1 ਤੜਕੇ ਸਵੇਰੇ, ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸ਼ੂ ਨੂੰ ਜਾਨੋਂ ਮਾਰ ਦੇਣ ਦੀ ਯੋਜਨਾ ਬਣਾਈ। 2 ਇਸ ਲਈ ਉਹਨਾਂ ਨੇ ਉਸਨੂੰ ਬੰਨ੍ਹਿਆ ਅਤੇ ਪਿਲਾਤੁਸ ਰਾਜਪਾਲ ਦੇ ਹਵਾਲੇ ਕਰ ਦਿੱਤਾ।
3 ਤਦ ਯਹੂਦਾਹ ਜਿਸ ਨੇ ਉਸਨੂੰ ਫੜਵਾਇਆ ਸੀ, ਜਦੋਂ ਉਸ ਨੇ ਇਹ ਵੇਖਿਆ ਕਿ ਯਿਸ਼ੂ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾ ਕੋਲ ਮੋੜ ਲਿਆਇਆ। 4 ਅਤੇ ਬੋਲਿਆ, "ਮੈਂ ਪਾਪ ਕੀਤਾ ਹੈ, ਜੋ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ।"
ਪਰ ਉਹ ਬੋਲੇ, "ਸਾਨੂੰ ਕੀ? ਇਹ ਤੈਨੂੰ ਹੀ ਪਤਾ ਹੋਵੇ।"
5 ਸੋ ਯਹੂਦਾਹ ਪੈਸਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।
6 ਅਤੇ ਮੁੱਖ ਜਾਜਕਾਂ ਨੇ ਉਹ ਸਿੱਕੇ ਚੁੱਕ ਕੇ ਆਖਿਆ, "ਇਹਨਾਂ ਪੈਸਿਆ ਨੂੰ ਖ਼ਜਾਨੇ ਵਿੱਚ ਬਿਵਸਥਾ ਦੇ ਅਨੁਸਾਰ ਪਾਉਂਣਾ ਯੋਗ ਨਹੀਂ ਹੈ, ਕਿਉਂਕਿ ਇਹ ਲਹੂ ਦਾ ਮੁੱਲ ਹੈ।" 7 ਤਦ ਉਹਨਾਂ ਨੇ ਇਸ ਵਿਸ਼ੇ ਵਿੱਚ ਵਿਚਾਰ ਕੀਤਾ ਅਤੇ ਉਹਨਾਂ ਪੈਸਿਆ ਦਾ ਪਰਦੇਸੀਆਂ ਦੇ ਦੱਬਣ ਲਈ ਇੱਕ ਘੁਮਿਆਰ ਦਾ ਖੇਤ ਮੁੱਲ ਲੈ ਲਿਆ। 8 ਇਸੇ ਕਾਰਨ ਉਹ ਖੇਤ ਅੱਜ ਤੱਕ, "ਲਹੂ ਦਾ ਖੇਤ," ਦੇ ਨਾਮ ਨਾਲ ਜਾਣਿਆ ਜਾਂਦਾ ਹੈ। 9 ਤਦ ਜਿਹੜਾ ਵਚਨ ਯੇਰਮਿਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ ਪੂਰਾ ਹੋਇਆ: "ਉਹਨਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ, ਜਿਸਦਾ ਇਸਰਾਏਲ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ, 10 ਅਤੇ ਉਹਨਾਂ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ।"
11 ਯਿਸ਼ੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ ਅਤੇ ਰਾਜਪਾਲ ਨੇ ਪੁੱਛਿਆ, "ਕੀ ਤੂੰ ਯਹੂਦੀਆਂ ਦਾ ਰਾਜਾ ਹੈ?"
