1 ਯਿਸ਼ੂ ਹੈਕਲ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਜਦੋਂ ਉਹ ਦੇ ਚੇਲੇ ਉਸ ਕੋਲ ਆਏ ਤਾਂ ਜੋ ਹੈਕਲ ਦੀਆਂ ਇਮਾਰਤਾਂ ਉਸ ਨੂੰ ਵਿਖਾਲਣ। 2 ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਕੀ ਤੁਸੀਂ ਇਹ ਹੈਕਲ ਵੇਖਦੇ ਹੋ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਇੱਕ ਵੀ ਪੱਥਰ ਦੂਸਰੇ ਤੇ ਨਹੀਂ ਛੱਡਿਆ ਜਾਵੇਗਾ; ਹਰ ਇੱਕ ਜ਼ਮੀਨ ਉੱਤੇ ਸੁੱਟ ਦਿੱਤਾ ਜਾਵੇਗਾ।"
3 ਜਦੋਂ ਯਿਸ਼ੂ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਸੀ, ਤਾਂ ਚੇਲੇ ਉਸ ਦੇ ਕੋਲ ਨਿੱਜੀ ਤੌਰ ਤੇ ਆਏ ਅਤੇ ਉਹਨਾਂ ਨੇ ਕਿਹਾ, "ਸਾਨੂੰ ਦੱਸੋ, ਇਹ ਘਟਨਾਵਾਂ ਕਦੋਂ ਹੋਣਗੀਆਂ ਅਤੇ ਤੁਹਾਡੇ ਆਉਣਾ ਅਤੇ ਸੰਸਾਰ ਦੇ ਅੰਤ ਦੇ ਕੀ ਚਿੰਨ੍ਹ ਹੋਣਗੇ?"
4 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: "ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। 5 ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਇਹ ਦਾਵਾ ਕਰਨਗੇ, ‘ਮੈਂ ਮਸੀਹ ਹਾਂ,’ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 6 ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂਂ ਅਫਵਾਹਾਂ ਸੁਣੋਗੇ, ਪਰ ਸਾਵਧਾਨ ਤੁਸੀਂ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਅਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ। 7 ਕੌਮ-ਕੌਮ ਦੇ ਵਿਰੁੱਧ ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ ਅਤੇ ਥਾਂ-ਥਾਂ ਤੇ ਕਾਲ ਪੈਣਗੇ ਅਤੇ ਭੁਚਾਲ ਆਉਣਗੇ। 8 ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਵੇਗਾ।
9 "ਫਿਰ ਤੁਹਾਨੂੰ ਸਤਾਇਆ ਜਾਵੇਗਾ ਅਤੇ ਤੁਹਾਨੂੰ ਮਾਰ ਦਿੱਤਾ ਜਾਵੇਗਾ ਅਤੇ ਮੇਰੇ ਨਾਮ ਦੇ ਕਾਰਨ ਸਾਰੇ ਲੋਕ ਤੁਹਾਡੇ ਨਾਲ ਨਫ਼ਰਤ ਕਰਨਗੇ। 10 ਉਸ ਸਮੇਂ ਬਹੁਤ ਸਾਰੇ ਲੋਕ ਵਿਸ਼ਵਾਸ ਤੋਂ ਮੁੜ ਜਾਣਗੇ ਅਤੇ ਹਰ ਇੱਕ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਸਰੇ ਨਾਲ ਨਫ਼ਰਤ ਕਰਨਗੇ, 11 ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 12 ਬੁਰਾਈ ਦੇ ਵਧਣ ਕਾਰਨ, ਬਹੁਤਿਆਂ ਦਾ ਪਿਆਰ ਠੰਡਾ ਹੁੰਦਾ ਜਾਵੇਗਾ। 13 ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਬਚਾਇਆ ਜਾਵੇਗਾ। 14 ਅਤੇ ਰਾਜ ਦੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਸਾਰੇ ਰਾਸ਼ਟਰਾਂ ਵਿੱਚ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਫਿਰ ਅੰਤ ਆਵੇਗਾ।
