Publicidade

Mateus 10

ਯਿਸ਼ੂ ਦਾ ਬਾਰ੍ਹਾਂ ਚੇਲਿਆਂ ਨੂੰ ਸੇਵਕਾਈ ਲਈ ਭੇਜਣਾ

1 ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੁਸ਼ਟ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗਾਂ ਅਤੇ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਨ।

2 ਬਾਰ੍ਹਾਂ ਰਸੂਲਾਂ ਦੇ ਨਾਮ ਇਸ ਪ੍ਰਕਾਰ ਹਨ:

ਪਹਿਲਾ ਸ਼ਿਮਓਨ, ਜਿਸ ਨੂੰ ਪਤਰਸ ਆਖਦੇ ਹਨ ਅਤੇ ਉਸਦਾ ਭਰਾ ਆਂਦਰੇਯਾਸ;

ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸਦਾ ਭਰਾ ਯੋਹਨ;

3 ਫਿਲਿੱਪਾਸ ਅਤੇ ਬਾਰਥੋਲੋਮੇਯਾਸ;

ਥੋਮਸ ਅਤੇ ਮੱਤੀਯਾਹ ਚੁੰਗੀ ਲੈਣ ਵਾਲਾ;

ਹਲਫੇਯਾਸ ਦਾ ਪੁੱਤਰ ਯਾਕੋਬ ਅਤੇ ਥੱਦੇਇਯਾਸ;

4 ਸ਼ਿਮਓਨ ਕਨਾਨੀ ਅਤੇ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।

5 ਇਹਨਾਂ ਬਾਰ੍ਹਾਂ ਚੇਲਿਆਂ ਨੂੰ ਯਿਸ਼ੂ ਨੇ ਕੁਝ ਹਿਦਾਇਤਾਂ ਦੇ ਕੇ ਭੇਜਿਆ: "ਤੁਸੀਂ ਗ਼ੈਰ-ਯਹੂਦੀਆਂ ਵਿੱਚ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ। 6 ਸਗੋਂ ਇਸਰਾਏਲ ਦੀਆਂਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7 ਅਤੇ ਜਿਵੇਂ ਤੁਸੀਂ ਜਾਉ, ਤਾਂ ਇਹ ਪ੍ਰਚਾਰ ਕਰੋ: ‘ਸਵਰਗ ਰਾਜ ਨਜ਼ਦੀਕ ਆ ਗਿਆ ਹੈ।’ 8 ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਹਾਨੂੰ ਮੁ਼ਫ਼ਤ ਮਿਲਿਆਂ, ਇਸ ਲਈ ਮੁਫ਼ਤ ਹੀ ਦਿਓ।

9 "ਕੋਈ ਵੀ ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰਬੰਧ ਵਿੱਚ ਨਾ ਲਓ। 10 ਅਤੇ ਯਾਤਰਾ ਲਈ ਨਾ ਕੋਈ ਝੋਲਾ ਨਾ ਕੋਈ ਵਾਧੂ ਕਮੀਜ਼, ਨਾ ਜੁੱਤੀ, ਨਾ ਲਾਠੀ ਆਪਣੇ ਨਾਲ ਲੈਣਾ, ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ। 11 ਜਿਸ ਵੀ ਸ਼ਹਿਰ ਜਾਂ ਪਿੰਡ ਵਿੱਚ ਤੁਸੀਂ ਦਾਖਲ ਹੋਵੋ, ਤਾਂ ਉੱਥੇ ਕਿਸੇ ਯੋਗ ਵਿਅਕਤੀ ਦੀ ਭਾਲ ਕਰੋ ਅਤੇ ਉਹਨਾਂ ਦੇ ਘਰ ਹੀ ਠਹਿਰੋ ਜਦੋਂ ਤੱਕ ਤੁਸੀਂ ਉੱਥੋਂ ਵਾਪਸ ਨਹੀਂ ਮੁੜਦੇ। 12 ਜਿਵੇਂ ਹੀ ਤੁਸੀਂ ਘਰ ਵਿੱਚ ਦਾਖਲ ਹੋਵੋ, ਤਾਂ ਉਸਦੀ ਸੁੱਖ ਮੰਗੋ। 13 ਅਤੇ ਜੇ ਘਰ ਯੋਗ ਹੋਵੇ, ਤਾਂ ਤੁਹਾਡੀ ਸ਼ਾਂਤੀ ਉਸ ਨੂੰ ਮਿਲੇ, ਅਗਰ ਯੋਗ ਨਹੀਂ ਹੈ, ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। 14 ਅਗਰ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਅਤੇ ਤੁਹਾਡੀਆਂ ਗੱਲਾਂ ਨੂੰ ਨਾ ਸੁਣੇ, ਤਾਂ ਉਸ ਘਰ ਅਤੇ ਨਗਰ ਨੂੰ ਛੱਡ ਕੇ ਉਸ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸੋਦੋਮ ਅਤੇ ਅਮੂਰਾਹ ਦੇ ਸ਼ਹਿਰ ਦੀ ਸਜ਼ਾ ਸਹਿਣਯੋਗ ਹੋਵੇਗੀ।

