1 ਤਦ ਯਿਸ਼ੂ ਨੇ ਲੋਕਾਂ ਅਤੇ ਆਪਣੇ ਚੇਲਿਆਂ ਨੂੰ ਕਿਹਾ: 2 "ਉਪਦੇਸ਼ਕ ਅਤੇ ਫ਼ਰੀਸੀ ਮੋਸ਼ੇਹ ਦੀ ਗੱਦੀ ਉੱਤੇ ਬੈਠੇ ਹਨ। 3 ਇਸ ਲਈ ਤੁਹਾਨੂੰ ਉਹਨਾਂ ਹਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਜੋ ਉਹ ਤੁਹਾਨੂੰ ਦੱਸਦੇ ਹਨ। ਪਰ ਉਹ ਨਾ ਕਰੋ ਜੋ ਉਹ ਕਰਦੇ ਹਨ, ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ। 4 ਉਹ ਭਾਰੀ ਬੋਝ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਹਟਾਉਣ ਲਈ ਆਪਣੀ ਉਂਗਲ ਤੱਕ ਚੁੱਕਣਾ ਨਹੀਂ ਚਾਹੁੰਦੇ।
5 "ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ: ਕਿਉਂਕਿ ਉਹ ਆਪਣੀਆਂ ਪੋਥੀਆਂ ਵਾਲੇ ਥੈਲੀਆਂ ਨੂੰ ਚੌੜਾ ਕਰਦੇ ਹਨ ਅਤੇ ਆਪਣੀਆਂ ਝਾਲਰਾਂਂ ਵਧਾਉਂਦੇ ਹਨ। 6 ਉਹ ਦਾਅਵਤ ਤੇ ਖਾਸ ਸਥਾਨਾਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਸਭ ਤੋਂ ਅਗਲੀਆਂ ਸੀਟਾਂ ਪਸੰਦ ਕਰਦੇ ਹਨ; 7 ਉਹ ਬਜ਼ਾਰਾਂ ਵਿੱਚ ਸਤਿਕਾਰ ਲੈਣਾ ਅਤੇ ਮਨੁੱਖਾਂ ਕੋਲੋਂ ‘ਗੁਰੂ ਜੀ’ ਅਖਵਾਉਂਣਾ ਪਸੰਦ ਕਰਦੇ ਹਨ।
8 "ਪਰ ਤੁਸੀਂ ‘ਗੁਰੂ,’ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਰਾਂ ਹੋ। 9 ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ‘ਪਿਤਾ,’ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ। 10 ਨਾ ਹੀ ਤੁਸੀਂ ਉਪਦੇਸ਼ਕ ਅਖਵਾਏ ਜਾਓ, ਕਿਉਂਕਿ ਤੁਹਾਡੇ ਕੋਲ ਇੱਕ ਸਿੱਖਿਅਕ ਹੈ, ਉਹ ਹੈ ਮਸੀਹ। 11 ਪਰ ਉਹ ਜਿਹੜਾ ਤੁਹਾਡੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਹੈ ਤੁਹਾਡਾ ਸੇਵਾਦਾਰ ਹੋਵੇ। 12 ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਂਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਂਗਾ, ਉਹ ਉੱਚਾ ਕੀਤਾ ਜਾਵੇਗਾ।
13 "ਪਰ ਹੇ ਕਪਟੀਓ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਤੁਸੀਂ ਆਪ ਉਸ ਵਿੱਚ ਵੜਦੇ ਨਹੀਂ, ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।
14 "ਕਪਟੀਓ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ, ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ।
15 "ਹਾਏ ਕਪਟੀਓ, ਫ਼ਰੀਸੀਓ ਅਤੇ ਨੇਮ ਦੇ ਉਪਦੇਸ਼ਕੋ! ਤੁਸੀਂ ਕਿਸੇ ਵਿਅਕਤੀ ਨੂੰ ਯਹੂਦੀ ਧਰਮ ਵਿੱਚ ਸ਼ਾਮਲ ਕਰਨ ਲਈ ਲੰਬੇ ਸਮੁੰਦਰੀ ਅਤੇ ਜ਼ਮੀਨੀ ਯਾਤਰਾਵਾਂ ਕਰਦੇ ਹੋ, ਜਦੋਂ ਉਹ ਤੁਹਾਡੇ ਨਾਲ ਮਿਲ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਨਰਕ ਦੀ ਅੱਗ ਦੀ ਦੁਗਣੀ ਸਜ਼ਾ ਦੇ ਭਾਗੀ ਬਣਾ ਦਿੰਦੇ ਹੋ।
16 "ਹਾਏ ਤੁਹਾਡੇ ਉੱਤੇ, ਅੰਨ੍ਹੇ ਆਗੂਓ! ਤੁਸੀਂ ਆਖਦੇ ਹੋ, ‘ਅਗਰ ਕੋਈ ਹੈਕਲ ਦੀ ਸਹੁੰ ਖਾਵੇ, ਤਾਂ ਕੋਈ ਗੱਲ ਨਹੀਂ; ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਉਸਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ।’ 17 ਹੇ ਮੂਰਖੋ ਅਤੇ ਅੰਨ੍ਹਿਓ! ਵੱਡਾ ਕਿਹੜਾ ਹੈ: ਸੋਨਾ ਜਾਂ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? 18 ਤੁਸੀਂ ਇਹ ਵੀ ਆਖਦੇ ਹੋ, ‘ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੋਈ ਗੱਲ ਨਹੀਂ; ਪਰ ਜਿਹੜੀ ਭੇਂਟ ਜੋ ਉਸ ਉੱਤੇ ਹੈ ਉਸਦੀ ਸਹੁੰ ਖਾਵੇ ਤਾਂ ਉਸ ਨੂੰ ਜ਼ਰੂਰ ਪੂਰੀ ਕਰਨੀ ਪਵੇਗੀ।’ 19 ਹੇ ਅੰਨ੍ਹੇ ਮਨੁੱਖੋ! ਕਿਹੜਾ ਵੱਡਾ ਹੈ, ਭੇਂਟ ਜਾ ਜਗਵੇਦੀ, ਜਿਹੜੀ ਭੇਂਟ ਨੂੰ ਪਵਿੱਤਰ ਕਰਦੀ ਹੈ? 20 ਇਸ ਲਈ, ਜਿਹੜਾ ਵੀ ਜਗਵੇਦੀ ਦੀ ਸਹੁੰ ਖਾਂਦਾ ਹੈ, ਉਹਨਾਂ ਸਭਨਾਂ ਚੀਜ਼ਾ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ। 21 ਅਤੇ ਜਿਹੜਾ ਹੈਕਲ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਵਰ ਦੀ ਵੀ ਸਹੁੰ ਖਾਂਦਾ ਹੈ ਜਿਹੜਾ ਉਸ ਵਿੱਚ ਰਹਿੰਦਾ ਹੈ। 22 ਅਤੇ ਜੋ ਕੋਈ ਵੀ ਸਵਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ਵਰ ਦੇ ਸਿੰਘਾਸਣ ਦੀ ਅਤੇ ਉਸਦੇ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।