15 "ਇਸ ਲਈ ਜਦੋਂ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਸੀ, ਪਵਿੱਤਰ ਸਥਾਨ ਵਿੱਚ ਖੜ੍ਹੀ ਵੇਖੋਗੇ। ਪੜ੍ਹਨ ਵਾਲਾ ਸਮਝ ਲਵੇ। 16 ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 17 ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 18 ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 19 ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ! 20 ਪ੍ਰਾਰਥਨਾ ਕਰੋ, ਕਿ ਤੁਹਾਨੂੰ ਸਿਆਲ ਜਾ ਸਬਤ ਤੇ ਨਾ ਭੱਜਣਾ ਪਵੇ। 21 ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ।
22 "ਜੇ ਉਹ ਦੁੱਖਾ ਦੇ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਆਦਮੀ ਨਾ ਬਚਦਾ ਪਰ ਚੁਣਿਆ ਹੋਇਆ ਦੇ ਕਾਰਨ ਉਹ ਦਿਨ ਘਟਾਏ ਜਾਣਗੇ। 23 ਉਸ ਸਮੇਂ ਜੇ ਕੋਈ ਤੁਹਾਨੂੰ ਕਹੇ ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਉਹ ਉੱਥੇ ਹੈ!’ ਤਾਂ ਵਿਸ਼ਵਾਸ ਨਾ ਕਰਨਾ। 24 ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਵੱਡੇ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ। 25 ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ।
26 "ਇਸ ਲਈ ਜੇ ਕੋਈ ਵੀ ਤੁਹਾਨੂੰ ਆਖੇ, ‘ਉਹ ਉੱਥੇ ਹੈ, ਬਾਹਰ ਉਜਾੜ ਵਿੱਚ,’ ਤਾਂ ਬਾਹਰ ਨਾ ਜਾਣਾ; ਜਾਂ ਕਹਿਣ, ‘ਕਿ ਉਹ ਇੱਥੇ ਹੈ, ਅੰਦਰਲਿਆਂ ਕਮਰਿਆ ਵਿੱਚ,’ ਤਾਂ ਵੀ ਵਿਸ਼ਵਾਸ ਨਾ ਕਰਨਾ। 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਪੂਰਬ ਦਿਸ਼ਾ ਵੱਲੋਂ ਚਮਕਦੀ ਪੱਛਮ ਵੱਲੋਂ ਦਿਖਦੀ ਹੈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28 ਗਿਰਝਾਂ ਉੱਥੇ ਇਕੱਠੀਆਂ ਹੁੰਦੀਆਂ ਹਨ ਜਿੱਥੇ ਵੀ ਲਾਸ਼ਾ ਹਨ।
29 "ਉਹਨਾਂ ਦਿਨਾਂ ਦੇ ਕਸ਼ਟ ਤੋਂ ਬਾਅਦ,
" ‘ਸੂਰਜ ਹਨੇਰਾ ਹੋ ਜਾਵੇਗਾ,
ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;
ਤਾਰੇ ਅਕਾਸ਼ ਤੋਂ ਡਿੱਗ ਪੈਣਗੇ,
ਅਤੇ ਅਕਾਸ਼ ਦੀਆਂਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’
30 "ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪ੍ਰਗਟ ਹੋਵੇਗਾ ਅਤੇ ਤਦ ਧਰਤੀ ਦੇ ਸਾਰੇ ਲੋਕ ਸੋਗ ਕਰਨਗੇ ਜਦੋਂ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਸਵਰਗ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 31 ਅਤੇ ਉਹ ਆਪਣੇ ਦੂਤਾਂ ਨੂੰ ਇੱਕ ਉੱਚੀ ਤੁਰ੍ਹੀ ਦੀ ਆਵਾਜ਼ ਦੇ ਨਾਲ ਭੇਜੇਗਾ ਅਤੇ ਉਹ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਦਿਸ਼ਾਵਾ ਤੋਂ, ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠੇ ਕਰਨਗੇ।
32 "ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 33 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ, ਸਗੋਂ ਦਰਵਾਜ਼ੇ ਉੱਤੇ ਹੈ। 34 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 35 ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਸ਼ਬਦ ਕਦੇ ਵੀ ਨਹੀਂ ਟਲਣਗੇ।
