1 ਇਕੱਠੀ ਹੋ ਰਹੀ ਭੀੜ ਨੂੰ ਵੇਖ ਕੇ ਯਿਸ਼ੂ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਤਾਂ ਚੇਲੇ ਉਸ ਕੋਲ ਆਏ, 2 ਤਾਂ ਉਹ ਚੇਲਿਆਂ ਨੂੰ ਇਹ ਉਪਦੇਸ਼ ਦੇਣ ਲੱਗਾ।
ਉਸ ਨੇ ਕਿਹਾ:
3 "ਮੁਬਾਰਕ ਹਨ ਉਹ ਜਿਹੜੇ ਦਿਲਾਂ ਦੇ ਗ਼ਰੀਬ ਹਨ,
ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ।
4 ਮੁਬਾਰਕ ਹਨ ਉਹ ਜਿਹੜੇ ਸੋਗ ਕਰਦੇ ਹਨ,
ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।
5 ਮੁਬਾਰਕ ਹਨ ਉਹ ਜਿਹੜੇ ਹਲੀਮ ਹਨ,
ਕਿਉਂ ਜੋ ਉਹ ਧਰਤੀ ਦੇ ਵਾਰਸ ਹੋਣਗੇ।
6 ਮੁਬਾਰਕ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ,
ਕਿਉਂ ਜੋ ਉਹ ਰਜਾਏ ਜਾਣਗੇ।
7 ਮੁਬਾਰਕ ਹਨ ਉਹ ਜਿਹੜੇ ਦਿਆਲੂ ਹਨ,
ਕਿਉਂ ਜੋ ਉਹਨਾਂ ਉੱਤੇ ਦਯਾ ਕੀਤੀ ਜਾਵੇਗੀ।
8 ਮੁਬਾਰਕ ਹਨ ਉਹ ਜਿਹੜੇ ਸ਼ੁੱਧ ਮਨ ਵਾਲੇ ਹਨ,
ਕਿਉਂ ਜੋ ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ।
9 ਮੁਬਾਰਕ ਹਨ ਉਹ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ
ਕਿਉਂ ਜੋ ਉਹ ਪਰਮੇਸ਼ਵਰ ਦੇ ਧੀਆਂ ਅਤੇ ਪੁੱਤਰ ਅਖਵਾਉਣਗੇ।
10 ਮੁਬਾਰਕ ਹਨ ਉਹ ਜਿਹੜੇ ਧਰਮ ਦੇ ਲਈ ਸਤਾਏ ਜਾਂਦੇ ਹਨ
ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ।
11 "ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆ ਗੱਲਾਂ ਬੋਲਣ ਅਤੇ ਤੁਹਾਡੇ ਉੱਤੇ ਝੂਠੇ ਦੋਸ਼ ਲਾਉਣ। 12 ਅਨੰਦਿਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੋਵੇਗਾ, ਕਿਉਂਕਿ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨਾਲ ਵੀ ਇਸੇ ਹੀ ਤਰ੍ਹਾਂ ਕੀਤਾ ਸੀ।
13 "ਤੁਸੀਂ ਧਰਤੀ ਦੇ ਨਮਕ ਹੋ। ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਉਹ ਫਿਰ ਵਰਤਣ ਦੇ ਯੋਗ ਨਹੀਂ ਰਹਿੰਦਾ ਅਤੇ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠਾਂ ਮਿੱਧਿਆ ਜਾਂਦਾ ਹੈ।