ਯਿਸ਼ੂ ਨੇ ਉਸਨੂੰ ਉੱਤਰ ਦਿੱਤਾ, "ਤੂੰ ਆਪ ਹੀ ਇਹ ਕਹਿ ਰਿਹਾ ਹੈਂ।"
12 ਜਦ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਯਿਸ਼ੂ ਉੱਤੇ ਦੋਸ਼ ਲਗਾਏ, ਤਾਂ ਯਿਸ਼ੂ ਨੇ ਕੋਈ ਜਵਾਬ ਨਾ ਦਿੱਤਾ। 13 ਤਦ ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, "ਕੀ ਤੂੰ ਨਹੀਂ ਸੁਣਦਾ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ?" 14 ਪਰ ਯਿਸ਼ੂ ਨੇ ਕਿਸੇ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਇੱਥੋਂ ਤੱਕ ਰਾਜਪਾਲ ਬਹੁਤ ਹੈਰਾਨ ਹੋਇਆ।
15 ਅਤੇ ਰਾਜਪਾਲ ਦਾ ਇਹ ਇੱਕ ਰਿਵਾਜ ਸੀ ਕਿ ਤਿਉਹਾਰ ਤੇ ਲੋਕਾਂ ਦੇ ਦੁਆਰਾ ਚੁਣੇ ਗਏ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ। 16 ਉਸ ਸਮੇਂ ਉੱਥੇ ਇੱਕ ਕੈਦੀ ਸੀ ਜਿਸ ਦਾ ਨਾਮ ਬਾਰ-ਅੱਬਾਸ ਸੀ। 17 ਜਦੋਂ ਭੀੜ ਇਕੱਠੀ ਹੋਈ ਸੀ ਤਾਂ ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ: ਬਾਰ-ਅੱਬਾਸ ਨੂੰ ਜਾ ਯਿਸ਼ੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?" 18 ਕਿਉਂਕਿ ਪਿਲਾਤੁਸ ਜਾਣਦਾ ਸੀ ਕਿ ਉਹਨਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ।
19 ਜਦੋਂ ਪਿਲਾਤੁਸ ਨਿਆਂ ਆਸਨ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਸਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ: "ਉਸ ਧਰਮੀ ਵਿਅਕਤੀ ਨਾਲ ਕੁਝ ਨਾ ਕਰਨਾ, ਕਿਉਂ ਜੋ ਮੈਂ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਵੇਖਿਆ।"
20 ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਲੋਕਾਂ ਨੂੰ ਭੜਕਾਇਆ ਜੋ ਬਾਰ-ਅੱਬਾਸ ਨੂੰ ਮੰਗੋ ਅਤੇ ਯਿਸ਼ੂ ਦੇ ਲਈ ਮੌਤ ਦੀ ਸਜ਼ਾ।
21 ਫਿਰ ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਦੋਨਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ?"
ਉਹਨਾਂ ਨੇ ਜਵਾਬ ਦਿੱਤਾ, "ਬਾਰ-ਅੱਬਾਸ ਨੂੰ।"
22 ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, "ਫਿਰ ਯਿਸ਼ੂ ਨਾਲ ਜਿਹੜਾ ਮਸੀਹ ਅਖਵਾਉਂਦਾ ਹੈ, ਕੀ ਕੀਤਾ ਜਾਵੇ?"
ਉਹਨਾਂ ਸਾਰਿਆਂ ਨੇ ਉੱਤਰ ਦਿੱਤਾ, "ਇਸਨੂੰ ਸਲੀਬ ਦਿਓ!"
23 ਤਦ ਪਿਲਾਤੁਸ ਨੇ ਪੁੱਛਿਆ, "ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?"
ਪਰ ਉਹਨਾਂ ਨੇ ਹੋਰ ਵੀ ਉੱਚੀ ਆਵਾਜ਼ ਵਿੱਚ ਕਿਹਾ, "ਇਸ ਨੂੰ ਸਲੀਬ ਤੇ ਚੜ੍ਹਾ ਦਿਓ!"
24 ਜਦ ਪਿਲਾਤੁਸ ਨੇ ਵੇਖਿਆ ਕਿ ਉਹ ਕੁਝ ਵੀ ਨਹੀਂ ਕਰ ਪਾ ਰਿਹਾ, ਸਗੋਂ ਰੌਲਾ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ, ਤਦ ਉਸਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਉਸਨੇ ਕਿਹਾ, "ਮੈਂ ਇਸਦੇ ਲਹੂ ਤੋਂ ਨਿਰਦੋਸ਼ ਹਾਂ, ਤੁਸੀਂ ਇਸਦੇ ਲਈ ਜ਼ਿੰਮੇਵਾਰ ਹੋ!"
25 ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, "ਉਸਦਾ ਲਹੂ ਸਾਡੇ ਉੱਤੇ ਸਾਡੇ ਬੱਚਿਆਂ ਉੱਤੇ ਹੋਵੇ!"