16 "ਵੇਖੋ, ਮੈਂ ਤੁਹਾਨੂੰ ਭੇਡ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਤੁਸੀਂ ਸਾਵਧਾਨ ਰਹੋ! ਕਿਉਂਕਿ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੇ ਜਾਣਗੇ। 18 ਤੁਸੀਂ ਮੇਰੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਪਰ ਇਹ ਤੁਹਾਡੇ ਲਈ ਹਾਕਮਾਂ ਅਤੇ ਹੋਰ ਗ਼ੈਰ-ਯਹੂਦੀਆਂ ਨੂੰ ਮੇਰੇ ਬਾਰੇ ਗਵਾਹੀ ਦੇਣ ਦਾ ਮੌਕਾ ਹੋਵੇਗਾ। 19 ਪਰ ਜਦੋਂ ਤੁਹਾਨੂੰ ਉਹ ਫੜਵਾਉਣ, ਤਾਂ ਚਿੰਤਾ ਨਾ ਕਰਨਾ ਕਿ ਅਸੀਂ ਕਿਵੇਂ ਜਾਂ ਕੀ ਬੋਲਾਂਗੇ। ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵਕਤ ਬਖ਼ਸ਼ੀ ਜਾਵੇਗੀ। 20 ਇਹ ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਹੋਵੇਗਾ ਜਿਹੜਾ ਤੁਹਾਡੇ ਵਿੱਚੋਂ ਬੋਲੇਗਾ।

21 "ਭਰਾ ਆਪਣੇ ਭਰਾ ਨੂੰ ਅਤੇ ਪਿਤਾ ਆਪਣੇ ਪੁੱਤਰ ਨੂੰ ਮੌਤ ਲਈ ਫੜਵਾਏਗਾ; ਅਤੇ ਬੱਚੇ ਆਪਣੇ ਮਾਂ-ਪਿਉ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ। 22 ਅਤੇ ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਂਗਾ ਪਰ ਹਰ ਕੋਈ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ। 23 ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ, ਤਾਂ ਤੁਸੀਂ ਦੂਜੇ ਸ਼ਹਿਰ ਵਿੱਚ ਭੱਜ ਜਾਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਮਨੁੱਖ ਦਾ ਪੁੱਤਰ ਤੁਹਾਡੇ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਪਹੁੰਚਣ ਤੋਂ ਪਹਿਲਾਂ ਵਾਪਸ ਆ ਜਾਵੇਗਾ।

24 "ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ, ਨਾ ਨੌਕਰ ਆਪਣੇ ਮਾਲਕ ਨਾਲੋਂ। 25 ਇਹ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇ ਘਰ ਦੇ ਮੁਖੀ ਨੂੰ ਬੇਲਜ਼ਬੂਲ ਆਖਿਆ ਜਾਵੇ, ਤਾਂ ਘਰ ਦੇ ਮੈਂਬਰਾਂ ਨੂੰ ਹੋਰ ਵੀ ਮਾੜੇ ਨਾਵਾਂ ਨਾਲ ਬੁਲਾਇਆ ਜਾਵੇਗਾ!

