Publicidade

Mateus 26

ਯਿਸ਼ੂ ਦੇ ਵਿਰੁੱਧ ਸਾਜਿਸ਼

1 ਜਦੋਂ ਯਿਸ਼ੂ ਇਹ ਸਾਰੀਆਂ ਗੱਲਾਂ ਕਰ ਹਟੇ, ਉਹਨਾਂ ਨੇ ਆਪਣੇ ਚੇਲਿਆਂ ਨੂੰ ਆਖਿਆ, 2 "ਜਿਵੇਂ ਤੁਸੀਂ ਜਾਣਦੇ ਹੋ, ਪਸਾਹ ਦਾ ਤਿਉਹਾਰ ਦੋ ਦਿਨਾਂ ਦੇ ਬਾਅਦ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।"

3 ਤਦ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾਸ ਨਾਮ ਦੇ ਮਹਾਂ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ, 4 ਅਤੇ ਉਹਨਾਂ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗ੍ਰਿਫ਼ਤਾਰ ਕਰਨ ਅਤੇ ਉਹ ਨੂੰ ਮਾਰ ਦੇਣ ਦੀ ਯੋਜਨਾ ਬਣਾਈ। 5 ਪਰ ਉਹਨਾਂ ਨੇ ਇੱਕ ਦੂਸਰੇ ਨੂੰ ਕਿਹਾ, "ਤਿਉਹਾਰ ਦੇ ਦਿਨ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਹੰਗਾਮਾ ਹੋ ਜਾਵੇ।"

ਬੈਥਨੀਆ ਵਿੱਚ ਮਸੀਹ ਯਿਸ਼ੂ ਦਾ ਮਸਹ

6 ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਗਏ। 7 ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਜਿਸ ਸਮੇਂ ਉਹ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ ਉਸ ਦੇ ਸਿਰ ਉੱਪਰ ਡੋਲ੍ਹ ਦਿੱਤਾ।

8 ਜਦੋਂ ਚੇਲਿਆਂ ਨੇ ਇਹ ਸਭ ਵੇਖਿਆ, ਤਾਂ ਉਹ ਖਿਝ ਗਏ। ਅਤੇ ਉਹਨਾਂ ਨੇ ਕਿਹਾ, "ਇਹ ਨੁਕਸਾਨ ਕਿਉਂ ਕੀਤਾ? 9 ਇਹ ਅਤਰ ਜ਼ਿਆਦਾ ਮੁੱਲ ਦਾ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।"

10 ਇਸ ਬਾਰੇ ਜਾਣਦੇ ਹੋਏ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੁਸੀਂ ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਉਸਨੇ ਮੇਰੇ ਲਈ ਇੱਕ ਚੰਗਾ ਕੰਮ ਕੀਤਾ ਹੈ। 11 ਗਰੀਬ ਤਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੇ, ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ। 12 ਜਦੋਂ ਉਸਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹਿਆ, ਮੇਰੇ ਦਫ਼ਨਾਉਣ ਦੀ ਤਿਆਰੀ ਲਈ ਕੀਤਾ ਹੈ। 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਉਸ ਦੀ ਯਾਦਗਾਰੀ ਲਈ ਜੋ ਉਸਨੇ ਕੀਤਾ ਹੈ, ਉਹ ਵੀ ਆਖਿਆ ਜਾਵੇਗਾ।"

ਯਹੂਦਾਹ ਇਸਕਾਰਿਯੋਤ ਵਾਸੀ ਦਾ ਵਿਸ਼ਵਾਸਘਾਤ

14 ਤਦ ਉਹਨਾਂ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾਹ ਇਸਕਾਰਿਯੋਤ ਵਾਸੀ ਮੁੱਖ ਜਾਜਕਾਂ ਕੋਲ ਗਿਆ। 15 ਅਤੇ ਪੁੱਛਿਆ, "ਜੇ ਮੈਂ ਯਿਸ਼ੂ ਨੂੰ ਤਹਾਡੇ ਹੱਥ ਫੜਵਾ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ?" ਤਦ ਉਹਨਾਂ ਨੇ ਉਸਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16 ਅਤੇ ਉਸ ਸਮੇਂ ਤੋਂ ਯਹੂਦਾਹ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।

ਚੇਲਿਆਂ ਨਾਲ ਪਸਾਹ ਦਾ ਆਖਰੀ ਭੋਜ

17 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸ਼ੂ ਕੋਲ ਆ ਕੇ ਪੁੱਛਿਆ, "ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?"

