Publicidade

Mateus 18

ਸਵਰਗ ਰਾਜ ਵਿੱਚ ਮਹਾਨ

1 ਉਸ ਸਮੇਂ ਚੇਲੇ ਯਿਸ਼ੂ ਕੋਲ ਆਏ ਅਤੇ ਪੁੱਛਣ ਲੱਗੇ, "ਸਵਰਗ ਰਾਜ ਵਿੱਚ ਵੱਡਾ ਕੌਣ ਹੈ?"

2 ਤਦ ਉਹਨਾਂ ਨੇ ਇੱਕ ਛੋਟੇ ਬੱਚੇ ਨੂੰ ਕੋਲ ਬੁਲਾ ਕੇ, ਉਸਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ। 3 ਅਤੇ ਉਸ ਨੇ ਆਖਿਆ: "ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਲੈਂਦੇ ਅਤੇ ਛੋਟੇ ਬੱਚਿਆਂ ਵਰਗੇ ਨਹੀਂ ਬਣ ਜਾਂਦੇ, ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਪ੍ਰਵੇਸ਼ ਨਹੀਂ ਕਰੋਗੇ। 4 ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬੱਚੇ ਦੀ ਤਰ੍ਹਾਂ ਛੋਟਾ ਸਮਝੇ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ। 5 ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਕਬੂਲ ਕਰਦਾ ਹੈ ਉਹ ਮੈਨੂੰ ਕਬੂਲ ਕਰਦਾ ਹੈ।

ਠੋਕਰ ਖਾਣ ਦਾ ਕਾਰਨ

6 "ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਕਿ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹ ਕੇ, ਉਸਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੁਬੋ ਦਿੱਤਾ ਜਾਵੇ। 7 ਹਾਏ ਇਸ ਸੰਸਾਰ ਉੱਤੇ, ਜਿਸ ਕਾਰਨ ਲੋਕ ਠੋਕਰ ਖਾਂਦੇ ਹਨ! ਕਿਉ ਜੋ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਠੋਕਰ ਦਾ ਕਾਰਨ ਬਣਦਾ ਹੈ! 8 ਜੇ ਤੇਰਾ ਹੱਥ ਜਾਂ ਤੇਰਾ ਪੈਰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਕਿਤੇ ਸੁੱਟ ਦੇ। ਕਿਉਂ ਜੋ ਤੁਹਾਡੇ ਲਈ ਟੁੰਡਾ ਜਾਂ ਲੰਗੜਾ ਹੋ ਕੇ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਇਸ ਨਾਲੋਂ ਚੰਗਾ ਹੈ, ਜੋ ਦੋ ਹੱਥ ਜਾਂ ਦੋ ਪੈਰ ਹੁੰਦਿਆਂ ਹੋਇਆ ਵੀ ਤੁਸੀਂ ਸਦੀਪਕ ਅੱਗ ਵਿੱਚ ਸੁੱਟੇ ਜਾਵੋਂ। 9 ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦੇ। ਦੋ ਅੱਖਾਂ ਹੁੰਦੇ ਹੋਏ ਨਰਕ ਦੀ ਅੱਗ ਵਿੱਚ ਸੁੱਟੇ ਜਾਣ ਨਾਲੋਂ ਤੁਹਾਡੇ ਲਈ ਇੱਕ ਅੱਖ ਨਾਲ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ।

ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ

10 "ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਬੱਚਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸਵਰਗ ਵਿੱਚ ਹੈ ਮੂੰਹ ਹਮੇਸ਼ਾ ਵੇਖਦੇ ਹਨ। 11 ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਏ ਲੋਕਾਂ ਨੂੰ ਬਚਾਉਣ ਆਇਆ ਹੈ।"

12 "ਤੁਸੀਂ ਕੀ ਸੋਚਦੇ ਹੋ? ਅਗਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਜੇ ਉਹਨਾਂ ਵਿੱਚੋਂ ਇੱਕ ਗੁਆਚ ਜਾਵੇ, ਤਾਂ ਕੀ ਉਹ ਨੜਿੰਨਵਿਆਂ ਨੂੰ ਪਹਾੜ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਲੱਭਣ ਲਈ ਨਹੀਂ ਜਾਵੇਗਾ? 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਉਸਨੂੰ ਉਹ ਲੱਭ ਲੈਦਾ ਹੈ, ਤਾਂ ਉਹਨਾਂ ਨੜਿੰਨਵਿਆਂ ਜਿਹੜੀਆਂ ਗੁਆਚੀਆਂ ਨਹੀਂ ਸਨ, ਉਹਨਾਂ ਨਾਲੋਂ ਵਧੇਰੇ ਇੱਕ ਭੇਡ ਤੇ ਖੁਸ਼ ਹੁੰਦਾ ਹੈ। 14 ਇਸੇ ਤਰ੍ਹਾਂ ਸਵਰਗ ਵਿੱਚ ਤੁਹਾਡਾ ਪਿਤਾ ਵੀ ਨਹੀਂ ਚਾਹੁੰਦਾ, ਕਿ ਇਨ੍ਹਾਂ ਛੋਟਿਆਂ ਵਿੱਚੋਂ ਕੋਈ ਵੀ ਨਾਸ਼ ਹੋ ਜਾਵੇ।