26 ਤਦ ਉਸਨੇ ਉਹਨਾਂ ਲਈ ਬਾਰ-ਅੱਬਾਸ ਨੂੰ ਛੱਡ ਦਿੱਤਾ। ਪਰ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
27 ਤਦ ਹਾਕਮ ਦੇ ਸਿਪਾਹੀ ਮਸੀਹ ਯਿਸ਼ੂ ਨੂੰ ਮਹਿਲ ਵਿੱਚ ਲੈ ਗਏ ਅਤੇ ਉਸਦੇ ਆਲੇ-ਦੁਆਲੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠਿਆਂ ਕੀਤਾ। 28 ਅਤੇ ਉਹਨਾਂ ਨੇ ਯਿਸ਼ੂ ਦੇ ਕੱਪੜੇ ਉਤਾਰ ਦਿੱਤੇ ਅਤੇ ਚਮਕੀਲਾ ਲਾਲ ਚੋਗਾ ਉਸ ਨੂੰ ਪਹਿਨਾ ਦਿੱਤਾ। 29 ਅਤੇ ਉਹਨਾਂ ਨੇ ਇੱਕ ਕੰਡਿਆ ਦਾ ਤਾਜ ਬਣਵਾ ਕੇ ਯਿਸ਼ੂ ਦੇ ਸਿਰ ਉੱਤੇ ਪਾਇਆ ਅਤੇ ਇੱਕ ਲਾਠੀ ਉਸ ਦੇ ਸੱਜੇ ਹੱਥ ਵਿੱਚ ਦਿੱਤੀ। ਤਦ ਉਹਨਾਂ ਨੇ ਯਿਸ਼ੂ ਦੇ ਸਾਹਮਣੇ ਗੋਡੇ ਝੁਕਾਏ ਅਤੇ ਮਖੌਲ ਕਰਕੇ ਆਖਿਆ, "ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ!" 30 ਉਹਨਾਂ ਨੇ ਯਿਸ਼ੂ ਉੱਤੇ ਥੁੱਕਿਆ ਅਤੇ ਲਾਠੀ ਲੈ ਕੇ ਬਾਰ ਬਾਰ ਯਿਸ਼ੂ ਦੇ ਸਿਰ ਉੱਤੇ ਮਾਰੀ। 31 ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।
32 ਜਦੋਂ ਉਹ ਬਾਹਰ ਨਿੱਕਲ ਰਹੇ ਸਨ, ਉਹਨਾਂ ਨੂੰ ਸ਼ਿਮਓਨ ਨਾਮ ਦਾ ਇੱਕ ਕੁਰੇਨੀਆਂ ਸ਼ਹਿਰ ਦਾ ਮਨੁੱਖ ਮਿਲਿਆ ਅਤੇ ਉਹਨਾਂ ਨੇ ਉਸਨੂੰ ਯਿਸ਼ੂ ਦੀ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ। 33 ਅਤੇ ਜਦੋਂ ਉਹ ਉਸ ਜਗ੍ਹਾ ਤੇ ਜਿਸਦਾ ਨਾਮ ਗੋਲਗੋਥਾ ਜਿਸ ਦਾ ਅਰਥ ਹੈ (ਖੋਪੜੀ ਦਾ ਸਥਾਨ) ਪਹੁੰਚੇ। 34 ਉਹਨਾਂ ਨੇ ਯਿਸ਼ੂ ਨੂੰ ਪੀਣ ਲਈ ਦਾਖਰਸ ਅਰਥਾਤ ਕੌੜੇ ਰਸ ਦਾ ਮਿਸ਼ਰਣ ਦਿੱਤਾ, ਪਰ ਯਿਸ਼ੂ ਨੇ ਚੱਖ ਕੇ ਉਸਨੂੰ ਪੀਣਾ ਨਾ ਚਾਹਿਆ। 35 ਜਦੋਂ ਉਹਨਾਂ ਨੇ ਉਸਨੂੰ ਸਲੀਬ ਤੇ ਚੜ੍ਹਾਇਆ, ਤਾਂ ਉਹਨਾਂ ਨੇ ਪਰਚੀਆਂ ਪਾ ਕੇ ਉਸਦੇ ਕੱਪੜੇ ਵੰਡ ਲਏ। 36 ਅਤੇ ਉਹ ਉੱਥੇ ਬੈਠ ਕੇ ਨਿਗਰਾਨੀ ਕਰਨ ਲੱਗੇ। 37 ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਦੋਸ਼ ਪੱਤਰੀ ਲਗਾਈ ਜਿਸ ਤੇ ਲਿਖਿਆ ਸੀ:
ਇਹ ਯਿਸ਼ੂ ਯਹੂਦੀਆਂ ਦਾ ਰਾਜਾ ਹੈ।
38 ਅਤੇ ਉਸ ਸਮੇਂ ਦੋ ਡਾਕੂਆਂ ਨੂੰ ਵੀ ਯਿਸ਼ੂ ਦੇ ਨਾਲ ਸਲੀਬ ਦਿੱਤੀ, ਇੱਕ ਉਸਦੇ ਸੱਜੇ ਅਤੇ ਦੂਸਰਾ ਉਸਦੇ ਖੱਬੇ ਪਾਸੇ ਸੀ। 39 ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ, 40 "ਓਹ! ਤੂੰ ਜਿਹੜਾ ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!" 41 ਇਸੇ ਤਰ੍ਹਾਂ ਮੁੱਖ ਜਾਜਕਾਂ ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾ ਨੇ ਨਾਲ ਮਿਲ ਕੇ ਉਸਦਾ ਮਜ਼ਾਕ ਉਡਾਇਆ। 