18 ਯਿਸ਼ੂ ਨੇ ਜਵਾਬ ਦਿੱਤਾ, "ਸ਼ਹਿਰ ਵਿੱਚ ਕਿਸੇ ਆਦਮੀ ਕੋਲ ਜਾਓ ਅਤੇ ਉਸਨੂੰ ਆਖੋ, ‘ਗੁਰੂ ਆਖਦਾ ਹੈ: ਮੇਰਾ ਨਿਰਧਾਰਤ ਸਮਾਂ ਨੇੜੇ ਹੈ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ।’ " 19 ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਦਾ ਤਿਉਹਾਰ ਤਿਆਰ ਕੀਤਾ ਜਿਸ ਤਰ੍ਹਾਂ ਯਿਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ।

20 ਜਦੋਂ ਸ਼ਾਮ ਹੋਈ, ਯਿਸ਼ੂ ਉਹਨਾਂ ਬਾਰ੍ਹਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ। 21 ਅਤੇ ਜਦੋਂ ਉਹ ਖਾ ਰਹੇ ਸਨ, ਉਸ ਨੇ ਆਖਿਆ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।"

22 ਤਾਂ ਉਹ ਬਹੁਤ ਉਦਾਸ ਹੋਏ ਅਤੇ ਉਸਨੂੰ ਪੁੱਛਣ ਲੱਗੇ, "ਪ੍ਰਭੂ ਜੀ, ਉਹ ਮੈਂ ਤਾਂ ਨਹੀਂ?"

23 ਯਿਸ਼ੂ ਨੇ ਉੱਤਰ ਦਿੱਤਾ, "ਜਿਸਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੀ ਮੈਨੂੰ ਫੜਵਾਏਗਾ। 24 ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਵੇਗਾ, ਜਿਵੇਂ ਉਸ ਦੇ ਬਾਰੇ ਲਿਖਿਆ ਹੈ। ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ! ਇਹ ਉਸ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ।"

25 ਤਦ ਯਹੂਦਾਹ, ਜਿਸ ਨੇ ਉਸ ਯਿਸ਼ੂ ਨਾਲ ਧੋਖਾ ਕਰਨਾ ਸੀ, ਬੋਲਿਆ, "ਰੱਬੀ, ਉਹ ਮੈਂ ਤਾਂ ਨਹੀਂ?"

ਯਿਸ਼ੂ ਨੇ ਉੱਤਰ ਦਿੱਤਾ, "ਤੂੰ ਆਪ ਹੀ ਆਖ ਦਿੱਤਾ।"

26 ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, "ਲਓ ਅਤੇ ਖਾਓ; ਇਹ ਮੇਰਾ ਸਰੀਰ ਹੈ।"

27 ਫਿਰ ਯਿਸ਼ੂ ਨੇ ਇੱਕ ਪਿਆਲਾ ਵੀ ਲਿਆ ਅਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਦੇ ਕੇ ਆਖਿਆ, "ਤੁਸੀਂ ਸਾਰੇ, ਇਸ ਵਿੱਚੋਂ ਪੀਓ। 28 ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29 ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਇਸ ਤੋਂ ਬਾਅਦ ਇਸ ਦਾਖ ਦੇ ਰਸ ਨੂੰ ਕਦੇ ਨਹੀਂ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ।"

30 ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।

ਪਤਰਸ ਦੇ ਇਨਕਾਰ ਦੀ ਭਵਿੱਖਬਾਣੀ

31 ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਅੱਜ ਰਾਤ ਤੁਸੀਂ ਸਾਰੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:

" ‘ਮੈਂ ਚਰਵਾਹੇ ਨੂੰ ਮਾਰਾਂਗਾ,’

ਅਤੇ ਇੱਜੜ ਦੀਆਂਂ ਭੇਡਾਂ ਖਿੱਲਰ ਜਾਣਗੀਆਂ।

32 ਪਰ ਮੇਰੇ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ।"

33 ਤਦ ਪਤਰਸ ਨੇ ਉੱਤਰ ਦਿੱਤਾ, "ਭਾਵੇਂ ਤੁਹਾਡੇ ਕਾਰਨ ਸਾਰੇ ਠੋਕਰ ਖਾਣ, ਪਰ ਮੈਂ ਕਦੇ ਠੋਕਰ ਨਾ ਖਾਵਾਂਗਾ।"