ਅਪਰਾਧੀਆਂ ਦੇ ਪ੍ਰਤੀ ਵਿਵਹਾਰ

15 "ਅਗਰ ਤੁਹਾਡਾ ਭਰਾ ਜਾਂ ਭੈਣ ਪਾਪ ਕਰੇ, ਤਾਂ ਇਕੱਲਾ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਅਤੇ ਉਸਦਾ ਅਪਰਾਧ ਉਸਨੂੰ ਦੱਸ, ਅਗਰ ਉਹ ਤੁਹਾਡੀ ਸੁਣਨ, ਤਾਂ ਤੁਸੀਂ ਉਹਨਾਂ ਨੂੰ ਬਚਾ ਲਿਆ। 16 ਅਗਰ ਉਹ ਤੁਹਾਡੀ ਨਾ ਸੁਣਨ, ਤਾਂ ਆਪਣੇ ਨਾਲ ਇੱਕ ਜਾਂ ਦੋ ਲੋਕਾਂ ਨੂੰ ਲੈ ਜਾਓ, ‘ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।’ 17 ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਤਾਂ ਕਲੀਸਿਆ ਨੂੰ ਦੱਸ ਅਤੇ ਜੇ ਉਹ ਕਲੀਸਿਆ ਦੀ ਵੀ ਨਾ ਸੁਣਨ, ਤਾਂ ਉਨ੍ਹਾਂ ਨਾਲ ਉਵੇਂ ਪੇਸ਼ ਆਓ ਜਿਵੇਂ ਇੱਕ ਮੂਰਤੀ ਪੂਜਕ ਜਾਂ ਚੁੰਗੀ ਲੈਣ ਵਾਲੇ ਹੋਣ।

18 "ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸੋ ਸਵਰਗ ਵਿੱਚ ਖੋਲ੍ਹਿਆ ਜਾਵੇਗਾ।

19 "ਫਿਰ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋ ਜਿਹੜਾ ਸਵਰਗ ਵਿੱਚ ਹੈ ਉਹ ਬੇਨਤੀ ਪੂਰੀ ਹੋ ਜਾਵੇਗੀ। 20 ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ।"

ਬੇਰਹਿਮ ਨੌਕਰ ਦਾ ਦ੍ਰਿਸ਼ਟਾਂਤ

21 ਤਦ ਪਤਰਸ ਯਿਸ਼ੂ ਕੋਲ ਆਇਆ ਅਤੇ ਪੁੱਛਿਆ, "ਪ੍ਰਭੂ ਜੀ, ਕਿੰਨੀ ਵਾਰ ਮੈਂ ਆਪਣੇ ਭਰਾ ਜਾਂ ਭੈਣ ਨੂੰ ਮਾਫ਼ ਕਰਾਂਂ ਜੋ ਮੇਰੇ ਵਿਰੁੱਧ ਪਾਪ ਕਰਦੇ ਹਨ? ਕੀ ਸੱਤ ਵਾਰ?"

22 ਯਿਸ਼ੂ ਨੇ ਉਹ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਪਰ ਸੱਤਰ ਦਾ ਸੱਤ ਗੁਣਾ ਤੱਕ।

23 "ਇਸ ਲਈ, ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ, ਜਿਸ ਨੇ ਆਪਣੇ ਨੌਕਰ ਕੋਲੋ ਹਿਸਾਬ ਲੈਣਾ ਚਾਹਿਆ। 24 ਜਦ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਮਨੁੱਖ ਨੂੰ ਉਸ ਕੋਲ ਲਿਆਏ ਜਿਸ ਨੇ ਦਸ ਹਜ਼ਾਰ ਤੋੜੇ ਸੋਨੇ ਦਾ ਕਰਜ਼ਾ ਦੇਣਾ ਸੀ। 25 ਪਰ ਉਸਦੇ ਕੋਲ ਦੇਣ ਨੂੰ ਕੁਝ ਨਹੀਂ ਸੀ, ਤਾਂ ਉਸਦੇ ਮਾਲਕ ਨੇ ਹੁਕਮ ਦਿੱਤਾ ਜੋ ਉਸਦੀ ਪਤਨੀ, ਬਾਲ ਬੱਚੇ ਅਤੇ ਸਭ ਕੁਝ ਉਸਦਾ ਵੇਚਿਆ ਜਾਵੇ ਅਤੇ ਕਰਜ਼ਾ ਭਰ ਲਿਆ ਜਾਵੇ।