23 "ਹੇ ਕਪਟੀ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਮਸਾਲੇ, ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ। ਪਰ ਤੁਸੀਂ ਬਿਵਸਥਾ ਦੇ ਖਾਸ ਵਿਸ਼ਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋ, ਅਰਥਾਤ ਨਿਆਂ, ਦਯਾ ਅਤੇ ਵਫ਼ਾਦਾਰੀ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਵੀ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। 24 ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਪੁਣ ਲੈਂਦੇ ਹੋ ਪਰ ਊਠ ਨਿਗਲ ਜਾਂਦੇ ਹੋ!
25 "ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕੱਪ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ, ਪਰ ਅੰਦਰੋਂ ਇਹ ਲਾਲਚ ਅਤੇ ਬਦੀ ਨਾਲ ਭਰੇ ਹੋਏ ਹਨ। 26 ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕੱਪ ਅਤੇ ਥਾਲੀ ਨੂੰ ਅੰਦਰੋਂ ਸਾਫ਼ ਕਰੋ, ਤਾਂ ਉਹ ਬਾਹਰੋਂ ਸਾਫ਼ ਹੋ ਜਾਣਗੇ।
27 "ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕਬਰਾਂ ਦੇ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆ ਹਨ। 28 ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29 "ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਕਿਉਂ ਜੋ ਤੁਸੀਂ ਨਬੀਆਂ ਦੀਆਂਂ ਕਬਰਾਂ ਨੂੰ ਬਣਾਉਂਦੇ ਹੋ ਅਤੇ ਧਰਮੀਆਂ ਦੀਆਂਂ ਸਮਾਧਾਂ ਨੂੰ ਸੁਆਰਦੇ ਹੋ। 30 ਅਤੇ ਤੁਸੀਂ ਕਹਿੰਦੇ ਹੋ, ‘ਅਗਰ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ, ਤਾਂ ਉਹਨਾਂ ਨਾਲ ਨਬੀਆਂ ਦੇ ਲਹੂ ਵਿੱਚ ਸ਼ਾਮਿਲ ਨਾ ਹੁੰਦੇ।’ 31 ਸੋ ਤੁਸੀਂ ਆਪਣੇ ਆਪ ਬਾਰੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ। 32 ਜਾਓ ਅਤੇ ਜੋ ਤੁਹਾਡੇ ਪਿਉ-ਦਾਦਿਆਂ ਨੇ ਅਰੰਭ ਕੀਤਾ ਉਸਨੂੰ ਪੂਰਾ ਕਰਦੇ ਰਹੋ।
33 "ਹੇ ਸੱਪੋ! ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ? 34 ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ; ਅਤੇ ਕਈਆਂ ਨੂੰ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਹਨਾਂ ਦੇ ਮਗਰ ਜਾਓਗੇ। 35 ਤਾਂ ਕਿ ਧਰਮੀਆਂ ਦਾ ਜਿੰਨਾ ਵੀ ਲਹੂ ਧਰਤੀ ਉੱਤੇ ਵਹਾਇਆ ਗਿਆ ਉਹ ਸੱਭ ਤੁਹਾਡੇ ਜੁੰਮੇ ਹੀ ਆਵੇ, ਧਰਮੀ ਹਾਬਿਲ ਤੋਂ ਲੈ ਕੇ ਬੈਰੇਖਾਯ ਦਾ ਪੁੱਤਰ ਜ਼ਕਰਯਾਹ ਦੇ ਲਹੂ ਤੱਕ, ਜਿਸਨੂੰ ਵੀ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ। 36 ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।
37 "ਹੇ ਯੇਰੂਸ਼ਲੇਮ, ਹੇ ਯੇਰੂਸ਼ਲੇਮ, ਤੂੰ ਜੋ ਨਬੀਆਂ ਦਾ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ। 38 ਦੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। 39 ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’ "