14 "ਤੁਸੀਂ ਸੰਸਾਰ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਕਦੇ ਛੁਪਿਆ ਨਹੀਂ ਰਹਿ ਸਕਦਾ। 15 ਕੋਈ ਵੀ ਦੀਵਾ ਬਾਲ ਕੇ ਕਟੋਰੇ ਹੇਠਾਂ ਨਹੀਂ ਰੱਖਦਾ ਅਰਥਾਤ ਉਸ ਨੂੰ ਉੱਚੇ ਥਾਂ ਉੱਤੇ ਰੱਖਿਆ ਜਾਦਾਂ ਹੈ ਤਾਂ ਜੋ ਜਿਹੜੇ ਘਰ ਵਿੱਚ ਹਨ ਉਹਨਾਂ ਨੂੰ ਚਾਨਣ ਦੇਵੇ। 16 ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਸਾਹਮਣੇ ਅਜਿਹਾ ਚਮਕੇ, ਤਾਂ ਜੋ ਉਹ ਤੁਹਾਡੇ ਚੰਗੇ ਕੰਮ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਵਡਿਆਈ ਕਰਨ ਜਿਹੜਾ ਸਵਰਗ ਵਿੱਚ ਹੈ।
17 "ਇਹ ਨਾ ਸੋਚੋ ਕਿ ਮੈਂ ਬਿਵਸਥਾ ਜਾਂ ਭਵਿੱਖਬਾਣੀਆ ਨੂੰ ਰੱਦ ਕਰਨ ਆਇਆ ਹਾਂ; ਮੈਂ ਰੱਦ ਕਰਨ ਨਹੀਂ ਸਗੋਂ ਉਹਨਾਂ ਨੂੰ ਪੂਰਿਆ ਕਰਨ ਆਇਆ ਹਾਂ। 18 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜਦੋਂ ਤੱਕ ਸਵਰਗ ਅਤੇ ਧਰਤੀ ਟਲ ਨਾ ਜਾਣ, ਬਿਵਸਥਾ ਦਾ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਾ ਟਲੇਗੀ, ਜਦ ਤੱਕ ਸਭ ਕੁਝ ਪੂਰਾ ਨਾ ਹੋ ਜਾਵੇ। 19 ਇਸ ਲਈ ਇਨ੍ਹਾਂ ਸਭਨਾਂ ਵਿੱਚੋਂ ਜੇ ਕੋਈ ਛੋਟੇ ਤੋਂ ਛੋਟੇ ਹੁਕਮ ਦੀ ਵੀ ਉਲੰਘਣਾ ਕਰੇ ਅਤੇ ਇਸੇ ਤਰ੍ਹਾਂ ਦੂਸਰਿਆਂ ਨੂੰ ਵੀ ਸਿਖਾਵੇ ਸਵਰਗ ਰਾਜ ਵਿੱਚ ਸਾਰਿਆਂ ਨਾਲੋਂ ਛੋਟਾ ਕਹਾਵੇਗਾ, ਪਰੰਤੂ ਜਿਹੜਾ ਇਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਕੇ ਸਿਖਾਵੇ ਉਹ ਸਵਰਗ ਰਾਜ ਵਿੱਚ ਮਹਾਨ ਹੋਵੇਗਾ। 20 ਮੈਂ ਤੁਹਾਨੂੰ ਇਸ ਸਚਿਆਈ ਬਾਰੇ ਵੀ ਦੱਸ ਦਿੰਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ ਉਪਦੇਸ਼ਕਾ ਅਤੇ ਫ਼ਰੀਸੀਆਂ ਦੇ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਿਸੇ ਵੀ ਤਰ੍ਹਾਂ ਨਾਲ ਨਹੀਂ ਜਾਵੋਂਗੇ।