26 "ਤਦ ਉਸ ਨੌਕਰ ਨੇ ਗੋਡੇ ਟੇਕ ਕੇ ਬੇਨਤੀ ਕੀਤੀ, ਸੁਆਮੀ ਜੀ ਕ੍ਰਿਪਾ ਕਰਕੇ ਧੀਰਜ ਰੱਖੋ, ‘ਮੈਂ ਤੁਹਾਡਾ ਸਾਰਾ ਕਰਜ਼ਾ ਮੋੜ ਦਿਆਂਗਾ।’ 27 ਤਦ ਉਸ ਨੌਕਰ ਦੇ ਮਾਲਕ ਨੇ ਉਸ ਦੇ ਉੱਤੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ।

28 "ਪਰ ਜਦੋਂ ਉਹ ਨੌਕਰ ਬਾਹਰ ਆਇਆ, ਤਦ ਉਸ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਨੂੰ ਮਿਲਿਆ, ਜਿਸਦੇ ਕੋਲੋ ਉਸ ਨੇ ਚਾਂਦੀ ਦੇ ਸੌ ਦੀਨਾਰ)। ਦਾ ਕਰਜ਼ਾ ਲੈਣਾ ਸੀ। ਉਸ ਨੇ ਉਸ ਨੂੰ ਗਲੇ ਤੋਂ ਫੜ੍ਹ ਕੇ ਕਹਿਣਾ ਸ਼ੁਰੂ ਕੀਤਾ, ਜੋ ਕੁਝ ਮੈਂ ਤੇਰੇ ਤੋਂ ਲੈਣਾ ਹੈ ਉਹ ਮੈਨੂੰ ਵਾਪਸ ਕਰ।

29 "ਤਦ ਉਸਦੇ ਨਾਲ ਦਾ ਨੌਕਰ ਉਸਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ, ‘ਧੀਰਜ ਰੱਖ, ਮੈਂ ਤੇਰਾ ਸਭ ਕੁਝ ਵਾਪਸ ਦੇ ਦੇਵੇਂਗਾ।’

30 "ਪਰ ਉਸਨੇ ਉਸਦੀ ਨਹੀਂ ਸੁਣੀ ਸਗੋਂ ਜਾ ਕੇ ਉਸ ਨੂੰ ਉਸ ਸਮੇਂ ਤੱਕ ਕੈਦ ਵਿੱਚ ਪਾ ਦਿੱਤਾ ਜਦੋਂ ਤੱਕ ਉਹ ਕਰਜ਼ ਨਾ ਮੋੜ ਦੇਵੇ। 31 ਜਦੋਂ ਦੂਸਰਿਆ ਨੌਕਰਾਂ ਨੇ ਇਹ ਸਭ ਵੇਖਿਆ ਜੋ ਉੱਥੇ ਹੋਇਆ ਸੀ, ਤਾਂ ਉਹ ਬਹੁਤ ਉਦਾਸ ਹੋਏ ਅਤੇ ਜਾ ਕੇ ਸਭ ਕੁਝ ਆਪਣੇ ਸੁਆਮੀ ਨੂੰ ਦੱਸ ਦਿੱਤਾ ਜੋ ਕੁਝ ਉੱਥੇ ਹੋਇਆ।

32 "ਤਦ ਉਸਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ‘ਉਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਮਾਫ਼ ਕਰ ਦਿੱਤਾ ਕਿਉਂਕਿ ਤੂੰ ਮੇਰੀ ਮਿੰਨਤ ਕੀਤੀ ਸੀ। 33 ਫਿਰ ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਵੀ ਉਸੇ ਤਰ੍ਹਾਂ ਦਯਾ ਨਹੀਂ ਸੀ ਕਰਨੀ ਚਾਹੀਦੀ?’ 34 ਉਸਦੇ ਮਾਲਕ ਨੇ ਕ੍ਰੋਧੀ ਹੋ ਕੇ ਉਸਨੂੰ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ, ਜਦੋਂ ਤੱਕ ਉਹ ਸਾਰਾ ਕਰਜ਼ਾ ਵਾਪਸ ਨਾ ਦੇਵੇ।

35 "ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਂਗਾ, ਜੇ ਤੁਸੀਂ ਆਪਣੇ ਭੈਣ-ਭਰਾਵਾਂ ਨੂੰ ਦਿਲੋਂ ਮਾਫ਼ ਨਾ ਕਰੋ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-