1 ਸਬਤ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ, ਸਵੇਰ ਵੇਲੇ ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਨੂੰ ਵੇਖਣ ਲਈ ਗਈਆ।
2 ਉਸੇ ਸਮੇਂ ਇੱਕ ਬਹੁਤ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕਬਰ ਦੇ ਕੋਲ ਆ ਕੇ, ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3 ਉਸਦਾ ਰੂਪ ਰੋਸ਼ਨੀ ਵਰਗਾ ਅਤੇ ਉਸਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ। 4 ਰਖਵਾਲੇ ਡਰ ਦੇ ਕਾਰਨ ਕੰਬ ਉੱਠੇ ਅਤੇ ਮੁਰਦਿਆਂ ਦੇ ਵਾਂਗ ਹੋ ਗਏ।
5 ਸਵਰਗਦੂਤ ਨੇ ਔਰਤਾਂ ਨੂੰ ਆਖਿਆ, "ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। 6 ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ। 7 ਹੁਣ ਜਲਦੀ ਜਾਓ ਅਤੇ ਉਸਦੇ ਚੇਲਿਆਂ ਨੂੰ ਦੱਸੋ ਕਿ ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਉਸ ਨੂੰ ਉੱਥੇ ਵੇਖੋਗੇ’ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ।"
8 ਤਾਂ ਉਹ ਔਰਤਾਂ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਜਲਦੀ ਚੱਲ ਕੇ ਉਸਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜ ਗਈਆਂ। 9 ਅਚਾਨਕ ਯਿਸ਼ੂ ਉਹਨਾਂ ਨੂੰ ਮਿਲੇ ਅਤੇ ਬੋਲੇ, "ਸੁਖੀ ਰਹੋ," ਉਹਨਾਂ ਨੇ ਕੋਲ ਆ ਕੇ ਯਿਸ਼ੂ ਦੇ ਚਰਨ ਫੜੇ ਅਤੇ ਉਸਦੀ ਮਹਿਮਾ ਕੀਤੀ। 10 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਨਾ ਡਰੋ ਅਤੇ ਜਾ ਕੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲ ਪ੍ਰਦੇਸ਼ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।"
11 ਜਿਸ ਵਕਤ ਔਰਤਾਂ ਰਸਤੇ ਵਿੱਚ ਹੀ ਸਨ ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ। 12 ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਇਕੱਠੇ ਹੋ ਕੇ ਅਤੇ ਉਹਨਾਂ ਗੱਲਬਾਤ ਕਰਕੇ ਯੋਜਨਾ ਬਣਾਈ ਅਤੇ ਸਿਪਾਹੀਆਂ ਨੂੰ ਵੱਡੀ ਰਕਮ ਦਿੱਤੀ। 13 ਉਹਨਾਂ ਕਿਹਾ, "ਤੁਸੀਂ ਇਹ ਕਹਿਣਾ, ‘ਜਦ ਅਸੀਂ ਸੁੱਤੇ ਹੋਏ ਸੀ, ਉਸਦੇ ਚੇਲੇ ਰਾਤ ਨੂੰ ਆ ਕੇ ਉਸਨੂੰ ਚੁਰਾ ਕੇ ਲੈ ਗਏ।’ 14 ਅਗਰ ਇਹ ਗੱਲ ਰਾਜਪਾਲ ਦੇ ਕੋਲ ਪਹੁੰਚੇ, ਤਾਂ ਅਸੀਂ ਉਸਨੂੰ ਸਮਝਾ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਬਚਾ ਲਵਾਂਗੇ।" 15 ਸੋ ਸਿਪਾਹੀਆਂ ਨੇ ਪੈਸੇ ਲੈ ਲਏ ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਆਖਿਆ ਸੀ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਫੈਲੀ ਹੋਈ ਹੈ।
16 ਫਿਰ ਉਹ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸ਼ੂ ਨੇ ਉਹਨਾਂ ਨੂੰ ਜਾਣ ਲਈ ਕਿਹਾ ਸੀ। 17 ਜਦੋਂ ਉਹਨਾਂ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹਨਾਂ ਉਸਦੀ ਮਹਿਮਾ ਕੀਤੀ; ਪਰ ਕਈਆਂ ਨੇ ਸ਼ੱਕ ਕੀਤਾ। 18 ਤਦ ਯਿਸ਼ੂ ਉਹਨਾਂ ਦੇ ਕੋਲ ਆਏ ਅਤੇ ਬੋਲੇ, "ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19 ਇਸ ਲਈ ਜਾਓ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20 ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ, ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।"