26 "ਇਸ ਲਈ ਉਹਨਾਂ ਕੋਲੋਂ ਨਾ ਡਰੋ, ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ ਜਾਂ ਲੁਕਿਆ ਹੋਇਆ ਕੋਈ ਭੇਤ ਨਹੀਂ ਜੋ ਖੋਲ੍ਹਿਆ ਨਾ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾ ਨਾਲ ਸੁਣਦੇ ਹੋ ਕੋਠਿਆ ਉੱਤੇ ਉਸਦਾ ਪ੍ਰਚਾਰ ਕਰੋ। 28 ਅਤੇ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਨਾਸ਼ ਕਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ, ਜਿਹੜਾ ਸਰੀਰ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ। 29 ਕੀ ਦੋ ਚਿੜੀਆਂ ਇੱਕ ਪੈਸੇ ਦੀਆਂਂ ਨਹੀਂ ਵਿਕਦੀਆਂ? ਪਰ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ। 30 ਸਗੋਂ ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। 31 ਇਸ ਲਈ ਨਾ ਡਰੋ; ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।"

32 ਜੇ ਕੋਈ ਮਨੁੱਖਾਂ ਦੇ ਸਾਹਮਣੇ ਮੈਨੂੰ ਸਵੀਕਾਰ ਕਰਦਾ ਹੈ, ਮੈਂ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਉਸਨੂੰ ਸਵੀਕਾਰ ਕਰਾਂਗਾ। 33 ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਂਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਨਕਾਰ ਕਰਾਂਗਾ।

34 "ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ। ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ। 35 ਕਿਉਂਕਿ ਮੈਂ ਇਸ ਲਈ ਆਇਆ ਹਾਂ,

" ‘ਬੇਟੇ ਨੂੰ ਉਸਦੇ ਪਿਤਾ ਦੇ ਵਿਰੁੱਧ,

ਧੀ ਨੂੰ ਉਸਦੀ ਮਾਂ ਦੇ ਵਿਰੁੱਧ,

ਅਤੇ ਨੂੰਹ ਨੂੰ ਉਸਦੀ ਸੱਸ ਦੇ ਵਿਰੁੱਧ ਕਰਾਂ।

36 ਮਨੁੱਖ ਦੇ ਦੁਸ਼ਮਣ ਉਸਦੇ ਘਰ ਵਾਲੇ ਹੀ ਹੋਣਗੇ।’

37 "ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮੇਰਾ ਚੇਲਾ ਬਣਨ ਯੋਗ ਨਹੀਂ ਹੈ ਅਤੇ ਜਿਹੜਾ ਵੀ ਵਿਅਕਤੀ ਆਪਣੇ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਉਹ ਵੀ ਮੇਰਾ ਚੇਲਾ ਬਣਨ ਦੇ ਯੋਗ ਨਹੀਂ ਹੈ। 38 ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਉਹ ਮੇਰੇ ਯੋਗ ਨਹੀਂ ਹੈ। 39 ਜੇ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸਨੂੰ ਗੁਆ ਦੇਵੇਗਾ ਅਤੇ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸਨੂੰ ਪਾ ਲਵੇਗਾ।

40 "ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। 41 ਜਿਹੜਾ ਵੀ ਇੱਕ ਨਬੀ ਨੂੰ ਨਬੀ ਦੇ ਰੂਪ ਵਿੱਚ ਸਵਾਗਤ ਕਰਦਾ ਹੈ ਉਹ ਨਬੀ ਦਾ ਫ਼ਲ ਪ੍ਰਾਪਤ ਕਰੇਂਗਾ ਅਤੇ ਜਿਹੜਾ ਵੀ ਇੱਕ ਧਰਮੀ ਵਿਅਕਤੀ ਨੂੰ ਇੱਕ ਧਰਮੀ ਵਜੋਂ ਸਵਾਗਤ ਕਰਦਾ ਹੈ, ਉਸਨੂੰ ਇੱਕ ਧਰਮੀ ਵਿਅਕਤੀ ਦਾ ਫ਼ਲ ਮਿਲੇਗਾ। 42 ਅਤੇ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਚੇਲੇ ਨੂੰ ਮੇਰੇ ਨਾਮ ਦੇ ਕਾਰਨ ਸਿਰਫ ਇੱਕ ਠੰਡਾ ਗਿਲਾਸ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਵਿਅਕਤੀ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-