21 "ਤੁਸੀਂ ਇਹ ਸੁਣ ਹੀ ਚੁੱਕੇ ਹੋ ਬਹੁਤ ਸਮਾਂ ਪਹਿਲਾਂ ਕਿਹਾ ਗਿਆ ਸੀ, ‘ਕਿ ਤੂੰ ਕਿਸੇ ਮਨੁੱਖ ਦਾ ਕਤਲ ਨਾ ਕਰਨਾ ਅਤੇ ਜੇ ਕੋਈ ਕਤਲ ਕਰਦਾ ਹੈ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ।’ 22 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਹਰੇਕ ਜੋ ਆਪਣੇ ਭਰਾ-ਭੈਣ ਉੱਤੇ ਗੁੱਸਾ ਕਰਦਾ ਹੈ ਉਹ ਅਦਾਲਤ ਵਿੱਚ ਸਜ਼ਾ ਪਾਵੇਗਾ। ਅਤੇ ਜਿਹੜਾ ਆਪਣੇ ਭਰਾ ਨੂੰ ਜਾ ਭੈਣ ਨੂੰ ਗਾਲ ਕੱਢੇ, ਉਹ ਵੀ ਅਦਾਲਤ ਵਿੱਚ ਸਜ਼ਾ ਦਾ ਭਾਗੀਦਾਰ ਹੋਵੇਗਾ। ਪਰ ਜਿਹੜਾ ਵੀ ਆਖਦਾ ਹੈ, ਹੇ ਮੂਰਖ! ਉਹ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।
23 "ਇਸ ਲਈ ਜਦੋਂ ਤੁਸੀਂ ਜਗਵੇਦੀ ਉੱਤੇ ਭੇਂਟ ਚੜ੍ਹਾਉਣ ਲਈ ਜਾਉ ਅਤੇ ਉੱਥੇ ਤੁਹਾਨੂੰ ਇਹ ਯਾਦ ਆ ਜਾਵੇ ਕਿ ਤੁਹਾਡੇ ਭਰਾ-ਭੈਣ ਦੇ ਮਨ ਵਿੱਚ ਤੁਹਾਡੇ ਲਈ ਗੁੱਸਾ ਹੈ, 24 ਤਾਂ ਉੱਥੇ ਆਪਣੀ ਭੇਂਟ ਜਗਵੇਦੀ ਦੇ ਸਾਹਮਣੇ ਰੱਖ ਕੇ ਅਤੇ ਪਹਿਲਾਂ ਆਪਣੇ ਭਰਾ ਨਾਲ ਜਾ ਕੇ ਮੇਲ-ਮਿਲਾਪ ਕਰ ਫਿਰ ਆ ਕੇ ਆਪਣੀ ਭੇਂਟ ਚੜ੍ਹਾ।
25 "ਜੇ ਤੁਹਾਡਾ ਵਿਰੋਧੀ ਤੁਹਾਨੂੰ ਅਦਾਲਤ ਵਿੱਚ ਲੈ ਜਾ ਰਿਹਾ ਹੋਵੇ। ਤਾਂ ਰਸਤੇ ਵਿੱਚ ਹੀ ਛੇਤੀ ਉਸ ਨਾਲ ਸੁਲ੍ਹਾ ਕਰ ਲਓ ਇਸ ਤਰ੍ਹਾਂ ਨਾ ਹੋਵੇ ਉਹ ਤੁਹਾਨੂੰ ਜੱਜ ਦੇ ਹਵਾਲੇ ਕਰੇ ਅਤੇ ਜੱਜ ਤੁਹਾਨੂੰ ਅਧਿਕਾਰੀ ਦੇ ਹਵਾਲੇ ਕਰੇ ਅਤੇ ਤੁਹਾਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਵੇ। 26 ਮੈਂ ਤੈਨੂੰ ਸੱਚ ਕਹਿੰਦਾ ਹਾਂ, ਕਿ ਜਦੋਂ ਤੱਕ ਤੂੰ ਇੱਕ-ਇੱਕ ਸਿੱਕਾ ਨਾ ਭਰ ਦੇਵੇ ਉਦੋਂ ਤੱਕ ਤੂੰ ਕਿਸੇ ਵੀ ਤਰ੍ਹਾਂ ਨਾਲ ਉੱਥੋਂ ਨਾ ਛੁੱਟੇਂਗਾ।
27 "ਤੁਸੀਂ ਇਹ ਸੁਣ ਹੀ ਚੁੱਕੇ ਹੋ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਵਿਭਚਾਰ ਨਾ ਕਰਨਾ।’ 28 ਪਰੰਤੂ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਇੱਕ, ਜੋ ਕਿਸੇ ਔਰਤ ਨੂੰ ਬੁਰੀ ਇੱਛਾ ਨਾਲ ਵੀ ਵੇਖਦਾ ਹੈ ਉਹ ਉਸੇ ਵਕਤ ਹੀ ਉਸ ਨਾਲ ਆਪਣੇ ਮਨ ਵਿੱਚ ਵਿਭਚਾਰ ਕਰ ਚੁੱਕਾ ਹੈ। 