36 "ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਸਿਰਫ ਪਿਤਾ ਜਾਣਦਾ ਹੈ। 37 ਜਿਸ ਤਰ੍ਹਾਂ ਨੋਹ ਦੇ ਦਿਨਾਂ ਵਿੱਚ ਹੋਇਆ ਸੀ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਪ੍ਰਕਾਰ ਹੋਵੇਗਾ। 38 ਜਿਸ ਤਰ੍ਹਾਂ ਹੜ੍ਹ ਤੋਂ ਪਹਿਲਾਂ ਦੇ ਦਿਨਾਂ ਵਿੱਚ, ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਵਾਉਂਦੇ ਸਨ, ਜਦ ਤੱਕ ਨੋਹ ਕਿਸ਼ਤੀ ਵਿੱਚ ਨਾ ਚੜ੍ਹਿਆ; 39 ਅਤੇ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਕੀ ਹੋਵੇਗਾ ਜਦੋਂ ਤੱਕ ਹੜ੍ਹ ਨਹੀਂ ਆਇਆ ਅਤੇ ਉਹਨਾਂ ਸਾਰਿਆਂ ਨੂੰ ਰੋੜ੍ਹ ਲੈ ਗਿਆ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ। 40 ਉਸ ਸਮੇਂ ਦੋ ਆਦਮੀ ਖੇਤ ਵਿੱਚ ਕੰਮ ਕਰ ਰਹੇ ਹੋਣਗੇ; ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੇ ਨੂੰ ਛੱਡ ਦਿੱਤਾ ਜਾਵੇਗਾ। 41 ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ ਇੱਕ ਨੂੰ ਉੱਠਾ ਲਿਆ ਜਾਵੇਗਾ ਅਤੇ ਦੂਸਰੀ ਨੂੰ ਛੱਡ ਦਿੱਤਾ ਜਾਵੇਗਾ।
42 "ਇਸ ਲਈ ਜਾਗਦੇ ਰਹੋ। ਕਿਉਂਕਿ ਤੁਸੀਂ ਉਸ ਦਿਨ ਨੂੰ ਨਹੀਂ ਜਾਣਦੇ ਕਿ ਤੁਹਾਡੇ ਪ੍ਰਭੂ ਦਾ ਆਉਣਾ ਕਦੋਂ ਹੋਵੇਗਾ। 43 ਪਰ ਇਸ ਨੂੰ ਸਮਝੋ: ਜੇ ਘਰ ਦੇ ਮਾਲਕ ਨੂੰ ਇਹ ਪਤਾ ਹੋਵੇ ਕਿ ਚੋਰ ਰਾਤ ਦੇ ਕਿਸ ਸਮੇਂ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਦੀ ਚੋਰੀ ਨਾ ਹੋਣ ਦਿੰਦਾ। 44 ਇਸ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਮਨੁੱਖ ਦੇ ਪੁੱਤਰ ਦਾ ਆਉਣਾ ਅਜਿਹੇ ਸਮੇਂ ਹੋਵੇਗਾ ਜਿਸ ਦਾ ਤੁਹਾਨੂੰ ਖਿਆਲ ਵੀ ਨਹੀਂ ਹੋਵੇਗਾ।
45 "ਕੌਣ ਹੈ ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਕਿ ਸਹੀ ਸਮੇਂ ਤੇ ਉਹਨਾਂ ਨੂੰ ਭੋਜਨ ਦੇਵੇ? 46 ਮੁਬਾਰਕ ਹੈ ਉਹ ਨੌਕਰ ਜਿਸਦਾ ਮਾਲਕ ਉਸਨੂੰ ਅਜਿਹਾ ਕਰਦਿਆਂ ਵੇਖੇ ਜਦੋਂ ਉਹ ਵਾਪਸ ਆਵੇ। 47 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਉਸਨੂੰ ਆਪਣੀ ਸਾਰੀ ਸਪੰਤੀ ਉੱਤੇ ਅਧਿਕਾਰੀ ਠਹਿਰਾਵੇਗਾ। 48 ਪਰ ਮੰਨ ਲਓ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਕਹੇ, ‘ਮੇਰਾ ਮਾਲਕ ਆਉਣ ਵਿੱਚ ਕਾਫ਼ੀ ਸਮਾਂ ਲਾਉਂਦਾ ਹੈ,’ 49 ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। 50 ਅਤੇ ਉਸ ਨੌਕਰ ਦਾ ਮਾਲਕ ਇੱਕ ਦਿਨ ਆਵੇਗਾ, ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਅਤੇ ਉਸ ਸਮੇਂ ਬਾਰੇ ਉਸਨੂੰ ਪਤਾ ਵੀ ਨਹੀਂ ਹੋਵੇਗਾ। 51 ਤਾਂ ਮਾਲਕ ਉਸ ਨੌਕਰ ਨੂੰ ਟੁਕੜਿਆਂ ਵਿੱਚ ਕੱਟ ਦੇਵੇਗਾ ਅਤੇ ਉਸਨੂੰ ਕਪਟੀਆਂ ਨਾਲ ਇੱਕ ਜਗ੍ਹਾ ਦੇਵੇਗਾ, ਜਿੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ।"