42 ਅਤੇ ਉਹਨਾਂ ਕਿਹਾ, "ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਉਹ ਇਸਰਾਏਲ ਦਾ ਰਾਜਾ ਹੈ! ਹੁਣ ਸਲੀਬ ਤੋਂ ਥੱਲੇ ਉੱਤਰ ਆਵੇ ਤਾਂ ਅਸੀਂ ਇਸਦਾ ਵਿਸ਼ਵਾਸ ਕਰਾਂਗੇ। 43 ਉਹ ਨੇ ਪਰਮੇਸ਼ਵਰ ਉੱਤੇ ਭਰੋਸਾ ਰੱਖਿਆ ਸੀ। ਹੁਣ ਪਰਮੇਸ਼ਵਰ ਉਸਨੂੰ ਬਚਾਵੇ ਜੇ ਉਹ ਚਾਹੁੰਦਾ ਹੈ, ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ।’ " 44 ਇਸੇ ਤਰ੍ਹਾਂ ਉਸਦੇ ਨਾਲ ਸਲੀਬ ਦਿੱਤੇ ਗਏ ਡਾਕੂਆਂ ਨੇ ਵੀ ਉਸਦਾ ਅਪਮਾਨ ਕੀਤਾ।
45 ਦੁਪਹਿਰ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ। 46 ਅਤੇ ਲਗਭਗ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, "ਏਲੀ, ਏਲੀ, ਲਮਾ ਸਬ਼ਖਥਾਨੀ?" ਜਿਸਦਾ ਅਰਥ ਹੈ, "ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?"
47 ਅਤੇ ਜਦੋਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ ਤੇ ਬੋਲੇ, "ਇਹ ਏਲੀਯਾਹ ਨੂੰ ਆਵਾਜ਼ ਮਾਰਦਾ ਹੈ।"
48 ਉਸੇ ਵੇਲੇ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆਦਾਂ ਫਿਰ ਸਿਰਕੇ ਨਾਲ ਗਿੱਲਾ ਕਰਕੇ ਅਤੇ ਸੋਟੀ ਉੱਤੇ ਬੰਨ੍ਹ ਕੇ ਯਿਸ਼ੂ ਦੇ ਮੂੰਹ ਨੂੰ ਲਗਾਇਆ। 49 ਹੋਰਨਾਂ ਨੇ ਕਿਹਾ, "ਹੁਣ ਇਸ ਨੂੰ ਇਕੱਲਾ ਛੱਡ ਦਿਓ ਅਤੇ ਵੇਖੀਏ ਏਲੀਯਾਹ ਇਸ ਨੂੰ ਬਚਾਉਣ ਲਈ ਆਉਂਦਾ ਹੈ ਜਾਂ ਨਹੀਂ।"
50 ਯਿਸ਼ੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ ਆਪਣੀ ਜਾਨ ਦੇ ਦਿੱਤੀ।
51 ਅਤੇ ਉਸੇ ਵਕਤ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾੜ ਗਿਆ ਅਤੇ ਧਰਤੀ ਕੰਬ ਗਈ, ਪੱਥਰ ਹਿਲ ਗਏ 52 ਅਤੇ ਕਬਰਾਂ ਖੁੱਲ ਗਈਆਂ। ਅਤੇ ਬਹੁਤ ਸਾਰੇ ਪਵਿੱਤਰ ਲੋਕਾਂ ਦੀਆਂ ਲਾਸ਼ਾ ਜਿਹੜੇ ਮਰ ਚੁੱਕੇ ਸਨ ਜੀਵਨ ਦੇ ਲਈ ਜੀ ਉੱਠ ਗਏ। 53 ਅਤੇ ਯਿਸ਼ੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਬਾਹਰ ਨਿੱਕਲ ਆਏ ਅਤੇ ਪਵਿੱਤਰ ਸ਼ਹਿਰ ਵੱਲ ਨੂੰ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਵਿਖਾਈ ਦਿੱਤੇ।
54 ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੂਚਾਲ ਅਤੇ ਹੋਰ ਘਟਨਾਵਾਂ ਨੂੰ ਦੇਖ ਕੇ ਬਹੁਤ ਡਰ ਗਏ ਅਤੇ ਆਖਣ ਲੱਗੇ, "ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!"
