨੂੰ ਚੰਗਾ ਕੀਤਾ। 31 ਅਤੇ ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ ਹਨ, ਅਪੰਗ ਚੰਗੇ ਹੁੰਦੇ ਹਨ, ਲੰਗੜੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ, ਤਾਂ ਉਹ ਹੈਰਾਨ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਕੀਤੀ।
32 ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾਇਆ ਅਤੇ ਆਖਿਆ, "ਮੈਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਹੈ; ਕਿਉਂ ਜੋ ਇਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ। ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਨੂੰ ਭੁੱਖਿਆਂ ਭੇਜ ਕੇ ਵਿਦਾ ਕਰਾਂ ਕਿਤੇ ਅਜਿਹਾ ਨਾ ਹੋਵੇ ਕਿ ਉਹ ਰਸਤੇ ਵਿੱਚ ਥੱਕ ਜਾਣ।"
33 ਅਤੇ ਉਸਦੇ ਚੇਲਿਆਂ ਨੇ ਪੁੱਛਿਆ, "ਅਸੀਂ ਇਸ ਉਜਾੜ ਜਗ੍ਹਾ ਵਿੱਚੋਂ ਇੰਨੀ ਭੀੜ ਦੇ ਖਾਣ ਲਈ ਰੋਟੀਆਂ ਕਿੱਥੋਂ ਲਿਆਈਏ?"
34 ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਹਾਡੇ ਕੋਲ ਕਿੰਨ੍ਹੀਆਂ ਰੋਟੀਆਂ ਹਨ?"
ਉਹਨਾਂ ਨੇ ਜਵਾਬ ਦਿੱਤਾ, "ਸੱਤ ਅਤੇ ਕੁਝ ਛੋਟੀਆਂ ਮੱਛੀਆਂ ਹਨ।"
35 ਉਹਨਾਂ ਨੇ ਭੀੜ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। 36 ਤਦ ਯਿਸ਼ੂ ਨੇ ਸੱਤ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ। 37 ਤਦ ਸਾਰੇ ਖਾ ਕੇ ਰੱਜ ਗਏ। ਅਤੇ ਚੇਲਿਆਂ ਨੇ ਬਚੇ ਹੋਏ ਟੁੱਕੜਿਆ ਨਾਲ ਭਰੇ ਸੱਤ ਟੋਕਰੇ ਚੁੱਕੇ। 38 ਅਤੇ ਖਾਣ ਵਾਲੇ ਔਰਤ ਅਤੇ ਬੱਚਿਆਂ ਤੋਂ ਬਿਨ੍ਹਾਂ ਚਾਰ ਹਜ਼ਾਰ ਮਰਦ ਸਨ। 39 ਫਿਰ ਭੀੜ ਨੂੰ ਵਿਦਾ ਕਰਕੇ ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਮਗਦਾਨ ਦੇ ਇਲਾਕੇ ਵਿੱਚ ਆਏ।