29 ਅਗਰ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਓ। ਕਿਉਂ ਜੋ ਤੇਰੇ ਲਈ ਇਹੋ ਚੰਗਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇਂ। 30 ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਕਿਉਂ ਜੋ ਤੁਹਾਡੇ ਲਈ ਇਹ ਚੰਗਾ ਹੈ ਕਿ ਤੁਹਾਡੇ ਇੱਕ ਅੰਗ ਦਾ ਨਾਸ ਹੋ ਜਾਵੇ ਪਰ ਤੁਹਾਡਾ ਸਰੀਰ ਨਰਕ ਵਿੱਚ ਨਾ ਸੁੱਟਿਆ ਜਾਵੇ।
31 "ਇਹ ਵੀ ਕਿਹਾ ਗਿਆ ਸੀ, ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦੇਵੇ, ਉਹ ਉਸ ਨੂੰ ਤਲਾਕ-ਨਾਮਾ ਲਿਖ ਕੇ ਦੇਵੇ।’ 32 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਤਲਾਕ ਦੇਵੇ ਉਹ ਉਸ ਕੋਲੋਂ ਵਿਭਚਾਰ ਕਰਵਾਉਂਦਾ ਹੈ ਅਤੇ ਜੋ ਕੋਈ ਉਸ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰੇ ਸੋ ਵਿਭਚਾਰ ਕਰਦਾ ਹੈ।
33 "ਤੁਸੀਂ ਸੁਣਿਆ ਹੈ ਜੋ ਬਹੁਤ ਸਮਾਂ ਪਹਿਲਾਂ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਕਿ ਤੁਸੀਂ ਝੂਠੀ ਸਹੁੰ ਨਾ ਖਾਣਾ ਪਰ ਪ੍ਰਭੂ ਦੇ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ।’ 34 ਪਰੰਤੂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਦੇ ਵੀ ਸਹੁੰ ਨਾ ਖਾਓ: ਨਾ ਸਵਰਗ ਦੀ, ਕਿਉਂਕਿ ਉਹ ਪਰਮੇਸ਼ਵਰ ਦਾ ਸਿੰਘਾਸਣ ਹੈ; 35 ਨਾ ਧਰਤੀ ਦੀ, ਕਿਉਂ ਜੋ ਉਹ ਪਰਮੇਸ਼ਵਰ ਦੇ ਪੈਰ ਰੱਖਣ ਦੀ ਜਗ੍ਹਾ ਹੈ; ਅਤੇ ਨਾ ਯੇਰੂਸ਼ਲੇਮ ਦੀ, ਕਿਉਂ ਜੋ ਉਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਨਾ ਹੀ ਆਪਣੇ ਸਿਰ ਦੀ ਸਹੁੰ ਖਾਓ, ਕਿਉਂ ਜੋ ਨਾ ਇੱਕ ਵਾਲ ਨੂੰ ਤੁਸੀਂ ਸਫ਼ੇਦ ਕਰ ਸਕਦੇ ਹੋ ਅਤੇ ਨਾ ਹੀ ਕਾਲਾ ਕਰ ਸਕਦੇ ਹੋ। 37 ਪਰੰਤੂ ਤੁਹਾਡੀ ‘ਹਾਂ ਦੀ ਹਾਂ’ ਅਤੇ ‘ਨਾਂਹ ਦੀ ਨਾਂਹ’ ਹੋਵੇ; ਜੋ ਇਸ ਤੋਂ ਵੱਧ ਹੈ ਉਹ ਦੁਸ਼ਟ ਵੱਲੋਂ ਹੁੰਦਾ ਹੈ।