34 ਯਿਸ਼ੂ ਨੇ ਉੱਤਰ ਦਿੱਤਾ, "ਮੈਂ ਤੈਨੂੰ ਸੱਚ ਆਖਦਾ, ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ।"

35 ਪਰ ਪਤਰਸ ਨੇ ਆਖਿਆ, "ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੁਹਾਡਾ ਇਨਕਾਰ ਕਦੀ ਨਹੀਂ ਕਰਾਂਗਾ।" ਅਤੇ ਬਾਕੀ ਦੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।

ਗਥਸਮਨੀ ਵਿੱਚ ਪ੍ਰਾਰਥਨਾ

36 ਤਦ ਯਿਸ਼ੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮ ਦੇ ਇੱਕ ਜਗ੍ਹਾ ਵਿੱਚ ਗਏ। ਅਤੇ ਆਪਣੇ ਚੇਲਿਆਂ ਨੂੰ ਆਖਿਆ, "ਤੁਸੀਂ ਇੱਥੇ ਬੈਠੋ, ਜਦੋਂ ਤੱਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ।" 37 ਤਦ ਉਹ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗੇ। 38 ਤਦ ਉਸ ਨੇ ਉਹਨਾਂ ਨੂੰ ਕਿਹਾ, "ਮੇਰੀ ਆਤਮਾ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।"

39 ਥੋੜ੍ਹੀ ਹੀ ਦੂਰ ਜਾ ਕੇ ਉਹ ਆਪਣੇ ਮੂੰਹ ਦੇ ਭਾਰ ਜ਼ਮੀਨ ਉੱਤੇ ਡਿੱਗ ਕੇ ਪ੍ਰਾਰਥਨਾ ਕਰਦਿਆਂ ਕਹਿਣ ਲੱਗਾ, "ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਉਹ ਹੋਵੇ ਜੋ ਤੁਸੀਂ ਚਾਹੁੰਦੇ ਹੋ।"

40 ਤਦ ਯਿਸ਼ੂ ਆਪਣੇ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਸੁੱਤਿਆ ਹੋਇਆ ਵੇਖਿਆ। ਅਤੇ ਪਤਰਸ ਨੂੰ ਪੁੱਛਿਆ, "ਕੀ ਤੁਸੀਂ ਮਨੁੱਖ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।"

42 ਉਹ ਫਿਰ ਦੂਸਰੀ ਵਾਰ ਗਿਆ ਅਤੇ ਪ੍ਰਾਰਥਨਾ ਕੀਤੀ, "ਹੇ ਮੇਰੇ ਪਿਤਾ, ਜੇ ਮੇਰੇ ਪੀਣ ਬਿਨ੍ਹਾਂ ਇਹ ਪਿਆਲਾ ਟਲ ਨਹੀਂ ਸਕਦਾ, ਤਾਂ ਤੁਹਾਡੀ ਮਰਜ਼ੀ ਪੂਰੀ ਹੋਵੇ।"

43 ਅਤੇ ਜਦੋਂ ਉਹ ਵਾਪਸ ਆਏ, ਤਾਂ ਫਿਰ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆ ਹੋਈਆ ਸਨ। 44 ਅਤੇ ਉਹ ਉਹਨਾਂ ਨੂੰ ਛੱਡ ਕੇ ਚਲੇ ਗਏ ਅਤੇ ਉਹੀ ਗੱਲ ਕਹਿ ਕੇ ਤੀਸਰੀ ਵਾਰ ਪ੍ਰਾਰਥਨਾ ਕੀਤੀ।

45 ਤਦ ਉਹ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਆਖਿਆ, "ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 46 ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।"

ਪ੍ਰਭੂ ਯਿਸ਼ੂ ਦਾ ਫੜਵਾਇਆ ਜਾਣਾ

47 ਜਦੋਂ ਯਿਸ਼ੂ ਬੋਲ ਹੀ ਰਿਹਾ ਸੀ ਤਾਂ ਯਹੂਦਾਹ ਆ ਪਹੁੰਚਿਆ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। ਉਸਦੇ ਨਾਲ ਇੱਕ ਬੜੀ ਵੱਡੀ ਭੀੜ ਸੀ, ਜਿਹਨਾਂ ਨੇ ਤਲਵਾਰਾਂ ਅਤੇ ਡਾਂਗਾ ਨਾਲ ਫੜੀਆਂ ਹੋਈਆਂ ਸਨ, ਇਹ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾ ਦੁਆਰਾ ਭੇਜੇ ਗਏ ਸਨ। 48 ਉਸਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਸੰਕੇਤ ਦਿੱਤਾ ਸੀ: "ਕਿ ਜਿਸ ਆਦਮੀ ਨੂੰ ਮੈਂ ਚੁੰਮਾਂ; ਉਸ ਨੂੰ ਫੜ੍ਹ ਲੈਣਾ।" 49 ਅਤੇ ਉਹ ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, "ਗੁਰੂ ਜੀ ਨਮਸਕਾਰ!" ਅਤੇ ਉਸਨੂੰ ਚੁੰਮਿਆ।