55 ਉੱਥੇ ਬਹੁਤ ਔਰਤਾਂ ਸਨ, ਜੋ ਦੂਰੋਂ ਵੇਖ ਰਹੀਆਂ ਸਨ। ਜੋ ਗਲੀਲ ਪ੍ਰਦੇਸ਼ ਤੋਂ ਯਿਸ਼ੂ ਦੀ ਸੇਵਾ ਕਰਦੀਆਂ ਹੋਈਆ ਉਸਦੇ ਪਿੱਛੇ-ਪਿੱਛੇ ਆਈਆਂ ਸਨ। 56 ਉਹਨਾਂ ਵਿੱਚੋਂ ਇੱਕ ਮਗਦਲਾ ਵਾਸੀ ਮਰਿਯਮ ਸੀ, ਯਾਕੋਬ, ਯੋਸੇਫ਼ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।
57 ਜਦ ਸ਼ਾਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ। 58 ਉਸਨੇ ਪਿਲਾਤੁਸ ਕੋਲ ਜਾ ਕੇ ਯਿਸ਼ੂ ਦੇ ਸਰੀਰ ਨੂੰ ਮੰਗਿਆ ਅਤੇ ਪਿਲਾਤੁਸ ਨੇ ਉਸ ਨੂੰ ਸਰੀਰ ਲੈ ਜਾਣ ਦਾ ਹੁਕਮ ਦਿੱਤਾ। 59 ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ। 60 ਅਤੇ ਉਸ ਨੂੰ ਨਵੀਂ ਕਬਰ ਵਿੱਚ ਰੱਖ ਦਿੱਤਾ, ਜਿਹੜੀ ਉਸਨੇ ਚੱਟਾਨ ਵਿੱਚ ਖੁਦਵਾਈ ਸੀ ਅਤੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਅੱਗੇ ਰੇੜ ਕੇ ਉੱਥੋਂ ਚੱਲਿਆ ਗਿਆ। 61 ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਦੇ ਸਾਹਮਣੇ ਬੈਠੀਆਂ ਸਨ।
62 ਅਗਲੇ ਦਿਨ, ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ, ਮੁੱਖ ਜਾਜਕਾਂ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਗਏ। 63 ਅਤੇ ਬੋਲੇ, "ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਉਹ ਧੋਖੇਬਾਜ਼ ਜਦੋਂ ਜਿਉਂਦਾ ਹੀ ਸੀ ਕਹਿ ਗਿਆ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।’ 64 ਇਸ ਲਈ ਹੁਕਮ ਕਰੋ ਜੋ ਤੀਸਰੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਵੇ। ਕਿਤੇ ਅਜਿਹਾ ਨਾ ਹੋਵੇ, ਕਿ ਉਸਦੇ ਚੇਲੇ ਆ ਕੇ ਉਸਦਾ ਸਰੀਰ ਚੁਰਾ ਕੇ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਹ ਧੋਖਾ ਪਹਿਲਾਂ ਨਾਲੋਂ ਵੀ ਬੁਰਾ ਹੋਵੇਗਾ।"
65 ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, "ਰੱਖਿਅਕ ਤੁਹਾਡੇ ਕੋਲ ਹਨ, ਜਾਓ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਬਰ ਦੀ ਰਾਖੀ ਕਰੋ।" 66 ਸੋ ਉਹ ਕਬਰ ਤੇ ਗਏ ਪੱਥਰ ਉੱਤੇ ਮੋਹਰ ਲਗਾ ਕੇ ਪਹਿਰੇ ਦੇਣ ਵਾਲਿਆਂ ਕੋਲੋਂ ਰਾਖੀ ਕਰਵਾਈ।