38 "ਤੁਸੀਂ ਸੁਣਿਆ ਹੋਵੇਗਾ ਜੋ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ 39 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਬੁਰੇ ਵਿਅਕਤੀ ਦਾ ਸਾਹਮਣਾ ਹੀ ਨਾ ਕਰੋ ਜੇ ਕੋਈ ਤੁਹਾਡੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਤੂੰ ਦੂਸਰੀ ਗੱਲ੍ਹ ਵੀ ਉਸ ਦੇ ਵੱਲ ਕਰਦੇ। 40 ਜੇ ਕੋਈ ਤੁਹਾਡੇ ਉੱਤੇ ਮੁਕੱਦਮਾ ਕਰਕੇ ਤੁਹਾਡੀ ਕਮੀਜ਼ ਲੈਣਾ ਚਾਹੇ ਤਾਂ ਉਸ ਨੂੰ ਚੋਗਾ ਵੀ ਦੇ ਦਿਓ। 41 ਜੇ ਤੁਹਾਨੂੰ ਕੋਈ ਇੱਕ ਕਿਲੋਮੀਟਰ ਚੱਲਣ ਲਈ ਮਜਬੂਰ ਕਰੇ ਤਾਂ ਉਸ ਨਾਲ ਦੋ ਕਿਲੋਮੀਟਰ ਤੱਕ ਜਾਓ। 42 ਜੇ ਕੋਈ ਤੁਹਾਡੇ ਕੋਲੋਂ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ। ਅਗਰ ਤੁਹਾਡੇ ਕੋਲੋਂ ਕੋਈ ਉਧਾਰ ਲੈਣਾ ਚਾਹੁੰਦਾ ਹੈ, ਤਾਂ ਉਸ ਤੋਂ ਮੂੰਹ ਨਾ ਮੋੜੋ।
43 "ਤੁਸੀਂ ਇਹ ਤਾਂ ਸੁਣਿਆ ਹੈ ਜੋ ਕਿਹਾ ਗਿਆ ਸੀ, ‘ਕਿ ਤੁਸੀਂ ਆਪਣੇ ਗੁਆਂਢੀ ਨਾਲ ਪਿਆਰ ਕਰੋ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ। 45 ਤਾਂ ਜੋ ਤੁਸੀਂ ਆਪਣੇ ਸਵਰਗੀ ਪਿਤਾ ਦੀ ਸੰਤਾਨ ਹੋਵੋ। ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਭਲਿਆਂ ਤੇ ਚੜ੍ਹਾਉਂਦਾ ਹੈ ਅਤੇ ਇਸੇ ਪ੍ਰਕਾਰ ਉਹ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਾਉਂਦਾ ਹੈ। 46 ਜੇ ਤੁਸੀਂ ਸਿਰਫ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸਦਾ ਤੁਹਾਨੂੰ ਕੀ ਫ਼ਲ ਮਿਲੇਗਾ? ਕੀ ਚੁੰਗੀ ਲੈਣ ਵਾਲੇ ਵੀ ਇਸ ਤਰ੍ਹਾਂ ਨਹੀਂ ਕਰਦੇ? 47 ਅਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਕੀ ਪਰਾਈਆਂ ਕੌਮਾਂ ਦੇ ਲੋਕ ਇਸ ਤਰ੍ਹਾਂ ਨਹੀਂ ਕਰਦੇ ਹਨ? 48 ਇਸ ਲਈ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤੁਸੀਂ ਵੀ ਉਸੇ ਤਰ੍ਹਾਂ ਸੰਪੂਰਨ ਬਣੋ।