50 ਯਿਸ਼ੂ ਨੇ ਉੱਤਰ ਦਿੱਤਾ, "ਮੇਰੇ ਮਿੱਤਰ, ਜਿਸ ਕੰਮ ਲਈ ਆਇਆ ਹੈ ਉਸਨੂੰ ਪੂਰਾ ਕਰ।"

ਤਦ ਉਹਨਾਂ ਨੇ ਕੋਲ ਆ ਕੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ। 51 ਪਰ ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਬਾਹਰ ਕੱਢੀ ਅਤੇ ਮਹਾਂ ਜਾਜਕ ਦੇ ਨੌਕਰ ਤੇ ਚਲਾ ਕੇ ਉਸਦਾ ਕੰਨ ਵੱਢ ਸੁੱਟਿਆ।

52 ਤਦ ਯਿਸ਼ੂ ਨੇ ਉਸਨੂੰ ਆਖਿਆ, "ਆਪਣੀ ਤਲਵਾਰ ਨੂੰ ਮਿਆਨ ਵਿੱਚ ਰੱਖ ਦੇ, ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ। 53 ਕੀ ਤੁਸੀਂ ਇਹ ਤੇ ਨਹੀਂ ਸੋਚਦੇ, ਕੀ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੌਜਾਂ ਅਤੇ ਉਸ ਤੋਂ ਵੀ ਵੱਧ ਮੇਰੇ ਕੋਲ ਨਹੀਂ ਭੇਜ ਸਕਦਾ? 54 ਫਿਰ ਉਹ ਪਵਿੱਤਰ ਵਚਨ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਹੈ ਕਿ ਇਹ ਹੋਣਾ ਜ਼ਰੂਰੀ ਹੈ?"

55 ਉਸ ਸਮੇਂ ਯਿਸ਼ੂ ਨੇ ਭੀੜ ਨੂੰ ਆਖਿਆ, "ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ? ਹਰ ਦਿਨ ਮੈਂ ਹੈਕਲ ਦੇ ਵਿਹੜੇ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ। 56 ਪਰ ਇਹ ਇਸ ਲਈ ਹੋਇਆ ਤਾਂ ਜੋ ਨਬੀਆਂ ਦੁਆਰਾ ਲਿਖੀਆ ਗਈਆ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਪੂਰੀਆਂ ਹੋਣ।" ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।

ਮਸੀਹ ਯਿਸ਼ੂ ਮਹਾਂ ਸਭਾ ਦੇ ਸਾਹਮਣੇ

57 ਜਿਹਨਾਂ ਨੇ ਯਿਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ ਉਹ ਉਸਨੂੰ ਮਹਾਂ ਜਾਜਕ ਕਯਾਫ਼ਾਸ ਦੇ ਕੋਲ ਲੈ ਗਏ, ਜਿੱਥੇ ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ। 58 ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚੱਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ ਅਤੇ ਅੰਦਰ ਜਾ ਕੇ ਪਹਿਰੇਦਾਰਾਂ ਨਾਲ ਬੈਠ ਗਿਆ, ਤਾਂ ਕਿ ਵੇਖ ਸਕੇ ਅੱਗੇ ਕੀ ਹੁੰਦਾ ਹੈ।

59 ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। 60 ਪਰ ਉਹਨਾਂ ਨੂੰ ਕੁਝ ਨਾ ਮਿਲਿਆ, ਭਾਵੇਂ ਬਹੁਤ ਸਾਰੇ ਝੂਠੇ ਗਵਾਹ ਆਏ।

ਆਖ਼ਿਰ ਦੋ ਗਵਾਹ ਸਾਹਮਣੇ ਆ ਕੇ ਬੋਲੇ 61 ਅਤੇ ਆਖਿਆ, "ਇਹ ਵਿਅਕਤੀ ਕਹਿੰਦਾ ਸੀ, ‘ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਸ ਨੂੰ ਬਣਾ ਸਕਦਾ ਹਾਂ।’ "

62 ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਯਿਸ਼ੂ ਨੂੰ ਕਿਹਾ, "ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?" 63 ਪਰ ਯਿਸ਼ੂ ਚੁੱਪ ਹੀ ਰਹੇ।

ਮਹਾਂ ਜਾਜਕ ਨੇ ਉਸ ਨੂੰ ਆਖਿਆ, "ਮੈਂ ਤੈਨੂੰ ਜਿਉਂਦੇ ਪਰਮੇਸ਼ਵਰ ਦੀ ਸਹੁੰ ਦਿੰਦਾ ਹਾਂ: ਕਿ ਜੇ ਤੂੰ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ।"

64 ਯਿਸ਼ੂ ਨੇ ਉਸ ਨੂੰ ਜਵਾਬ ਦਿੱਤਾ, "ਤੂੰ ਸੱਚ ਬੋਲਿਆ ਹੈ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਆਖਦਾ ਹਾਂ: ਜੋ ਹੁਣ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।"

65 ਤਦ ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, "ਇਸ ਨੇ ਨਿੰਦਿਆ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ, ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। 66 ਹੁਣ ਤੁਹਾਡਾ ਕੀ ਵਿਚਾਰ ਹੈ?"

ਉਹਨਾਂ ਨੇ ਉੱਤਰ ਦਿੱਤਾ, "ਇਹ ਮਾਰੇ ਜਾਣ ਦੇ ਯੋਗ ਹੈ।"

67 ਤਦ ਉਹਨਾਂ ਨੇ ਯਿਸ਼ੂ ਦੇ ਮੂੰਹ ਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰੀਆ 68 ਅਤੇ ਕਿਹਾ, "ਹੇ ਮਸੀਹ, ਭਵਿੱਖਬਾਣੀ ਕਰਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ?"

ਪਤਰਸ ਦੁਆਰਾ ਯਿਸ਼ੂ ਦਾ ਇਨਕਾਰ ਕੀਤਾ ਜਾਣਾ

69 ਪਤਰਸ ਬਾਹਰ ਵਿਹੜੇ ਵਿੱਚ ਬੈਠਾ ਹੋਇਆ ਸੀ, ਇੱਕ ਦਾਸੀ ਉਸ ਦੇ ਕੋਲ ਆ ਕੇ ਆਖਣ ਲੱਗੀ, "ਤੂੰ ਵੀ ਯਿਸ਼ੂ ਗਲੀਲੀ ਦੇ ਨਾਲ ਸੀ।"

70 ਪਰ ਉਸਨੇ ਸਾਰਿਆਂ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਆਖਿਆ, "ਮੈਂ ਨਹੀਂ ਜਾਣਦਾ ਜੋ ਤੂੰ ਕੀ ਬੋਲ ਰਹੀ ਹੈ।"

71 ਜਦ ਉਹ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਦੂਸਰੀ ਨੌਕਰ ਕੁੜੀ ਨੇ ਉਸ ਨੂੰ ਵੇਖਿਆ ਅਤੇ ਲੋਕਾਂ ਨੂੰ ਆਖਿਆ, "ਇਹ ਵਿਅਕਤੀ ਵੀ ਯਿਸ਼ੂ ਨਾਸਰੀ ਦੇ ਨਾਲ ਸੀ।"

72 ਅਤੇ ਉਹ ਸਹੁੰ ਖਾ ਕੇ ਫਿਰ ਮੁੱਕਰ ਗਿਆ: "ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ!"

73 ਥੋੜ੍ਹੀ ਦੇਰ ਬਾਅਦ, ਜਿਹੜੇ ਉੱਥੇ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕੋਲ ਆ ਕੇ ਆਖਿਆ, "ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੈ; ਤੇਰੇ ਬੋਲਣ ਤੋਂ ਹੀ ਪਤਾ ਲੱਗ ਰਿਹਾ ਹੈ।"

74 ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ, "ਮੈਂ ਇਸ ਵਿਅਕਤੀ ਨੂੰ ਨਹੀਂ ਜਾਣਦਾ!"

ਉਸੇ ਵਕਤ ਕੁੱਕੜ ਨੇ ਬਾਂਗ ਦੇ ਦਿੱਤੀ। 75 ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: "ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।" ਅਤੇ ਉਹ ਬਾਹਰ ਜਾ ਕੇ ਬੁਰੀ ਤਰ੍ਹਾਂ ਰੋਇਆ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-